ਬਿਖਰੀ ਅਕਾਲੀ ਲੀਡਰਸ਼ਿਪ ਦੇ ਭਵਿੱਖ ਦਾ ਸਵਾਲ

ਬਿਖਰੀ ਅਕਾਲੀ ਲੀਡਰਸ਼ਿਪ ਦੇ ਭਵਿੱਖ ਦਾ ਸਵਾਲ

ਪੰਥਕ ਮੱਸਲਾ

ਪੰਜਾਬ ਅੰਦਰ ਪੰਥਕ ਰਾਜਨੀਤੀ ਅਜੋਕੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਸੰਦਰਭ ਵਿਚ ਚੌਰਾਹੇ ’ਤੇ ਖੜ੍ਹੀ ਹੈ। ਟੋਟੇ-ਟੋਟੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਅਤੇ ਰਾਸ਼ਟਰੀ ਪੱਧਰ ’ਤੇ ਇਕ ਪ੍ਰਭਾਵਸ਼ਾਲੀ ਰਾਜਨੀਤਕ ਦਲ ਵਜੋਂ ਪਛਾਣ ਕਿਧਰੇ ਮਹਿਸੂਸ ਨਹੀਂ ਕੀਤੀ ਜਾ ਰਹੀ। ਵੈਸੇ ਪਿਛਲੇ 11 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਕਰ ਕੇ ਇਨ੍ਹਾਂ ਦਾ ਰਾਜਨੀਤਕ ਅਤੇ ਧਾਰਮਿਕ ਵਜੂਦ ਨਿਰਜੀਵ ਸਥਿਤੀ ਵਰਗਾ ਹੈ। ਅਜੋਕੀ ‘ਸਕੂਟਰ ਪਾਰਟੀ’ ਸ਼੍ਰੋਮਣੀ ਅਕਾਲੀ ਦਲ ਵਿਚ 18 ਜੁਲਾਈ 2022 ਨੂੰ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਐਸਾ ਸਨਸਨੀਖੇਜ਼ ਪਟਾਕਾ ਪਿਆ ਕਿ ਇਸ ਨਾਲ ਉਹ ਪੁਰਜ਼ਾ-ਪੁਰਜ਼ਾ ਹੁੰਦੀ ਵਿਖਾਈ ਦੇਣ ਲੱਗੀ। ਇਸ ਪਾਰਟੀ ਦੇ ਵਿਧਾਨਕਾਰ ਗਰੁੱਪ ਦੇ ਮਲਾਹ ਅਰਥਾਤ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਲੀਡਰਸ਼ਿਪ ਵੱਲੋਂ ਐੱਨਡੀਏ ਗੱਠਜੋੜ ਦੇ ਭਾਜਪਾ ਨਾਲ ਸਬੰਧਤ ਉਮੀਦਵਾਰ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਵੋਟ ਪਾਉਣ ਦੇ ਫ਼ੈਸਲੇ ਵਿਰੁੱਧ ਬਗਾਵਤ ਕਰਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਸਪਸ਼ਟ ਦੋਸ਼ ਲਗਾਇਆ ਕਿ ਅਜਿਹਾ ਫ਼ੈਸਲਾ ਲੈਣ ਵੇਲੇ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ।ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਬਾਰੇ ਬੇਬਾਕ ਸਵਾਲ ਖੜ੍ਹੇ ਕੀਤੇ। ਭਾਜਪਾ ਅਤੇ ਕਾਂਗਰਸ ਨੂੰ ਪੰਜਾਬ ਵਿਰੋਧੀ ਗਰਦਾਨਿਆ। ਪੰਜਾਬ ਦੇ ਭਖਦੇ ਮੁੱਦਿਆਂ, ਮਸਲਿਆਂ, ਆਰਥਿਕ ਪਰੇਸ਼ਾਨੀਆਂ ਨੂੰ ਦਰਕਿਨਾਰ ਕਰਦੇ ਹੋਏ ਭਾਜਪਾ ਪ੍ਰਧਾਨ ਜੇਪੀ ਨੱਢਾ ਦੇ ਫੋਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਿਨਾਂ ਸ਼ਰਤ ਰਾਸ਼ਟਰਪਤੀ ਚੋਣ ਸਬੰਧੀ ਦਿੱਤੇ ਸਮਰਥਨ ਦਾ ਇਯਾਲੀ ਨੇ ਬੇਬਾਕੀ ਨਾਲ ਪੇਟ-ਚਾਕ ਕਰ ਕੇ ਰੱਖ ਦਿੱਤਾ। ਇਯਾਲੀ ਇਕ ਤਾਕਤਵਰ ਜਨਤਕ ਅਤੇ ਪੰਥਕ ਆਧਾਰ ਵਾਲਾ ਆਗੂ ਹੈ ਜੋ ਤੀਸਰੀ ਵਾਰ ਦਾਖਾ ਹਲਕੇ ਤੋਂ ਜਿੱਤਿਆ ਹੈ। ਉਸ ਨੇ ਕੈਪਟਨ ਅਮਰਿੰਦਰ ਸਰਕਾਰ ਵੇਲੇ ਉੱਪ ਚੋਣ ਵੇਲੇ ਉਨ੍ਹਾਂ ਦੇ ਸੱਜੇ ਹੱਥ ਵਜੋਂ ਜਾਣੇ ਜਾਂਦੇ ਕੈਪਟਨ ਸੰਦੀਪ ਸੰਧੂ ਨੂੰ ਕਰਾਰੀ ਹਾਰ ਦਿੱਤੀ ਸੀ। ਇਯਾਲੀ ਨੇ ਤਸਲੀਮ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਸਲ ’ਵਿਚ ਸ਼ਹੀਦਾਂ ਦੀ ਜੱਥੇਬੰਦੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਲਈ 80% ਅਤੇ ਪੰਜਾਬੀ ਸੂਬੇ ਲਈ ਅਨੇਕ ਕੁਰਬਾਨੀਆਂ ਦਿੱਤੀਆਂ ਸਨ। ਇਹ ਪਾਰਟੀ ਮੀਰੀ-ਪੀਰੀ ਦੇ ਪਿਰਾਮਿਡੀ ਸਿਧਾਂਤ ’ਤੇ ਖੜ੍ਹੀ ਰਹਿ ਕੇ ਹੀ ਅੱਗੇ ਵਧ ਸਕਦੀ ਹੈ। ਇਯਾਲੀ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਜਿੰਨੇ ਵੀ ਫ਼ੈਸਲੇ ਲਏ ਹਨ, ਉਨ੍ਹਾਂ ਵਿਚ ਸਫਲ ਰਿਹਾ ਹਾਂ। ਹੁਣ ਇਸ ਦੀ ਏਨੀ ਨਮੋਸ਼ੀਜਨਕ ਸਥਿਤੀ ਹੋਣ ਜਾ ਰਹੀ ਹੈ ਕਿ ਇਸ ਸਾਲ ਨਵੰਬਰ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਵੇਲੇ ਇਸ ਦੀ ਪਰਚੀ ਪਾੜ ਕੇ ਸੁੱਟ ਦਿੱਤੀ ਜਾਵੇਗੀ। ਦਰਅਸਲ, 102 ਸਾਲ ਪਹਿਲਾਂ ਪੰਥਕ ਅਤੇ ਸਿੱਖ ਰਾਜਨੀਤਕ ਅਤੇ ਧਾਰਮਿਕ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਾਵਲ ਦਸਤੇ ਵਜੋਂ 14 ਦਸੰਬਰ 1920 ਨੂੰ ਸ਼੍ਰੋਮਣੀ ਅਕੀਲ ਦਲ ਨੂੰ ਸਥਾਪਤ ਕੀਤਾ ਗਿਆ ਸੀ, ਉਸ ਦਾ ਭੋਗ ਸੰਨ 1996 ਵਿਚ ਮੋਗਾ ਕਨਵੈਨਸ਼ਨ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਵਿਚ ਪਾ ਦਿੱਤਾ ਗਿਆ ਸੀ ਜਦੋਂ ਇਸ ਨੂੰ ਪੰਥਕ ਪਾਰਟੀ ਦੀ ਥਾਂ ਪੰਜਾਬੀ ਪਾਰਟੀ ਵਿਚ ਤਬਦੀਲ ਕਰ ਦਿੱਤਾ ਗਿਆ। ਪੰਥਕ ਵਿਚਾਰਧਾਰਕ, ਰੂਹਾਨੀ ਤੇ ਬੌਧਿਕ ਸੋਚ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਤੋਂ ਇਸ ਦਾ ਦਫ਼ਤਰ ਤਬਦੀਲ ਕਰ ਕੇ ਚੰਡੀਗੜ੍ਹ ਲਿਜਾਇਆ ਗਿਆ। ਇਵੇਂ ਹੀ ਪੰਥਕ ਮੁੱਢਲੇ ਸਿਧਾਂਤਾਂ, ਪੰਚ ਪ੍ਰਧਾਨੀ, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਰਾਜਨੀਤਕ, ਆਰਥਿਕ, ਸੱਭਿਆਚਾਰਕ ਨਿਸ਼ਾਨੇ, ਸਿੱਖ ਸੰਸਥਾਵਾਂ ਦੀ ਮਰਿਆਦਾ ਨੂੰ ਦਰਕਿਨਾਰ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਵਾਦੀ ਪਾਰਟੀ ਵਜੋਂ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ।

ਸੰਨ 1997 ਵਿਚ ਸੱਤਾ ਪ੍ਰਾਪਤੀ ਤੋਂ ਬਾਅਦ ਬਾਦਲ ਸਾਹਿਬ ਨੇ ਸੰਤ ਫਤਿਹ ਸਿੰਘ, ਸੁਰਜੀਤ ਸਿੰਘ ਬਰਨਾਲਾ ਵਾਂਗ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਨੁੱਕਰੇ ਲਗਾ ਦਿੱਤਾ। ਪੰਜਾਬ ਵਿਚ 10-12 ਸਾਲ ਬੇਗੁਨਾਹ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਉਣ ਵਾਲੇ ਪੁਲਿਸ ਅਤੇ ਸਿਵਲ ਅਫ਼ਸਰਾਂ, ਕੇਂਦਰ ਦੇ ਪਿੱਠੂਆਂ ਨੂੰ ਸਜ਼ਾਵਾਂ ਦੇਣ ਲਈ ਜਾਂਚ ਕਮਿਸ਼ਨ ਬੈਠਾਉਣੋਂ ਦੜ ਵੱਟ ਲਈ। ਚੰਡੀਗੜ੍ਹ, ਪੰਜਾਬੀ ਭਾਸ਼ੀ ਇਲਾਕਿਆਂ ਅਤੇ ਪਾਣੀਆਂ ਦੇ ਮਸਲੇ ਠੱਪ ਕਰ ਦਿੱਤੇ ਗਏ। ਬਸਪਾ ਨਾਲੋਂ ਨਾਤਾ ਤੋੜ ਕੇ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਜੋੜ ਲਿਆ। ‘ਪੰਥ ਵੱਸੇ-ਮੈਂ ਉਜੜਾਂ’, ‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ’, ਸਿੱਖ ਸੰਸਥਾਵਾਂ ਦੀ ਮਾਣ-ਮਰਿਯਾਦਾ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਖੁਦਮੁਖਤਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਚਲਾਣੇ ਨਾਲ ਫੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰੂਨੀ ਪੰਚ ਪ੍ਰਧਾਨੀ ਅਤੇ ਕਾਡਰ ਦੀ ਸਮਾਪਤੀ ਕਰ ਕੇ ਇਹ ਸੰਸਥਾਵਾਂ ਇਕ ਪਰਿਵਾਰ-ਇਕ ਵਿਅਕਤੀ ਦੀਆਂ ਬਾਂਦੀਆਂ ਬਣਾ ਕੇ ਰੱਖ ਦਿੱਤੀਆਂ। ਵੋਟਾਂ ਖ਼ਾਤਰ ਸਾਧਾਂ ਦੇ ਡੇਰੇ ਮਜ਼ਬੂਤ ਕੀਤੇ। ਸਿਰਸੇ ਵਾਲਾ ਰਾਮ-ਰਹੀਮ ਤਾਂ ਰੱਬ ਬਣ ਬੈਠਾ। ਉਸ ਦਾ ਮਾਫ਼ੀਨਾਮਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੰਘ ਸਾਹਿਬਾਨ ਨਾਲ ‘ਹਜ਼ੂਰਵਾਦ’ ਜਿਹੇ ਸ਼ਰਮਨਾਕ ਕਾਂਡ ਹੋਏ ਜਿਨ੍ਹਾਂ ਕਾਰਨ ਸਿੱਖ ਸੰਗਤ, ਪੰਥ ਅਤੇ ਸੁਹਿਰਦ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਏਕਾਧਿਕਾਰਵਾਦੀ ਪਰਿਵਾਰ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਦਾ ਪਾਰਟੀ ਵਿੱਚੋਂ ਬਾਹਰ ਆਉਣਾ ਪਰਿਵਾਰਕ ਏਕਾਧਿਕਾਰ ਦੀ ਚਰਮ ਸੀਮਾ ਸੀ। ਬਿਕਰਮ ਮਜੀਠੀਏ ਦੇ ਵਿਵਹਾਰ ਨੇ ਰਣਜੀਤ ਸਿੰਘ ਬ੍ਰਹਮਪੁਰਾ, ਡਾ: ਰਤਨ ਸਿੰਘ, ਮਰਹੂਮ ਸੇਵਾ ਸਿੰਘ ਸੇਖਵਾਂ ਆਦਿ ਨੂੰ ਅਕਾਲੀ ਦਲ ਨੂੰ ਅਲਵਿਦਾ ਕਹਿਣ ਲਈ ਮਜਬੂਰ ਕੀਤਾ। ਸੁਖਬੀਰ ਸਿੰਘ ਬਾਦਲ ਦੇ ਵਤੀਰੇ ਨੇ ਸੁਖਦੇਵ ਸਿੰਘ ਢੀਂਡਸਾ ਆਦਿ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ। ਸੋ ਸੁਖਬੀਰ ਨੂੰ ਕੰਧ ’ਤੇ ਲਿਖਿਆ ਪੜ੍ਹ ਕੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਅਤੇ ਬਿਖਰੇ ਹੋਏ ਅਕਾਲੀ ਦਲ ਨੂੰ ਮੁੜ ਇਕੱਤਰ ਹੋਣ ਦਾ ਮੌਕਾ ਦੇਣਾ ਚਾਹੀਦਾ ਹੈ।

ਸਮੇਂ ਦੀ ਮੰਗ ਹੈ ਕਿ ਟਕਸਾਲੀ ਅਕਾਲੀਆਂ ਨੂੰ ਮਿਲ-ਬੈਠ ਕੇ ਮੁੜ ਸੰਨ 1920 ਵਾਲਾ ਸ਼੍ਰੋਮਣੀ ਅਕਾਲੀ ਦਲ ਸਥਾਪਿਤ ਕਰਨਾ ਚਾਹੀਦਾ ਹੈ। ਪੰਥ ਇਕ ਮੰਚ ’ਤੇ ਇਕੱਠਾ ਨਾ ਹੋਇਆ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪਾਣੀਆਂ, ਬੀਬੀਐੱਮਬੀ ’ਚ ਪੱਕੀ ਮੈਂਬਰੀ ਅਤੇ ਪੰਜਾਬ ਪੁਲਿਸ ਦੁਆਰਾ ਸੁਰੱਖਿਆ, ਸਰਹੱਦ ਤੋਂ 50 ਕਿਲੋਮੀਟਰ ਦੇ ਦਾਇਰੇ ਵਿਚ ਬੀਐੱਸਐੱਫ ਦਾ ਅਧਿਕਾਰ, ਸਿੱਖ ਅਤੇ ਪੰਥਕ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ। ਅੱਜ ਸਥਿਤੀ ਇਹ ਹੈ ਕਿ ਸੱਤਾਧਾਰੀ ਪਾਰਟੀ ਪੰਜਾਬ ਯੂਨੀਵਰਸਿਟੀ ਦੀ ਰਾਖੀ ਨਹੀਂ ਕਰ ਸਕਦੀ। ਵਿਸ਼ਵ ’ਚ ਫੈਲੇ ਤਾਕਤਵਰ ਸਿੱਖ ਡਾਇਸਪੋਰਾ ਦੇ ਕੌਮਾਂਤਰੀ, ਧਾਰਮਿਕ, ਰਾਜਸੀ, ਡਿਪਲੋਮੈਟਿਕ ਮਸਲੇ ਹੱਲ ਨਹੀਂ ਕਰ ਸਕਦੀ। ਕਾਂਗਰਸ ਪਾਰਟੀ ਤਾਂ ਪੰਜਾਬ ਦੇ ਅਜੋਕੇ ਵੱਡੇ ਜ਼ਖ਼ਮਾਂ ਲਈ ਜ਼ਿੰਮੇਵਾਰ ਹੈ। ਪੰਜਾਬ ਦੇ ਆਰਥਿਕ, ਸਮਾਜਿਕ, ਭਾਈਚਾਰਕ, ਧਾਰਮਿਕ, ਰਾਜਨੀਤਕ ਮਸਲਿਆਂ ਦਾ ਹੱਲ, ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਨ ਲਈ ਪੰਥਕ ਤਾਕਤਾਂ ਨੂੰ ਇਕੱਠੇ ਹੋਣਾ ਪਵੇਗਾ। ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਦੀ ਖ਼ੁਦਮੁਖਤਾਰੀ, ਮਾਣ-ਮਰਿਯਾਦਾ, ਸਿੱਖਿਆ, ਪ੍ਰਚਾਰ ਦੇ ਮਸਲੇ ਇਸ ਬਗੈਰ ਕੋਈ ਨਹੀਂ ਸੰਭਾਲ ਸਕਦਾ। ਸੋ, ਮੌਜੂਦਾ ਬਿਖਰੀ ਅਕਾਲੀ ਲੀਡਰਸ਼ਿਪ ਨੂੰ ਮਿਲ-ਬੈਠ ਕੇ ਮਜ਼ਬੂਤ ਅਕਾਲੀ ਦਲ ਸਥਾਪਤ ਕਰਨਾ ਚਾਹੀਦਾ ਹੈ

 

ਦਰਬਾਰਾ ਸਿੰਘ ਕਾਹਲੋਂ