ਡੈਮੋਕਰੈਟਸ ਦੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਮਤੇ ਉਪਰ ਬੁੱਧਵਾਰ ਨੂੰ ਪੈਣਗੀਆਂ ਵੋਟਾਂ

ਡੈਮੋਕਰੈਟਸ ਦੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਮਤੇ ਉਪਰ ਬੁੱਧਵਾਰ ਨੂੰ ਪੈਣਗੀਆਂ ਵੋਟਾਂ

* ਹਿੰਸਾ ਦੇ ਮੱਦੇਨਜਰ ਸਮੁੱਚੇ ਅਮਰੀਕਾ ਵਿਚ ਸੁਰੱਖਿਆ ਵਧਾਈ
* ਟਰੰਪ ਸਮਰਥਕਾਂ ਨੇ 17 ਜਨਵਰੀ ਨੂੰ ਹਥਿਆਰਬੰਦ ਪ੍ਰਦਰਸ਼ਨ ਦਾ ਦਿੱਤਾ ਸੱਦਾ

ਸੈਕਰਾਮੈਂਟੋ, ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)- ਰਿਪਬਲੀਕਨਾਂ ਵੱਲੋਂ 25 ਵੀਂ ਸੋਧ ਰਾਹੀਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਹੁੱਦੇ ਤੋਂ ਹਟਾਉਣ ਲਈ ਪੇਸ਼ ਮਤੇ ਦੇ ਰਾਹ ਵਿਚ ਅੜਿਕਾ ਪਾਉਣ ਉਪਰੰਤ ਡੈਮੋਕਰੈਟਸ ਨੇ ਰਾਸ਼ਟਰਪਤੀ ਵਿਰੁੱਧ ਸੋਧਿਆ ਮਹਾਂਦੋਸ਼ ਮਤਾ ਪੇਸ਼ ਕੀਤਾ ਹੈ ਜਿਸ ਉਪਰ ਚਰਚਾ ਉਪਰੰਤ ਅਗਲੇ ਦਿਨ ਵੋਟਾਂ ਪੈਣਗੀਆਂ। ਸਦਨ ਵਿਚ ਬਹੁਗਿਣਤੀ ਆਗੂ ਸਟੈਨੀ ਹਾਇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਤੇ ਉਪਰ 13 ਜਨਵਰੀ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਡੈਮੋਕਰੈਟਸ ਦੇ ਬਹੁਮਤ ਵਾਲੇ ਸਦਨ ਵਿਚੋਂ ਮਤਾ ਪਾਸ ਹੋ ਜਾਂਦਾ ਹੈ ਤਾਂ ਇਸ ਨੂੰ ਤੁਰੰਤ ਸੈਨਟ ਵਿਚ ਭੇਜ ਦਿੱਤਾ ਜਾਵੇਗਾ। ਹਾਲਾਂ ਕਿ ਮਤੇ ਲਈ ਕਿਸੇ ਵੀ ਰਿਪਬਲੀਕਨ ਆਗੂ ਨੇ ਸਹਿਮਤੀ ਨਹੀਂ ਦਿੱਤੀ ਪਰ ਡੈਮੋਕਰੈਟ ਸੈਨੇਟਰ ਡੇਵਿਡ ਸਿਸੀਲਾਈਨ ਨੇ ਆਸ ਪ੍ਰਗਟਾਈ ਹੈ ਕਿ ਕੁਝ ਰਿਪਬਲੀਕਨ ਮਤੇ ਦੇ ਹੱਕ ਵਿਚ ਵੋਟ ਪਾ ਸਕਦੇ ਹਨ। ਸਿਸੀਲਾਈਨ ਨੇ ਕਿਹਾ ਹੈ ਕਿ ਉਹ ਤੇ ਕੁਝ ਹੋਰ ਡੈਮੋਕਰੈਟਸ ਸੈਨੇਟਰ ਚਹੁੰਦੇ ਹਨ ਕਿ ਉੱਪ ਰਾਸ਼ਟਰਪਤੀ ਮਾਈਕ ਪੈਂਸ 25 ਵੀਂ ਸੋਧ ਤਹਿਤ ਕਾਰਵਾਈ ਸ਼ੁਰੂ ਕਰਨ ਜਾਂ ਟਰੰਪ ਖੁਦ ਹੀ ਅਸਤੀਫਾ ਦੇ ਦੇਣ। ਉਨ੍ਹਾਂ ਕਿਹਾ ਕਿ ਸਮਾਂ ਲੰਘਦਾ ਜਾ ਰਿਹਾ ਹੈ ਇਸ ਲਈ ਹੁਣ ਕਾਂਗਰਸ ਦੀ ਜਿੰਮੇਵਾਰੀ ਹੈ ਕਿ ਉਹ ਕਾਰਵਾਈ ਕਰੇ। ਇਥੇ ਜਿਕਰਯੋਗ ਹੈ ਕਿ ਡੈਮੋਕਰੈਟਸ ਚਹੁੰਦੇ ਹਨ ਕਿ ਪੈਂਸ ਰਾਸ਼ਟਰਪਤੀ ਵਿਰੁੱਧ 25 ਵੀਂ ਸੋਧ ਤਹਿਤ ਕਾਰਵਾਈ ਕਰਨ ਤੇ ਉਹ ਖੁਦ ਕਾਰਜਕਾਰੀ ਰਾਸ਼ਟਰਪਤੀ ਬਣ ਜਾਣ।

ਉਨ੍ਹਾਂ ਨੇ ਲੰਘੇ ਦਿਨ ਇਸ ਸਬੰਧੀ ਬੇਨਤੀ ਕਰਨ ਲਈ ਇਕ ਮਤਾ ਵੀ ਪੇਸ਼ ਕੀਤਾ ਸੀ ਜਿਸ ਵਿਚ ਰਿਪਬਲੀਕਨ ਮੈਂਬਰ ਅਲੈਕਸ ਮੂਨੀ ਨੇ ਅੜਿਕਾ ਖੜਾ ਕਰ ਦਿੱਤਾ ਸੀ । ਸਦਨ ਦੇ ਨਿਯਮਾਂ ਅਨੁਸਾਰ ਕੇਵਲ ਇਕ ਸੰਸਦ ਮੈਂਬਰ ਕਿਸੇ ਵੀ ਮਤੇ ਉਪਰ ਤੁਰੰਤ ਵਿਚਾਰ ਕਰਨ ਨੂੰ ਰੋਕ ਸਕਦਾ ਹੈ। ਮੂਨੀ ਉਨ੍ਹਾਂ ਰਿਪਬਲੀਕਨਾਂ ਵਿਚ ਸ਼ਾਮਿਲ ਹੈ ਜਿਨ੍ਹਾਂ ਨੇ ਪਿਛਲੇ ਹਫਤੇ ਇਕ ਵਿਸ਼ੇਸ਼ ਰਾਜ ਵੱਲੋਂ ਪੁਸ਼ਟੀ ਕੀਤੇ ਚੋਣ ਨਤੀਜੇ ਨੂੰ ਸਵਿਕਾਰ ਨਾ ਕਰਨ ਦੀ ਮੰਗ ਕੀਤੀ ਸੀ।

ਹਿੰਸਾ ਦੀ ਸੰਭਾਵਨਾ ਕਾਰਨ ਸੁਰੱਖਿਆ ਵਧਾਈ-
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਚੁਣੇ ਹੋਏ ਅਧਿਕਾਰੀਆਂ ਵੱਲੋਂ ਹੋਰ ਹਿੰਸਾ ਦੀ ਸੰਭਾਵਨਾ ਦੇ ਮੱਦੇਨਜਰ ਸਮੁੱਚੇ ਦੇਸ਼ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੱਜੇ ਪੱਖੀ ਅੱਤਵਾਦੀ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਹੋਰ ਹਿੰਸਾ ਲਈ ਤਿਆਰ ਰਹੇ ਜਿਸ ਤੋਂ ਬਾਅਦ ਐਫ ਬੀ ਆਈ ਨੇ ਸੰਭਾਵਨਾ ਪ੍ਰਗਟਾਈ ਹੈ ਕਿ 16 ਜਨਵਰੀ ਤੋਂ 20 ਜਨਵਰੀ ਤੱਕ ਜਿਸ ਦਿਨ ਨਵੇਂ ਰਾਸ਼ਟਰਪਤੀ ਨੇ ਸਹੁੰ ਚੁੱਕਣੀ ਹੈ, ਵਾਸ਼ਿੰਗਟਨ ਵਿਚ ਸੰਸਦ ਭਵਨ ਨੇੜੇ ਹੱਥਿਆਰਬੰਦ ਪ੍ਰਦਰਸ਼ਨ ਹੋ ਸਕਦਾ ਹੈ। ਇਕ ਪੋਸਟਰ ਵੀ ਵੰਡਿਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ‘ ਜਦੋਂ ਲੋਕਤੰਤਰ ਤਬਾਹ ਹੋ ਰਿਹਾ ਹੋਵੇ ਤਾਂ ਚੁੱਪ ਰਹਿਣ ਤੋਂ ਨਾਂਹ ਕਰ ਦਿਓ।’ ਇਸ ਪੋਸਟਰ ਵਿਚ ਕੈਪੀਟਲ ਹਿੱਲ ਤੇ ਰਾਜਾਂ ਦੀਆਂ ਰਾਜਧਾਨੀਆਂ ਵਿਚ 17 ਜਨਵਰੀ ਨੂੰ ਹੱਥਿਆਰਬੰਦ ਮਾਰਚ ਦਾ ਸੱਦਾ ਦਿੱਤਾ ਗਿਆ ਹੈ।

ਐਫ ਬੀ ਆਈ ਨੇ ਕਿਹਾ ਹੈ ਕਿ 50 ਰਾਜਾਂ ਦੀਆਂ ਰਾਜਧਾਨੀਆਂ ਵਿਚ 16 ਜਨਵਰੀ ਤੋਂ 20 ਜਨਵਰੀ ਤੱਕ ਹੱਥਿਆਰਬੰਦ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਟਰੰਪ ਨੂੰ 20 ਜਨਵਰੀ ਤੋਂ ਪਹਿਲਾਂ ਹਟਾਉਣ ਦੇ ਮੁੱਦੇ ਉਪਰ ਵੀ ਟਰੰਪ ਸਮਰਥਕ ਧਮਕੀਆਂ ਤੇ ਚਿਤਾਵਨੀਆਂ ਦੇ ਰਹੇ ਹਨ। ਐਫ ਬੀ ਆਈ ਨੇ ਕਿਹਾ ਹੈ ਕਿ ਉਸ ਨੂੰ 8 ਜਨਵਰੀ ਨੂੰ ਸੂਚਨਾ ਮਿਲੀ ਹੈ ਕਿ ਇਕ ਜਾਣਿਆ ਪਛਾਣਿਆ ਗਰੁੱਪ ਹਿੰਸਾ ਭੜਕਾਉਣ ਦੇ ਯਤਨ ਵਿਚ ਹੈ। ਇਹ ਗਰੁੱਪ ਹਿੰਸਾ ਲਈ ਲੋਕਾਂ ਨੂੰ ਹੱਥ ਮਿਲਾਉਣ ਦੇ ਸੱਦੇ ਦੇ ਰਿਹਾ ਹੈ। ਖੁਫੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਚੋਣ ਜਿੱਤੇ ਜੋਅ ਬਾਇਡੇਨ, ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਤੇ ਸਪੀਕਰ ਪੋਲੇਸੀ ਦੀ ਜਾਨ ਨੂੰ ਖਤਰਾ ਹੈ। ਇਨ੍ਹਾਂ ਖੁਫੀਆ ਰਿਪੋਰਟਾਂ ਵਿਚ 20 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ। ਐਫ ਬੀ ਆਈ ਨੇ ਕਿਹਾ ਹੈ ਕਿ ਉਹ ਕੇਵਲ ਉਨ੍ਹਾਂ ਲੋਕਾਂ ਉਪਰ ਨਜਰ ਰਖ ਰਹੀ ਹੈ ਜੋ ਹਿੰਸਾ ਕਰਨਾ ਚਹੁੰਦੇ ਹਨ ਜੋ ਲੋਕ ਸ਼ਾਤਮਈ ਪ੍ਰਦਰਸ਼ਨ ਕਰਨਾ ਚਹੁੰਦੇ ਹਨ ਉਹ ਕਰ ਸਕਦੇ ਹਨ। ਕੇਵਲ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਹੋਵੇਗੀ ਜੋ ਸਾਡੇ ਸ਼ਹਿਰੀਆਂ ਲਈ ਖਤਰਾ ਹਨ ਜਾਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।