ਭਾਰਤ ਤਬਾਹੀ ਵੱਲ ਵਧ ਰਿਹਾ ਹੈ: ਇਮਰਾਨ ਖਾਨ

ਭਾਰਤ ਤਬਾਹੀ ਵੱਲ ਵਧ ਰਿਹਾ ਹੈ: ਇਮਰਾਨ ਖਾਨ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੱਖਣੀ ਏਸ਼ੀਆ ਖਿੱਤੇ ਵਿੱਚ ਸ਼ਾਂਤ ਮਾਹੌਲ ਬਣਾਉਣ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਖੇਤਰੀ ਸ਼ਾਂਤੀ ਅਤੇ ਦੋਸਤਾਨਾ ਸਬੰਧਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਮਰਾਨ ਨੇ ਕਿਹਾ, "ਆਪਸ ਵਿੱਚ ਲੜਨ ਦੀ ਬਜਾਏ ਸਾਨੂੰ ਗਰੀਬੀ, ਕੁਦਰਤੀ ਤਬਦੀਲੀ ਦੇ ਖਤਰੇ ਅਤੇ ਭੁੱਖਮਰੀ ਨਾਲ ਲੜਨਾ ਚਾਹੀਦਾ ਹੈ।"

ਅੱਜ ਇਸਲਾਮਾਬਾਦ ਵਿੱਚ "ਦੱਖਣੀ ਏਸ਼ੀਆ, ਮੱਧ ਪੂਰਵ ਅਤੇ ਕੇਂਦਰੀ ਏਸ਼ੀਆ ਅੰਦਰ ਸ਼ਾਂਤੀ ਅਤੇ ਵਿਕਾਸ" ਵਿਸ਼ੇ 'ਤੇ ਹੋਏ ਪ੍ਰੋਗਰਾਮ ਦੌਰਾਨ ਬੋਲਦਿਆਂ ਇਮਰਾਨ ਨੇ ਇਹ ਵਿਚਾਰ ਰੱਖੇ। 

ਭਾਰਤ ਵੱਲੋਂ ਚੁੱਕੇ ਜਾ ਰਹੇ ਕਦਮਾਂ 'ਤੇ ਵਿਸ਼ਵ ਨੂੰ ਚੇਤਾਵਨੀ ਦਿੰਦਿਆਂ ਇਮਰਾਨ ਖਾਨ ਨੇ ਕਿਹਾ, "ਇਹ ਸਮਾਂ ਹੈ ਜਦੋਂ ਕੌਮਾਂਤਰੀ ਭਾਈਚਾਰੇ ਨੂੰ ਦਖਲ ਦੇਣੀ ਚਾਹੀਦੀ ਹੈ, ਨਹੀਂ ਤਾਂ ਇਸ ਦੇ ਸਿੱਟੇ ਪੂਰੀ ਦੁਨੀਆ 'ਤੇ ਅਸਰ ਪਾਉਣਗੇ।"

ਉਹਨਾਂ ਕਿਹਾ ਕਿ ਭਾਰਤ ਦੀ ਸੱਤਾ ਇਸ ਸਮੇਂ ਕੱਟੜਵਾਦੀ ਵਿਚਾਰਧਾਰਾ ਵਾਲੇ ਅਤੇ ਨਸਲਵਾਦੀ ਲੋਕਾਂ ਦੇ ਹੱਥਾਂ ਵਿੱਚ ਹੈ ਜੋ ਦੱਖਣੀ ਏਸ਼ੀਆਂ ਵਿੱਚ ਨਫਰਤ ਦੀ ਵਿਚਾਰਧਾਰਾ ਨੂੰ ਫੈਲਾ ਰਹੇ ਹਨ। ਉਹਨਾਂ ਕਿਹਾ, "ਲੋਕ ਡਰੇ ਹੋਏ ਹਨ, ਕਿਸੇ ਨੂੰ ਨਹੀਂ ਪਤਾ ਭਾਰਤ ਕਿਸ ਪਾਸੇ ਜਾ ਰਿਹਾ ਹੈ। ਮੀਡੀਆ ਨੇ ਡਰ ਵਿਚ ਸਮਰਪਣ ਕਰ ਦਿੱਤਾ ਹੈ। ਇਸ ਨਾਲ ਤਬਾਹੀ ਹੋਵੇਗੀ ਅਤੇ ਭਾਰਤ ਇਸ ਦਾ ਖਮਿਆਜ਼ਾ ਭੁਗਤੇਗਾ।"

ਉਹਨਾਂ ਕਿਹਾ ਕਿ ਭਾਰਤ ਦੀ ਇਸ ਨਫਰਤ ਵਾਲੀ ਵਿਚਾਰਧਾਰਾ ਕਰਕੇ ਅਤੇ ਕਸ਼ਮੀਰ ਮਸਲੇ ਕਾਰਨ ਪਾਕਿਸਤਾਨ ਵੀ ਇਸ ਖਤਰੇ ਤੋਂ ਬਚਿਆ ਨਹੀਂ ਹੈ। ਉਹਨਾਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਪਿਛਲੇ 100 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਕਰਫਿਊ ਵਿੱਚ ਰੱਖਿਆ ਜਾ ਰਿਹਾ ਹੈ, ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।"

ਚੀਨ ਅਤੇ ਅਮਰੀਕਾ ਦੀਆਂ ਵਿਦੇਸ਼ ਨੀਤੀਆਂ 'ਤੇ ਟਿੱਪਣੀ ਕਰਦਿਆਂ ਇਮਰਾਨ ਨੇ ਕਿਹਾ ਕਿ ਚੀਨ ਵਿਕਾਸ 'ਤੇ ਪੈਸਾ ਲਾ ਕੇ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਜਦਕਿ ਅਮਰੀਕਾ ਨੇ ਪੈਸਾ ਦੂਜੇ ਦੇਸ਼ਾਂ ਖਿਲਾਫ ਜੰਗਾਂ ਲੜਨ ਵਿੱਚ ਲਾਇਆ। 

ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਹੌਲੀ ਹੌਲੀ ਸਹੀ ਦਿਸ਼ਾ 'ਚ ਕਦਮ ਪੁੱਟਦਿਆਂ ਵਿਕਾਸ ਦੇ ਰਾਹ ਵੱਲ ਜਾ ਰਿਹਾ ਹੈ। 

ਇਰਾਨ-ਸਾਊਦੀ ਅਤੇ ਇਰਾਨ-ਅਮਰੀਕਾ ਦਰਮਿਆਨ ਚੱਲ ਰਹੇ ਝਗੜੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਕਿਸੇ ਹੋਰ ਦੇਸ਼ ਦੀ ਜੰਗ ਨਹੀਂ ਲੜੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।