ਚੇਤਿਆਂ ਵਿੱਚ ਵਸਿਆ : ਵੀ.ਸੀ.ਆਰ

ਚੇਤਿਆਂ ਵਿੱਚ ਵਸਿਆ : ਵੀ.ਸੀ.ਆਰ

ਕਾਸ਼ ! ਕਿਤੇ ਉਹ ਬੀਤੇ ਵੇਲੇ ਮੁੜ ਆਵਣ....... 

ਸਮਾਂ ਬੀਤਣ ਦੇ ਨਾਲ਼ - ਨਾਲ਼ ਸਾਡੀ ਜ਼ਿੰਦਗੀ , ਘਰ , ਸਮਾਜ , ਭਾਈਚਾਰੇ ਆਦਿ ਵਿੱਚੋਂ ਕਈ ਗੱਲਾਂ , ਘਟਨਾਵਾਂ , ਕੰਮ - ਧੰਦੇ , ਮਨੋਰੰਜਨ ਦੇ ਸਾਧਨ ਤੇ ਰੀਤੀ - ਰਿਵਾਜ਼ ਬਦਲਦੇ ਰਹਿੰਦੇ ਹਨ ਜਾਂ ਕਈ ਵਾਰ ਅਲੋਪ ਹੀ ਹੋ ਜਾਂਦੇ ਹਨ। ਮਨੁੱਖ  ਆਪਣੇ ਕੰਮ - ਧੰਦਿਆਂ ਤੋਂ ਵਿਹਲਾ ਹੋ ਕੇ ਮਨੋਰੰਜਨ ਦਾ ਕੋਈ ਨਾ ਕੋਈ ਸਾਧਨ ਅਪਣਾਉਂਦਾ ਰਹਿੰਦਾ ਹੈ। ਸਮੇਂ ਦੀ ਤੋਰ ਦੇ ਨਾਲ਼ - ਨਾਲ਼ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ ਤੇ ਕਈ ਵਾਰ ਅਲੋਪ ਹੀ ਹੋ ਜਾਂਦੇ ਹਨ। ਉਨ੍ਹਾਂ ਦੀਆਂ ਕੇਵਲ ਯਾਦਾਂ ਹੀ ਰਹਿ ਜਾਂਦੀਆਂ ਹਨ ਤੇ ਯਾਦ ਕਰਕੇ ਮਨ ਭਾਵੁਕ ਹੋ ਜਾਂਦਾ ਹੈ। ਇਨ੍ਹਾਂ ਮਨੋਰੰਜਨ ਦੇ ਸਾਧਨਾਂ ਵਿੱਚੋਂ ਇੱਕ ਮੁੱਖ ਸਾਧਨ ਹੁੰਦਾ ਸੀ : ਵੀ. ਸੀ. ਆਰ. । ਵੀਹਵੀਂ ਸਦੀ ਦੇ ਲਗਭੱਗ ਨੌਵੇਂ ਦਹਾਕੇ ਦੇ ਦੌਰ ਵਿੱਚ ਵੀ.ਸੀ.ਆਰ. ਮਨੋਰੰਜਨ ਦਾ ਮੁੱਖ ਸਾਧਨ  ਹੁੰਦਾ ਸੀ। ਵੀ.ਸੀ.ਆਰ. ਦੀ ਵਰਤੋਂ ਅਕਸਰ ਵਿਆਹਾਂ ਤੋਂ ਬਾਅਦ ਜਾਂ ਜਨਮਦਿਨ ਦੇ ਮੌਕਿਆਂ 'ਤੇ ਕੀਤੀ ਜਾਂਦੀ ਹੁੰਦੀ ਸੀ। ਲੋਕ ਅਕਸਰ ਵਿਆਹ ਦੀ ਬਣਾਈ ਹੋਈ ਫ਼ਿਲਮ ਜੋ ਕਿ ਕੈਸਟ ਦੇ ਰੂਪ ਵਿੱਚ ਮੌਜੂਦ ਹੁੰਦੀ ਸੀ , ਉਸਨੂੰ ਵੀ.ਸੀ.ਆਰ. ਰਾਹੀਂ ਲਗਵਾ ਕੇ ਆਮ ਤੌਰ 'ਤੇ ਸ਼ਨੀਵਾਰ ਦੀ ਰਾਤ ਨੂੰ ਦੇਖਦੇ ਹੁੰਦੇ ਸਨ। ਸ਼ਨੀਵਾਰ ਦਾ ਦਿਨ ਇਸ ਲਈ ਚੁਣਿਆ ਜਾਂਦਾ ਸੀ ਤਾਂ ਜੋ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣ ਕਰਕੇ ਬੇਆਰਾਮੀ ਤੋਂ ਬਚਿਆ ਜਾ ਸਕੇ ਤੇ ਆਰਾਮ ਕੀਤਾ ਜਾ ਸਕੇ। ਲੋਕਾਂ ਨੂੰ  ਵਿਆਹਾਂ ਦੀਆਂ ਫ਼ਿਲਮਾਂ ਬਣਵਾਉਣ ਅਤੇ ਹਿੰਦੀ ਜਾਂ ਪੰਜਾਬੀ ਫ਼ਿਲਮਾਂ ਵੀ . ਸੀ. ਆਰ. ਰਾਹੀਂ ਦੇਖਣ ਦਾ ਬਹੁਤ ਚਾਅ - ਮਲਾਰ ਹੁੰਦਾ ਸੀ। ਜਿਸ ਦਿਨ ਕਿਸੇ ਘਰ ਵਿੱਚ ਵੀ.ਸੀ.ਆਰ. ਲਗਵਾਉਣਾ ਹੁੰਦਾ ਸੀ , ਉਸ ਦਿਨ ਪਿੰਡ ਵਾਸੀਆਂ , ਭਾਈਚਾਰੇ ਦੇ ਆਲ਼ੇ - ਦੁਆਲ਼ੇ ਨੂੰ ਪ੍ਰੇਮਪੂਰਵਕ ਨਿਓਤਾ / ਸੱਦਾ ਦਿੱਤਾ ਜਾਂਦਾ ਹੁੰਦਾ ਸੀ। ਸਾਰੇ ਭਾਈਚਾਰੇ ਦੇ ਬੱਚਿਆਂ , ਨੌਜਵਾਨਾਂ , ਬਜ਼ੁਰਗਾਂ ਵਿੱਚ ਖਾਸ ਤੌਰ 'ਤੇ ਬੱਚਿਆਂ ਵਿੱਚ ਬਹੁਤ ਚਾਅ , ਉਮੰਗ , ਖ਼ੁਸ਼ੀ , ਰੌਚਕਤਾ ਤੇ ਖੁਸ਼ਨੁਮਾ ਭਾਵਨਾਵਾਂ ਪੈਦਾ ਹੋਈਆਂ ਹੁੰਦੀਆਂ ਸਨ। ਲੋਕ ਚਾਈਂ - ਚਾਈਂ ਘਰ - ਪਰਿਵਾਰ ਦਾ ਕੰਮ , ਖੇਤੀਬਾੜੀ , ਪਸ਼ੂਆਂ ਦਾ ਕੰਮ ਤੇ ਰੋਟੀ - ਟੁੱਕ ਦਾ ਕੰਮ - ਧੰਦਾ ਖ਼ਤਮ ਕਰਕੇ ਇਕੱਠੇ ਹੋ ਕੇ ਵੀ.ਸੀ.ਆਰ. ਲਗਵਾਉਣ ਵਾਲੇ ਪਰਿਵਾਰ ਦੇ ਘਰ ਵੱਲ ਵਹੀਰਾਂ ਘੱਤ ਲੈਂਦੇ ਸਨ। ਰਾਤ ਦੇ ਲਗਭੱਗ ਅੱਠ ਕੁ ਵਜੇ ਦੇ ਕਰੀਬ ਜਦੋਂ ਵੀ.ਸੀ.ਆਰ. ਵਾਲੇ ਭਾਅ ਜੀ ( ਸਾਡੇ ਪਿੰਡਾਂ ਦੇ ਇਲਾਕੇ ਵਿੱਚ ਸ੍ਰੀ ਹੇਮੰਤ ਕੁਮਾਰ ਜੀ , ਗੰਗੂਵਾਲ ਪਾਵਰ ਹਾਊਸ ਵਾਲੇ ) ਜਦੋਂ ਆਉਂਦੇ ਤਾਂ ਘਰ - ਪਰਿਵਾਰ ਅਤੇ ਭਾਈਚਾਰੇ ਵਿੱਚ ਬਣੀ ਹੋਈ ਰੌਣਕ  ਦੇਖਦਿਆਂ ਹੀ ਜਚਦੀ ਹੁੰਦੀ ਸੀ। ਇਕੱਠੇ ਹੋਏ ਲੋਕ ਖੁੱਲ੍ਹੇ ਵਿਹੜੇ ਵਿੱਚ ਬੈਠ ਜਾਂਦੇ ਸਨ ਤੇ ਸਭ ਤੋਂ ਪਹਿਲਾਂ ਵਿਆਹ ਦੀ ਫ਼ਿਲਮ ਦਿਖਾਈ ਜਾਂਦੀ ਸੀ ਅਤੇ ਉਸ ਤੋਂ ਬਾਅਦ ਫਿਲਮ ਸਟਾਰ ਧਰਮਿੰਦਰ , ਗੋਵਿੰਦਾ , ਮਿਥੁਨ ਚੱਕਰਵਰਤੀ ਜਾਂ ਮਿਹਰ ਮਿੱਤਲ ਜੀ ਦੀਆਂ ਫ਼ਿਲਮਾਂ ਦੇਖਣ ਨੂੰ ਤਰਜੀਹ ਦਿੱਤੀ ਜਾਂਦੀ ਸੀ। ਫ਼ਿਲਮ ਦੇਖਣ ਆਏ ਹੋਏ ਬੱਚਿਆਂ , ਬਜ਼ੁਰਗਾਂ , ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੂੰ ਉਸ ਘਰ - ਪਰਿਵਾਰ ਵਲੋਂ ਖਾਣ ਲਈ ਗੁੜ , ਚਾਹ , ਨਮਕੀਨ , ਸ਼ੱਕਰ , ਗੋਗਲੇ ਆਦਿ ਦਿੱਤੇ ਜਾਂਦੇ ਸਨ ਅਤੇ  ਵੀ.ਸੀ.ਆਰ. ਦਿਖਾਉਣ ਆਏ ਹੋਏ ਇੱਕ ਜਾਂ ਦੋ ਵਿਅਕਤੀਆਂ ਦੀ ਖਾਸ ਮਹਿਮਾਨਾਂ ਵਾਂਗ ਖੂਬ ਇੱਜ਼ਤ ਮਾਣ ਅਤੇ ਆਓ - ਭਗਤ ਕੀਤੀ ਜਾਂਦੀ ਹੁੰਦੀ ਸੀ। ਉਦੋਂ ਇੱਕ ਕੈਸਟ ਦਾ ਕਿਰਾਇਆ ਲਗਭਗ ਦਸ - ਪੰਦਰਾਂ ਰੁਪਏ ਹੁੰਦਾ ਸੀ। ਬਹੁਤ ਘੱਟ ਖਰਚੇ ਵਿੱਚ ਅੱਧੇ ਪਿੰਡ ਭਾਈਚਾਰੇ ਤੇ ਸਮਾਜ ਦਾ ਮਨੋਰੰਜਨ ਹੋ ਜਾਂਦਾ ਸੀ। ਉਦੋਂ ਬੜੀ ਮਾਯੂਸੀ ਜਿਹੀ ਛਾ ਜਾਂਦੀ ਹੁੰਦੀ ਸੀ , ਜਦੋਂ ਕਿਸੇ ਕਾਰਨ ਕਰਕੇ ਬਿਜਲੀ ਚਲੀ ਜਾਂਦੀ ਸੀ ਜਾਂ ਬਿਜਲੀ ਦੀ ਵੋਲਟੇਜ ਘੱਟ - ਵੱਧ ਹੋ ਜਾਂਦੀ ਹੁੰਦੀ ਸੀ ਤਾਂ ਲੋਕ ਪ੍ਰਮਾਤਮਾ ਅੱਗੇ ਬਿਜਲੀ ਜਲਦੀ ਆਉਣ ਲਈ ਬੇਨਤੀਆਂ ਕਰਦੇ ਸਨ। ਬੀਤੀ ਰਾਤ ਦੇ ਅੱਠ ਵਜੇ ਤੋਂ ਲੈ ਕੇ ਸਵੇਰ ਦੇ ਲਗਭੱਗ ਤਿੰਨ - ਚਾਰ ਵਜੇ ਤੱਕ ਵੀ.ਸੀ.ਆਰ. ਚੱਲਦਾ ਹੁੰਦਾ ਸੀ ਅਤੇ ਲੋਕ ਇਸ ਦਾ ਲੁਤਫ਼ ਉਠਾਉਂਦੇ ਹੁੰਦੇ ਸਨ। ਫਿਰ ਜਿਵੇਂ - ਜਿਵੇਂ ਸਮੇਂ ਨੇ ਕਰਵਟ ਬਦਲੀ ਤਾਂ ਘਰ - ਘਰ ਐਲ.ਸੀ.ਡੀ. , ਟੈਲੀਵਿਜ਼ਨ , ਡਿਸ਼ , ਕੇਬਲ ਤਾਰ ਆਦਿ ਦੀ ਭਰਮਾਰ ਵਧਣ ਲੱਗੀ ਤੇ ਸਿੱਟੇ ਵਜੋਂ ਇਕੱਠੇ ਹੋ ਕੇ ਭਾਈਚਾਰਕ ਤੌਰ 'ਤੇ ਵੀ.ਸੀ.ਆਰ. ਰਾਹੀਂ ਫ਼ਿਲਮਾਂ ਦੇਖਣ ਦਾ ਰੁਝਾਨ ਘਟ ਗਿਆ। ਫਿਰ ਭਾਈਚਾਰਕ ਤੌਰ 'ਤੇ ਵੀ.ਸੀ.ਆਰ. ਰਾਹੀਂ ਫ਼ਿਲਮਾਂ ਦੇਖਣ ਦੀ ਥਾਂ ਪਰਿਵਾਰਕ ਤੌਰ 'ਤੇ ਫ਼ਿਲਮਾਂ ਜਾਂ ਹੋਰ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦਾ ਰੁਝਾਨ ਵਧ ਗਿਆ  , ਪਰ ਅੱਜ ਹਾਲਾਤਾਂ ਦੇ ਬਦਲਣ ਨਾਲ ਪਰਿਵਾਰ ਵਿੱਚ ਇਕੱਠੇ ਹੋ ਕੇ ਟੈਲੀਵਿਜ਼ਨ ਦੇਖਣ ਦੀ ਥਾਂ ਮੋਬਾਇਲ ਫੋਨਾਂ ਦੀ ਆਮਦ ਹੋਣ ਕਰਕੇ ਹਰ ਵਿਅਕਤੀ ਆਪਣੀ - ਆਪਣੀ ਮਨਪਸੰਦ ਦੇ ਪ੍ਰੋਗਰਾਮ ਦੇਖਣ ਵਿੱਚ ਰੁੱਝ ਗਿਆ ਜਾਪਦਾ ਹੈ , ਪਰ ਜੋ ਚਾਅ - ਮਲਾਰ , ਖ਼ੁਸ਼ੀ - ਖੇੜਾ , ਉਮੰਗ , ਉਤਸ਼ਾਹ , ਸਕੂਨ ਤੇ ਆਪਸੀ ਪ੍ਰੇਮ - ਪਿਆਰ ਇਕੱਠੇ ਹੋ ਕੇ ਭਾਈਚਾਰਕ ਤੌਰ 'ਤੇ ਵੀ.ਸੀ.ਆਰ. ਰਾਹੀਂ ਫ਼ਿਲਮਾਂ ਦੇਖਣ ਵਿੱਚ ਆਉਂਦਾ ਹੁੰਦਾ ਸੀ , ਉਹ ਅੱਜ ਘਰ - ਘਰ ਲੱਗੇ ਹੋਏ ਟੈਲੀਵਿਜ਼ਨਾਂ ਜਾਂ ਜੇਬ ਵਿੱਚ ਪਏ ਹੋਏ ਮੋਬਾਇਲ ਫੋਨਾਂ ਨਾਲ ਕਦੇ ਵੀ ਨਹੀਂ ਆ ਸਕਦਾ। ਵੀ.ਸੀ.ਆਰ. ਜਿੱਥੇ ਭਾਈਚਾਰਕ ਏਕਤਾ , ਉਮੰਗ , ਖ਼ੁਸ਼ੀ , ਖੇੜੇ , ਆਪਸੀ ਪਿਆਰ - ਸਾਂਝ ,  ਸਬਰ ਅਤੇ ਸੰਤੋਖ ਦਾ ਸਾਧਨ /ਪ੍ਰਤੀਕ ਹੁੰਦਾ ਸੀ , ਉੱਥੇ ਹੀ ਇਹ ਰੁਜ਼ਗਾਰ ਦਾ ਵੀ ਸਾਧਨ ਬਣਿਆ ਹੋਇਆ ਸੀ ; ਪਰ ਜਿਨ੍ਹਾਂ ਨੇ ਵੀ ਆਪਣੇ ਬਚਪਨ ਦੇ ਸਮੇਂ ਵਿੱਚ ਭਾਈਚਾਰਕ ਤੌਰ 'ਤੇ ਇਕੱਠੇ ਹੋ ਕੇ ਵੀ.ਸੀ.ਆਰ. ਰਾਹੀਂ ਵਿਆਹ ਦੀਆਂ ਫ਼ਿਲਮਾਂ ਜਾਂ ਹੋਰ ਹਿੰਦੀ ਤੇ ਪੰਜਾਬੀ ਫ਼ਿਲਮਾਂ ਦੇਖਣ ਦਾ ਅਨੰਦ ਮਾਣਿਆ ਹੋਵੇ , ਉਨ੍ਹਾਂ ਦੇ ਚੇਤਿਆਂ ਵਿੱਚੋਂ ਵੀ.ਸੀ. ਆਰ. ਕਿਵੇਂ ਵਿਸਰ ਸਕਦਾ ਹੈ ? ਕਾਸ਼ ! ਬਚਪਨ ਦੇ ਉਹ ਦਿਨ ਵਾਪਸ ਆ ਜਾਣ , ਫੇਰ ਭਾਈਚਾਰਕ ਤੌਰ 'ਤੇ ਇਕੱਠੇ ਮਿਲ਼ - ਬੈਠ ਕੇ ਵੀ.ਸੀ.ਆਰ. ਦਾ ਨਿੱਘਾ ਅਨੰਦ ਮਾਣਿਆ ਜਾ ਸਕੇ ਤੇ ਆਪਣੇ ਇਲਾਕੇ ਦੇ ਮਸ਼ਹੂਰ ਸ੍ਰੀ ਹੇਮੰਤ ਭਾਜੀ ਨੂੰ ਅੱਜ ਫਿਰ ਤੋਂ  ਵੀ.ਸੀ.ਆਰ. ਲੈ ਕੇ ਆਉਂਦਿਆਂ ਨੂੰ ਤੱਕੀਏ ਤੇ ਉਸੇ ਉਮੰਗ , ਖ਼ੁਸ਼ੀ , ਖੇੜੇ ਤੇ ਭਾਈਚਾਰਕ ਸਾਂਝ ਦਾ ਆਨੰਦ ਉਠਾ ਲਈਏ ! ਕਾਸ਼ ! ਅਸੀਂ ਅੱਜ ਦੇ ਬੱਚਿਆਂ ਨੂੰ ਪਿਛਲੇ ਸਮਿਆਂ ਦੇ ਉਨ੍ਹਾਂ ਖੁਸ਼ਨੁਮਾ ਮਾਹੌਲਾਂ ਤੋਂ ਅਵਗਤ ਕਰਾ ਸਕਦੇ ਹੁੰਦੇ !!!     

ਕਾਸ਼ ! ਕਿਤੇ ਉਹ ਬੀਤੇ ਵੇਲੇ ਮੁੜ ਆਵਣ....... 

 ਲੇਖਕ ਮਾਸਟਰ ਸੰਜੀਵ ਧਰਮਾਣੀ 

ਸ੍ਰੀ ਅਨੰਦਪੁਰ ਸਾਹਿਬ  

9478561356.