ਅਮਰੀਕਾ ਦੇ ਨੇਵਾਡਾ ਰਾਜ ਵਿਚ ਲਾਸ ਵੇਗਾਸ ਕਾਲਜ ਕੈਂਪਸ ਵਿਚ ਹੋਈ ਗੋਲੀਬਾਰੀ ਵਿਚ 3 ਮੌਤਾਂ 1 ਦੀ ਹਾਲਤ ਗੰਭੀਰ
* ਪੁਲਿਸ ਦੀ ਕਾਰਵਾਈ ਵਿਚ ਸ਼ੱਕੀ ਵੀ ਮਾਰਿਆ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨੇਵਾਡਾ ਰਾਜ ਦੇ ਲਾਸ ਵੇਗਾਸ ਕਾਲਜ ਕੈਂਪਸ ਵਿਚ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੇ ਮਾਰੇ ਜਾਣ ਤੇ 1 ਵਿਅਕਤੀ ਦੇ ਗੋਲੀਆਂ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਕਿਹਾ ਹੈ ਕਿ ਯੁਨੀਵਰਸਿਟੀ ਆਫ ਨੇਵਾਡਾ , ਲਾਗ ਵੇਗਾਸ ਵਿਚ ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਪੁੱਜੇ ਪੁਲਿਸ ਅਫਸਰਾਂ ਦੀ ਜਵਾਬੀ ਕਾਰਵਾਈ ਵਿਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਗੋਲੀਬਾਰੀ ਦੀ ਘਟਨਾ ਦੁਪਹਿਰ ਦੇ ਖਾਣੇ ਵੇਲੇ ਵਾਪਰੀ ਤੇ ਗੋਲੀ ਚੱਲਣ ਉਪਰੰਤ ਵਿਦਿਆਰਥੀਆਂ ਵਿਚ ਹਫੜਾ ਦਫੜੀ ਮਚ ਗਈ ਤੇ ਉਹ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ। ਲਾਸ ਵੇਗਾਸ ਮੈਟੋਰਪੋਲੀਟਨ ਪੁਲਿਸ ਵਿਭਾਗ ਨੇ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜਾਂਚਕਾਰ ਮਾਮਲੇ ਦੀ ਜਾਂਚ ਲਈ ਮੌਕੇ ਉਪਰ ਪੁੱਜ ਗਏ ਹਨ। ਸ਼ੈਰਿਫ ਕੈਵਿਨ ਮੈਕਮਾਹਿਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕ੍ਰਿਸਮਿਸ ਦੀਆਂ ਛੁੱਟੀਆਂ ਤੋਂ ਪਹਿਲਾਂ ਜਦੋਂ ਵਿਦਿਆਰਥੀ ਘਰ ਜਾਣ ਬਾਰੇ ਸੋਚ ਰਹੇ ਸਨ ਤਾਂ ਗੋਲੀਬਾਰੀ ਹੋਣੀ ਇਕ ਬਹੁਤ ਮੰਦਭਾਗੀ ਘਟਨਾ ਹੈ। ਉਨਾਂ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਪਰੰਤੂ ਅਜੇ ਉਸ ਦਾ ਨਾਂ ਜਨਤਿਕ ਨਹੀਂ ਕੀਤਾ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਦੋਸ਼ੀ ਦੀ ਉਮਰ 60 ਸਾਲ ਦੇ ਕਰੀਬ ਹੈ । ਪੁਲਿਸ ਨੇ ਅਜੇ ਮ੍ਰਿਤਕਾਂ ਤੇ ਜ਼ਖਮੀ ਹੋਏ ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਤੇ ਨਾ ਹੀ ਇਹ ਦੱਸਿਆ ਹੈ ਕਿ ਮ੍ਰਿਤਕ ਸਾਰੇ ਵਿਦਿਆਰਥੀ ਹਨ ਜਾਂ ਮ੍ਰਿਤਕਾਂ ਵਿਚ ਹੋਰ ਵਿਅਕਤੀ ਵੀ ਸ਼ਾਮਿਲ ਹੈ।
Comments (0)