ਅਜੋਕੀ ਰਾਜਨੀਤੀ ਅਤੇ ਪੰਥਕ ਰਾਹ - ਅਕਾਲੀ ਦਲ ਕੀ ਕਰਨ ?

ਅਜੋਕੀ ਰਾਜਨੀਤੀ ਅਤੇ ਪੰਥਕ ਰਾਹ - ਅਕਾਲੀ ਦਲ ਕੀ ਕਰਨ ?

 

ਮਲਕੀਤ ਸਿੰਘ ਭਵਾਨੀਗੜ੍ਹ 

ਤਬਦੀਲੀ ਕੁਦਰਤ ਦਾ ਬੁਨਿਆਦੀ ਸੁਭਾਅ ਹੈ। ਹਰੇਕ ਹੋਂਦ ਦਾ ਆਪਣੇ ਆਦਿ ਤੋਂ ਅੰਤ ਤੱਕ ਪਹੁੰਚਣ ਲਈ ਤਬਦੀਲੀ ਦੇ ਅਨੇਕ ਪੜਾਵਾਂ ਵਿੱਚੋਂ ਗੁਜ਼ਰਨਾ ਲਾਜ਼ਮ ਹੈ। ਜੀਵਾਂ ਦੀ ਤਰਾਂ ਜਥੇਬੰਦੀਆਂ ਵੀ ਜੰਮਦੀਆਂ, ਜਵਾਨ ਹੁੰਦੀਆਂ ਤੇ ਪ੍ਰੋੜ੍ਹ ਅਵਸਥਾ ਤੱਕ ਪੁੱਜਦਿਆਂ ਬਹੁਤ ਤਬਦੀਲੀਆਂ ਨਾਲ ਪੇਸ਼ੋ ਪੇਸ਼ ਹੁੰਦੀਆਂ ਅੰਤ ਫ਼ਨਾਹ ਹੁੰਦੀਆਂ ਹਨ। ਤਬਦੀਲੀਆਂ ਦੇ ਇਹਨਾ ਦੌਰਾਂ ਦੌਰਾਨ ਅਵਸਥਾ ਵਿੱਚ ਬਦਲਾਓ ਜਾਂ ਤਾਕਤ ਵਿੱਚ ਉਤਰਾਅ- ਚੜ੍ਹਾਅ ਆਉਣੇ ਤਾਂ ਕੁਦਰਤੀ ਵਰਤਾਰਾ ਹੈ। ਪਰ ਜਦੋਂ ਤਬਦੀਲੀਆਂ ਦੇ ਇਹਨਾ ਦੌਰਾ ਦਰਮਿਆਨ ਜੱਥੇਬੰਦੀ ਦਾ ਬੁਨਿਆਦੀ ਚਰਿੱਤਰ ਹੀ ਬਦਲ ਜਾਏ ਇਹ ਗ਼ੈਰ ਕੁਦਰਤੀ ਵਰਤਾਰਾ ਹੈ, ਜੋ ਪੜਚੋਲ ਦੀ ਮੰਗ ਕਰਦਾ ਹੈ। 

ਜਿਸ ਕਾਰਜ ਲਈ ਜਿੰਨ੍ਹਾ ਮਨੁਖਾਂ ਨੇ ਕੋਈ ਸੰਸਥਾ ਬਣਾਈ ਹੁੰਦੀ ਹੈ, ਉਹ ਸੰਸਥਾ ਚ ਵੀ ਤੇ ਸੰਸਥਾ ਬਣਾਉਣ/ਚਲਾਉਣ ਜਾ ਓਹਦਾ ਪ੍ਰਬੰਧ ਵੇਖਣ ਵਾਲੇ ਮਨੁੱਖਾਂ ਵਿੱਚ ਵੀ ਉਤਾਰ ਚੜਾਅ ਆਉਂਦੇ ਰਹਿੰਦੇ ਹਨ। ਕਈ ਵਾਰ ਨਿਘਾਰ ਵੱਧ ਆ ਜਾਣ ਤੇ ਵੀ ਵਕਤ ਨਾਲ ਮੋੜਾ ਕੱਟ ਕੇ ਅਸਲ ਪਹਿਚਾਣ ਤੇ ਅਸਲ ਕਾਰਜ ਵੱਲ ਨੂੰ ਮੂੰਹ ਹੋ ਜਾਂਦਾ ਹੈ ਪਰ ਕਈ ਵਾਰ ਨਿਘਾਰ ਇਕ ਲਗਾਤਾਰਤਾ ਵਿੱਚ ਆ ਰਹੇ ਹੁੰਦੇ ਹਨ ਤੇ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਪਹੁੰਚ ਕੇ ਓਹਦੇ ਅਮਲ ਅਤੇ ਨਾਮ/ਕਾਰਜ ਵਿੱਚ ਜਮੀਨ ਅਸਮਾਨ ਜਿੰਨ੍ਹਾ ਪਾੜਾ ਪੈ ਜਾਂਦਾ ਹੈ ਤੇ ਇਸ ਸਥਿਤੀ ਨੂੰ ਘੋਖਣ ਦੀ ਵੀ ਲੋੜ ਮਹਿਸੂਸ ਨਹੀਂ ਹੋ ਰਹੀ ਹੁੰਦੀ। ਜਦੋਂ ਹਲਾਤ ਇਸ ਤਰ੍ਹਾਂ ਦੇ ਬਣ ਜਾਣ ਓਦੋਂ ਲੀਹੋਂ ਲਹੇ ਹੋਣ ਕਰਕੇ ਆਪਣੇ ਰਵਾਇਤੀ ਅਮਲ ਦੀ ਬਾਂਹ ਫੜਨਾ ਤਾਂ ਔਖਾ ਹੁੰਦਾ ਹੀ ਹੈ ਨਾਲ ਹੀ ਇਹ ਹਿੰਮਤ ਵੀ ਨਹੀਂ ਪੈਂਦੀ ਕਿ ਆਪਣੇ ਮੌਜਦਾ ਅਮਲ ਅਨੁਸਾਰ ਆਪਣੇ ਬਣਦੇ ਖਾਨੇ ਵਿੱਚ ਖੜਾ ਹੋਇਆ ਜਾ ਸਕੇ।

ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਨਿਆਰੇਪਣ ਦੀ ਸ਼ਾਨ ਬੁਲੰਦ ਰੱਖਣੀ ਅਤੇ ਨਿਤਾਣਿਆ ਦੀ ਧਿਰ ਬਣਨਾ (ਭਾਵ ਸਰਬਤ ਦੇ ਭਲੇ ਦੀ ਰਾਜਨੀਤੀ) ਇਹ ਦੋ ਨੁਕਤੇ ਹੀ ਖਾਲਸਾ ਪੰਥ ਦੀ ਤਵਾਰੀਖ ਦਾ ਧੁਰਾ ਹਨ। ਪਿਛਲੀ ਸਦੀ ਵਿੱਚ ਜਦੋਂ ਪੰਥ ਦਾ ਨਿਆਰਾਪਣ ਤੇ ਗੁਰੂ ਘਰ ਵਿੱਚ ਗੁਰਮਤਿ ਪਰੰਪਰਾ ਧੁੰਦਲੀ ਪੈ ਗਈ ਸੀ ਤਾਂ ਪੰਥਪ੍ਰਸਤ ਸਿੰਘਾਂ ਨੇ ੧੯੨੦ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ। ਸੁਰੂਆਤ ਵਿੱਚ ਮੁੱਖ ਕਾਰਜ ਖਾਲਸਾ ਪੰਥ ਦੇ ਨਿਆਰੇਪਣ ਦੀ ਸ਼ਾਨ ਬੁਲੰਦ ਕਰਨ ਵੱਲ ਹੀ ਸੇਧਿਤ ਰਿਹਾ। ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਣ ਅਤੇ ਫਿਰੰਗੀ ਸਾਮਰਾਜ ਦੇ ਅੰਤਲੇ ਸਾਲਾ ਵਿੱਚ ਅਕਾਲੀ ਦਲ ਦਾ ਸਿਆਸਤ ਨਾਲ ਵੀ ਵਾਅ-ਵਾਸਤਾ ਹੋ ਗਿਆ। ੧੯੪੭ ਵਿੱਚ ਸੱਤਾ ਦੇ ਤਬਾਦਲੇ ਤੋਂ ਬਾਅਦ ਇੰਡੀਆ ਵਿੱਚ ਵੋਟਤੰਤਰ ਪੂਰੀ ਤਰਾਂ ਲਾਗੂ ਹੋਣ ਨਾਲ ਅਕਾਲੀ ਦਲ ਦੀ ਸਰਗਰਮੀ ਦਾ ਧੁਰਾ ਪੰਥ ਦੇ ਨਿਆਰੇਪਣ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੀ ਜਗ੍ਹਾ ਪੰਜਾਬ ਦੀ ਸੂਬੇਦਾਰੀ ਪ੍ਰਾਪਤ ਕਰਨ ਵੱਲ ਲਗਾਤਾਰ ਝੁਕਦਾ ਗਿਆ ਜੋ ਹੁਣ ਲਗਭਗ ਪੰਥਕ ਸਰੋਕਾਰਾਂ ਨੂੰ ਤਿਲਾਜਲੀ ਦੇ ਚੁੱਕਾ ਹੈ। 

‘ਸ਼੍ਰੋਮਣੀ ਅਕਾਲੀ ਦਲ’ ਹੁਣ ਆਪਣੇ ਰਵਾਇਤੀ ਅਮਲ ਤੋਂ ਮੋੜਾ ਕੱਟ ਕੇ ਲਗਾਤਾਰ ਨਿਘਾਰ ਵੱਲ ਹੀ ਜਾ ਰਿਹਾ ਹੈ ਪਰ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣ/ਪ੍ਰਚਾਰਣ ਦੀ ਜਿੱਦ ਨਹੀਂ ਛੱਡ ਰਿਹਾ। ਇਹਦੇ ਨਾਲੋਂ ਵੱਖ ਹੋ ਕੇ ਬਣੇ ਅਕਾਲੀ ਦਲਾਂ ਦਾ ਵੀ ਲਗਭਗ ਇਹੀ ਅਮਲ ਹੈ। ਹਾਲ ਹੀ ਵਿੱਚ ਸੁਖਦੇਵ ਸਿੰਘ  ਢੀਂਡਸਾ ਨੇ ਵੱਖਰਾ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਿਸੇ ਵੱਲੋਂ ਕੋਈ ਨਵੀਂ ਗੱਲ ਨਹੀਂ ਹੋਈ, ਪਹਿਲਾਂ ਵੀ ਇਸੇ ਤਰ੍ਹਾਂ ਵਾਪਰ ਚੁੱਕਾ ਹੈ। ਇਹ ਮਸਲਾ ਅਹਿਮ ਇਸ ਕਰਕੇ ਨਹੀਂ ਹੈ ਕਿ ਬਾਦਲ ਨਾਲੋਂ ਕੋਈ ਬਹੁਤ ਨਜ਼ਦੀਕੀ ਵੱਖ ਹੋਇਆ ਹੈ ਤੇ ਵੱਖ ਹੋ ਕੇ ਬਾਦਲ ਦੇ ਵਿਰੁੱਧ ਕੋਈ ਪਾਰਟੀ ਬਣਾਈ ਹੈ, ਮਸਲਾ ਅਹਿਮ ਇਸ ਕਰਕੇ ਹੈ ਕਿ ਸਾਰੇ ਹੀ ਅਕਾਲੀ ਦਲ ਸਮੇਤ ਬਾਦਲ ਦਲ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦੇ ਹਨ ਜਦ ਕਿ ਤਾਕਤ ਦੀ ਇੱਛਾ ਇੰਡੀਅਨ ਵੋਟ ਤੰਤਰ ਦੀਆਂ ਸੰਸਥਾਵਾਂ ਤੋਂ ਰੱਖਦੇ ਹਨ। 

ਸਿੱਖ ਲਈ ਰਾਜਨੀਤੀ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲਾ ਪ੍ਰਬੰਧ ਕਾਇਮ ਕਰਨ ਲਈ ਤਾਂ ਹੋ ਸਕਦੀ ਹੈ ਪਰ ਸਿਰਫ ਤਾਕਤ ਮਾਨਣ ਦੀ ਇੱਛਾ ਲਈ ਨਹੀਂ ਹੋ ਸਕਦੀ। ਖਾਲਸਾ ਪੰਥ ਕੋਲ ਬਹੁਤ ਹੀ ਮੌਲਿਕ ਸੰਸਥਾਵਾਂ ਹਨ ਜਿੰਨ੍ਹਾਂ ਰਾਹੀਂ ਆਪਣੇ ਆਗੂ ਚੁਣ ਕੇ,ਖਾਲਸਾ ਪੰਥ ਦੀ ਨਿਆਰੀ ਸਨ ਬੁਲੰਦ ਕਰ ਕੇ ਸਰਬੱਤ ਦੇ ਭਲੇ ਦਾ ਢਾਂਚਾ ਸਿਰਜਿਆ ਜਾ ਸਕਦਾ ਹੈ। ਪੰਥਕ ਹੋਣ ਦਾ ਦਾਅਵਾ ਕਰਨ ਵਾਲੇ ਦਲ, ਖਾਲਸਾ ਪੰਥ ਦੀਆਂ ਸੰਸਥਾਵਾਂ ਨੂੰ ਤਕੜਾ ਕਰਕੇ ਓਹਨਾ ਤੋਂ ਹੀ ਤਾਕਤ ਲੈ ਕੇ ਸਰਬੱਤ ਦੇ ਭਲੇ ਵਾਲਾ ਢਾਂਚਾ ਕਾਇਮ ਕਰਨ ਵਿੱਚ ਤਾਂ ਸਫਲ ਹੋ ਸਕਦੀਆਂ ਹਨ ਪਰ ਇੰਡੀਅਨ ਸੰਸਥਾਵਾਂ ਰਾਹੀਂ ਉਹ ਸਰਬੱਤ ਦੇ ਭਲੇ ਦੀ ਗੱਲ ਕਰ ਸਕਣ, ਇਹ ਉਹਨਾਂ ਦਾ ਬਹੁਤ ਵੱਡਾ ਵਹਿਮ ਹੈ, ਅਣਜਾਣਤਾ ਹੈ ਜਾ ਬੇਈਮਾਨੀ ਹੈ। 

ਇਹ ਔਖਾ ਵੇਲਾ ਹੈ ਇੱਥੇ ਆ ਕੇ ਸਾਰੀਆਂ ਹੀ ਸਿੱਖ ਪਾਰਟੀਆਂ ਨੂੰ ਨਖੇੜਾ ਕਰਨਾ ਬਿਨਾ ਸ਼ੱਕ ਨਾ-ਮੁਮਕਿਨ ਲੱਗ ਸਕਦਾ ਹੈ ਪਰ ਇਹ ਨਖੇੜਾ ਇਮਾਨਦਾਰੀ ਨਾਲ ਕਰਨਾ ਹੀ ਪਵੇਗਾ, ਸਗੋਂ ਕਰ ਲੈਣਾ ਚਾਹੀਦਾ ਹੈ। ਜਿਸ ਜੰਗ ਵਿੱਚ ਹੋ, ਉੱਥੇ ਆਪਣੀ ਬਣਦੀ ਥਾਂ ਦਾ ਹਿੰਮਤ ਨਾਲ ਐਲਾਨ ਕਰੋ, ਜੰਗ ਕਰੋ, ਫਤਿਹ ਉਪਰੰਤ ਜਿੰਨ੍ਹਾਂ ਕੁ ਕਰ ਸਕੇ ਪੰਥ ਲਈ ਚੰਗਾ ਹੀ ਹੈ, ਘੱਟੋ ਘੱਟ ਇਮਾਨਦਾਰੀ ਦਾ ਐਲਾਨ ਤਾਂ ਹੋਵੇ। ਬੇਈਮਾਨੀ ਦੀ ਜਿੱਤ ਵੀ ਤੁਹਾਨੂੰ ਭਵਿੱਖ ਵਿੱਚ ਮਿਹਣਾ ਹੀ ਦੇਵੇਗੀ, ਇਮਾਨਦਾਰੀ ਦੀ ਹਾਰ ਨਾਲ ਘੱਟੋ ਘੱਟ ਇਹ ਮਿਹਣਿਆਂ ਤੋਂ ਬਚ ਸਕਦੇ ਹੋ। ਜਿਸ ਦੌੜ (ਪੰਜਾਬ ਦੀ ਸੂਬੇਦਾਰੀ) ਵਿੱਚ ਹੋ ਉਹ ਅਕਾਲੀਆਂ ਦੀ ਦੌੜ ਨਹੀਂ ਹੈ, ਜਾਂ ਦੌੜ ਛੱਡ ਦਿਓ ਜਾਂ ਅਕਾਲੀ ਹੋਣ ਦਾ ਦਾਅਵਾ। ਜੇ ਸਿਆਸੀ ਤੇ ਸ਼ਖਸੀ ਅਮਲ ਪੰਥਕ ਪਰੰਪਰਾ ਅਨੁਸਾਰ ਨਹੀਂ ਢਾਲ ਸਕਦੇ ਹੋ ਤਾਂ ਪੰਥਕ ਨਹੀਂ ਕਹਾਉਣਾ ਚਾਹੀਦਾ। 

ਜੇ ਨਾਮ ਅਕਾਲੀ ਦਲ ਰੱਖਣਾ ਹੈ ਤਾਂ ਵੋਟਤੰਤਰ ਤੋਂ ਬਾਹਰ ਹੋ ਕੇ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਪੈਣਾ ਚਾਹੀਦਾ ਹੈ।