ਐਮਰਜੈਂਸੀ” ਫਿਲਮ ‘ਤੇ ਲੱਗੀ ਪਾਬੰਦੀ ਕਾਰਨ ਸੰਤ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦੱਸ ਕੇ, ਦੇਸ਼ ਅੰਦਰ ਭੜਕਾਹਟ ਪੈਦਾ ਕਰ ਰਹੀ ਹੈ ਕੰਗਨਾ ਰਨੌਤ: ਰਮਨਦੀਪ ਸਿੰਘ ਸੋਨੂੰ

ਐਮਰਜੈਂਸੀ” ਫਿਲਮ ‘ਤੇ ਲੱਗੀ ਪਾਬੰਦੀ ਕਾਰਨ ਸੰਤ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦੱਸ ਕੇ, ਦੇਸ਼ ਅੰਦਰ ਭੜਕਾਹਟ ਪੈਦਾ ਕਰ ਰਹੀ ਹੈ ਕੰਗਨਾ ਰਨੌਤ: ਰਮਨਦੀਪ ਸਿੰਘ ਸੋਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 18 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਰਮਨਦੀਪ ਸਿੰਘ ਸੋਨੂੰ ਫੁਲ ਨੇ ਮੀਡੀਆ ਨੂੰ ਜਾਰੀ ਬਿਆਨ ‘ਚ ਦਸਿਆ ਕਿ ਵਿਵਾਦਮਈ ਕਲਾਕਾਰ ਤੇ ਮੰਡੀ, ਹਿਮਾਚਲ ਤੋਂ ਭਾਜਪਾ ਸਾਂਸਦ ਕੰਗਨਾ ਰਨੌਤ ਵਲੋਂ ਫਿਰ ਵਿਵਾਦਤ ਬਿਆਨ ਦੇ ਕੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦਸਿਆ ਗਿਆ ਹੈ । ਅਕਾਲੀ ਦਲ ਇਸ ਬਿਆਨ ਦੀ ਸਖਤ ਨਿੰਦਾ ਕਰਦਾ ਹੈ । 

ਉਹਨਾਂ ਕਿਹਾ ਕਿ “ਐਮਰਜੈਂਸੀ” ਫਿਲਮ ਦੀ ਨਿਰਮਾਤਾ, ਨਿਰਦੇਸ਼ਕ ਕੰਗਨਾ ਦੀ ਫਿਲਮ ਨੂੰ ਸਿੱਖਾਂ ਦੇ ਇਤਰਾਜ਼ ਕਾਰਨ ਸਿਨੇਮਾ ਘਰਾਂ ਵਿਚ ਨਹੀਂ ਲੱਗਣ ਦਿਤਾ ਗਿਆ, ਜਿਸ ਕਾਰਨ ਉਹ ਵਿਵਾਦਤ ਬਿਆਨ ਦੇ ਰਹੀ ਹੈ, ਇਹ ਬਿਆਨ ਭਾਜਪਾ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਹਨ । 

ਸੋਨੂੰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਜੋ ਵਿਵਾਦ ਛਿੜਿਆ, ਉਸ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰਾਨ ਨੇ ਭਾਜਪਾ ਸਿੱਖ ਸੈੱਲ ਦੇ ਮੁਜ਼ਾਹਰੇ ਵਿਚ ਜਾ ਕੇ, ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ, ਪ੍ਰੰਤੂ ਦਿੱਲੀ ਕਮੇਟੀ ਮੈਂਬਰਾਂ ਨੂੰ ਕੰਗਨਾ ਵਲੋਂ ਸੰਤ ਭਿੰਡਰਾਂਵਾਲਿਆਂ ਪ੍ਰਤੀ ਵਰਤੀ ਗਈ ਅਪਮਾਨਜਨਕ ਭਾਸ਼ਾ ਦੇ ਰੋਸ ਕਰ ਕੇ, ਉਸ ਖਿਲਾਫ ਮੁਜ਼ਾਰਹਾ ਕਰਨਾ ਚਾਹੀਦਾ ਹੈ ।  

ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਲੋਂ 20 ਵੀਂ ਸਦੀ ਦੇ ਮਹਾਨ ਸਿੱਖ ਦੇ ਤੌਰ ‘ਤੇ ਸਨਮਾਨੇ ਗਏ ਹੋਏ ਹਨ । ਰਾਹੁਲ ਗਾਂਧੀ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਜਪਾ ਦੀ ਸਾਂਸਦ ਰਨੌਤ ਖਿਲਾਫ ਧਰਨਾ ਪ੍ਰਦਰਸ਼ਨ ਕਦੋਂ ਕਰਨਗੇ ? ਜਾਂ ਭਾਜਪਾ ਤੋਂ ਐਮ ਐਲ ਏ ਦੀਆਂ ਟਿਕਟਾਂ ਲੈਣ ਦੇ ਕਾਰਨ ਡਰ ਤੇ ਸਹਿਮ ਨਾਲ ਚੁਪ ਹਨ ।