ਗਿਆਨੀ ਬਲਦੇਵ ਸਿੰਘ ਬਣੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ

ਗਿਆਨੀ ਬਲਦੇਵ ਸਿੰਘ ਬਣੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ

             *ਗਿਆਨੀ ਰਣਜੀਤ ਸਿੰਘ ਗੌਹਰ ਨੇ ਭਰੀ ਇੱਕ ਮਹੀਨੇ ਦੀ ਛੁੱਟੀ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਦਾ ਵਿਵਾਦ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਡਾ. ਗੁਰਵਿੰਦਰ ਸਿੰਘ ਸਮਰਾ ਤੇ ਗਿਆਨੀ ਰਣਜੀਤ ਸਿੰਘ ਗੌਹਰ ਦੇ ਵਿਵਾਦ ਦੇ ਚੱਲਦਿਆ ਗਿਆਨੀ ਗੌਹਰ ਨੂੰ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਪ੍ਰਬੰਧਕ ਕਮੇਟੀ ਬੋਰਡ ਦੀ ਇਕੱਤਰਤਾ ਕਾਰਜਕਾਰੀ ਪ੍ਰਧਾਨ ਜਗਜੀਤ ਸਿੰਘ ਸੋਹੀ ਦੀ ਅਗਵਾਈ ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਗਿਆਨੀ ਬਲਦੇਵ ਸਿੰਘ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੀ ਇਸ ਵਿਸ਼ੇਸ਼ ਮੀਟਿੰਗ ਵਿਚ ਕਾਰਜਕਾਰੀ ਪ੍ਰਧਾਨ ਜਗਜੀਤ ਸਿੰਘ ਸੋਹੀ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਜਰਨਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ ਸਮੇਤ ਮੈਂਬਰ ਸ਼ਾਮਲ ਹੋਏ। ਡਾ. ਗੁਰਵਿੰਦਰ ਸਿੰਘ ਸਮਰਾ ਤੇ ਗਿਆਨੀ ਰਣਜੀਤ ਸਿੰਘ ਵਿਵਾਦ ਤੋਂ ਬਾਅਦ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਅਹੁਦੇ ਤੋਂ ਹਟਾਉਂਣਦਿਆਂ ਤਖ਼ਤ ਸਾਹਿਬ ਬੋਰਡ ਨੇ ਗਿਆਨੀ ਬਲਦੇਵ ਸਿੰਘ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਹੈ।

ਕਮੇਟੀ ਵੱਲੋਂ ਪੱਤਰ ਜਾਰੀ ਕਰਦਿਆਂ ਗਿਆਨੀ ਬਲਦੇਵ ਸਿੰਘ ਵਧੀਕ ਹੈੱਡ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀਆਂ ਪਿਛਲੇ 38 ਸਾਲਾਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਹੈ। ਪ੍ਰਬੰਧਕ ਕਮੇਟੀ ਨੇ ਗਿਆਨੀ ਬਲਦੇਵ ਸਿੰਘ ਪਾਸੋਂ ਇਹ ਵੀ ਉਮੀਦ ਜਤਾਈ ਅਤੇ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰਾ ਸੇਵਾਵਾਂ ਨਿਭਾਉਂਣਗੇ। ਉਧਰ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਕ ਮਹੀਨੇ ਦੀ ਛੁੱਟੀ ਪ੍ਰਬੰਧਕ ਕਮੇਟੀ ਪਾਸ ਲੈਣ ਲਈ ਪੱਤਰ ਜਰਨਲ ਸਕੱਤਰ ਨੂੰ ਲਿਖ ਦਿੱਤਾ ਜੋ ਦਫ਼ਤਰ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ।