'84 ਦੌਰਾਨ ਬਲੇ ਸਿਵਿਆਂ ਦੇ ਧੂੰਏਂ 'ਚ ਅਜੇ ਤਕ ਅਲੋਪ ਨੇ ਸੈਂਕੜੇ ਸਿੱਖਾਂ ਦੇ ਸਿਰਨਾਵੇਂ: ਹਰਦੀਪ ਸਿੰਘ ਨਿੱਜਰ

'84 ਦੌਰਾਨ ਬਲੇ ਸਿਵਿਆਂ ਦੇ ਧੂੰਏਂ 'ਚ ਅਜੇ ਤਕ ਅਲੋਪ ਨੇ ਸੈਂਕੜੇ ਸਿੱਖਾਂ ਦੇ ਸਿਰਨਾਵੇਂ: ਹਰਦੀਪ ਸਿੰਘ ਨਿੱਜਰ
ਹਰਦੀਪ ਸਿੰਘ ਨਿੱਜਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ : (ਮਨਪ੍ਰੀਤ ਸਿੰਘ ਖਾਲਸਾ):- ਸੰਨ 1984 ਇਕ ਨਾ ਭੁੱਲਣ ਵਾਲਾ ਦਰਦਨਾਕ ਕਾਂਡ ਹੈ। ਇਸ ਦੌਰਾਨ ਸਿੱਖਾਂ ਨਾਲ ਜੋ ਕੁੱਝ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਕੋਹ-ਕੋਹ ਕੇ ਮਾਰੇ ਗਏ ਸਿੱਖਾਂ ਦੀਆਂ ਆਵਾਜ਼ਾਂ ਅੱਜ ਵੀ ਉਨ੍ਹਾਂ ਲੋਕਾਂ ਦੇ ਕੰਨੀਂ ਗੂੰਜਦੀਆਂ ਹਨ ਜਿਨ੍ਹਾਂ ਨੇ ਇਹ ਭਿਆਨਕ ਮੰਜ਼ਰ ਨੂੰ ਅੱਖੀਂ ਤੱਕਿਆ ਹੈ। ਅੱਜ ਵੀ ਗਲਾਂ ਵਿਚ ਜਲਦੇ ਟਾਇਰ ਪਾ ਕੇ ਸਿੱਖਾਂ ਨੂੰ ਸਾੜੇ ਜਾਣ ਦੇ ਓਸ ਖ਼ੌਫਨਾਕ ਮੰਜ਼ਰ ਨੂੰ ਚੇਤੇ ਕਰ ਧੁਰ ਅੰਦਰ ਤਕ ਰੂਹ ਕੰਬ ਉਠਦੀ ਹੈ । ਇਹ ਕਹਿਣਾ ਹੈ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ । ਉਨ੍ਹਾਂ ਕਿਹਾ ਕਿ ਭਾਵੇਂ ਕਿ ਇਸ ਦਰਦਨਾਕ ਵਰਤਾਰੇ ਨੂੰ ਵਾਪਰਿਆਂ 37 ਵਰ੍ਹੇ ਬੀਤੇ ਚੁੱਕੇ ਨੇ ਪਰ ਇਸ ਦਰਦਨਾਕ ਕਾਂਡ ਵਲੋਂ ਸਿੱਖਾਂ ਨੂੰ ਦਿੱਤੇ ਗਏ ਜ਼ਖ਼ਮ ਅਜੇ ਵੀ ਅੱਲੇ ਹਨ। ਦੇਸ਼ ਭਰ ਵਿਚ ਹਜ਼ਾਰਾਂ ਸਿੱਖਾਂ ਨੂੰ ਤਸੀਹੇ ਦੇ ਕੇ ਬੇਮੌਤੇ ਮਾਰ ਦਿਤਾ ਗਿਆ ਸੀ। ਕਿੰਨੇ ਹੀ ਸਿੱਖ ਲਾਪਤਾ ਹੋ ਗਏ ਜਿਨ੍ਹਾਂ ਦਾ ਅੱਜ ਤਕ ਵੀ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਸਰਕਾਰਾਂ ਨੇ ਕਦੇ ਉਨ੍ਹਾਂ ਦਾ ਪਤਾ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਜਦਕਿ ਪੀੜਤ ਸਿੱਖ ਅਜੇ ਵੀ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਦਿੱਲੀ ਵਿਚ 127 ਲਾਪਤਾ ਹੋਏ ਸਿੱਖਾਂ ਦੀ ਫ਼ਾਈਲ ਤਕ ਗਾਇਬ ਕਰ ਦਿਤੀ ਗਈ ਹੈ। ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਸਿੱਖਾਂ ਨੂੰ ਅਣਪਛਾਤੇ ਦੱਸ ਕੇ ਸਾੜ ਦਿਤਾ ਗਿਆ ਸੀ।

ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ 1984 ਤੋਂ ਲੈ ਕੇ 1994 ਤਕ ਪੰਜਾਬ ਵਿਚ ਸਿੱਖਾਂ ਦਾ ਵੱਡਾ ਘਾਣ ਹੋਇਆ ਹੈ। ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਹੋਰ ਤਾਂ ਹੋਰ ਪੁਲਿਸ ਨੇ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਸਿੱਖ ਮੁੰਡਿਆਂ ਦੀਆਂ ਲਾਸ਼ਾਂ ਤਕ ਪਰਿਵਾਰਾਂ ਨੂੰ ਨਹੀਂ ਸੌਂਪੀਆਂ। ਕਈ ਲਾਸ਼ਾਂ ਨੂੰ ਨਹਿਰਾਂ ਦਰਿਆਵਾਂ ਵਿਚ ਸੁੱਟ ਦਿਤਾ ਗਿਆ ਅਤੇ ਬਹੁਤ ਸਾਰਿਆਂ ਨੂੰ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰ ਦਿਤਾ ਗਿਆ। ਮਨੁੱਖੀ ਅਧਿਕਾਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਨੇ 6017 ਅਜਿਹੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ ਜਿਨ੍ਹਾਂ ਨੂੰ ਅਣਪਛਾਤੀਆਂ ਦੱਸ ਕੇ ਉਨ੍ਹਾਂ ਦਾ ਸਸਕਾਰ ਕਰ ਦਿਤਾ ਗਿਆ ਸੀ।

ਭਾਈ ਖਾਲੜਾ ਨੇ ਅਪਣੀ ਜਾਨ 'ਤੇ ਖੇਡ ਕੇ ਬਹੁਤ ਸਾਰੇ ਸਿੱਖਾਂ ਦਾ ਸਿਰਨਾਵਾਂ ਪਤਾ ਕਰ ਲਿਆ ਸੀ ਪਰ ਸੈਂਕੜਿਆਂ ਦੀ ਗਿਣਤੀ ਵਿਚ ਸਿੱਖਾਂ ਦਾ ਸਿਰਨਾਵਾਂ ਪਤਾ ਨਹੀਂ ਚੱਲ ਸਕਿਆ। ਭਾਵੇਂ ਕਿ ਉਸ ਦੌਰਾਨ ਇਹ ਹੈਰਾਨੀਜਨਕ ਅੰਕੜੇ ਭਾਈ ਖਾਲੜਾ ਨੇ ਅਦਾਲਤ ਵਿਚ ਵੀ ਪੇਸ਼ ਕਰ ਦਿਤੇ ਸਨ ਪਰ ਅਫ਼ਸੋਸ ਕਿ ਅਦਾਲਤ ਨੇ ਇਸ 'ਤੇ ਸੁਣਵਾਈ ਕਰਨ ਤੋਂ ਹੀ ਇਨਕਾਰ ਕਰ ਦਿਤਾ ਸੀ। ਓਸ ਸਮੇਂ ਭਾਈ ਖਾਲੜਾ ਦੀ ਇਸ ਮੁੱਦੇ 'ਤੇ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਬਹਿਸ ਵੀ ਹੋਈ ਸੀ। ਜਿਸ 'ਤੇ ਗਿੱਲ ਨੇ ਵਿਅੰਗਮਈ ਜਵਾਬ ਦਿੰਦਿਆਂ ਆਖਿਆ ਸੀ ਕਿ ਇਹ ਮੁੰਡੇ ਯੂਰਪ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਦਿਹਾੜੀਆਂ ਕਰਨ ਲਈ ਗਏ ਹੋਏ ਹਨ।

ਅੰਤ ਵਿਚ ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਸਿੱਖ ਮਾਪੇ ਅਜਿਹੇ ਹਨ ਜਿਨ੍ਹਾਂ ਦੇ ਪੁੱਤਾਂ ਨੂੰ ਪੁਲਿਸ ਨੇ ਸਿਰਫ਼ ਇਸ ਕਰਕੇ ਜ਼ਬਰੀ ਉਠਾਇਆ ਕਿ ਉਹ ਸਿੱਖ ਸਨ। ਉਨ੍ਹਾਂ ਮਾਪਿਆਂ ਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਅਪਣੇ ਪੁੱਤਰਾਂ ਦਾ ਆਖ਼ਰੀ ਵਾਰ ਮੂੰਹ ਤਕ ਦੇਖਣਾ ਨਸੀਬ ਨਹੀਂ ਹੋ ਸਕਿਆ। ਇਨ੍ਹਾਂ ਵਿਚੋਂ ਬਹੁਤ ਸਾਰੇ ਮਾਪੇ ਅੱਜ ਵੀ ਹੱਥਾਂ ਵਿਚ ਅਪਣੇ ਬੱਚਿਆਂ ਦੀਆਂ ਤਸਵੀਰਾਂ ਫੜ ਕੇ ਧਰਨੇ ਮੁਜ਼ਾਹਰਿਆਂ 'ਚ ਹੰਝੂ ਵਹਾਉਂਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੀ ਮੰਗ ਸਿਰਫ਼ ਇਹੀ ਹੈ ਕਿ ਉਨ੍ਹਾਂ ਨੂੰ ਇੰਨਾ ਦੱਸ ਦਿਓ ਕਿ ਉਨ੍ਹਾਂ ਦੇ ਪੁੱਤਰਾਂ ਦਾ ਕੀ ਕਸੂਰ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਿੱਥੇ ਸਾੜਿਆ? ਪਰ ਅਫ਼ਸੋਸ ਕਿ ਉਨ੍ਹਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੈ।