ਤਿੰਨ ਸੁਪਰੀਮ ਕੌਂਸਲ ਮੈਂਬਰ ਸੰਗਤ ਨੂੰ ਗੁੰਮਰਾਹ ਕਰਨਾ ਬੰਦ ਕਰਨ : ਭਾਈ ਜਸਵਿੰਦਰ ਸਿੰਘ ਜੰਡੀ

ਤਿੰਨ ਸੁਪਰੀਮ ਕੌਂਸਲ ਮੈਂਬਰ ਸੰਗਤ ਨੂੰ ਗੁੰਮਰਾਹ ਕਰਨਾ ਬੰਦ ਕਰਨ : ਭਾਈ ਜਸਵਿੰਦਰ ਸਿੰਘ ਜੰਡੀ

ਫਰੀਮਾਂਟ/ਏ.ਟੀ. ਨਿਊਜ਼ :
ਪਿਛਲੇ ਹਫ਼ਤੇ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਵੱਲੋਂ ਅਖ਼ਬਾਰਾਂ ਵਿੱਚ ਬਿਆਨ ਦਿੱਤਾ ਗਿਆ ਕਿ 'ਭਾਈ ਜਸਵਿੰਦਰ ਸਿੰਘ ਜੰਡੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਨਹੀਂ' ਦੇ ਜੁਆਬ ਵਿੱਚ ਭਾਈ ਜੰਡੀ ਨੇ ਉਸ ਮਤੇ ਦੀ ਕਾਪੀ ਜਾਰੀ ਕੀਤੀ ਜਿਸ ਵਿੱਚ ਭਾਈ ਜੰਡੀ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਇਹ ਬਿਆਨ ਦੇਣ ਵਾਲੇ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਦੇ ਦਸਤਖ਼ਤ ਵੀ ਹਨ। ਭਾਈ ਜੰਡੀ ਨੇ ਕਿਹਾ ਕਿ ਲੱਗਦਾ ਹੈ ਕਿ ਇਹਨਾਂ ਤਿੰਨਾਂ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਕਿਉਂ ਕਿ ਇਹਨਾਂ ਨੂੰ ਆਪਣਾ ਫੈਸਲਾ ਹੀ ਯਾਦ ਨਹੀਂ। ਭਾਈ ਜੰਡੀ ਨੇ ਇਹਨਾਂ ਨੂੰ ਸੁਆਲ ਕੀਤਾ ਕਿ ਜੁਲਾਈ 2018 ਵਿੱਚ ਇਹਨਾਂ ਨੂੰ ਨਹੀਂ ਸੀ ਪਤਾ ਕਿ ਬਾਈਲਾਅਜ਼ 11 ਮੈਂਬਰੀ ਕਮੇਟੀ ਦੀ ਮੰਗ ਕਰਦੇ ਹਨ? ਇਹਨਾਂ ਨੇ ਉਸ ਵੇਲੇ 86 ਮੈਂਬਰੀ ਕਮੇਟੀ ਕਿਉਂ ਬਣਾਈ? ਭਾਈ ਜੰਡੀ ਨੇ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਨੂੰ ਕਿਹਾ ਕਿ ਉਹ ਕੋਈ ਅਜਿਹਾ ਮਤਾ ਦਿਖਾਉਣ ਜਿਸ ਵਿੱਚ 5 ਸੁਪਰੀਮ ਕੌਂਸਲ ਮੈਂਬਰਾਂ ਦੇ ਦਸਤਖ਼ਤ ਹੋਣ, ਜਿਸ ਵਿੱਚ ਮੈਨੂੰ ਕੱਢਿਆ ਗਿਆ ਹੋਵੇ ਜਾਂ ਨਵੀਂ ਕਮੇਟੀ ਬਣਾਈ ਗਈ ਹੋਵੇ। ਉਹਨਾਂ ਨੇ ਇਹਨਾਂ ਨੂੰ ਯਾਦ ਕਰਾਉਂਦੇ ਦੱਸਿਆ ਕਿ ਪੰਜ ਪਿਆਰਾ ਸਿਧਾਂਤ ਅਧੀਨ ਮੀਟਿੰਗ ਵਿੱਚ 5 ਸੁਪਰੀਮ ਕੌਂਸਲ ਮੈਂਬਰ ਹਾਜ਼ਰ ਹੋਣੇ ਜ਼ਰੂਰੀ ਹਨ ਅਤੇ ਇਨ੍ਹਾਂ ਪੰਜਾਂ ਨੂੰ ਹਰ ਫ਼ੈਸਲਾ ਸਰਬ-ਸੰਮਤੀ ਨਾਲ ਲੈਣਾ ਪੈਂਦਾ ਹੈ, ਤੁਸੀਂ ਤਿੰਨ ਨਾ ਕੋਈ ਮੀਟਿੰਗ ਕਰ ਸਕਦੇ ਹੋ ਅਤੇ ਨਾ ਹੀ ਕੋਈ ਫੈਸਲਾ ਲੈ ਸਕਦੇ ਹੋ। ਭਾਈ ਜਸਵਿੰਦਰ ਸਿੰਘ ਜੰਡੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਤੁਸੀਂ ਇਸ ਮਤੇ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਅਤੇ ਇਹ ਮਤਾ ਇਸ ਗੱਲ ਦਾ ਸਬੂਤ ਹੈ ਕਿ ਇਹ ਸੰਗਤ ਨੂੰ ਝੂਠ ਬੋਲ ਕੇ ਕਿਵੇਂ ਗੁੰਮਰਾਹ ਕਰਦੇ ਹਨ। ਭਾਈ ਜੰਡੀ ਨੇ ਸੰਗਤ ਨੂੰ ਅਪੀਲ ਕੀਤੀ ਕਿ 24 ਨਵੰਬਰ ਨੂੰ 11 ਵਜੇ ਤੱਕ ਗੁਰਦੁਆਰਾ ਸਾਹਿਬ ਪਹੁੰਚ ਕੇ ਜਨਰਲ ਬਾਡੀ ਵਿੱਚ ਹਿੱਸਾ ਲਉ ਤਾਂ ਜੋ ਗੁਰਦੁਆਰਾ ਸਾਹਿਬ ਤੇ ਗੁਰ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਫ਼ੈਸਲੇ ਲਏ ਜਾ ਸਕਣ।

​​​​​​​