ਕੋਰੋਨਾ ਵਾਇਰਸ ਖਤਮ ਕਰਨ ਲਈ ਅੱਜ 'ਗਾਂ ਦਾ ਮੂਤ' ਪੀਵੇਗੀ ਹਿੰਦੂ ਮਹਾਸਭਾ

ਕੋਰੋਨਾ ਵਾਇਰਸ ਖਤਮ ਕਰਨ ਲਈ ਅੱਜ 'ਗਾਂ ਦਾ ਮੂਤ' ਪੀਵੇਗੀ ਹਿੰਦੂ ਮਹਾਸਭਾ

ਨਵੀਂ ਦਿੱਲੀ: ਦੁਨੀਆ ਵਿਚ ਫੈਲ ਚੁੱਕੀ ਮਹਾਂਮਾਰੀ ਕਰੋਨਾ ਵਾਇਰਸ ਦੀ ਹੁਣ ਤਕ ਕੋਈ ਦਵਾਈ ਨਾ ਬਣਨ ਕਾਰਨ ਸਿਰਫ ਪ੍ਰਹੇਜ਼ ਨੂੰ ਹੀ ਇਸ ਤੋਂ ਬਚਾਅ ਦਾ ਇਕ ਤਰੀਕਾ ਮੰਨਿਆ ਜਾ ਰਿਹਾ ਹੈ ਤੇ ਦੁਨੀਆ ਭਰ ਦੇ ਮੁਲਕ ਲੋਕਾਂ ਦੇ ਆਪਸੀ ਸੰਪਰਕ ਨੂੰ ਘੱਟ ਕਰਨ ਲਈ ਹਦਾਇਤਾਂ ਅਤੇ ਹੁਕਮ ਜਾਰੀ ਕਰ ਰਹੇ ਹਨ। ਪਰ ਭਾਰਤ ਵਿਚ ਹਿੰਦੂ ਭਾਈਚਾਰੇ ਨਾਲ ਸਬੰਧਿਤ ਕੁੱਝ ਲੋਕ ਕਰੋਨਾ ਵਾਇਰਸ ਨੂੰ ਗਾਂ ਦਾ ਮੂਤ ਪੀ ਕੇ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ। 

ਭਾਰਤ ਦੀ ਰਾਜਧਾਨੀ ਦਿੱਲੀ ਵਿਚ ਅੱਜ ਅਖਿਲ ਭਾਰਤੀ ਹਿੰਦੂ ਮਹਾਸਭਾ ਵੱਲੋਂ ਇਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸ ਵਿਚ ਸ਼ਾਮਲ ਹੋਣ ਵਾਲੇ ਹਿੰਦੂ ਲੋਕ ਗਾਂ ਦਾ ਮੂਤ ਪੀਣਗੇ। ਹਿੰਦੂ ਮਹਾਸਭਾ ਨੇ ਗਾਂ ਦਾ ਮੂਤ ਪੀਣ ਲਈ ਲੋਕਾਂ ਨੂੰ ਸੱਦਾ ਦਿੱਤਾ ਹੈ। ਇਸ ਸਬੰਧੀ ਪੋਸਟਰ ਵੀ ਲਾਏ ਗਏ ਹਨ।

ਇਹਨਾਂ ਪੋਸਟਰਾਂ 'ਤੇ ਲਿਖਿਆ ਗਿਆ ਹੈ, "ਅਖਿਲ ਭਾਰਤੀ ਹਿੰਦੀ ਮਹਾਸਭਾ ਵੱਲੋਂ ਕਰਵਾਏ ਜਾ ਰਹੇ ਗੋ-ਮੂਤਰ ਪਾਰਟੀ ਵਿਚ ਆਪ ਸਾਰਿਆਂ ਨੂੰ ਨਿੱਘਾ ਸੱਦਾ ਹੈ। ਇਹ ਪ੍ਰੋਗਰਾਮ ਸ਼ਨੀਵਾਰ 14 ਮਾਰਚ ਦੁਪਹਿਰ 12 ਵਜੇ ਤੋਂ ਨਵੀਂ ਦਿੱਲੀ ਵਿਚ ਮੰਦਿਰ ਮਾਰਗ ਸਥਿਤ ਅਖਿਲ ਭਾਰਤ ਹਿੰਦੂ ਮਹਾਸਭਾ ਭਵਨ ਵਿਚ ਹੋਵੇਗਾ। ਇਹ ਪ੍ਰੋਗਰਾਮ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਕਰਵਾਇਆ ਜਾ ਰਿਹਾ ਹੈ।"

ਇਸ ਤੋਂ ਇਲਾਵਾ ਪੋਸਟਰ 'ਤੇ ਗਾਂ, ਸਭਾ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਚਕ੍ਰਪਾਣ, ਰਾਸ਼ਟਰੀ ਉੱਪ ਪ੍ਰਧਾਨ ਰਾਜੀਵ ਕੁਮਾਰ 'ਆਸ਼ੀਸ਼' ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਸੂਤਰਾਂ ਮੁਤਾਬਕ ਇਸ ਪਾਰਟੀ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕੁੱਲ੍ਹੜ ਵਿਚ ਗਾਂ ਦਾ ਮੂਤ ਪਿਲਾਇਆ ਜਾਵੇਗਾ।

ਇਸ ਪ੍ਰੋਗਰਾਮ ਵਿਚ ਹਿੰਦੂ ਧਰਮ ਦੀਆਂ ਰਹੁ ਰੀਤਾਂ ਮੁਤਾਬਕ ਹਵਨ ਵੀ ਕੀਤਾ ਜਾਵੇਗਾ।