ਪੰਜਾਬ ਦੇ ਸਪੀਕਰ ਰਾਣਾ ਕੇਪੀ ਨੂੰ ਸਵਾਲ ਕਰਨ ਵਾਲੇ ਨੌਜਵਾਨ 'ਤੇ ਕਾਂਗਰਸੀ ਆਗੂ ਦੀ ਸ਼ਿਕਾਇਤ ਉੱਤੇ ਫਿਰੌਤੀ ਦਾ ਮਾਮਲਾ ਦਰਜ

ਪੰਜਾਬ ਦੇ ਸਪੀਕਰ ਰਾਣਾ ਕੇਪੀ ਨੂੰ ਸਵਾਲ ਕਰਨ ਵਾਲੇ ਨੌਜਵਾਨ 'ਤੇ ਕਾਂਗਰਸੀ ਆਗੂ ਦੀ ਸ਼ਿਕਾਇਤ ਉੱਤੇ ਫਿਰੌਤੀ ਦਾ ਮਾਮਲਾ ਦਰਜ
ਸਪੀਕਰ ਰਾਣਾ ਕੇਪੀ ਸਿੰਘ ਨਾਲ ਇਕ ਪ੍ਰੋਗਰਾਮ ਵਿਚ ਸ਼ਿਕਾਇਤ ਕਰਤਾ ਨਰਿੰਦਰ ਕੁਮਾਰ ਪੁਰੀ (ਗੋਲ ਨਿਸ਼ਾਨ ਵਿਚਕਾਰ); ਗ੍ਰਿਫਤਾਰ ਕੀਤਾ ਨੌਜਵਾਨ ਗਗਨਦੀਪ ਸਿੰਘ ਗਿੱਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਕੇ.ਪੀ ਰਾਣਾ ਨੂੰ ਇਲਾਕੇ ਵਿਚ ਚਲਦੇ ਰੇਤਾ-ਬਜ਼ਰੀ ਮਾਫੀਆ ਬਾਰੇ ਸਵਾਲ ਕਰਦੀ ਇਕ ਵੀਡੀਓ ਸਾਂਝੀ ਕਰਨ ਤੋਂ ਬਾਅਦ ਬੀਤੇ ਕੱਲ੍ਹ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਿੰਡ ਭਰਤਗੜ੍ਹ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗਗਨਦੀਪ ਸਿੰਘ ਗਿੱਲ ਖਿਲਾਫ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਨੇ ਪਿੰਡ ਭਰਤਗੜ੍ਹ ਦੇ ਹੀ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਕੁਮਾਰ ਪੁਰੀ ਦੀ ਸ਼ਿਕਾਇਤ 'ਤੇ ਬੀਤੀ ਰਾਤ ਆਈਪੀਸੀ ਦੀਆਂ ਧਾਰਾਵਾਂ 384 (ਫਿਰੌਤੀ ਮੰਗਣ), 389 (ਫਿਰੌਤੀ ਲਈ ਧਮਕਾਉਣ) ਅਤੇ 505 ਅਧੀਨ ਮਾਮਲਾ ਦਰਜ ਕਰ ਲਿਆ ਸੀ। ਅੱਜ ਸਵੇਰੇ ਅਨੰਦਪੁਰ ਸਾਹਿਬ ਅਦਾਲਤ ਵਿਚ ਉਸਨੂੰ ਪੇਸ਼ ਕੀਤਾ ਗਿਆ ਜਿੱਥੇ ਪੁਲਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਪਰ ਐਸਡੀਐਮ ਨੇ ਰਿਮਾਂਡ ਦੀ ਮੰਗ ਨੂੰ ਨਕਾਰਦਿਆਂ ਗਗਨਦੀਪ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।

ਪਲਾਂ ਵਿਚ ਤਬਦੀਲ ਕੀਤਾ ਐਸਐਚਓ
ਗਗਨਦੀਪ ਸਿੰਘ ਦੇ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸਨੂੰ ਮੰਗਲਵਾਰ ਦੁਪਹਿਰ 11.30 ਵਜੇ ਦੇ ਕਰੀਬ ਕੀਰਤਪੁਰ ਥਾਣੇ ਦੇ ਐਸ.ਐਚ.ਓ ਸੰਨੀ ਖੰਨਾ ਘਰ ਤੋਂ ਲੈ ਕੇ ਗਏ। ਪਰ ਕੁੱਝ ਸਮੇਂ ਬਾਅਦ ਹੀ ਐਸਐਚਓ ਸੰਨੀ ਖੰਨਾ ਨੂੰ ਲਾਈਨ ਹਾਜ਼ਰ ਕਰਕੇ ਕੀਰਤਪੁਰ ਸਾਹਿਬ ਥਾਣੇ ਵਿਚ ਹਰਕੀਰਤ ਸਿੰਘ ਨੂੰ ਬਤੌਰ ਐਸਐਚਓ ਨਿਯੁਕਤ ਕਰ ਦਿੱਤਾ ਗਿਆ। ਸ਼ਾਮ ਨੂੰ 07.30 ਵਜੇ ਦੇ ਕਰੀਬ ਇਹ ਐਫਆਈਆਰ ਕੱਟੀ ਗਈ।

ਕੀ ਕਹਿੰਦੀ ਹੈ ਐਫਆਈਆਰ?
ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਕੁਮਾਰ ਪੁਰੀ ਨੇ ਐਫਆਈਆਰ ਵਿਚ ਦੋਸ਼ ਲਾਇਆ ਹੈ ਕਿ 10 ਜੁਲਾਈ ਨੂੰ ਸ਼ਾਮੀਂ ਤਕਰੀਬਨ 4 ਵਜੇ ਗਗਨਦੀਪ ਸਿੰਘ ਉਸਨੂੰ ਮਿਲਿਆ ਅਤੇ ਕਹਿਣਾ ਲੱਗਿਆ ਕਿ ਤੁਸੀਂ ਅਤੇ ਹੋਰ ਕਈ ਬੰਦੇ ਡਕੈਤਾਂ ਦਾ ਗਿਰੋਹ ਹੋ ਅਤੇ ਰਾਣਾ ਕੇਪੀ ਸਿੰਘ ਸਪੀਕਰ ਤੁਹਾਡਾ ਸਰਦਾਰ ਹੈ ਅਤੇ ਤੁਸੀਂ ਲੋਕਾਂ ਨੂੰ ਲੁੱਟਦੇ ਹੋ ਅਤੇ ਮੈਂ ਹੁਣ ਇਹ ਦੋਸ਼ ਤੁਹਾਡੇ ਉੱਤੇ ਲਾਉਣੇ ਹਨ। ਪੁਰੀ ਦਾ ਕਹਿਣਾ ਹੈ ਕਿ ਗਗਨਦੀਪ ਸਿੰਘ ਨੇ ਕਿਹਾ ਕਿ ਜੇ ਉਹ ਉਸਨੂੰ 10 ਲੱਖ ਰੁਪਏ ਦੇਣ ਤਾਂ ਉਹ ਇਹ ਦੋਸ਼ ਨਹੀਂ ਲਾਵੇਗਾ। 

ਐਫਆਈਆਰ ਵਿਚ ਕਿਹਾ ਗਿਆ ਹੈ ਕਿ ਬਾਅਦ ਵਿਚ ਗਗਨਦੀਪ ਸਿੰਘ ਨੇ ਇਤਰਾਜਯੋਗ ਸ਼ਬਾਦਵਲੀ ਲਿਖ ਕੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਦਿੱਤੀ। ਐਫਆਈਆਰ ਵਿਚ ਪੋਸਟ ਦੇ ਦਿੱਤੇ ਵੇਰਵੇ ਇਸ ਪ੍ਰਕਾਰ ਹਨ: ਸਾਡੇ ਮਾਣਯੋਗ ਕੇ.ਪੀ ਰਾਣਾ 2017 'ਚ ਗੁੰਡਾ ਟੈਕਸ ਖਿਲਾਫ ਬੋਲਦੇ ਸੀ, ਹੁਣ 200 ਟਿੱਪਰ ਇਸਦੇ ਆਪਣੇ ਚਲਦੇ, ਰਿਆਲਟੀ ਵਾਲਿਆਂ ਤੋਂ 30 ਲੱਖ ਰੁਪਏ ਪ੍ਰਤੀ ਮਹੀਨਾ ਲੈਂਦਾ ਹੈ, ਲਗਭਗ 200 ਕ੍ਰੈਸ਼ਰਾਂ ਤੋਂ 1 ਲੱਖ ਰੁਪਏ ਮਹੀਨਾ ਲੈਂਦਾ ਹੈ ਤੇ ਸਾਡੇ ਲੋਕ ਗੂੜ੍ਹੀ ਨੀਂਦ ਸੁੱਤੇ ਹੋਏ ਨੇ, ਕੁੱਤੀ ਚੋਰਾਂ ਨਾਲ ਹੋਈ ਹੈ, ਜੇ ਇਹੀ ਹਾਲ ਰਿਹਾ ਤਾਂ ਸਾਡੇ ਲੋਕ ਪਾਣੀ ਨੂੰ ਤਰਸਣਗੇ, ਅਸੀਂ ਆਪਣੇ ਬੱਚਿਆਂ ਨੂੰ ਬੰਜਰ ਜਮੀਨਾਂ ਛੱਡ ਕੇ ਜਾਵਾਂਗੇ ਤੇ ਪਾਣੀ ਤੋਂ ਸੱਖਣੀ ਧਰਤੀ।"

ਕਾਂਗਰਸੀ ਆਗੂ ਦੀ ਇਸ ਸ਼ਿਕਾਇਤ 'ਤੇ ਗਗਨਦੀਪ ਸਿੰਘ ਗਿੱਲ ਖਿਲਾਫ ਫਰੌਤੀ ਮੰਗਣ ਦੀਆਂ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ। 

ਆਪ ਆਗੂਆਂ ਵੱਲੋਂ ਝੂਠੇ ਪਰਚੇ ਦਰਜ ਕਰਾਉਣ ਦਾ ਦੋਸ਼
ਅੱਜ ਅਨੰਦਪੁਰ ਸਾਹਿਬ ਅਦਾਲਤ ਵਿਚ ਗਗਨਦੀਪ ਸਿੰਘ ਗਿੱਲ ਦੀ ਪੇਸ਼ੀ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਰੋਧ ਕਰਦਿਆਂ ਆਪ ਆਗੂ ਦਿਨੇਸ਼ ਚੱਢਾ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਵੀ ਲਿਆ ਗਿਆ ਪਰ ਬਾਅਦ ਵਿਚ ਛੱਡ ਦਿੱਤਾ ਗਿਆ। ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਝੂਠੇ ਪਰਚੇ ਪਾ ਕੇ ਵਿਰੋਧੀ ਧਿਰ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮਸਲਾ ਗਗਨਦੀਪ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਇਕ ਪੋਸਟ ਦਾ ਸੀ ਜੋ ਕਿ ਸਪੀਕਰ ਰਾਣਾ ਕੇਪੀ ਸਿੰਘ ਨੂੰ ਕੁੱਝ ਸਵਾਲ ਕੀਤੇ ਗਏ ਸਨ ਅਤੇ ਉਹਨਾਂ 'ਤੇ ਦੋਸ਼ ਲਾਏ ਗਏ ਸਨ ਪਰ ਸਿਆਸੀ ਬਦਲਾਖੋਰੀ ਦੀ ਨੀਤੀ ਅਧੀਨ ਕਾਰਵਾਈ ਕਰਦਿਆਂ ਪੁਲਸ ਅਤੇ ਸਿਆਸੀ ਗਠਜੋੜ ਨੇ ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਜ਼ੋਰਦਾਰ ਅਵਾਜ਼ ਚੁੱਕੇਗੀ।