ਗੁਰੂ ਦਾ ਅਦਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲ

ਗੁਰੂ ਦਾ ਅਦਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲ

ਸ਼੍ਰੋਮਣੀ ਕਮੇਟੀ ਨੇ ਜਿੱਥੇ ਆਪਣੀ ਵਿਸ਼ਵਾਸ਼-ਯੋਗਤਾ ਹੋਰ ਗਵਾ ਲਈ, ਉੱਥੇ ਹੀ ਆਪਣੇ ਭਰਾਵਾਂ ਨਾਲ ਇਹ ਵਿਹਾਰ ਕਰ ਕੇ ਦਰਬਾਰ ਸਾਹਿਬ ਦੇ ਅਦਬ ਨੂੰ ਵੀ ਨੁਕਸਾਨ ਪਹੁੰਚਾਇਆ। 

ਕਿਸੇ ਵੇਲੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਪ੍ਰਬੰਧਾਂ ਦੀ ਦੇਖ-ਰੇਖ ਲਈ ਬਣਾਈ ਗਈ ਸ਼੍ਰੋ.ਗੁ.ਪ੍ਰ.ਕ ਨੂੰ ਹੋਂਦ ਵਿੱਚ ਆਇਆਂ ਇਕ ਸਦੀ ਹੋ ਗਈ ਹੈ। ਇਹ ਸਫ਼ਰ ਤੈਅ ਕਰਦਿਆਂ ਅੱਜ ਇਸ ਪ੍ਰਬੰਧਕੀ ਸੰਸਥਾ ਉੱਤੇ ਬਹੁਤ ਸਵਾਲ ਉੱਠਦੇ ਰਹਿੰਦੇ ਹਨ। ਪ੍ਰਬੰਧ ਵਿੱਚ ਖ਼ਾਮੀਆਂ ਤੋਂ ਉੱਠੇ ਸਵਾਲ ਅੱਜ ਇੱਥੋਂ ਤੱਕ ਅੱਪੜ ਗਏ ਹਨ ਕਿ ਇਸ ਸੰਸਥਾ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਸੇਵਾ ਸੰਭਾਲ ਲਈ ਵੀ ਕਿੰਤੂ-ਪ੍ਰੰਤੂ ਹੋ ਰਹੇ ਹਨ। ਇਹ ਕਿੰਤੂ-ਪ੍ਰੰਤੂ ਮਹਿਜ ਹਵਾਈ ਨਹੀਂ ਹਨ ਸਗੋਂ ਸ਼੍ਰੋ.ਗੁ.ਪ੍ਰ.ਕ ਦੇ ਗੁਰੂ ਸਾਹਿਬ ਸਬੰਧੀ ਮਾਮਲਿਆਂ ਵਿੱਚ ਅਮਲ ਇਹਨਾਂ ਸਵਾਲਾਂ ਦਾ ਸਬੱਬ ਬਣ ਰਹੇ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਵਰ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਮਾਮਲਾ ਆਪਣੇ ਸਭ ਦੇ ਧਿਆਨ ਵਿੱਚ ਹੈ। ਸਿੱਖ ਸੰਗਤ ਨੇ ਆਪੋ ਆਪਣੀ ਬੁੱਧ ਅਤੇ ਤਰੀਕਿਆਂ ਰਾਹੀਂ ਸ਼੍ਰੋ.ਗੁ.ਪ੍ਰ.ਕ ਨੂੰ ਸਵਾਲ ਪੁੱਛੇ ਪਰ ਉਹਨਾਂ ਸਵਾਲਾਂ ਦੇ ਜਵਾਬ ਦੀ ਥਾਂ ਸਿੱਖ ਸੰਗਤ ਨਾਲ ਓਪਰਿਆਂ ਵਾਲਾ ਵਰਤਾਓ ਕੀਤਾ ਗਿਆ। ਇਸੇ ਸਬੰਧ ਵਿੱਚ 15 ਸਤੰਬਰ ਨੂੰ ਸ਼੍ਰੋ.ਗੁ.ਪ੍ਰ.ਕ ਦੇ ਮੁਲਾਜ਼ਮਾਂ ਵੱਲੋਂ ਧਰਨੇ 'ਚ ਸ਼ਾਮਿਲ ਹੋਣ ਆ ਰਹੀ ਸੰਗਤ ਅਤੇ ਪੱਤਰਕਾਰਾਂ ਨਾਲ ਕੁੱਟ ਮਾਰ ਕੀਤੀ ਗਈ। ਸ਼੍ਰੋਮਣੀ ਕਮੇਟੀ ਦੀ ਇਹ ਕਾਰਵਾਈ ਅਤਿ-ਦਰਜੇ ਦੀ ਘਟੀਆ ਕਾਰਵਾਈ ਸੀ ਜੋ ਇਸ ਦੇ ਰੱਵਈਏ ਉੱਤੇ ਇਕ ਵਾਰ ਫਿਰ ਸਵਾਲੀਆ ਚਿੰਨ੍ਹ ਲਗਾ ਗਈ। ਇਸ ਕਾਰਵਾਈ ਨਾਲ ਸ਼੍ਰੋਮਣੀ ਕਮੇਟੀ ਨੇ ਜਿੱਥੇ ਆਪਣੀ ਵਿਸ਼ਵਾਸ਼-ਯੋਗਤਾ ਹੋਰ ਗਵਾ ਲਈ, ਉੱਥੇ ਹੀ ਆਪਣੇ ਭਰਾਵਾਂ ਨਾਲ ਇਹ ਵਿਹਾਰ ਕਰ ਕੇ ਦਰਬਾਰ ਸਾਹਿਬ ਦੇ ਅਦਬ ਨੂੰ ਵੀ ਨੁਕਸਾਨ ਪਹੁੰਚਾਇਆ। 

ਇਸ ਦੇ ਨਾਲ ਹੁਣ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਉੱਥੇ ਵੀ ਇਸ ਸੰਸਥਾ ਦਾ ਅਮਲ ਸ਼ੱਕੀ ਬਣਦਾ ਜਾ ਰਿਹਾ ਹੈ। ਪਿਛਲੇ ਵਰ੍ਹੇ 27 ਜੂਨ ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਰਾਮਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਸ਼੍ਰੋ.ਗੁ.ਪ੍ਰ.ਕ ਦੇ ਮੁਲਾਜ਼ਮ ਕਾਹਲੀ ਨਾਲ ਗੁਰੂ ਸਾਹਿਬ ਦੇ ਸਰੂਪ ਉਥੋਂ ਲੈ ਗਏ ਤਾਂ ਕਿ ਇੱਥੇ ਸੰਗਤ ਇਕੱਠੀ ਨਾ ਹੋ ਸਕੇ। ਇਸੇ ਤਰ੍ਹਾਂ ਲੰਘੀ 25 ਜੂਨ ਨੂੰ ਇਸੇ ਜਿਲ੍ਹੇ ਦੇ ਪਿੰਡ ਜੌਲੀਆਂ ਵਿਖੇ ਕੀਤਾ ਗਿਆ ਪਰ ਐਤਕੀਂ ਸੰਗਤ ਦੇ ਵਿਰੋਧ ਕਰ ਕੇ ਸ਼੍ਰੋ.ਗੁ.ਪ੍ਰ.ਕ ਨੂੰ ਇੱਕ ਵਾਰ ਲਈ ਆਪਣੀ ਜਿੱਦ ਛੱਡਣੀ ਪਈ। ਪਰ ਉਸ ਤੋਂ ਬਾਅਦ ਦਾ ਜੋ ਅਮਲ ਰਿਹਾ ਉਹ ਹੋਰ ਵੀ ਨਿਘਾਰ ਵਾਲਾ ਰਿਹਾ।     26 ਜੂਨ ਨੂੰ ਜੌਲੀਆਂ ਪਿੰਡ ਹੋਈ ਇਕੱਤਰਤਾ ਵਿੱਚ ਸਿੱਖ-ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੂੰ ਪਸ਼ਚਾਤਾਪ ਦਾ ਪਾਠ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਕਿ ਭੋਗ ਵਾਲੇ ਦਿਨ ਸਿੱਖ ਸੰਗਤ ਅਤੇ ਜਥੇਬੰਦੀਆਂ ਦੇ ਵਿਚਾਰ ਲੈ ਕੇ ਕੋਈ ਫੈਸਲੇ ਕੀਤੇ ਜਾ ਸਕਣ ਅਤੇ ਉਦੋਂ ਤੱਕ ਪ੍ਰਸ਼ਾਸ਼ਨ ਨੂੰ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਗਲੀ ਇਕੱਤਰਤਾ ਲਈ 4 ਜੁਲਾਈ 2021 ਦਿਨ ਐਤਵਾਰ ਤੈਅ ਹੋਇਆ। 26 ਜੂਨ ਤੋਂ 4 ਜੁਲਾਈ ਤੱਕ ਬਹੁਤ ਸਖਸ਼ੀਅਤਾਂ ਪਿੰਡ ਜੌਲੀਆਂ ਵਿਖੇ ਆਈਆਂ ਜਿਨ੍ਹਾਂ ਵਿੱਚ ਸ਼੍ਰੋ.ਗੁ.ਪ੍ਰ.ਕ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਸਨ। ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬ ਲਈ 10 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਗਈ, ਜਿੰਨਾ ਨੇ ਸੱਚਖੰਡ ਵਿਚੋਂ ਗੁਰੂ ਸਾਹਿਬ ਦੇ ਸਰੂਪ ਕੱਢੇ ਸਨ ਓਹਨਾ ਨੂੰ 13-13 ਹਜ਼ਾਰ ਰੁਪਏ ਦਿੱਤੇ ਗਏ ਅਤੇ ਪਿੰਡ ਦੇ ਦੋ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇ ਕੇ ਉਹਨਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜਿੰਮੇਵਾਰੀ ਦੇਣ ਦਾ ਐਲਾਨ ਕੀਤਾ ਗਿਆ। ਬੇਸ਼ੱਕ ਇਹ ਵਧੀਆ ਉੱਦਮ ਕੀਤਾ ਹੈ ਪਰ ਇਹ ਘਟਨਾ ਕਿਉਂ ਵਾਪਰੀ ਇਸ ਗੱਲ ਨੂੰ ਅੱਖੋਂ ਪਰੋਖੇ ਕਰਨਾ ਅਤੇ ਕਸੂਰਵਾਰ ਵਿਅਕਤੀ ਲੱਭ ਕੇ ਕੋਈ ਵੀ ਅਨੁਸ਼ਾਸ਼ਨੀ ਕਾਰਵਾਈ ਨਾ ਕਰਨਾ ਬਹੁਤ ਗਲਤ ਗੱਲ ਹੈ। 

4 ਜੁਲਾਈ 2021 ਨੂੰ ਭੋਗ ਉਪਰੰਤ ਭਾਈ ਸੰਦੀਪ ਸਿੰਘ, ਹਜ਼ੂਰੀ ਰਾਗੀ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਗਿਆਨੀ ਬਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਹੁਕਮਨਾਮਾ ਸਾਹਿਬ ਲੈਣ ਉਪਰੰਤ ਗਿਆਨੀ ਬਲਵਿੰਦਰ ਸਿੰਘ ਨੇ ਕਰੀਬ 10 ਕੁ ਮਿੰਟ ਸੰਗਤਾਂ ਨਾਲ ਇਸ ਮਸਲੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਜਦੋਂ ਗਿਆਨੀ ਬਲਵਿੰਦਰ ਸਿੰਘ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰ ਰਹੇ ਸਨ ਤਾਂ ਗੁਰਦੁਆਰਾ ਸਾਹਿਬ ਅੰਦਰ ਜੋ ਬਾਕੀ ਮਾਇਕ ਸਨ ਉਹਨਾਂ ਨੂੰ ਬੰਦ ਕਰ ਕੇ ਇਕ ਪਾਸੇ ਰੱਖਿਆ ਜਾ ਰਿਹਾ ਸੀ। ਗਿਆਨੀ ਜੀ ਨੇ ਜਦੋਂ ਸਮਾਪਤੀ ਕੀਤੀ ਤਾਂ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਬਣਾਈ ਗਈ ਕਮੇਟੀ ਵਿੱਚੋਂ ਭਾਈ ਰਜਿੰਦਰ ਸਿੰਘ ਛੰਨਾ ਨੇ ਖੜੇ ਹੋ ਕੇ ਬਿਨਾਂ ਮਾਈਕ ਦੇ ਸੰਗਤ ਨੂੰ ਫਤਿਹ ਬੁਲਾਈ। ਉਹਨਾਂ ਦੇ ਫਤਿਹ ਬੁਲਾਉਂਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਅਤੇ ਪਿੰਡ ਦੇ ਕੁਝ ਵਿਅਕਤੀ ਉਹਨਾਂ ਦੇ ਆਲੇ ਦੁਆਲੇ ਹੋ ਗਏ। ਪਿੰਡ ਦੇ ਕੁਝ ਵਿਅਕਤੀ ਕਹਿਣ ਲੱਗੇ ਕਿ "ਅਸੀਂ ਪਹਿਲਾਂ ਹੀ ਬਹੁਤ ਦੁਖੀ ਹਾਂ, ਸਾਨੂੰ ਹੋਰ ਦੁੱਖ ਨਾ ਦੇਵੋ।" ਭਾਈ ਰਜਿੰਦਰ ਸਿੰਘ ਛੰਨਾ ਕਹਿ ਰਹੇ ਸਨ ਕਿ ਸੰਗਤ ਇੰਨੀ ਦੂਰੋਂ-ਦੂਰੋਂ ਆਈ ਹੈ ਅਤੇ ਸਾਡਾ ਬਤੌਰ ਕਮੇਟੀ ਮੈਂਬਰ ਇਹ ਫਰਜ਼ ਬਣਦਾ ਹੈ ਕਿ ਪ੍ਰਸ਼ਾਸ਼ਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਸੰਗਤ ਨੂੰ ਦੱਸਿਆ ਜਾਵੇ ਪਰ ਉਹਨਾ ਦੀ ਇਹ ਗੱਲ ਕਿਸੇ ਨੇ ਨਾ ਸੁਣੀ। ਭਾਈ ਬਲਦੇਵ ਸਿੰਘ ਵਡਾਲਾ ਅਨੁਸਾਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਕੀਰਤਨ ਨਾ ਕਰਨ ਦਿੱਤਾ ਗਿਆ। ਸਿੱਖ ਜਥੇਬੰਦੀਆਂ ਦੇ ਆਗੂ ਜੋ ਅੰਦਰ ਮੌਜੂਦ ਸਨ ਉਹ ਬਿਨਾਂ ਕਿਸੇ ਤਕਰਾਰਬਾਜ਼ੀ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਲਾਕੀ ਅਤੇ ਜਬਰ ਨਾਲ ਵਿਚਾਰਾਂ ਕਰਨ ਤੋਂ ਰੋਕਣ ਦਾ ਅਮਲ ਭਵਿੱਖ ਵਿੱਚ ਬਹੁਤ ਨੁਕਸਾਨਦੇਹ ਸਿੱਧ ਹੋਵੇਗਾ, ਜਿੱਥੇ ਵੀ ਅਜਿਹੀ ਘਟਨਾ ਵਾਪਰੇਗੀ ਉੱਥੇ ਸ਼੍ਰੋ.ਗੁ.ਪ੍ਰ.ਕ ਅਤੇ ਪਿੰਡ ਰਲ ਕੇ ਸਾਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿਆ ਕਰਨਗੇ, ਇਹ ਪਿਰਤ ਬੇਅਦਬੀਆਂ ਨੂੰ ਰੋਕਣ ਦੀ ਥਾਂ ਹੋਰ ਵਧਾਉਣ ਦਾ ਮੁੱਢ ਬੰਨ੍ਹੇਗੀ। ਇਸ ਪੁੱਠੀ ਪਿਰਤ ਨੂੰ ਵਕਤ ਸਿਰ ਰੋਕਣਾ ਬਹੁਤ ਜਰੂਰੀ ਹੈ। ਸ਼੍ਰੋ.ਗੁ.ਪ੍ਰ.ਕ ਨੂੰ ਇਹ ਗਲਤੀ ਦੁਹਰਾਉਣੀ ਨਹੀਂ ਚਾਹੀਦੀ। ਪਰ ਜੇਕਰ ਸ਼੍ਰੋ.ਗੁ.ਪ੍ਰ.ਕ ਇਹ ਅਮਲ ਭਵਿੱਖ ਵਿੱਚ ਵੀ ਜਾਰੀ ਰੱਖਦੀ ਹੈ ਤਾਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਨੂੰ ਇਸ ਉੱਤੇ ਸਖ਼ਤ ਫੈਸਲੇ ਲੈਣ ਦੀ ਲੋੜ ਹੈ।  


 

ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼