ਹਿੰਦੂ ਰਾਸ਼ਟਰਵਾਦ ਦੇ ਰਾਹ ਵਿੱਚ ਪਹਾੜ ਬਣ ਗਿਆ ਹੈ ਕਿਸਾਨੀ ਅੰਦੋਲਨ

ਹਿੰਦੂ ਰਾਸ਼ਟਰਵਾਦ ਦੇ ਰਾਹ ਵਿੱਚ ਪਹਾੜ ਬਣ ਗਿਆ ਹੈ ਕਿਸਾਨੀ ਅੰਦੋਲਨ

ਸਰਬਜੀਤ ਸਿੰੰਘ ਘੁੁੁਮਾਣ                           

ਦਿੱਲੀ ਵਿਚ ਘੇਰਾਬੰਦੀ ਕਰੀ ਬੈਠੇ ਕਿਸਾਨਾਂ ਦੇ ਅੰਦੋਲਨ ਦਾ ਮੂਲ ਧੁਰਾ ਬੇਸ਼ੱਕ ਖੇਤੀ ਨਾਲ ਸਬੰਧਤ ਕਾਲ਼ੇ ਕਾਨੂੰਨ ਹਨ ਜਿੰਨ੍ਹਾਂ ਦੇ ਖਤਰਨਾਕ ਨਤੀਜਿਆਂ ਤੋਂ ਚਿੰਤਤ ਪੰਜਾਬ ਦੇ ਕਿਸਾਨ ਜਦ ਸੰਘਰਸ਼ ਦੇ ਰਾਹ ਪਏ ਤਾਂ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਵੀ ਭਰਵੀਂ ਹਮਾਇਤ ਮਿਲੀ ਪਰ ਇਹ ਸੰਘਰਸ਼  ਹਿੰਦੂ ਰਾਸ਼ਟਰ ਦੇ ਰਾਹ ਵਿਚ ਹਿਮਾਲਿਆ ਪਹਾੜ ਵਾਂਗ ਡਟਦਾ ਦਿਸ ਰਿਹਾ ਹੈ  ! ਹੁਣ ਤੱਕ ਆਰ.ਐਸ.ਐਸ./ਭਾਜਪਾ/ਰਾਸ਼ਟਰੀ ਸਿੱਖ ਸੰਗਤ ਤੇ ਸੰਘ ਪਰਿਵਾਰ ਦੀਆਂ ਹਿੰਦੂ ਰਾਸ਼ਟਰ ਵੱਲ ਚੱਲ ਰਹੀਆਂ ਸਰਗਰਮੀਆਂ ਬੇ-ਰੋਕ ਟੋਕ ਸਨ ਜਿੰਨ੍ਹਾਂਂ ਦਾ ਸਾਰੇ ਮੁਲਕ ਵਿਚ ਕਿਤੇ ਵੀ ਡਟਵਾਂ ਤੇ ਬੱਝਵਾਂ ਵਿਰੋਧ ਨਹੀ ਸੀ ਹੁੰਦਾ ਪਰ ਇਹ ਸੰਘਰਸ਼ ਵਡਾ ਚੈੈੈਲਿੰਜ ਬਣ ਗਿਆ ਹੈ ਭਗਵੇਂਂ ਰਾਸ਼ਟਰਵਾਦ ਲਈ । ਅਸੀਂ ਜਿੰਮੇਵਾਰੀ ਨਾਲ ਕਹਿ ਸਕਦੇ ਹਾਂ ਕਿ ਕਿਸਾਨੀ ਨੂੰ ਕਾਲ਼ੇ ਕਾਨੂੰਨਾਂ ਰਾਹੀਂ ਯੇੜਕੇ ਜਗਾਉਣ ਦੀ ਗਲਤੀ ਸੰਘ ਪਰਿਵਾਰ ਨੂੰ ਭਾਰੀ ਪਵੇਗੀ। ਹਿੰਦੂਤਵੀ ਕੱਟੜਵਾਦ ਦੇ ਤੇਜੀ ਨਾਲ ਅੱਗੇ ਵਧ ਰਹੇ ਰੱਥ ਨੂੰ ਇਹ ਸੰਘਰਸ਼ ਕਿਥੇ-ਕਿੱਥੇ ਸੱਟ ਮਾਰੇਗਾ,ਇਹਦਾ ਕਿਸੇ ਨੂੰ ਕਿਆਸ ਵੀ ਨਹੀ।  ਕਿਸਾਨਾਂ ਦੇ ਸੰਘਰਸ਼ ਨੇ ਚੁਪ-ਚਾਪ ਹੀ ਹਿੰਦੂ ਰਾਸ਼ਟਰ ਦੇ ਸਮਰਥਕਾਂ ਨੂੰ ਸੁਨੇਹਾ ਦੇ ਦਿਤਾ ਹੈ ਕਿ ਸਾਵਧਾਨ! ਅੱਗੇ ਖਤਰਾ ਹੈ। ਇਸਤੋਂ ਪਹਿਲਾਂ ਮੋਦੀ ਸਰਕਾਰ ਦੇ ਹਰ ਫੈਸਲੇ ਦੇ ਹੱਕ ਵਿਚ ਭਗਵੇਂ ਕੱਟੜਵਾਦੀ ਡਟੇ ਹੋਏ ਦਿਸਦੇ ਰਹੇ ਤੇ ਮੋਦੀ ਸਰਕਾਰ ਦੇ ਫੈਸਲਿਆਂ ਤੇ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉਤੇ ਸਿੱਧੇ ਹਮਲੇ ਕਰਦੇ ਰਹੇ ਪਰ ਸਾਫ ਦਿਸ ਰਿਹਾ ਹੈ ਕਿ ਭਗਵੇਂ ਕੱਟੜਪੰਥੀ ਕਿਸਾਨਾਂ ਦੇ ਸੰਘਰਸ਼ ਮੌਕੇ ਦੜ ਜਿਹੀ ਵੱਟ ਗਏ ਨੇ। ਜੇ ਇਹ ਸੰਘਰਸ਼ ਲੰਮਾ ਚੱਲਦਾ ਹੈ ਤਾਂ ਭਗਵੇੇਂਵਾਦੀਆਂ ਨੂੰ ਉਨਾਂ ਚਿਰ ਆਪਣੀਆਂ ਸਰਗਰਮੀਆਂ ਤੇ ਨਕੇਲ ਪਾਉਣੀ ਪਵੇਗੀ।  ਜੇ ਇਹ ਸੰਘਰਸ਼ ਜਬਰ ਦਾ ਨਿਸ਼ਾਨਾ ਬਣਦਾ ਹੈ ਤਾਂ ਵਕਤੀ ਤੌਰ ਤੇ ਮੋਦੀ ਸਰਕਾਰ ਤੇ ਭਗਵੀ ਧਿਰ ਦੀ ਚੜ੍ਹਤ ਦਿਸੇਗੀ ਪਰ ਇਸਦੀ ਪ੍ਰਤੀਕਿਰਿਆ ਹਿੰਦੂ ਰਾਸ਼ਟਰਵਾਦੀਆਂ ਲਈ ਬੇਹਦ ਘਾਤਕ ਸਿੱਧ ਹੋਵੇਗੀ। ਇਹ ਪ੍ਰਤੀਕਿਰਿਆ ਮੁਲਕ ਵਿਚ ਖਾਨਾਜੰਗੀ ਦਾ ਮਹੌਲ ਸਿਰਜੇਗੀ। ਸੋ ਬੇਸ਼ੱਕ ਇਹ ਸੰਘਰਸ਼ ਹੁਣ ਵਾਂਗ ਉਭਰਿਆ ਰਹੇ,ਬੇਸ਼ੱਕ ਸੰਘਰਸ਼ ਨੂੰ ਥਕਾਉਣ ਦੇ ਇਰਾਦੇ ਨਾਲ ਲਮਕਾਉਣ ਦਾ ਫੈਸਲਾ ਹੋਵੇ ਤੇ ਬੇਸ਼ੱਕ ਸੰਘਰਸ਼ ਨੂੰ ਕੁਚਲਣ ਦਾ ਫੈਸਲਾ ਹੋਵੇ, ਹਿੰਦੂਤਵੀ ਧਿਰ ਨੂੰ ਖਤਰਾ ਹੀ ਖਤਰਾ ਹੈ!

ਦੂਜੇ ਪਾਸੇ ਇਸ ਸੰਘਰਸ਼ ਦਾ ਹਿੱਸਾ ਬਣੀ ਪੰਜਾਬ ਦੀ ਜਵਾਨੀ ਨੇ ਪੰਜਾਬ ਸੰਤਾਪ ਤੋਂ ਬਾਅਦ ਪਹਿਲੀ ਵੇਰ ਹਕੂਮਤ ਨਾਲ ਸਿੱਧਾ ਮੱਥਾ ਲਾਇਆ ਹੈ। ਬੇਸ਼ੱਕ ਭਾਰਤੀ ਕਿਸਾਨ ਯੂਨੀਅਨਾਂ ਪੂਰਾ ਜੋਰ ਲਾਕੇ ਇਸਨੂੰ ਕੇਵਲ ਕਿਰਤੀ-ਕਿਸਾਨਾਂ ਤੱਕ ਸੀਮਿਤ ਕਰਨ ਪਰ ਜਿਥੇ ਸਿਖ ਹੋਵੇਗਾ,ਉਥੇ ਸਿੱਖੀ ਹੋਵੇਗੀ ਤੇ ਜਿਥੇ ਸਿੱਖੀ ਹੋਵੇਗੀ ਉਥੇ ਸਿੱਖੀ ਦਾ ਜ਼ਜ਼ਬਾ ਜੋਰ ਮਾਰੇਗਾ ਹੀ ਮਾਰੇਗਾ! ਇਸ ਸੰਘਰਸ਼ ਦੌਰਾਨ'ਬੋਲੇ ਸੋ ਨਿਹਾਲ'ਦੇ ਜੈਕਾਰੇ ਲਾਉਂਦੇ ਸਿਖਾਂ ਨੇ ਹਰਿਆਣੇ ਵਿਚ ਥਾਂ-ਥਾ ਪਈਆਂ ਅੜਚਣਾਂ ਤੇ ਰੋਕਾਂ ਵਗਾ੍ਹ ਮਾਰੀਆਂ ਜਿੰਨਾਂ ਦੀ ਚਰਚਾ ਹਿੰਦੀ ਚੈਨਲਾਂ ਉਤੇ ਹੋ ਰਹੀ ਹੈ। ਇਸ ਸੰਘਰਸ਼ ਦੌਰਾਨ ਸਿੱਖ ਇਤਿਹਾਸ,ਗੁਰਬਾਣੀ,ਸਿਖ ਸਿਧਾਂਤ ਤੇ ਸਿੱਖ ਆਦਰਸ਼ ਜਵਾਨੀ ਦੀ ਅਗਵਾਈ ਕਰਦੇ ਹਨ। ਸੰਘਰਸ਼ ਦੇ ਹਰ ਹਿੱਸੇ ਵਿਚ ਸਿਖ ਤੇ ਸਿੱਖੀ ਦਾ ਵਾਸ ਹੈ। ਗੁਰੂ ਕੇ ਲੰਗਰ ਪੱਕ ਰਹੇ ਨੇ। ਅਰਦਾਸੇ ਸੋਧੇ ਜਾ ਰਹੇ ਹਨ। ਜੈਕਾਰੇ ਗੂੰਜ ਰਹੇ ਹਨ। ਇਥੋਂ ਤੱਕ ਮੋਰਚੇ ਦੌਰਾਨ ਸਤਿਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। 'ਦੇਗ, ਤੇਗ, ਫਤਿਹ ਤੇ ਰਾਜ ਕਰੇਗਾ ਖਾਲਸਾ'ਦੀ ਧੁਨ ਗੂੰਜ ਰਹੀ ਹੈ। ਸੰਘਰਸ਼ ਵਿਚ ਸ਼ਾਮਿਲ ਲੋਕਾਂ ਨੂੰ ਅਨੰਦਪੁਰ ਦੇ ਹੋਲੇ-ਮੁਹੱਲੇ ਵਰਗਾ ਮਹੌਲ ਬਣਾਇਆ ਪਿਆ!ਹੁਣ ਤੱਕ ਦਿੱਲੀ ਦਰਬਾਰ, ਆਰ.ਐਸ.ਐਸ./ਭਾਜਪਾ/ਰਾਸ਼ਟਰੀ ਸਿੱਖ ਸੰਗਤ,ਮੋਦੀ ਸਰਕਾਰ ਤੇ ਮੀਡੀਆ ਸਮੇਤ ਹੋਰ ਲੋਕਾਂ ਲਈ ਕਿਸਾਨ ਦੇ ਅਰਥ ਘੋਨ-ਮੋਨ ,ਪਾਟੀ ਜਿਹੀ ਧੋਤੀ ਵਾਲੇ,ਸੁੱਕੇ-ਸੜੇ ਯੂ.ਪੀ ਬਿਹਾਰ ਦੇ ਲੋਕ ਹੀ ਰਹੇ ਹਨ ਜਦਕਿ ਪਹਿਲੀ ਵੇਰ ਦਾਹੜੇ-ਦਸਤਾਰ ਵਾਲੇ ਮਹਿੰਗੇ ਬੂਟ,ਸੋਹਣੇ ਕੱਪੜੇ,ਲਿਸ਼ਕਦੇ,ਸ਼ਾਨਦਾਰ ਜੁੱਸਿਆਂ ਵਾਲੇ,ਰੱਜੇ-ਪੁੱਜੇ,ਦਿਲਦਾਰ,ਖੁੱਲ਼੍ਹਦਿਲੇ ਤੇ ਕਿਸੇ ਦੀ ਟੈਂਅ ਨਾ ਮੰਨਣ ਵਾਲੇ ਬੰਦੇ ਦੇਖੇ ਨੇ। ਪੰਜਾਬ ਦਾ ਸਿਖ ਕਿਸਾਨ ਬਾਕੀ ਭਾਰਤ ਦੇ ਕਿਸਾਨ ਨਾਲ ਕਿਸੇ ਵੀ ਤਰ੍ਹਹਾਂਂ ਮੇਲ ਨਹੀ ਖਾਂਦਾਂ! ਪੰਜਾਬ ਦਾ ਸਿੱਖ ਕਿਸਾਨ ਰੜਕ,ਬੜਕ,ਚੜ੍ਹਤ ਵਾਲਾ ਹੈ ਜਦਕਿ ਬਾਕੀ ਥਾਵਾਂ ਦਾ ਕਿਸਾਨ ਵਿਚਾਰਾ ਜਿਹਾ ਬਣਿਆ ਰਹਿੰਦਾ ਹੈ। ਪੰਜਾਬ ਦੇ ਕਿਸਾਨ ਨੂੰ ਸਿੱਖੀ ਨੇ ਅਣਖ,ਗੈਰਤ ਤੇ ਹਿੰਮਤ ਤੇ ਹੌਂਸਲੇ ਦਾ ਪਹਾੜ ਬਣਾ ਧਰਿਆ ਹੈ। ਪੰਜਾਬ ਦੀ ਅਣਖੀਲੀ,ਗੈਰਤਮੰਦ,ਜੋਰਦਾਰ,ਸ਼ਾਨਦਾਰ ਤੇ ਨਾਮ-ਬਾਣੀ ਵਾਲੀ ਸਿੱਖ ਕਿਸਾਨੀ ਦੇ ਜਲਵੇ ਤਾਂ ਹਰਿਆਣੇ ਦੇ ਕਿਸਾਨ ਨੂੰ ਵੀ ਮਾਤ ਪਾਉਂਦੇ ਹਨ। ਪੰਜਾਬੀ ਕਿਸਾਨਾਂ ਦਾ ਸੰਘਰਸ਼ ਤਾਮਿਲਨਾਡੂੂ ਦੇ ਕਿਸਾਨਾਂ ਦੇ ਸੰਘਰਸ਼ ਤੇ ਹੋਰਾਂ ਲਈ ਇਕ ਚਮਤਕਾਰ ਵਾਂਗ ਹੈ। ਟਰੈਕਟਰਾਂ,ਟਰਾਲੀਆਂ,ਕਾਰਾਂ ਤੇ ਹੋਰ ਸਾਧਨਾਂ ਨਾਲ ਲੈਸ ਜਦ ਇਹ ਪੰਜਾਬ ਦੇ ਕਿਸਾਨ ਦਿੱਲੀ ਪਹੁੰਚੇ ਨੇ ਤਾਂ ਮੀਡੀਆ ਨੂੰ ਇਸ ਗੱਲ ਦੀ ਵੀ ਬੜੀ ਹੈਰਾਨੀ ਹੈ ਕਿ ਛੇ-ਛੇ ਮਹੀਨੇ ਦਾ ਰੋਟੀ-ਪਾਣੀ ਨਾਲ ਲੈਕੇ ਤੁਰੇ ਨੇ। ਇਕ ਕਿਸਾਨ ਤੇ ਉਤੋਂ ਸਿੱਖ!ਜਦ ਇਹ ਸਿਖ ਕਿਸਾਨ ਖਾਲਸਾਈ ਜ਼ਜ਼ਬੇ ਨਾਲ ਭਰਪੂਰ ਹੋਕੇ ਰੜਕ ਨਾਲ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਗੱਲ ਕਰਦੇ ਨੇ ਤਾਂ ਉਨਾਂ ਲਈ ਇਹ ਬਰਦਾਸ਼ਤ ਕਰਨਾ ਹੀ ਔਖਾ ਹੈ। ਜਿਸ ਦਿਨ 14 ਅਕਤੂਬਰ ਨੂੰ ਕਿਸਾਨ ਆਗੂਆਂ ਨੂੰ ਦਿੱਲੀ ਸੱਦਕੇ ਕਲਰਕਾਂ-ਸੈਕਟਰੀਆਂ ਨਾਲ ਮੁਲਾਕਾਤ ਕਰਵਾਈ ਸੀ ਤਾਂ ਮੋਦੀ ਸਰਕਾਰ ਨੂੰ ਆਪਦੀ ਬ੍ਰਾਹਮਣਵਾਦੀ ਸੋਚ ਅਨੁਸਾਰ ਲੱਗਿਆ ਹੋਣਾ ਕਿ ਇਹ ਲੋਕ ਤਾਂ ਐਨੇ ਕੁ ਨਾਲ ਹੀ ਖੁਸ਼ ਹੋ ਜਾਣਗੇ ਪਰ ਓਸ ਦਿਨ ਜਿਥੇ ਰੋਹ ਵਿਚ ਕਾਨੂੰਨ ਦੀਆਂ ਕਾਪੀਆਂ ਪਾੜ੍ਹੀਆਂ ਉਥੇ ਨਾਲ ਹੀ ਦਿੱਲੀ ਵਾਲਿਆਂ ਨੂੰ ਅਕਲ ਦੇ ਦਿੱਤੀ ਕਿ ਜਦ ਤੱਕ ਤੁਹਾਡੇ ਮੰਤਰੀ ਨਹੀ ਬੈਠਦੇ,ਕੋਈ ਮੀਟਿੰਗ ਨਹੀ ਹੋਵੇਗੀ। ਇਹ ਤਾਂ ਪੰਜਾਬ ਦੇ ਭਾਜਪਾ ਵਾਲਿਆਂ ਨੇ ਗਲਤ ਗੱਲਾਂ ਕਹਿ ਕਹਿਕੇ ਦਿੱਲੀ ਵਾਲਿਆਂ ਨੂੰ ਗੁੰਮਰਾਹ ਕੀਤਾ ਨਹੀ ਤਾਂ ਪਹਿਲਾਂ ਹੀ ਖੇਤੀਮੰਤਰੀ ਨੇ ਕਿਸਾਨ ਆਗੂਆਂ ਨਾਲ ਬਹਿ ਜਾਣਾ ਸੀ। ਪੰਜਾਬ ਦੇ ਭਾਜਪਾ ਆਗੂਆਂ ਨੇ ਕਿਸਾਨ ਯੂਨੀਅਨਾਂ ਤੇ ਇਸ ਸੰਘਰਸ਼ ਦੀ ਹਕੀਕਤ ਦਾ ਕਦੇ ਅਹਿਸਾਸ ਹੀ ਨਹੀ ਸੀ ਕੀਤਾ। ਜਦ 13 ਨਵੰਬਰ ਨੂੰ ਮੰਤਰੀਆਂ ਨਾਲ ਮੀਟਿੰਗ ਹੋਈ ਤਾਂ ਵੀ ਭਾਜਪਾ ਨੂੰ ਵਹਿਮ ਸੀ ਕਿ ਇਹ ਤਾਂ ਮੰਤਰੀਆਂ ਨਾਲ ਚਾਹ ਪੀਕੇ ਹੀ ਚਾਂਭਲ ਜਾਣਗੇ!ਪੰਜਾਬ ਭਾਜਪਾ ਨੇ ਵੀ ਇਹੀ ਦਰਸਾਇਆ ਕਿ ਐਡੀ ਕੋਈ ਵੱਡੀ ਗੱਲ ਨਹੀ,ਚਾਹ-ਪਾਣੀ ਵਧੀਆ ਪਿਲਾ ਦਿਓ,ਬੱਸ ਗੱਲ ਖਤਮ! ਪਰ ਕਿਸਾਨ ਆਗੂਆਂ ਨੇ ਕਾਲ਼ੇ ਕਾਨੂੰਨਾਂ ਦੀ ਓਹ ਧੁੱਕੀ ਕੱਢੀ ਕਿ ਮੀਟਿੰਗ ਵਿਚ ਬੈਠੇ ਸਾਰੇ ਮੰਤਰੀ ਹੱਕੇ-ਬੱਕੇ ਸਨ। 13 ਨਵੰਬਰ ਵਾਲੀ  ਮੀਟਿੰੰਗ ਦੌਰਾਨ ਕਿਸਾਨ ਆਗੂ ਸਮਝ ਗਏ ਕਿ ਇਹ ਸਰਕਾਰੀ ਲੋਕ ਸੰਘਰਸ਼ ਨੂੰ ਸਹੀ ਅਰਥਾਂ ਵਿਚ ਨਹੀ ਸਮਝ ਰਹੇ ਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਤਾਂ ਦੂਰ ਇਹ ਤਾਂ ਇਹ ਸਮਝਾ ਰਹੇ ਨੇ ਕਿ ਕਾਨੂੰਨ ਵਧੀਆ ਹੀ ਬੜੇ ਨੇ!ਇਸੇ ਕਰਕੇ ਕਿਸਾਨ ਆਗੂਆਂ ਨੇ ਦਿੱਲੀ ਚੱਲੋ ਦਾ ਸੱਦਾ ਦਿਤਾ ਜਿਸਨੂੰ ਪੰਥ ਤੇ ਪੰਜਾਬ ਵੱਲੋਂ ਭਰਪੂਰ ਹੁੰਗਾਰਾ ਮਿਲ਼ਿਆ।

ਦਿੱਲੀ ਨੂੰ ਜਾਂਦੇ ਕਿਸਾਨਾਂ ਨੂੰ ਹਰਿਆਣੇ ਵਿਚ ਜਿਵੇਂ ਤੰਗ ਪਰੇਸ਼ਾਨ ਕੀਤਾ ਗਿਆ ਓਸ ਨਾਲ ਭਾਵਨਾਵਾਂ ਨੂੰ ਸੱਟ ਵੱਜੀ ਹੈ ਕਿਉਂਕਿ ਜੋ ਕੁਝ ਕੀਤਾ ਗਿਆ ਉਹਦੀ ਕੋਈ ਲੋੜ ਹੀ ਨਹੀ ਸੀ। ਹੁਣ ਦਿੱਲੀ ਵਿਚ ਜਦ ਸ਼ਰਤਾਂ ਰੱਖਕੇ ਗੱਲਬਾਤ ਲਈ ਸੁਨੇਹੇ ਦਿਤੇ ਜਾ ਰਹੇ ਨੇ ਤਾਂ ਸੰਘਰਸ਼ ਵਾਲੀਆਂ ਧਿਰਾਂ ਨੂੰ ਅਹਿਸਾਸ ਹੈ ਕਿ ਜੇ ਹੁਣ ਸਰਕਾਰੀ ਧਿਰ ਦੀ ਗੱਲ ਮੰਨ ਲਈ ਤਾਂ ਦਿੱਲੀ ਪਹੁੰਚੇ ਤੇ ਲਗਾਤਾਰ ਆ ਰਹੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ!

ਇਹ ਚੇਤੇ ਰੱਖਣ ਦੀ ਲੋੜ ਹੈ ਕਿ ਇਸ ਸੰਘਰਸ਼ ਦੀ ਪ੍ਰਬੰਧਕ ਬੇਸ਼ਕ ਕਿਰਤੀ-ਕਿਸਾਨ ਧਿਰ ਹੋਵੇ ਤੇ ਬੇਸ਼ੱਕ ਓਹ ਲਾਲ ਝੰਡੇ ਵਾਲੇ ਕਾਮਰੇਡਾਂ ਦੇ ਨੇੜੇ ਹੋਵੇ ਪਰ ਇਸ ਸੰਘਰਸ਼ ਦੀ ਅਸਲ ਤਾਕਤ ਇਸ ਮੌਕੇ ਸਿਖ ਜਜਬਾਤਾਂ ਨਾਲ ਭਰੇ ਹੋਏ ਲੋਕ ਹਨ ਜਿਹੜੇ ਸਮਝਦੇ ਨੇ ਕਿ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਨ ਵਾਲੇ ਮੋਦੀ ਹੋਰਾਂ ਨੇ ਸਾਡੀਆਂ ਜਮੀਨਾਂ ਖੋਹਣ ਦਾ ਪੱਕਾ ਪ੍ਰਬੰਧ ਕਰ ਦਿਤਾ ਹੈ। ਸਾਫ ਗੱਲ ਹੈ ਕਿ ਜਦ ਮੋਦੀ ਸਰਕਾਰ ਇਸ ਸੰਘਰਸ਼ ਨੂੰ ਕੁਚਲਣ ਦੇ ਰਾਹ ਪਵੇਗੀ ਤਾਂ ਇਸ ਦੇ ਨਤੀਜੇ ਸਹੀ ਨਹੀਂ ਨਿਕਲਣਗੇੇ । 

ਸਾਨੂੰ ਕੋਈ ਆਸ ਨਹੀ ਕਿ ਮੋਦੀ ਸਰਕਾਰ ਕਾਲ਼ੇ ਕਾਨੂੰਨ ਰੱਦ ਕਰੇਗੀ,ਉਲਟਾ ਸੰਘਰਸ਼ ਨੂੰ ਜਬਰ ਨਾਲ ਜਾਂ ਕਿਸੇ ਹੋਰ ਸਾਜਿਸ਼ ਨਾਲ ਸਾਬੋਤਾਜ ਕਰਨ ਵੱਲ ਬਹੁਤਾ ਧਿਆਨ ਹੋਵੇਗਾ!ਮੋਦੀ ਸਰਕਾਰ ਸਮਝਦੀ ਹੈ ਕਿ ਜਿਵੇਂ ਖਾਕੀ ਵਰਦੀ ਨੇ ਕਸ਼ਮੀਰ ਦਬਾਅ ਲਿਆ,ਜਿਵੇਂ ਸਾਰੇ ਭਾਰਤ ਦੇ ਮੁਸਲਮਾਨ ਦਬਾਅ ਲਏ ਜਿਵੇਂ ਸ਼ਾਹੀਨ ਬਾਗ ਵਾਲਾ ਮੋਰਚਾ ਅਸਫਲ ਕਰ ਦਿਤਾ ਹੈ,ਉਵੇਂ ਹੀ ਇਹ ਕਿਰਤੀ-ਕਿਸਾਨਾਂ ਦਾ ਸੰਘਰਸ਼ ਮਲੀਆਮੇਟ ਕਰ ਦੇਣਾ ਹੈ। ਮੋਦੀ ਸਰਕਾਰ ਇਸ ਖਤਰੇ ਨੂੰ ਬਿਲਕੁਲ ਨਹੀ ਸਮਝਦੀ ਕਿ ਇਸ ਸੰਘਰਸ਼ ਦੇ ਅਸਫਲ ਤੇ ਸਾਬੋਤਾਜ ਹੋਣ ਮਗਰੋਂ ਇਹ ਸੰਘਰਸ਼ ਨਵੀਂ ਸ਼ਕਲ ਅਖਤਿਆਰ ਕਰੇਗਾ। ਸਿਖ ਜ਼ਜ਼ਬੇ ਵਾਲੇ ਦਿੱਲੀ ਦਰਬਾਰ ਨੂੰ ਵੰਗਾਰਨਗੇ!

ਅੰਦੋਲਨ ਦੀ ਸਟੇਜ ਤੋ  ਹਰ ਓਸ ਬੰਦੇ ਨੂੰ ਬੋਲਣ ਦੇਣਾ ਚਾਹੀਦਾ ਜੋ ਕਿਸਾਨਾ  ਦੇ ਹੱਕ ਵਿਚ ਤੇ ਕਾਲੇ ਕਾਨੂੰਨਾ  ਦੇ ਖਿਲਾਫ ਹੋਵੇ। ਕੋਈ ਸਿਆਸੀ ਆਗੂ ਹੋਵੇ ਜਾ ਧਾਰਮਿਕ ਹਸਤੀ। ਕੋਈ ਗਾਇਕ ਹੋਵੇ ਜਾ ਕਲਾਕਾਰ। ਕੋਈ ਵਿਦਵਾਨ ਹੋਵੇ ਜਾ  ਆਰਥਿਕ ਮਾਹਿਰ। ਕੋਈ  ਵੀ ਹੋਵੇ ਜਿਹੜਾ ਇਸ ਸਟੇਜ ਤੋ  ਕਾਲੇ ਕਾਨੂੰਨਾ ਖਿਲਾਫ ਬੋਲੇ ਉਹਨੂੰ ਵਕਤ ਦੇਣਾ ਚਾਹੀਦਾ ਤਾਂਂ ਜੋ ਏਕਤਾ ਬਣੀ ਰਹੇ। 

ਪੰਜਾਹ ਸੱਠ ਦਿਨ ਤੋਂਂ ਪੰਜਾਬ ਵਿੱਚ ਭਖੇ ਅੰਦੋਲਨ ਵੱਲ ਕਿਸੇ ਭਾਜਪਾਈ ਮੰਤਰੀ ਨੇ ਧਿਆਨ ਤਾਂਂ  ਕੀ ਦੇਣਾ ਸੀ,ਪੰਜਾਬ ਦੇ ਭਾਜਪਾਈ ਆਗੂ ਚਿੜਾਉਣ ਵਾਲੀਆ ਹਰਕਤਾ ਕਰਦੇ ਰਹੇ। ਮੋਦੀ ਸਰਕਾਰ ਤੇ ਭਾਜਪਾ ਨੇ ਠੋਕ ਵਜਾਕੇ ਦਰਸਾਇਆ ਕਿ ਸਾਨੂੰ ਕਿਸਾਨਾਂਂ  ਦੇ ਅੰਦੋਲਨ ਦੀ ਕੱਖ ਪਰਵਾਹ ਨਹੀ । ਕਿਸਾਨ ਯੂਨੀਅਨਾਂ ਤਾਂ ਹਰਿਆਣੇ ਵਿਚ ਵੜਨ ਦੀ ਥਾਂ ਕਹਿੰਦੇ ਸੀ ਕਿ ਦਿੱਲੀ ਨੂੰ ਜਾਣ ਮੌਕੇ ਜਿੱਤੈ ਰੋਕਣਗੇ,ਉਥੇ ਹੀ ਬਹਿ ਜਾਣਾ ਹੈ।  ਜੇ ਸਿੱਖ ਯੋਧੇ ਕਿਸਾਨ ਆਗੂਆ  ਦੀ ਗੱਲ ਮੰਨਕੇ ਰੋਕਾਂਂ  ਪਾਰ ਕਰਕੇ ਹਰਿਆਣੇ ਵਿਚ ਦੀ ਦਿੱਲੀ ਨਾ ਪਹੁੰਚਦੇ ਤਾ  ਬੇਸ਼ੱਕ ਪੰਜਾਬ ਦੀ ਸਰਹੱਦ ਉਤੇ ਦਸ ਸਾਲ ਬੈਠੇ ਰਹਿੰਦੇ , ਕੱਖ ਫਰਕ ਨਹੀ  ਸੀ ਪੈਣਾ। ਜੇ ਬੁਰਾੜੀ ,ਜੰਤਰ ਮੰਤਰ ਜਾ  ਰਾਮ ਲੀਲ੍ਹਾ ਗਰਾਉਂਂਡ ਵਰਗੇ ਥਾਂਂ  ਉਤੇ ਸੌ ਸਾਲ ਬੈਠੇ ਰਹੇ ਤਾ  ਵੀ ਕੱਖ ਫਰਕ ਨਹੀ  ਪੈਣਾ ਪਰ ਜਦ ਦਿੱਲੀ ਦੇ ਦਾਖਲੇ ਦੇ ਰਾਹ ਬੰਦ ਹੋਏ ਤਾ  ਭਾਜਪਾ ਦੀ ਲੀਡਰਸ਼ਿਪ ਜੇ .ਪੀ.ਨੱਢੇ ਦੇ ਘਰ ਸਵੇਰੇ ਹੀ ਮੀਟਿੰਗ ਕਰਨ ਪਹੁੰਚ ਗਈ। ਹੁਣ ਅਮਿਤ ਸ਼ਾਹ, ਰਾਜਨਾਥ ਤੇ ਮੋਦੀ ਸਮੇਤ ਸਾਰੀ ਭਾਜਪਾ ਦੀ ਹਾਈਕਮਾਂਂਡ ਚਾਹੁੰਦੀ ਹੈ ਕਿਸਾਨ ਘਰਾਂਂ  ਨੂੰ ਚਲੇ ਜਾਣ ਤੇ ਕਾਲੇ ਕਾਨੂੰਨ ਬਰਕਰਾਰ ਰਹਿਣ। ਖੈਰ,ਜਿਸ ਅੰਦੋਲਨ ਵੱਲ ਧਿਆਨ ਦੇਣ ਦੀ ਵਿਚ ਲੋੜ ਨਹੀ  ਸਮਝਦੇ ਸੀ ਹੁਣ ਓਸ ਅੰਦੋਲਨ ਦੀ ਤਾਕਤ ਤਾਂਂ  ਮਹਿਸੂਸ ਹੋਈ। ਮੋਦੀ ਸਰਕਾਰ ਦਾ ਕਾਲ਼ੇ ਕਾਨੂੰਨਾਂ ਤੋਂ ਇਕ ਵੀ ਇੰਚ ਪਿੱਛੇ ਨਾ ਹਟਣ ਦਾ ਅਹਿਦ ਹੈ।  ਇਸ ਮੌਕੇ ਧੀਰਜ ਤੇ ਸੰਜਮ ਦੀ ਲੋੜ ਹੈ। ਅਸੀ ਬੜੇ ਸਪਸ਼ਟ ਹਾਂ ਕਿ ਲਾਲ ਝੰਡੇ ਵਾਲੇ ਕਾਮਰੇਡੀ ਪ੍ਰਭਾਵ ਵਾਲੇ ਕਿਸਾਨ ਯੂਨੀਅਨਾਂ ਦੇ ਆਗੂ ਬੇਸ਼ਕ ਜੋ ਮਰਜ਼ੀ ਸਮਝਦੇ ਰਹਿਣ ਪਰ ਉਨ੍ਹਾਂ ਦੇ ਇਸ ਸੰਘਰਸ਼ ਨਾਲ ਜਿਥੇ ਹਿੰਦੂ ਰਾਸ਼ਟਰਵਾਦ ਵਾਲੀ ਸਰਗਰਮੀ ਨੂੰ ਨੱਥ ਪਵੇਗੀ ਉਥੇ ਸਿਖ ਸੋੋੋਵਿਰਨਟੀ ਦੇ ਪਖ ਨੂੰ ਬਲ ਮਿਲੇਗਾ!