ਹਾਰਦਿਕ ਪਟੇਲ ਨਹੀਂ ਲੜ ਸਕਣਗੇ ਲੋਕ ਸਭਾ ਚੋਣ

ਹਾਰਦਿਕ ਪਟੇਲ ਨਹੀਂ ਲੜ ਸਕਣਗੇ ਲੋਕ ਸਭਾ ਚੋਣ
ਹਾਰਦਿਕ ਪਟੇਲ

ਅਹਿਮਦਾਬਾਦ: ਪਾਟੀਦਾਰ ਰਾਖਵਾਂਕਰਨ ਅੰਦੋਲਨ ਵਿਚੋਂ ਉੱਭਰੇ ਨੌਜਵਾਨ ਰਾਜਨੀਤਕ ਆਗੂ ਹਾਰਦਿਕ ਪਟੇਲ ਨੂੰ ਗੁਜਰਾਤ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਹਾਰਦਿਕ ਪਟੇਲ ਖਿਲਾਫ ਫੈਂਸਲਾ ਸੁਣਾਉਂਦਿਆਂ ਦੰਗਾ ਮਾਮਲੇ ਵਿੱਚ ਸਜ਼ਾ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਂਸਲੇ ਕਾਰਨ ਹੁਣ ਹਾਰਦਿਕ ਪਟੇਲ ਆਉਂਦੀਆਂ ਲੋਕ ਸਭਾ ਚੋਣਾਂ ਨਹੀਂ ਲੜ ਸਕਣਗੇ। ਗੌਰਤਲਬ ਹੈ ਕਿ ਹਾਰਦਿਕ ਪਟੇਲ ਬੀਤੇ ਦਿਨੀਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।

ਹਾਰਦਿਕ ਨੂੰ ਪਿਛਲੇ ਸਾਲ 25 ਜੁਲਾਈ ਨੂੰ ਇੱਕ ਸਥਾਨਕ ਅਦਾਲਤ ਨੇ ਦੋ ਸਾਲ ਦੀ ਸਾਧਾਰਣ ਕੈਦ ਦੀ ਸਜ਼ਾ ਸੁਣਾਈ ਸੀ ਤੇ ਜੁਰਮਾਨਾ ਵੀ ਲਾਇਆ ਗਿਆ ਸੀ। ਹਾਰਦਿਕ ਨੂੰ ਇਹ ਸਜ਼ਾ ਸੂਬੇ ਦੇ ਮਹੇਸਾਣਾ ਜ਼ਿਲ੍ਹੇ ਦੇ ਵਿਸਨਗਰ ਵਿੱਚ 23 ਜੁਲਾਈ, 2015 ਨੂੰ ਇੱਕ ਰਾਖਵਾਂਕਰਨ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਸੁਣਾਈ ਗਈ ਸੀ। ਇਸ ਹਿੰਸਾ ਵਿਚ ਉਦੋਂ ਦੇ ਸਥਾਨਕ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ਉੱਤੇ ਹਮਲਾ ਤੇ ਤੋੜ–ਭੰਨ ਕਰਨ ਦਾ ਦੋਸ਼ ਵੀ ਲੱਗਾ ਸੀ।

ਨਿਯਮ ਮੁਤਾਬਕ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਲੋਕ ਚੋਣ ਨਹੀਂ ਲੜ ਸਕਦੇ। ਇਸੇ ਕਾਰਨ ਹਾਰਦਿਕ ਨੇ ਅੱਠ ਮਾਰਚ ਨੂੰ ਇੱਕ ਵਾਰ ਫਿਰ ਗੁਜਰਾਤ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਉਨ੍ਹਾਂ ਦੇ ਵਕੀਲ ਰਫ਼ੀਕ ਲੋਖੰਡਵਾਲਾ ਨੇ ਦੱਸਿਆ ਸੀ ਕਿ ਹਾਰਦਿਕ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਿੱਤੀ ਹੈ, ਜਿਸ ਵਿੱਚ ਵਿਸਨਗਰ ਦੀ ਅਦਾਲਤ ਦੀ ਸਜ਼ਾ ਉੱਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ; ਤਾਂ ਜੋ ਹਾਰਦਿਕ ਦੇ ਚੋਣ ਲੜਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਜਾਂ ਉਨ੍ਹਾਂ ਨੂੰ ਅਯੋਗ ਨਾ ਸਾਬਿਤ ਕੀਤਾ ਜਾ ਸਕੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ