ਵਿਰਾਸਤੀ ਖੇਡਾਂ, ਰੌਣਕ ਚਿਹਰਿਆਂ ਦੀ

ਵਿਰਾਸਤੀ ਖੇਡਾਂ, ਰੌਣਕ ਚਿਹਰਿਆਂ ਦੀ
ਬੱਚੇ ਦਰੱਖਤ ਦੀਆਂ ਟਾਹਣੀਆਂ ਰਾਹੀਂ ਥੱਲ੍ਹੇ ਉਤਰ ਕੇ
 
ਸਤਦੀਪ ਸਿੰਘ ਗਿੱਲ

ਟਾਹਣੀ ਡੰਡਾ ਜਾਂ ਡੰਡ-ਪੁਲਾਂਗੜਾ ਜਾਂ ਪੀਲ ਪੁਲਾਂਗੜਾ ਖੇਡ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਪੁਰਾਤਨ ਆਮ ਖੇਡ ਸੀ। ਇਹ ਖੇਡ ਆਮ ਤੌਰ 'ਤੇ ਟਾਲ੍ਹੀ, ਬੋਹੜ ਜਾਂ ਪਿੱਪਲ ਵਰਗੇ ਦਰੱਖਤਾਂ ਤੇ ਖੇਡੀ ਜਾਂਦੀ ਹੈ ਕਿਉਂਕਿ ਇਹਨਾਂ ਦਰੱਖਤ ਦੀ ਟਾਹਣੀਆਂ ਰਾਹੀ ਜਦੋਂ ਬੱਚੇ ਹੇਠਾਂ ਉਤਰਦੇ ਹਨ ਤਾਂ ਇਹ ਟੁੱਟਦੀਆ ਨਹੀਂ ਇਹਨਾਂ 'ਚ ਲੱਚਕ ਜ਼ਿਆਦਾ ਹੁੰਦੀ ਹੈ। ਜਿਸ ਦੀ ਟਹਿਣੀਆਂ ਤੋਂ ਹੇਠਾਂ ਉਤਰਿਆ ਜਾ ਸਕਦਾ ਹੋਵੇ। ਇਸ ਖੇਡ ਵਿੱਚ ਬੱਚਿਆਂ ਦੀ ਗਿਣਤੀ ਘੱਟੋ-ਘੱਟ 5 ਹੋਣੀ ਚਾਹੀਦੀ ਹੈ। ਇਸ ਖੇਡ ਨੂੰ ਖੇਡਣ ਤੋਂ ਪਹਿਲਾਂ ਸਭ ਬੱਚੇ ਇਕੱਠੇ ਹੋ ਜਾਂਦੇ ਹਨ। ਇਹ ਸਭ ਬੱਚੇ ਆਪਸੀ ਸਮਝੌਤੇ ਨਾਲ ਥਾਂ ਨਿਸ਼ਚਿਤ ਕਰ ਕੇ ਇੱਕ ਚੱਕਰ ਵਾਹੁੰਦੇ ਹਨ, ਜਿਸ ਵਿੱਚ ਇੱਕ ਡੰਡਾ ਰੱਖਿਆ ਜਾਂਦਾ ਹੈ। ਪਹਿਲੀ ਵਾਰੀ ਜਾਂ ਦਾਈ ਕੌਣ ਦੇਵੇਗਾ। ਇਸ ਲਈ ਸਾਰੇ ਬੱਚੇ ਪੁੱਗਦੇ ਹਨ, ਜੋ ਹਾਰਦਾ ਹੈ, ਉਸ ਨੂੰ ਵਾਰੀ ਦੇਣੀ ਪੈਂਦੀ ਹੈ।

ਸਾਰੇ ਬੱਚਿਆਂ ਵਿੱਚੋਂ ਤਾਕਤਵਰ ਬੱਚਾ ਚੱਕਰ ਵਿੱਚ ਖੜ੍ਹ ਕੇ ਆਪਣੀ ਲੱਤ ਹੇਠੋਂ ਡੰਡੇ ਨੂੰ ਦੂਰ ਸੁੱਟਦਾ ਹੈ। ਦਾਈ ਦੇਣ ਵਾਲਾ ਉਸ ਡੰਡੇ ਨੂੰ ਫੜ੍ਹਨ ਲਈ ਭੱਜਦਾ ਹੈ। ਜਿੰਨੀ ਦੇਰ ਤੱਕ ਉਹ ਡੰਡੇ ਨੂੰ ਫੜ ਕੇ ਲਿਆਉਂਦਾ ਹੈ ਓਨੀ ਦੇਰ ਵਿੱਚ ਬਾਕੀ ਦੇ ਸਾਰੇ ਬੱਚੇ ਦਰੱਖਤ ’ਤੇ ਚੜ੍ਹ ਜਾਂਦੇ ਹਨ। ਵਾਰੀ ਦੇਣ ਵਾਲਾ ਡੰਡੇ ਨੂੰ ਲਿਆ ਕੇ ਚੱਕਰ ਵਿੱਚ ਰੱਖ ਦਿੰਦਾ ਹੈ ਅਤੇ ਦੂਜੇ ਬੱਚਿਆਂ ਨੂੰ ਫੜਨ ਲਈ ਮਗਰ ਦਰੱਖਤ ’ਤੇ ਚੜ੍ਹ ਜਾਂਦਾ ਹੈ। ਜਦ ਉਹ ਦੂਜੇ ਬੱਚਿਆਂ ਦੇ ਮਗਰ ਜਾਂਦਾ ਹੈ ਤਾਂ ਬੱਚੇ ਦਰੱਖਤ ਦੀਆਂ ਟਾਹਣੀਆਂ ਰਾਹੀਂ ਥੱਲ੍ਹੇ ਉਤਰ ਕੇ ਚੱਕਰ ਵਿੱਚ ਰੱਖੇ ਡੰਡੇ ਨੂੰ ਡੁਕ ਲੈਂਦੇ ਹਨ ਭਾਵ ਚੁੰਮ ਲੈਂਦੇ ਹਨ। ਜੇਕਰ ਦਾਈ ਦੇਣ ਵਾਲਾ ਬੱਚਾ ਡੰਡਾ ਚੁੰਮੇ ਜਾਣ ਤੋਂ ਪਹਿਲਾਂ ਕਿਸੇ ਬੱਚੇ ਨੂੰ ਫੜ ਲੈਂਦਾ ਹੈ ਤਾਂ ਦਾਈ ਉਸ ਸਿਰ ਆ ਜਾਂਦੀ ਹੈ। ਫਿਰ ਡੰਡਾ ਦੂਰ ਸੁੱਟਿਆ ਜਾਂਦਾ ਹੈ ਅਤੇ ਦਾਈ ਦੇਣ ਵਾਲਾ ਫੜਨ ਲਈ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਸ ਖੇਡ ਨਾਲ ਜਿੱਥੇ ਸਰੀਰਕ ਬਲ ਵਧਦਾ ਹੈ, ਉੱਥੇ ਸਰੀਰ ਅੰਦਰ ਫੁਰਤੀ ਵੀ ਆਉਂਦੀ ਹੈ।