ਗਵਾਲੀਅਰ 'ਚ ਦਾਤਾ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

ਗਵਾਲੀਅਰ 'ਚ ਦਾਤਾ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ ਟਾਈਮਜ਼

ਗਵਾਲੀਅਰ-ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਵਿਖੇ ਤਿੰਨ ਦਿਨਾ ਗੁਰਮਤਿ ਸਮਾਗਮ ਕਿਲ੍ਹਾ ਗਵਾਲੀਅਰ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ।ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਅੱਜ ਦੇ ਦਿਨ 52 ਹਿੰਦੂ ਰਾਜਿਆਂ ਨੂੰ ਬੰਧਨ ਮੁਕਤ ਕੀਤਾ ਸੀ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਤੋਂ ਬਾਅਦ ਪੈਦਲ ਸ਼ਬਦ ਚੌਕੀ ਯਾਤਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਬਾਬਾ ਸੇਵਾ ਸਿੰਘ ਨੇ ਰਵਾਨਾ ਕੀਤਾ ।ਇਸ ਤੋਂ ਬਾਅਦ ਸਜਾਏ ਗਏ ਕੀਰਤਨ ਦਰਬਾਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਅਤੇ ਭਾਈ ਅੰਮਿ੍ਤਦੀਪ ਸਿੰਘ ਨੇ ਕੀਰਤਨ ਕੀਤਾ । ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲਿਆਂ ਨੇ ਕਥਾ ਕਰਦਿਆਂ ਕਿਹਾ ਕਿ ਅਰਦਾਸ ਕਰੀਏ ਕਿ ਪਾਤਸ਼ਾਹ ਸਾਨੂੰ ਵੀ ਦੁਨਿਆਵੀ ਬੰਧਨਾਂ ਤੋਂ ਮੁਕਤ ਕਰਨ । ਬਾਬਾ ਸੇਵਾ ਸਿੰਘ ਨੇ ਇਤਿਹਾਸ ਦਾ ਵਰਣਨ ਕਰਦਿਆਂ ਸੰਗਤ ਨੂੰ ਨਾਮ ਬਾਣੀ ਦਾ ਅਭਿਆਸ ਕਰਨ ਦੀ ਪ੍ਰੇਰਨਾ ਦੇਣ ਦੇ ਨਾਲ-ਨਾਲ ਆਪਣੇ-ਆਪਣੇ ਇਲਾਕੇ 'ਚ ਰੁੱਖ ਲਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ  ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿਛੋਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਧਾਰਨ ਕਰਦਿਆਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ, "ਅੱਜ ਤੋਂ ਮੇਰੀ ਪਿਆਰੀ ਭੇਟਾ ਵਧੀਆ ਸ਼ਸ਼ਤਰ ਤੇ ਚੰਗੇ ਜਵਾਨ ਹੋਣਗੇ।'' ਉਨ੍ਹਾਂ ਨੇ ਮਸੰਦਾਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਲੋਕਾਂ ਨੂੰ ਧਨ ਦੀ ਥਾਂ ਵਧੀਆ ਜਵਾਨ, ਹਥਿਆਰ ਤੇ ਚੰਗੇ ਘੋੜੇ ਦੇਣ ਲਈ ਤਿਆਰ ਕਰਨ। ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ।

ਇੱਥੇ ਜਵਾਨਾਂ ਦੇ ਘੋਲ-ਦੰਗਲ ਹੁੰਦੇ ਤੇ ਯੋਧਿਆਂ ਦੀਆਂ ਵੀਰਰਸੀ ਵਾਰਾਂ ਗਾਈਆਂ ਜਾਣ ਲੱਗੀਆਂ। ਦਰਬਾਰ ਵਿੱਚ ਸਿੱਖਾਂ ਦੇ ਮਸਲਿਆਂ ਦੇ ਫ਼ੈਸਲੇ ਲਏ ਜਾਣ ਲੱਗੇ। ਇਸ ਨਾਲ ਸਿੱਖਾਂ ਵਿੱਚ ਜਾਗ੍ਰਤੀ ਆਈ ਅਤੇ ਸੈਨਿਕ ਰੁਚੀਆਂ ਬਲਵਾਨ ਹੋਈਆਂ। ਗੁਰੂ ਘਰ ਦੀ ਵਧਦੀ ਸ਼ਕਤੀ ਗੁਰੂ ਘਰ ਦੇ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗੀ। ਅਜਿਹੇ ਲੋਕਾਂ ਨੇ ਮੁਰਤਜ਼ਾ ਖ਼ਾਨ ਦੇ ਗੁਰੂ ਜੀ ਦੇ ਵਿਰੁੱਧ ਕੰਨ ਭਰ ਦਿੱਤੇ। ਮੁਰਤਜ਼ਾ ਖ਼ਾਨ ਨੇ ਜਹਾਂਗੀਰ ਕੋਲੋਂ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਲੈ ਕੇ, ਵਜ਼ੀਰ ਖ਼ਾਨ ਅਤੇ ਗੁੰਚਾ ਬੇਗ਼ ਨੂੰ ਗੁਰੂ ਜੀ ਪਾਸ ਭੇਜਿਆ ਕਿ ਉਹ ਆਗਰੇ ਪੇਸ਼ ਹੋਣ। ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਦਾ ਕੰਮ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਸੰਭਾਲਿਆ ਤੇ ਦਿੱਲੀ ਰਵਾਨਾ ਹੋ ਗਏ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਵਿੱਚ ਨਜ਼ਰਬੰਦ ਕਰਨ ਦਾ ਹੁਕਮ ਦੇ ਦਿੱਤਾ। ਇਸੇ ਦੌਰਾਨ ਬਾਦਸ਼ਾਹ ਜਹਾਂਗੀਰ ਬਿਮਾਰ ਹੋ ਗਿਆ। ਸਾਈਂ ਮੀਆਂ ਮੀਰ ਨੇ ਜਹਾਂਗੀਰ ਨੂੰ ਕਿਹਾ, "ਇਹ ਖ਼ੁਦਾਈ ਕਹਿਰ ਹੈ, ਤੁਸੀਂ ਖ਼ੁਦਾ ਦੇ ਨੇਕ ਬੰਦੇ ਗੁਰੂ ਹਰਿਗੋਬਿੰਦ ਸਾਹਿਬ ਦੀ ਬੇਅਦਬੀ ਕੀਤੀ ਹੈ। ਉਸ ਨੂੰ ਬਿਨਾਂ ਕਾਰਨ ਜੇਲ੍ਹ ਵਿੱਚ ਕੈਦ ਕੀਤਾ ਹੈ।" ਵਜ਼ੀਰ ਖ਼ਾਨ ਨੇ ਵੀ ਇਸ ਦੀ ਹਾਮੀ ਭਰੀ। ਜਹਾਂਗੀਰ ਦੀ ਪਤਨੀ ਨੂਰਜਹਾਂ ਨੇ ਵੀ ਜ਼ੋਰ ਦੇ ਕੇ ਆਖਿਆ ਕਿ ਗੁਰੂ ਹਰਿਗੋਬਿੰਦ ਜੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸਿੱਟੇ ਵਜੋਂ ਜਹਾਂਗੀਰ ਨੇ ਹੁਕਮ ਕੀਤਾ ਕਿ ਗੁਰੂ ਸਾਹਿਬ ਨੂੰ ਬਿਨਾਂ ਸ਼ਰਤ ਰਿਹਾਅ ਕਰ ਕੇ ਅਦਬ ਨਾਲ ਵਾਪਸ ਲਿਆਂਦਾ ਜਾਵੇ। ਗਵਾਲੀਅਰ ਦੇ ਬਾਕੀ ਕੈਦੀ ਗੁਰੂ ਜੀ ਦੀ ਰਿਹਾਈ ਦੀ ਖ਼ਬਰ ਸੁਣ ਕੇ ਉਦਾਸ ਹੋ ਗਏ। ਇਸ ਲਈ ਰਾਜਿਆਂ ਨੇ ਆਪਣੀ ਰਿਹਾਈ ਲਈ ਵੀ ਗੁਰੂ ਜੀ ਪਾਸ ਬੇਨਤੀ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਵਜ਼ੀਰ ਨੂੰ ਆਖ ਭੇਜਿਆ ਕਿ ਇਹ ਬੇਦੋਸ਼ੇ ਰਾਜੇ ਵੀ ਰਿਹਾਅ ਕੀਤੇ ਜਾਣ।

ਇਨ੍ਹਾਂ ਦੀ ਰਿਹਾਈ ਤੋਂ ਬਿਨਾਂ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕਦੀ। ਜਹਾਂਗੀਰ ਨੇ ਕਿਹਾ ਕਿ ਜਿੰਨੇ ਕੈਦੀ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਨਿਕਲ ਜਾਣਗੇ, ਰਿਹਾਅ ਸਮਝੇ ਜਾਣਗੇ। ਗੁਰੂ ਹਰਿਗੋਬਿੰਦ ਜੀ ਨੇ ਬਵੰਜਾ ਕਲੀਆਂ ਵਾਲਾ ਚੋਲਾ ਸਿਲਵਾਇਆ, ਜਿਨ੍ਹਾਂ ਨੂੰ ਫੜ ਕੇ 52 ਪਹਾੜੀ ਰਾਜੇ ਵੀ ਕੈਦ ਤੋਂ ਮੁਕਤ ਹੋ ਗਏ। ਇਸ ਦਿਨ ਪਿੱਛੋਂ ਗੁਰੂ ਸਾਹਿਬ ਬੰਦੀ ਛੋੜ ਸਤਿਗੁਰੂ ਦੇ ਨਾਂ ਨਾਲ ਪ੍ਰਸਿੱਧ ਹੋਏ। ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਨੇ ਵਾਰਾਂ ਅਤੇ ਭਾਈ ਨਵਤੇਜ ਸਿੰਘ ਦਮਦਮੀ ਟਕਸਾਲ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ ।