ਕਿਸਾਨ ‘ਤਾਲਾਬੰਦੀ’ ਖ਼ਿਲਾਫ਼ 8 ਨੂੰ ਸੜਕਾਂ ’ਤੇ ਉੱਤਰਨਗੇ ; ਦੁਕਾਨਦਾਰ ਦੁਕਾਨਾਂ ਖੋਲ੍ਹ ਕੇ ਦਰਜ ਕਰਵਾਉਣਗੇ ਵਿਰੋਧ
ਏ ਟੀ ਬਿਊਰੋ
ਨਵੀਂ ਦਿੱਲੀ, ਦਿੱਲੀ ਮੋਰਚੇ ਉਤੇ ਡਟੀਆਂ 32 ਕਿਸਾਨ ਯੂਨੀਅਨਾਂ ਨੇ ਕਰੋਨਾਵਾਇਰਸ ਦੇ ਨਾਂ ਹੇਠ ਥੋਪੇ ‘ਲੌਕਡਾਊਨ’ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ 8 ਮਈ ਨੂੰ ਇਨ੍ਹਾਂ ਪਾਬੰਦੀਆਂ ਦਾ ਵਿਰੋਧ ਕਰਨਗੇ ਜਦੋਂਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਕੇ ਇਸ ਵਿਰੋਧ ਦਾ ਹਿੱਸਾ ਬਣਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਖੁੰਝੀ ਤੇ ਹੁਣ ਆਪਣੀ ਇਸੇ ਨਾਕਾਮੀ ’ਤੇ ਪਰਦਾ ਪਾਉਣ ਤੇ ਲੋਕ ਵਿਰੋਧੀ ਫੈਸਲੇ ਲੈਣ ਲਈ ‘ਤਾਲਾਬੰਦੀ’ ਜਿਹੇ ਫੈਸਲੇ ਲਾਗੂ ਕਰ ਰਹੀ ਹੈ। ਲੌਕਡਾਊਨ ਦੇ ਵਿਰੋਧ ਦਾ ਫੈਸਲਾ ਅੱਜ ਇਥੇ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੀ ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਉਪਰੰਤ ਬਲਦੇਵ ਸਿੰਘ ਨਿਹਾਲਗੜ ਨੇ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਵਿਰੁੱਧ ਲੜਨ ’ਚ ਅਸਫਲ ਰਹੀ ਹੈ। ਸਰਕਾਰ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਤੇ ਬੁਨਿਆਦੀ ਸਹੂਲਤਾਂ ਜਿਵੇਂ ਆਕਸੀਜਨ, ਬੈੱਡ, ਦਵਾਈਆਂ ਆਦਿ ਮੁਹੱਈਆ ਕਰਵਾਉਣ ’ਚ ਨਾਕਾਮ ਰਹੀ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਤਾਲਾਬੰਦੀ ਕਰਕੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਆਮ ਨਾਗਰਿਕਾਂ ਦੀਆਂ ਜ਼ਿੰਦਗੀਆਂ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈਆਂ ਹਨ। ਲਿਹਾਜ਼ਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 8 ਮਈ ਨੂੰ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਦੁਕਾਨਦਾਰ ਸੜਕਾਂ ’ਤੇ ਉੱਤਰ ਕੇ ਸੂਬੇ ਵਿੱਚ ਤਾਲਾਬੰਦੀ ਦਾ ਵਿਰੋਧ ਕਰਨਗੇ।
Comments (0)