ਤਾਲਾਬੰਦੀ ਦੇ ਦਰਮਿਆਨ ਨਸ਼ਿਆਂ ਨਾਲ ਸਬੰਧਤ ਮਾਰੂ ਅਤੇ ਦਿਲ ਕੰਬਾਊ ਘਟਨਾਵਾਂ

ਤਾਲਾਬੰਦੀ ਦੇ ਦਰਮਿਆਨ ਨਸ਼ਿਆਂ ਨਾਲ ਸਬੰਧਤ ਮਾਰੂ ਅਤੇ ਦਿਲ ਕੰਬਾਊ ਘਟਨਾਵਾਂ
ਮੋਹਨ ਸ਼ਰਮਾ
 
ਪੰਜਾਬ ਵਿੱਚ ਤਾਲਾਬੰਦੀ ਦੇ ਦਰਮਿਆਨ ਨਸ਼ਿਆਂ ਦੀ ਸਪਲਾਈ ਲਾਈਨ ਬਹੁਤ ਹੱਦ ਤਕ ਟੁੱਟੀ ਹੈ। ਪੰਚਾਇਤਾਂ ਅਤੇ ਨੌਜਵਾਨਾਂ ਵੱਲੋਂ ਆਪਣੇ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਭਾਵੇਂ ਇਸ ਕਰਕੇ ਦਿੱਤੇ ਗਏ ਕਿ ਕਿਸੇ ਬਾਹਰਲੇ ਵਿਅਕਤੀ ਰਾਹੀਂ ਇਸ ਬਿਮਾਰੀ ਦੇ ਕਿਟਾਣੂਆਂ ਦਾ ਸ਼ਿਕਾਰ ਕੋਈ ਪਿੰਡ ਵਾਸੀ ਨਾ ਬਣ ਜਾਵੇ ਅਤੇ ਫਿਰ ਇਸ ਘਾਤਕ ਬਿਮਾਰੀ ਦਾ ਹੋਰ ਪਿੰਡ ਵਾਸੀ ਵੀ ਸ਼ਿਕਾਰ ਨਾ ਬਣ ਜਾਣ। ਪਰ ਕਰੜੇ ਪਹਿਰਿਆਂ ਦਰਮਿਆਨ ਪਹਿਰਾ ਦੇਣ ਵਾਲਿਆਂ ਦੀ ਨਾਕਾਬੰਦੀ ਅਤੇ ਬਾਜ਼ ਅੱਖ ਨੇ ਨਾ ਹੀ ਬਾਹਰਲੇ ਵਿਅਕਤੀ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਅੰਦਰਲੇ ਵਿਅਕਤੀ ਨੂੰ ਬਾਹਰ ਜਾਣ ਦੀ ਖੁੱਲ੍ਹ ਦਿੱਤੀ। ਇਹ ਸਮਾਜਿਕ ਦਬਾ ਅਤੇ ਠੀਕਰੀ ਪਹਿਰੇ ਪੰਜਾਬ ਦੇ ਕਾਫੀ ਪਿੰਡਾਂ ਵਿੱਚ ਹੁਣ ਵੀ ਚੱਲ ਰਹੇ ਹਨ ਅਤੇ ਇਸ ਨੇ ਨਾ ਤਾਂ ਪਿੰਡ ਵਿੱਚ ਪੰਜ-ਸੱਤ ਨਸ਼ਾ ਵੇਚਣ ਵਾਲਿਆਂ ਨੂੰ ਬਾਹਰ ਜਾਣ ਦਿੱਤਾ ਅਤੇ ਨਾ ਹੀ ਨਸ਼ੇ ਦੀ ਪੂਰਤੀ ਲਈ ਤਸਕਰਾਂ ਦੇ ਕਦਮ ਪਿੰਡ ਦੀ ਫਿਰਨੀ ਟੱਪ ਸਕੇ। ਇੰਜ ਇਨ੍ਹਾਂ ਠੀਕਰੀ ਪਹਿਰਿਆਂ ਰਾਹੀਂ ਇੱਕ ਪੰਥ ਦੋ ਕਾਜ ਦੇ ਸਾਰਥਕ ਨਤੀਜੇ ਸਾਹਮਣੇ ਵੀ ਆਏ।
 
ਇਸ ਤੋਂ ਬਿਨਾਂ ਸ਼ਹਿਰਾਂ, ਜ਼ਿਲ੍ਹਿਆਂ ਦੀਆਂ ਹੱਦਾਂ ਅਤੇ ਪ੍ਰਾਂਤਕ ਹੱਦਾਂ ਸੀਲ ਕਰਨ ਦੇ ਨਾਲ ਨਾਲ ਸਰਹੱਦਾਂ ’ਤੇ ਵੀ ਚੌਕਸੀ ਵਧਾਈ ਗਈ। ਇਹ ਸਭ ਕੁਝ ਦੇ ਪ੍ਰਤੀਕਰਮ ਵਜੋਂ ਨਸ਼ਿਆਂ ਦੀ ਰੋਕ ਥਾਮ ਅਤੇ ਕਰਾਈਮ ਗਰਾਫ਼ ਨੂੰ ਬਹੁਤ ਹੱਦ ਤਕ ਠੱਲ੍ਹ ਪਈ ਹੈ। ਸਪਲਾਈ ਲਾਈਨ ’ਤੇ ਸੱਟ ਵੱਜਣ ਕਾਰਨ ਤਸਕਰਾਂ ਦਾ ਪੁਰਾਣਾ ਸਟਾਕ ਖਤਮ ਹੋ ਗਿਆ ਅਤੇ ਹੋਰ ਮਿਲਿਆ ਨਹੀਂ। ਸ਼ਰਾਬ ਦੇ ਠੇਕੇ ਵੀ ਬੰਦ ਹੋਣ ਕਾਰਨ ਠੇਕਿਆਂ ਤੇ ਵੀ ਸੁੰਨ ਪਸਰੀ ਰਹੀ। ਨਸ਼ਿਆਂ ਅਤੇ ਜੁਰਮ ਦਾ ਆਪਸ ਵਿੱਚ ਡੂੰਘਾ ਰਿਸ਼ਤਾ ਹੈ। ਨਸ਼ੇ ਦੀ ਪ੍ਰਾਪਤੀ ਲਈ ਉਹ ਝਪਟਮਾਰੀ, ਲੁੱਟਾਂ-ਖੋਹਾਂ, ਠੱਗੀਆਂ, ਪਰਚੂਨ ਵਿੱਚ ਨਸ਼ੇ ਦੀ ਤਸਕਰੀ, ਚੋਰੀਆਂ ਅਤੇ ਲੜਾਈ-ਝਗੜੇ ਕਰਦਾ ਹੈ। ਪ੍ਰਤੀ ਸਾਲ ਆਬਾਦੀ ਵਿੱਚ ਜਿੱਥੇ ਅੰਦਾਜ਼ਨ 1.3 ਫੀਸਦੀ ਦਾ ਵਾਧਾ ਹੁੰਦਾ ਹੈ, ਉੱਥੇ ਹੀ ਨਸ਼ਾ ਖੋਰੀ ਵਿੱਚ 18-20 ਫੀਸਦੀ ਦਾ ਵਾਧਾ ਹੋਣਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
 
ਭਾਰਤ ਵਿੱਚ 2008 ਤੋਂ 2018 ਤਕ 10 ਸਾਲਾਂ ਵਿੱਚ ਡਰੱਗਜ਼ ਨਾਲ ਸਬੰਧਤ 25000 ਤੋਂ ਜ਼ਿਆਦਾ ਆਤਮ ਹੱਤਿਆਵਾਂ ਹੋਈਆਂ ਜਿਨ੍ਹਾਂ ਵਿੱਚੋਂ 74 ਫੀਸਦੀ ਇਕੱਲੇ ਪੰਜਾਬ ਨਾਲ ਸਬੰਧਤ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਓਟ ਕੇਂਦਰਾਂ ਰਾਹੀਂ ਨਸ਼ੱਈਆਂ ਨੂੰ ਬੁਪਰੀਨੌਰਫੀਨ ਦੇ ਕੇ ਉਨ੍ਹਾਂ ਦੀ ਸਮੱਸਿਆਂ ਨੂੰ ਹੱਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। 198 ਓਟ ਕਲੀਨਿਕਾਂ, 30 ਨਸ਼ਾ ਛੁਡਾਊ ਕੇਂਦਰਾਂ ਅਤੇ 108 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਪੰਜਾਬ ਦੇ 4, 37, 407 ਨਸ਼ਈ ਮਰੀਜ਼ਾਂ ਨੂੰ ਇਹ ਨਸ਼ਾ ਛੱਡਣ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ। ਤਾਲਾਬੰਦੀ ਤੋਂ ਪਹਿਲਾਂ 4, 14, 167 ਨਸ਼ਈ ਮਰੀਜ਼ ਇਹ ਦਵਾਈ ਰੋਜ਼ਾਨਾ ਲੈ ਕੇ ਜਾਂਦੇ ਸਨ ਅਤੇ ਮਨੋਵਿਗਿਆਨਕ ਡਾਕਟਰਾਂ ਵੱਲੋਂ ਨਸ਼ਈ ਮਰੀਜ਼ ਦੀ ਸਥਿਤੀ ਅਨੁਸਾਰ ਗੋਲੀ ਪੀਸ ਕੇ ਮੌਕੇ >ਤੇ ਖਵਾਈ ਜਾਂਦੀ ਸੀ, ਪਰ ਤਾਲਾਬੰਦੀ ਕਾਰਨ ਹੁਣ ਇਹ ਦਵਾਈ ਨਸ਼ਈ ਮਰੀਜ਼ਾਂ ਨੂੰ 21 ਦਿਨਾਂ ਦੀ ਇਕੱਠੀ ਦਿੱਤੀ ਜਾ ਰਹੀ ਹੈ। ਕੁਲ ਨਸ਼ਈ ਮਰੀਜ਼ਾਂ ਵਿੱਚੋਂ 74 ਫੀਸਦੀ ਨਸ਼ਈ ਮਰੀਜ਼ ਮਾਲਵਾ ਇਲਾਕੇ ਨਾਲ ਸਬੰਧਤ ਹਨ।
 
ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਤਾਲਾਬੰਦੀ ਖੁੱਲ੍ਹਣ ਉਪਰੰਤ ਕੀ ਨਸ਼ਿਆਂ ਦੀ ਰੋਕਥਾਮ ਇੰਜ ਹੀ ਘੱਟ ਹੋ ਸਕੇਗੀ? ਨੈਪੋਲੀਅਨ ਬੋਨਾਪਾਰਟ ਨੇ ਲਿਖਿਆ ਹੈ, “ਸਾਰੀਆਂ ਪ੍ਰਾਪਤੀਆਂ ਅਤੇ ਧਰਤੀ ਦੀਆਂ ਸਾਰੀਆਂ ਅਮੀਰੀਆਂ ਦੀ ਸ਼ੁਰੂਆਤ ਵਿਚਾਰ ਕਰਨ ਅਤੇ ਸੋਚਣ ਨਾਲ ਹੀ ਸ਼ੁਰੂ ਹੁੰਦੀ ਹੈ।”
 
ਨਸ਼ਿਆਂ ਦੇ ਭਵਿੱਖ ਵਿੱਚ ਰੋਕਥਾਮ ’ਤੇ ਚਰਚਾ ਕਰਨ ਤੋਂ ਪਹਿਲਾਂ ਤਾਲਾਬੰਦੀ ਦੇ ਦਰਮਿਆਨ ਨਸ਼ਿਆਂ ਨਾਲ ਸਬੰਧਤ ਜੋ ਮਾਰੂ ਅਤੇ ਦਿਲ ਕੰਬਾਊ ਘਟਨਾਵਾਂ ਸਾਡੇ ਸਾਹਮਣੇ ਆਈਆਂ ਹਨ ਉਨ੍ਹਾਂ ਵਿੱਚੋਂ ਕੁਝ ’ਤੇ ਚਰਚਾ ਕਰਨੀ ਜ਼ਰੂਰੀ ਹੈ। 20.4.2020 ਨੂੰ ਮਾਨਸਾ ਦੇ ਪੁਲੀਸ ਮੁਲਾਜ਼ਮ ਦਾ ਪੁੱਤਰ ਪਹਿਲਾਂ ਸਰਦੂਲਗੜ੍ਹ ਲਾਗੇ ਪਿੰਡ ਕੋਟੜਾ ਪੁੱਜਿਆ। ਉੱਥੋਂ ਆਪਣੇ ਦੋਸਤ ਨੂੰ ਨਾਲ ਲੈ ਕੇ ਹਰਿਆਣਾ ਦੇ ਪਿੰਡ ਰੋੜੀ ਵਿਖੇ ਨਸ਼ਾ ਤਸ਼ਕਰ ਦੇ ਘਰ ਗਿਆ। ਉੱਥੇ ਹੀ ਨਸ਼ਾ ਕੀਤਾ ਅਤੇ ਓਵਰਡੋਜ਼ ਨਾਲ ਦੋਨਾਂ ਦੀ ਮੌਤ ਹੋ ਗਈ। ਬਿਨਾਂ ਕਰਫਿਊ ਪਾਸ ਤੋਂ ਦੋਨਾਂ ਦਾ ਪੰਜਾਬ ਦੀ ਸਰਹੱਦ ਪਾਰ ਕਰਕੇ ਹਰਿਆਣੇ ਪ੍ਰਾਂਤ ਦੇ ਪਿੰਡ ਵਿੱਚ ਜਾਣਾ ਅਮਨ ਕਾਨੂੰਨ ਦੀ ਸਥਿਤੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਹ ਤਾਂ ਉਨ੍ਹਾਂ ਦੀ ਬਦਕਿਸਮਤੀ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਨਹੀਂ ਹੋ ਸਕਦਾ ਸੀ ਕਿ ਉਨ੍ਹਾਂ ਨੇ ਤਸ਼ਕਰ ਕੋਲੋਂ ਹੋਰ ਨਸ਼ਾ ਵੀ ਲੈ ਕੇ ਆਉਣਾ ਸੀ। ਇੱਦਾਂ ਹੀ ਤਾਲਾਬੰਦੀ ਦੇ ਦਰਮਿਆਨ ਮਖੂ ਦੇ ਲਾਗੇ ਇੱਕ ਪਿੰਡ ਵਿੱਚ ਨੌਜਵਾਨਾਂ ਨੇ ਗੈਰ ਵਿਅਕਤੀਆਂ ਦੇ ਪਿੰਡ ਵਿੱਚ ਦਾਖ਼ਲਾ ਰੋਕਣ ਲਈ ਪਹਿਰਾ ਲਾਇਆ ਹੋਇਆ ਸੀ। ਬਾਹਰਲੇ ਦੋ ਵਿਅਕਤੀ ਜਦੋਂ ਨਸ਼ੇ ਦੀ ਸਪਲਾਈ ਲਈ ਪਿੰਡ ਵਿੱਚ ਜਾਣ ਲੱਗੇ ਤਾਂ ਉਨ੍ਹਾਂ ਨੂੰ ਰੋਕਿਆ ਗਿਆ। ਨਸ਼ੇ ਦੇ ਤਸਕਰਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ। ਪਹਿਰਾ ਦੇਣ ਵਾਲਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜਖ਼ਮੀ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਅਣਮਨੁੱਖੀ ਵਰਤਾਰੇ ਨੂੰ ਰੋਕਣ ਲਈ ਚਾਰ ਦਿਨ ਪਹਿਲਾਂ ਮਖੂ ਥਾਣੇ ਵਿੱਚ ਲਿਖਤੀ ਤੌਰ ਉੱਤੇ ਦਰਖਾਸਤ ਦਿੱਤੀ ਗਈ ਸੀ।
 
ਇਸ ਤਰੀਕੇ ਨਾਲ ਹੀ ਬਠਿੰਡਾ ਦੇ ਚਾਰ ਤਸਕਰ ਕਾਰ ਰਾਹੀਂ ਦਿੱਲੀ ਤੋਂ ਬਠਿੰਡਾ ਹੈਰੋਇਨ ਲਿਆਉਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਵਿੱਚੋਂ ਇੱਕ ਦੀ ਲੱਤ ਤੇ ਪਲੱਸਤਰ ਲਾ ਕੇ ਉਸ ਨੂੰ ਮਰੀਜ਼ ਬਣਾਇਆ ਗਿਆ ਅਤੇ ਦੂਜੇ ਤਿੰਨ ਉਸਦੀ ਦੇਖ ਭਾਲ ਦੀ ਆੜ ਲੈ ਕੇ ਬਠਿੰਡੇ ਤੋਂ ਦਿੱਲੀ ਜਾਕੇ ਹੈਰੋਇਨ ਖਰੀਦ ਲਿਆਏ। ਦਿੱਲੀ, ਹਰਿਆਣਾ ਅਤੇ ਪੰਜਾਬ ਦੀ ਪੁਲੀਸ ਨੂੰ ਉਹ ਧੋਖਾ ਦੇਣ ਵਿੱਚ ਕਾਮਯਾਬ ਹੋ ਗਏ ਪਰ ਆਖ਼ਰ ਬਠਿੰਡਾ ਲਾਗੇ ਪਿੰਡ ਨੰਦਗੜ੍ਹ ਕੋਲ ਉਹ ਪੁਲੀਸ ਦੇ ਕਾਬੂ ਆ ਗਏ। ਇੱਦਾਂ ਹੀ ਦੋ ਹੋਰ ਤਸਕਰ ਜਾਅਲੀ ਕਰਫਿਊ ਪਾਸ ਬਣਾ ਕੇ ਦਿੱਲੀ ਤੋਂ ਹੈਰੋਇਨ ਲੈ ਆਏ ਅਤੇ ਬਠਿੰਡਾ ਪਹੁੰਚਣ ’ਤੇ ਉਨ੍ਹਾਂ ਨੂੰ ਪੁਲਿਸ ਨੇ ਹੈਰੋਇਨ ਸਮੇਤ ਦਬੋਚ ਲਿਆ। ਅਜਿਹੇ ਹੀ ਕਈ ਕੇਸ ਸੰਗਰੂਰ, ਲੁਧਿਆਣਾ, ਜਗਰਾਉਂ, ਮੋਗਾ ਆਦਿ ਸ਼ਹਿਰਾਂ ਵਿੱਚ ਵੀ ਸਾਹਮਣੇ ਆਏ ਹਨ। ਇਸ ਤਰੀਕੇ ਨਾਲ ਹੀ ਖੰਨਾ ਲਾਗੇ ਕਰਫਿਊ ਦਰਮਿਆਨ ਜਾਅਲੀ ਸ਼ਰਾਬ ਦੀ ਫੈਕਟਰੀ ਫੜਨਾ ਜਿਸ ਵਿੱਚ ਬੌਟਲਿੰਗ ਪਲਾਟ ਵੀ ਲੱਗਿਆ ਹੋਇਆ ਸੀ, ਗੰਭੀਰ ਚਿੰਤਾ ਦਾ ਵਿਸ਼ਾ ਹੈ।
 
ਤਾਲਾਬੰਦੀ ਦੇ ਦਰਿਆਨ ਜਦੋਂ ਕਿ ਚੱਪੇ ਚੱਪੇ ਤੇ ਪੁਲੀਸ ਖੜ੍ਹੀ ਹੈ, ਪਿੰਡਾਂ ਵਿੱਚ ਵੀ ਲੋਕ ਪਹਿਰੇਦਾਰੀ ਕਰ ਰਹੇ ਹਨ, ਇਸ ਸਭ ਕੁਝ ਦੇ ਬਾਵਜੂਦ ਜੇਕਰ ਸਮਾਜ ਦੋਖੀ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਫਿਰ ਭਲਾ ਤਾਲਾਬੰਦੀ ਉਪਰੰਤ ਜੋ ਸਥਿਤੀ ਹੋਵੇਗੀ, ਉਸਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ।
 
ਮਨੋਵਿਗਿਆਨੀਆਂ ਅਤੇ ਸਮਾਜ ਚਿੰਤਕਾਂ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਦੋ ਤਰ੍ਹਾਂ ਦੇ ਸੁਝਾਅ ਦਿੱਤੇ ਹਨ:
 
ਓ) ਪੂਰਨ ਤੌਰ ਉੱਤੇ ਸਖ਼ਤੀ ਅਤੇ ਸਪਲਾਈ ਲਾਈਨ ਕੱਟੀ ਜਾਵੇ। ਪਰ ਇਹ ਹੱਲ ਸਥਾਈ ਨਹੀਂ ਹੈ। ਸਖ਼ਤੀ ਵਿੱਚ ਥੋੜ੍ਹੀ ਜਿਹੀ ਢਿੱਲ ਨਾਲ ਹੀ ਮੰਗ ਅਤੇ ਸਪਲਾਈ ਲਾਈਨ ਵਿੱਚ ਵਾਧਾ ਹੋ ਜਾਵੇਗਾ।
 
ਅ) ਨਸ਼ੱਈਆਂ ਨੂੰ ਜ਼ਿੰਦਗੀ ਦਾ ਖਲਨਾਇਕ ਨਹੀਂ, ਪੀੜਤ ਸਮਝਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ।
 
ਨਸ਼ੇ ਦੇ ਤਸਕਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਜਿਹੜੇ ਫਿਰ ਵੀ ਬਾਜ਼ ਨਹੀਂ ਆਉਂਦੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਅਤੇ ਕਾਨੂੰਨ ਅਨੁਸਾਰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ। ਦਰਅਸਲ ਸਮਾਜ ਉਨ੍ਹਾਂ ਦੀ ਚਿੰਤਾ ਨਹੀਂ ਕਰਦਾ ਜਿਹੜੇ ਜੇਲਾਂ ਵਿੱਚ ਹਨ, ਸਗੋਂ ਉਨ੍ਹਾਂ ਦੀ ਚਿੰਤਾ ਕਰਦਾ ਹੈ ਜਿਹੜੇ ਹੋਣੇ ਜੇਲਾਂ ਵਿੱਚ ਚਾਹੀਦੇ ਹਨ ਪਰ ‘ਸਮਾਜ ਸੇਵਕ’ ਜਾਂ ਫਿਰ ‘ਸਿਆਸੀ ਆਗੂ’ ਦਾ ਮੁਖੌਟਾ ਲਾ ਕੇ ਦਨਦਨਾਉਂਦੇ ਫਿਰਦੇ ਹਨ। ਅਸਲ ਵਿੱਚ ਨਸ਼ਿਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਨਾਲ ਹੀ ਭੁੱਖਮਰੀ ਤੋਂ ਆਜ਼ਾਦੀ, ਤਸਕਰੀ ਤੋਂ ਆਜ਼ਾਦੀ, ਪਰਿਵਾਰ ਦੀ ਤਬਾਹੀ ਤੋਂ ਆਜ਼ਾਦੀ, ਬਿਮਾਰੀਆਂ ਤੋਂ ਆਜ਼ਾਦੀ ਅਤੇ ‘ਜਿਤੁ ਪੀਤੈ ਮਤਿ ਦੂਰ ਹੋਇ।।’ ਤੋਂ ਆਜ਼ਾਦੀ ਪ੍ਰਾਪਤ ਹੋਵੇਗੀ।
 
ਪਰ ਜੇਕਰ ਅਜਿਹਾ ਸੰਭਵ ਨਾ ਹੋਇਆ ਅਤੇ ਚਿਹਰੇ ਉੱਤੇ ਪਈ ਧੂੜ ਨੂੰ ਸਾਫ ਕਰਨ ਦੀ ਥਾਂ ਸੀਸ਼ਾ ਸਾਫ ਕਰਦੇ ਰਹੇ, ਸਿਰ ਉੱਤੇ ਲੱਗੀ ਸੱਟ ਦੇ ਇਲਾਜ ਦੀ ਥਾਂ ਪੈਰ ਉੱਤੇ ਮਰ੍ਹਮ ਪੱਟੀ ਕਰਦੇ ਰਹੇ ਤਾਂ ਪੰਜਾਬ ਦਾ ਭਵਿੱਖ ਸਾਡੀ ਹੋਣੀ ਉੱਤੇ ਕੀਰਨੇ ਪਾਉਂਦਾ ਰਹੇਗਾ ਅਤੇ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ। ਸਿਆਸੀ ਆਗੂ, ਸਮਾਜ ਸੇਵੀ, ਧਾਰਮਿਕ ਆਗੂ, ਅਧਿਆਪਕ, ਬੁੱਧੀਜੀਵੀ ਵਰਗ, ਪੱਤਰਕਾਰ ਭਾਈਚਾਰਾ, ਵੱਖ ਵੱਖ ਜਥੇਬੰਦੀਆਂ ਇਸ ਗੱਲ ’ਤੇ ਗੰਭੀਰ ਚਿੰਤਨ ਕਰਨ ਕਿ ਹੋਰ ਮਸਲਿਆਂ ਨੂੰ ਲੈ ਕੇ ਧਰਨੇ, ਮੁਜ਼ਾਹਰੇ ਹੁੰਦੇ ਰਹਿੰਦੇ ਹਨ, ਕ੍ਰਿਕਟ ਦਾ ਮੈਚ ਜਿਤਾਉਣ ਲਈ ਅਰਦਾਸਾਂ, ਪਾਠ, ਹਵਨ ਆਦਿ ਕਰਵਾਉਣ ਦੀ ਚਰਚਾ ਵੀ ਸੁਣੀ ਜਾਂਦੀ ਹੈ, ਪਰ ਕੀ ਕਦੇ ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹਦੀ ਜਵਾਨੀ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਹੈ? ਜੇਕਰ ਅਜਿਹਾ ਸੰਭਵ ਹੋਇਆ ਫਿਰ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ, “ਵਖਤੁ ਵੀਚਾਰੈ ਸੁ ਬੰਦਾ ਹੋਇ॥” ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।