ਕਿਸਾਨਾਂ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੂੰ ਭਜਾਇਆ

ਕਿਸਾਨਾਂ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੂੰ ਭਜਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਸਾਨ ਸੰਘਰਸ਼ ਦਾ ਸੇਕ ਭਾਜਪਾ ਆਗੂਆਂ ਨੂੰ ਪੰਜਾਬ ਵਿਚ ਭਜਾਈ ਫਿਰ ਰਿਹਾ ਹੈ। ਅੱਜ ਬਠਿੰਡਾ ਵਿਚ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਲਈ ਉਸ ਸਮੇਂ ਸਥਿਤੀ ਕਸੁੱਤੀ ਬਣ ਗਈ ਜਦੋਂ ਉਹ ਬਠਿੰਡਾ ਵਿਚ ਕਿਸੇ ਸਭਾ 'ਚ ਸ਼ਾਮਲ ਹੋਣ ਲਈ ਆਏ ਸਨ। ਕਿਸਾਨਾਂ ਨੂੰ ਜਦੋਂ ਕਾਲੀਆ ਦੀ ਬਠਿੰਡਾ ਫੇਰੀ ਬਾਰੇ ਪਤਾ ਲੱਗਿਆ ਤਾਂ ਕਿਸਾਨ ਤੁਰੰਤ ਸਭਾ ਵਾਲੇ ਹੋਟਲ ਵੱਲ ਹੋ ਤੁਰੇ। 

ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਹੋਟਲ ਦੇ ਬਾਹਰ ਸਖਤ ਬੈਰੀਕੇਡਿੰਗ ਕੀਤੀ ਹੋਈ ਸੀ। ਪੁਲਸ ਨੇ ਕਿਸਾਨਾਂ ਨੂੰ ਹੋਟਲ ਬਾਹਰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਖਿੱਚਧੂਹ ਹੋਈ ਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਭਾਜਪਾ ਨੇਤਾ ਹੋਟਲ ਦੇ ਪਿਛਲੇ ਦਰਵਾਜ਼ੇ ਤੋਂ ਨਿਕਲ ਕੇ ਭੱਜ ਗਏ।

ਕਿਸਾਨਾਂ ਨੇ ਹੋਟਲ ਘੇਰ ਕੇ ਪ੍ਰਦਰਸ਼ਨ ਸ਼ੁਰੂ ਕੀਤਾ। ਭਾਜਪਾ ਨੇਤਾ ਨਗਰ ਨਿਗਮ ਚੋਣਾਂ ਤੇ ਹੋਰ ਮਸਲਿਆਂ ‘ਤੇ ਵਿਚਾਰ ਕਰਨ ਲਈ ਹੋਟਲ ਵਿੱਚ ਪਾਰਟੀ ਨੇਤਾਵਾਂ ਨਾਲ ਮੀਟਿੰਗ ਕਰਨ ਆਏ ਸਨ। ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਪੁਲੀਸ ਨੇ ਕਿਸੇ ਤਰ੍ਹਾਂ ਦੀ ਬਦਅਮਨੀ ਨੂੰ ਰੋਕਣ ਲਈ ਮੀਟਿੰਗ ਵਾਲੀ ਥਾਂ ਦੇ ਚਾਰੇ ਪਾਸੇ ਬੈਰੀਕੇਡ ਲਗਾਏ ਸਨ ਤੇ ਵੱਡੀ ਗਿਣਤੀ ਵਿੱਚ ਪੁਲੀਸ ਜਵਾਨ ਤਾਇਨਾਤ ਸਨ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿਚ ਆਏ ਕਿਸਾਨਾਂ ਨੇ ਭਾਜਪਾ ਆਗੂ ਦਾ ਇਸ ਲਈ ਵਿਰੋਧ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਕੇਂਦਰੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਲਈ ਬਜ਼ਿੱਦ ਹੈ। ਕੋਟੜਾ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਦੇ ਆਗੂਆਂ ਨੂੰ ਪੰਜਾਬ ਵਿੱਚ ਕੋਈ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ।