ਅੰਬਾਲਾ ਵਿਚ ਖੱਟਰ ਨੂੰ ਸਿੱਧੇ ਹੋ ਕੇ ਟੱਕਰੇ ਕਿਸਾਨ

ਅੰਬਾਲਾ ਵਿਚ ਖੱਟਰ ਨੂੰ ਸਿੱਧੇ ਹੋ ਕੇ ਟੱਕਰੇ ਕਿਸਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਅੱਜ ਅੰਬਾਲਾ ਵਿਚ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਖੱਟਰ ਅੰਬਾਲਾ ਵਿਚ ਭਾਜਪਾ ਦੇ ਮੇਅਰ ਉਮੀਦਵਾਰ ਦੇ ਪੱਖ ਵਿਚ ਪ੍ਰਚਾਰ ਕਰਨ ਪਹੁੰਚੇ ਸਨ। 

ਖੱਟਰ ਦੇ ਅੰਬਾਲਾ ਵਿਚ ਪਹੁੰਚਣ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ 'ਚ ਕਿਸਾਨ ਅਗ੍ਰਸੈਨ ਚੌਂਕ ਵਿਚ ਇਕੱਠੇ ਹੋ ਗਏ। ਕਿਸਾਨਾਂ ਨੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ੍ਹੀਆਂ ਹੋਈਆਂ ਸਨ। ਖੱਟਰ ਨੂੰ ਕਾਲੇ ਝੰਡੇ ਵਖਾਉਂਦਿਆਂ ਕਿਸਾਨਾਂ ਨੇ ਕਾਫਲਾ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਪੁਲਸ ਨਾਲ ਕੁੱਝ ਖਿੱਚ ਧੂਹ ਹੋਣ ਦੀਆਂ ਵੀ ਖਬਰਾਂ ਆਈਆਂ ਹਨ। ਹਲਾਂਕਿ ਪੁਲਸ ਖੱਟਰ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਲੈ ਗਈ।

ਜ਼ਿਕਰਯੋਗ ਹੈ ਕਿ ਭਾਜਪਾ ਦੇ ਮੁੱਖ ਮੰਤਰੀ ਖੱਟਰ ਨੇ ਹਰਿਆਣਾ ਵਿਚ ਕਿਸਾਨਾਂ 'ਤੇ ਬੇਹੱਦ ਸਖਤੀ ਕੀਤੀ ਸੀ। ਜਦੋਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਚੱਲੋ ਦਾ ਐਲਾਨ ਕੀਤਾ ਸੀ ਤਾਂ ਵੀ ਖੱਟਰ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਵਿਚੋਂ ਨਹੀਂ ਲੰਘਣ ਦੇਣਗੇ। ਕਿਸਾਨਾਂ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਹੱਦਾਂ 'ਤੇ ਕਿਲ੍ਹਾਨੁਮਾ ਬੈਰੀਕੇਡਿੰਗ ਵੀ ਕੀਤੀ ਗਈ ਸੀ ਅਤੇ ਕਈ ਥਾਂ 'ਤੇ ਕੌਮੀ ਸ਼ਾਹਰਾਹ ਤਕ ਵੀ ਪੁੱਟ ਦਿੱਤੇ ਗਏ ਸੀ ਪਰ ਕਿਸਾਨਾਂ ਦੇ ਜੋਸ਼ ਅੱਗੇ ਖੱਟਰ ਸਰਕਾਰ ਦੀਆਂ ਸਾਰੀਆਂ ਰੋਕਾਂ ਸਵਾਹ ਹੋ ਗਈਆਂ ਸੀ।