ਚਾਰ ਸਿੱਖਾਂ ਦੇ ਝੂਠੇ ਮੁਕਾਬਲੇ ਦੇ ਮਾਮਲੇ 'ਚ ਗਵਾਹਾਂ ਨੂੰ ਧਮਕਾਉਣ ਲੱਗੇ ਪੁਲਿਸ ਅਫਸਰ; ਪੰਜਾਬ ਡੀਜੀਪੀ 'ਤੇ ਗੰਭੀਰ ਦੋਸ਼

ਚਾਰ ਸਿੱਖਾਂ ਦੇ ਝੂਠੇ ਮੁਕਾਬਲੇ ਦੇ ਮਾਮਲੇ 'ਚ ਗਵਾਹਾਂ ਨੂੰ ਧਮਕਾਉਣ ਲੱਗੇ ਪੁਲਿਸ ਅਫਸਰ; ਪੰਜਾਬ ਡੀਜੀਪੀ 'ਤੇ ਗੰਭੀਰ ਦੋਸ਼

ਚੰਡੀਗੜ੍ਹ: ਗੁਰਦਾਸਪੁਰ ਪੁਲਿਸ ਵੱਲੋਂ ਜਨਵਰੀ 1994 ਵਿੱਚ ਚਾਰ ਸਿੱਖ ਨੌਜਵਾਨਾ ਨੂੰ ਝੁਠੇ ਮੁਕਾਬਲੇ ਵਿੱਚ ਕਤਲ ਕਰਨ ਦੇ ਮਾਮਲਾ ਵੱਚ ਗਵਾਹਾਂ ਨੂੰ ਗਵਾਹਾਂ ਨੂੰ ਧਮਕਾਉਣ ਅਤੇ ਰਾਜੀਨਾਮੇ ਲਈ ਦਬਾਅ ਪਾਉਣ ਦਾ ਸਖਤ ਨੋਟਿਸ ਲੈਂਦਿਆਂ ਸੀ.ਬੀ.ਆਈ ਅਦਾਲਤ ਵੱਲੋਂ ਸਵਰਨਦੀਪ ਸਿੰਘ ਐਸ.ਐਸ.ਪੀ ਗੁਰਦਾਸਪੁਰ ਅਤੇ ਸਾਬਕਾ ਪੁਲਿਸ ਮੁਲਾਜਮ ਦਲਜੀਤ ਸਿੰਘ, ਇੰਸ. ਸੁਰਿੰਦਰਪਾਲਸਿੰਘ, ਡੀ.ਐਸ.ਪੀ ਬਲਦੇਵ ਸਿੰਘ ਸੇਖੋਂ ਨੂੰ ਨੋਟਿਸ ਜਾਰੀ ਕਰਕੇ ਜੁਆਬ ਮੰਗਿਆ ਹੈ ।

ਦੱਸਣਯੋਗ ਹੈ ਕਿ 1994 ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਇਸ ਝੂਠੇ ਮੁਕਾਬਲੇ ਦੇ ਮਾਮਲੇ ਦੀ ਜਾਂਚ ਭਾਰਤ ਦੀ ਸੁਪਰੀਮ ਕੋਰਟ ਨੇ ਸੀ.ਬੀ.ਆਈ ਨੂੰ ਦਿੱਤੀ ਸੀ।  ਮਾਮਲੇ ਵਿੱਚ ਗਵਾਹ ਮੁਖਤਿਅਰ ਸਿੰਘ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਐਸ.ਐਸ.ਪੀ ਗੁਰਦਾਸਪੁਰ ਵੱਲੋਂ ਉਸਨੂੰ ਆਪਣੀ ਰਿਹਾਇਸ਼ ਤੇ ਬੁਲਾਕੇ ਇਸ ਕੇਸ ਵਿੱਚ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆ ਹੈ ਅਤੇ ਐਸ.ਐਸ.ਪੀ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਸਦੀ ਇਹ ਜਿਮੇਵਾਰੀ ਡੀ.ਜੀ.ਪੀ ਪੰਜਾਬ ਵੱਲੋਂ ਲਗਾਈ ਗਈ ਹੈ। 

ਗਵਾਹ ਨੇ ਦੱਸਿਆ ਕਿ ਐਸ.ਐਸ.ਪੀ ਵੱਲੋਂ ਉਸਨੂੰ ਮੋਟੀ ਰਕਮ ਅਤੇ ਪੁਲਿਸ ਵਿਭਾਗ ਵਿੱਚ ਪੀੜਤ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ 24.4.10 ਨੂੰ ਸੀ.ਬੀ.ਆਈ ਅਦਾਲਤ ਵਿੱਚ ਗਵਾਹੀ ਨਾ ਦੇਣ ਲਈ ਦਬਾਅ ਪਾਇਆ ਅਤੇ ਕਿਹਾ ਕਿ ਉਹ ਅਦਾਲਤ ਵਿੱਚ ਝੂਠਾ ਡਾਕਟਰੀ ਮੈਡੀਕਲ ਪੇਸ਼ ਕਰ ਦੇਵੇ ਤਾਂ ਜੋ ਅਗਲੀ ਤਾਰੀਕ ਤੋਂ ਪਹਿਲਾ ਸਮਝੌਤਾ ਸਿਰੇ ਚੜ ਸਕੇ। ਅਦਾਲਤ ਵੱਲੋਂ ਗਵਾਹ ਮੁਖਤਿਆਰ ਸਿੰਘ ਦੀ ਦਰਖਾਸਤ ਜਿਸ ਵਿੱਚ ਐਸ.ਐਸ.ਪੀ ਰੀਡਰ ਦੇ ਮੋਬਾਇਲ ਦੇ ਵੇਰਵੇ ਵੀ ਦਿੱਤੇ ਗਏ ਹਨ ਨੂੰ ਤਲਬ ਕੀਤਾ ਗਿਆ ਹੈ। 

ਗਵਾਹ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਪੁਲਿਸ ਮੁਲਾਜਮ ਦਲਜੀਤ ਸਿੰਘ ਨੇ ਉਸਨੂੰ ਫੋਨ ਕਰਕੇ ਕਈ ਵਾਰ ਧਮਕਾਇਆ ਅਤੇ ਸਾਬਕਾ ਇੰਸਪੈਕਟਰ ਸੁਰਿੰਦਰਪਾਲ ਸਿੰਘ ਨਾਲ ਉਸਦੇ ਦਫਤਰ ਆਕੇ 60 ਲੱਖ ਰੁਪਏ ਅਤੇ ਨੌਕਰੀ ਬਦਲੇ ਰਾਜੀਨਾਮਾ ਕਰਨ ਅਤੇ ਬਾਅਦ ਵਿੱਚ ਡੀ.ਐਸ.ਪੀ ਬਲਦੇਵ ਸਿੰਘ ਨਾਲ ਫੋਨ ਤੇ ਗੱਲ ਕਰਵਾਈ ਜਿਸਨੇ ਰਾਜੀਨਾਮਾ ਕਰਨ ਦੀ ਸਲਾਹ ਦਿੱਤੀ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਧਮਕੀ ਦਿੱਤੀ। 
ਜਿਕਰਯੋਗ ਹੈ ਕਿ ਜਨਵਰੀ 1994 ਵਿੱਚ ਗੁਰਦਾਸਪੁਰ ਪੁਲਸ ਵੱਲੋਂ ਹਰਜਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਉਰਫ ਬਾਜੂ, ਸਰੂਪ ਸਿੰਘ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ ਹਫਤੇ ਬਾਅਦ ਮਿਤੀ 24/25 ਜਨਵਰੀ, 1994 ਦੀ ਰਾਤ ਨੂੰ ਪੁਲ ਕੁੰਜਰਾ ਦੇ ਰੈਸਟ ਹਾਉਸ ਵਿੱਚ ਝੂਠੇ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਸੀ। 

ਸੀ.ਬੀ.ਆਈ ਵੱਲੋਂ ਉਸ ਵਕਤ ਗੁਰਦਾਸਪੁਰ ਦੇ ਐਸ.ਪੀ ਅਪਰੇਸ਼ਨ ਵਿਵੇਕ ਮਿਸ਼ਰਾ, ਡੀ.ਐਸ.ਪੀ ਬਲਦੇਵ ਸਿੰਘ ਸੇਖੋਂ, ਐਸ.ਐਚ.ਓ ਕਾਹਨੁਵਾਨ ਪ੍ਰੀਤਮ ਸਿੰਘ,ਐਸ.ਐਚ.ਓ ਧਾਲੀਵਾਲ ਮਲੂਕ ਸਿੰਘ ਸਮੇਤ 28 ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਹਨਾਂ ਵਿਚੋਂ 6 ਪੁਲਿਸ ਵਾਲਿਆਂ ਦੀ ਮੌਤ ਹੋ ਚੁੱਕੀ ਹੈ। ਕਈ ਸਾਲ ਹਾਈਕੋਰਟ ਅਤੇ ਸੁਪਰੀਮ ਕੋਰਟ ਦੀਆਂ ਘੁੰਮਣਘੇਰੀਆਂ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਦੁਬਾਰਾ ਟਰਾਇਲ ਸ਼ੁਰੂ ਹੋਇਆ ਹੈ ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ