ਜਿਸ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਫੌਜੀ ਜੰਗ ਵਿਚ ਹੁਕਮਨਾਮਾ ਲੈਂਦੇ ਸੀ, ਉਹ ਸਰੂਪ ਹੋਇਆ ਚੋਰੀ

ਜਿਸ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਫੌਜੀ ਜੰਗ ਵਿਚ ਹੁਕਮਨਾਮਾ ਲੈਂਦੇ ਸੀ, ਉਹ ਸਰੂਪ ਹੋਇਆ ਚੋਰੀ
ਗੁਰਦੁਆਰਾ ਅਰਦਾਸਪੁਰਾ ਸਾਹਿਬ

ਸੁਖਵਿੰਦਰ ਸਿੰਘ
ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਿਆਣਪੁਰ ਵਿਚ ਸਥਿਤ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਕ ਸਰੂਪ ਸਬੰਧੀ ਕਈ ਦਿਨ ਬੀਤੇ ਜਾਣ ਮਗਰੋਂ ਵੀ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਚੋਰੀ ਹੋਇਆ ਸਰੂਪ ਸਫਰੀ ਸਰੂਪ ਹੈ ਜੋ ਲਗਭਗ ਇਕ ਸਦੀ ਪੁਰਾਣਾ ਦੱਸਿਆ ਜਾ ਰਿਹਾ ਹੈ। ਸਫਰੀ ਸਰੂਪ ਤੋਂ ਭਾਵ ਕਿ ਇਹ ਸਰੂਪ ਬੜੇ ਛੋਟੇ ਅਕਾਰ ਦਾ ਹੁੰਦਾ ਹੈ, ਜਿਸਨੂੰ ਸਿੱਖ ਸਫਰ ਦੌਰਾਨ ਕੋਲ ਰੱਖ ਸਕਦੇ ਹਨ ਅਤੇ ਇਸ ਨੂੰ ਲੈਂਸ ਦੀ ਮਦਦ ਨਾਲ ਹੀ ਪੜ੍ਹਿਆ ਜਾ ਸਕਦਾ ਹੈ। 

20 ਜੁਲਾਈ ਨੂੰ ਸਰੂਪ ਚੋਰੀ ਹੋਣ ਦਾ ਪਤਾ ਲੱਗਾ
ਪਿੰਡ ਕਲਿਆਣਪੁਰ ਦੇ ਨੌਜਵਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਸਰੂਪ ਨੂੰ ਗੁਰਦੁਆਰਾ ਸਾਹਿਬ ਦੇ ਸੁਖਆਸਨ ਸਥਾਨ 'ਤੇ ਰੱਖਿਆ ਹੋਇਆ ਸੀ। ਇਹ ਸਰੂਪ ਇਕ ਡੱਬੀ ਵਿਚ ਬੰਦ ਸੀ। 20 ਜੁਲਾਈ ਨੂੰ ਪਟਿਆਲੇ ਤੋਂ ਬਾਬਾ ਲਖਬੀਰ ਸਿੰਘ ਗੋਰਾ ਜਦੋਂ ਸੰਗਤਾਂ ਨੂੰ ਇਸ ਸਰੂਪ ਦੇ ਦਰਸ਼ਨ ਕਰਾਉਣ ਲਈ ਗੁਰਦੁਆਰਾ ਸਾਹਿਬ ਲੈ ਕੇ ਆਏ ਤਾਂ ਦੇਖਣ 'ਤੇ ਪਤਾ ਲੱਗਿਆ ਕਿ ਸਰੂਪ ਵਾਲੀ ਡੱਬੀ ਉਸ ਥਾਂ ਹੀ ਪਈ ਸੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗਾਇਬ ਸੀ। ਉਹਨਾਂ ਦੇ ਦੱਸਣ ਮੁਤਾਬਕ ਆਖਰੀ ਬਾਰ ਸਰੂਪ 2 ਜੂਨ ਨੂੰ ਦੇਖਿਆ ਗਿਆ ਸੀ। ਕਿਉਂਕਿ ਇਸ ਸਰੂਪ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਸੀ, ਇਸ ਲਈ ਇਹ ਸਰੂਪ ਸੁਖਆਸਤ ਸਥਾਨ 'ਤੇ ਹੀ ਬਿਰਾਜਮਾਨ ਰਹਿੰਦਾ ਸੀ।

ਸਿੱਖ ਫੌਜੀ ਜੰਗ ਵਿਚ ਇਸ ਸਰੂਪ ਤੋਂ ਹੁਕਮਨਾਮਾ ਲੈਂਦੇ ਸੀ
ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਾਬਾ ਕਿਰਪਾਲ ਸਿੰਘ ਅੰਗਰੇਜ਼ਾਂ ਦੀ ਫੌਜ ਵਿਚਲੀ ਸਿੱਖ ਰੈਜ਼ੀਮੈਂਟ ਵਿਚ ਫੌਜੀ ਸਨ ਅਤੇ ਉਹਨਾਂ ਨੇ ਵਿਸ਼ਵ ਜੰਗ ਵਿਚ ਭਾਗ ਲਿਆ। ਉਹਨਾਂ ਦੱਸਿਆ ਕਿ ਇਹਨਾਂ ਜੰਗਾਂ ਦੌਰਾਨ ਸਿੱਖ ਰੈਜ਼ੀਮੈਂਟ ਇਸ ਸਫਰੀ ਸਰੂਪ ਨੂੰ ਆਪਣੇ ਕੋਲ ਰੱਖਦੀ ਸੀ ਤੇ ਇਸ ਸਰੂਪ ਤੋਂ ਹੀ ਨਿਤ ਦਾ ਹੁਕਮਨਾਮਾ ਸਾਹਿਬ ਲਿਆ ਜਾਂਦਾ ਸੀ। ਉਹਨਾਂ ਦੱਸਿਆ ਕਿ ਜਾਣਕਾਰੀ ਮੁਤਾਬਕ ਅਜਿਹੇ ਚਾਰ ਸਰੂਪ ਸਿੱਖ ਰੈਜ਼ੀਮੈਂਟ ਕੋਲ ਸਨ ਜਿਹਨਾਂ ਵਿਚੋਂ ਇਕ ਸਰੂਪ ਬਾਬਾ ਕਿਰਪਾਲ ਸਿੰਘ ਕੋਲ ਸੀ ਜਿਸਨੂੰ ਉਹ ਇੱਥੇ ਪਿੰਡ ਲੈ ਆਏ ਸਨ। ਇਹ ਗੁਰਦੁਆਰਾ ਸਾਹਿਬ ਵੀ ਬਾਬਾ ਕਿਰਪਾਲ ਸਿੰਘ ਵੱਲੋਂ ਹੀ ਬਣਾਇਆ ਗਿਆ ਸੀ।


ਚੋਰੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ

ਗੁਰਦੁਆਰਾ ਕਮੇਟੀ 'ਤੇ ਅਣਗਿਹਲੀ ਦੇ ਦੋਸ਼
ਗੁਰਦੁਆਰਾ ਅਰਦਾਸਪੁਰ ਸਾਹਿਬ ਦੀ ਕਮੇਟੀ 'ਤੇ ਇਸ ਮਾਮਲੇ ਵਿਚ ਅਣਗਿਹਲੀ ਵਰਤਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਇਸ ਮਾਮਲੇ ਬਾਰੇ ਪਤਾ ਲੱਗਣ 'ਤੇ ਪਿੰਡ ਪਹੁੰਚੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ 20 ਜੁਲਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਵੀ ਗੁਰਦੁਆਰਾ ਕਮੇਟੀ ਨੇ ਦੋਸ਼ੀਆਂ ਦੀ ਭਾਲ ਲਈ ਪੁਲਸ ਨੂੰ ਕੋਈ ਇਤਲਾਹ ਨਹੀਂ ਦਿੱਤੀ। ਉਹਨਾਂ ਦੱਸਿਆ ਕਿ ਅਖੀਰ 29 ਜੁਲਾਈ ਨੂੰ ਪਿੰਡ ਦੀ ਪੰਚਾਇਤ ਅਤੇ ਹੋਰ ਸਿਆਣਿਆਂ ਵੱਲੋਂ ਇਸ ਚੋਰੀ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ
ਆਮ ਤੌਰ 'ਤੇ ਸਿੱਖ ਨੌਜਵਾਨਾਂ ਨੂੰ ਸਾਜਿਸ਼ ਬਣਾਉਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰਨ ਵਾਲੀ ਪੰਜਾਬ ਦੀ ਪੁਲਸ ਇਸ ਮਾਮਲੇ ਵਿਚ ਘਟਨਾ ਵਾਪਰਨ ਤੋਂ ਬਾਅਦ ਵੀ ਕਿਸੇ ਬਰਾਮਦਗੀ ਤਕ ਨਹੀਂ ਪਹੁੰਚੀ ਹੈ। ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵੀ ਪੁਲਸ ਨੂੰ ਦਿੱਤੀ ਗਈ ਹੈ ਪਰ ਪੁਲਸ ਦੀ ਜਾਂਚ ਅਜੇ ਤਕ ਕਿਸੇ ਵੀ ਪਾਸੇ ਤੁਰਦੀ ਨਜ਼ਰ ਨਹੀਂ ਆ ਰਹੀ। ਉਹਨਾਂ ਦੱਸਿਆ ਕਿ 2 ਅਗਸਤ ਨੂੰ ਕੁੱਝ ਸਿੱਖ ਸੰਗਤਾਂ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ ਇਕੱਤਰ ਹੋਈਆਂ ਸਨ ਤਾਂ ਮੌਕੇ 'ਤੇ ਪਹੁੰਚੇ ਐਸਐਚਓ ਨੇ ਜਾਂਚ ਲਈ 2 ਦਿਨ ਦਾ ਸਮਾਂ ਮੰਗਿਆ ਸੀ। ਉਹਨਾਂ ਦੱਸਿਆ ਕਿ ਜਦੋਂ 5 ਜੂਨ ਨੂੰ ਸਿੱਖ ਫੇਰ ਇਕੱਤਰ ਹੋਏ ਤਾਂ ਵੀ ਪੁਲਸ ਦੇ ਹੱਥ ਖਾਲੀ ਸੀ ਅਤੇ ਪੁਲਸ ਨੇ ਜਾਂਚ ਲਈ ਹੋਰ ਸਮਾਂ ਮੰਗਿਆ। ਉਹਨਾਂ ਦੱਸਿਆ ਕਿ 15 ਅਗਸਤ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਜਿਹਨਾਂ ਦੇ 17 ਅਗਸਤ ਨੂੰ ਭੋਗ ਪਾਏ ਜਾਣਗੇ। ਉਹਨਾਂ ਕਿਹਾ ਕਿ ਪੁਲਸ ਨੂੰ ਜਾਂਚ ਮੁਕੰਮਲ ਕਰਕੇ ਦੋਸ਼ੀ ਸਾਹਮਣੇ ਲਿਆਉਣ ਲਈ 16 ਅਗਸਤ ਤਕ ਦਾ ਸਮਾਂ ਦਿੱਤਾ ਗਿਆ ਹੈ।

ਸਿੱਖਾਂ ਨੂੰ ਬਰਗਾੜੀ ਵਰਗੇ ਸਾਕੇ ਦਾ ਭੈਅ
ਜ਼ਿਕਰਯੋਗ ਹੈ ਕਿ ਸਾਲ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਮਗਰੋਂ ਬਰਗਾੜੀ ਪਿੰਡ ਵਿਚ ਉਸ ਸਰੂਪ ਦੀ ਬੇਅਦਬੀ ਕੀਤੀ ਗਈ ਸੀ। ਇਸ ਮਾਮਲੇ ਵਿਚ ਅੱਜ ਤਕ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋਈ ਹੈ।