ਨਸ਼ਾ ਤਸਕਰੀ ਦੇ ਮਾਮਲੇ 'ਚ ਫੜੇ ਗੁਰਪਿੰਦਰ ਦੀ ਜੇਲ਼੍ਹ ਅੰਦਰ ਮੌਤ ਪਿੱਛੇ ਕਾਰਨ "ਜ਼ਹਿਰ" ਹੋਣ ਦਾ ਖਦਸ਼ਾ

ਨਸ਼ਾ ਤਸਕਰੀ ਦੇ ਮਾਮਲੇ 'ਚ ਫੜੇ ਗੁਰਪਿੰਦਰ ਦੀ ਜੇਲ਼੍ਹ ਅੰਦਰ ਮੌਤ ਪਿੱਛੇ ਕਾਰਨ
ਗੁਰਪਿੰਦਰ

ਅੰਮ੍ਰਿਤਸਰ: ਨਸ਼ੇ ਦੀ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਵਪਾਰੀ ਗੁਰਪਿੰਦਰ ਦੀ ਮੌਤ ਸਬੰਧੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਦਾ ਕਾਰਨ ਕਿਸੇ ਤਰ੍ਹਾਂ ਦੀ ਜ਼ਹਿਰ ਹੋ ਸਕਦੀ ਹੈ। ਗੁਰਪਿੰਦਰ ਦੀ ਮੌਤ ਦੀ ਜਾਂਚ ਲਈ ਬਣਾਏ ਗਏ ਡਾਕਟਰਾਂ ਦੇ ਬੋਰਡ ਨੇ ਪੋਸਟ ਮਾਰਟਮ ਮਗਰੋਂ ਦੱਸਿਆ ਕਿ ਉਸਦੇ ਢਿੱਡ ਵਿੱਚ ਖੂਨ ਪਾਇਆ ਗਿਆ ਅਤੇ ਸ਼ਰੀਰ 'ਤੇ ਕੁੱਝ ਨਿਸ਼ਾਨ ਵੀ ਸਨ। 

ਹਲਾਂਕਿ ਡਾਕਟਰਾਂ ਨੇ ਕਿਹਾ ਕਿ ਮੌਤ ਦੇ ਕਾਰਨਾਂ ਸਬੰਧੀ ਫਿਲਹਾਲ ਕੁੱਝ ਵੀ ਪੂਰੇ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਪਰ ਗੁਰਪਿੰਦਰ ਨੂੰ ਸ਼ੂਗਰ ਵੀ ਸੀ ਅਤੇ ਇਸ ਬਿਮਾਰੀ ਵਿੱਚ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਬਹੁਤ ਘਟ ਜਾਂਦੀ ਹੈ ਜੋ ਮੌਤ ਦਾ ਕਾਰਨ ਬਣ ਸਕਦੀ ਹੈ। 

ਉਹਨਾਂ ਕਿਹਾ ਕਿ ਇਹ ਸਾਫ ਹੈ ਕਿ ਖੂਨ ਰਿਸਣ ਨਾਲ ਗੁਰਪਿੰਦਰ ਦੀ ਮੌਤ ਹੋਈ ਹੈ ਪਰ ਇਸ ਦਾ ਕਾਰਨ ਕੀ ਸੀ ਇਹ ਫਿਲਹਾਲ ਸਾਫ ਨਹੀਂ ਹੋ ਸਕਿਆ ਹੈ। 

ਡਾਕਟਰਾਂ ਨੇ ਕਿਹਾ ਕਿ ਗੁਰਪਿੰਦਰ ਦੇ ਵਿਸਰੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੀ ਰਿਪੋਰਟ ਆਉਣ ਨੂੰ ਤਿੰਨ ਮਹੀਨਿਆਂ ਦਾ ਸਮਾਂ ਲੱਗੇਗਾ। ਇਹ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਮੌਤ ਦਾ ਕੀ ਕਾਰਨ ਬਣਿਆ। 

ਦੱਸ ਦਈਏ ਕਿ ਅਟਾਰੀ ਸਰਹੱਦ 'ਤੇ ਫੜ੍ਹੀ ਗਈ 2700 ਕਰੋੜ ਦੀ ਹੈਰੋਈਨ ਨੂੰ ਜਿਸ ਟਰੱਕ ਰਾਹੀਂ ਲਿਆਂਦਾ ਜਾ ਰਿਹਾ ਸੀ ਉਸ ਨੂੰ ਗੁਰਪਿੰਦਰ ਵੱਲੋਂ ਮੰਗਵਾਇਆ ਗਿਆ ਸੀ। ਪਰ 21 ਜੁਲਾਈ ਨੂੰ ਗੁਰਪਿੰਦਰ ਦੀ ਕੇਂਦਰੀ ਜੇਲ੍ਹ ਅੰਦਰ ਭੇਦਭਰੇ ਹਾਲਤਾਂ 'ਚ ਮੌਤ ਹੋ ਗਈ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ