ਦੀਰਘ ਰੋਗ  

ਦੀਰਘ ਰੋਗ  

ਸਿੱਖ-ਸੁਰਤਿ ਵਿੱਚੋਂ ਇਲਾਹੀ ਹੁਕਮ ਅਤੇ ਰਜਾ ਦਾ ਅਹਿਸਾਸ ਪੇਤਲਾ ਹੋ ਗਿਆ ਹੈ

ਗੁਰੂ ਕੁਦਰਤੀ ਅਤੇ ਰੂਹਾਨੀ ਤੌਰ 'ਤੇ ਸਰਵੋਤਮ ਹੈ। ਗੁਰੂ ਸਾਹਿਬ ਨੇ ਗੁਰਿਆਈ ਸਾਂਝੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੈ। ਗੁਰ-ਜੋਤ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਵਿੱਚ ਵਿਦਮਾਨ ਹੈ ਅਤੇ ਦੇਹ-ਰੂਪ ਵਿੱਚ ਗੁਰੂ ਪੰਥ ਵਿੱਚ ਪਰਕਾਸ਼ਮਾਨ ਹੈ। ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਇੱਕ ਖਾਸ ਜਬਤ ਦਿੱਤਾ ਹੈ। ਗੁਰਮੁਖਿ ਰਹਿਤ 'ਚ ਚੱਲਦਿਆਂ ਹੀ ਖਾਲਸਾ ਗੁਰੂ ਦੇ ਗੁਣ ਧਾਰਨ ਕਰ ਸਕਦਾ ਹੈ। ਗੁਰੂ ਖਾਲਸਾ ਪੰਥ ਆਮ ਲੋਕਾਂ ਦਾ ਸਭਿਆਚਾਰ ਨਹੀਂ ਸਗੋਂ ਇਹ ਆਤਮਕ ਤੌਰ 'ਤੇ ਜਾਗੀਆਂ ਹੋਈਆਂ ਰੂਹਾਂ ਦੇ ਜੀਵਨ-ਰੌਂਅ ਦਾ ਨਾਂ ਹੈ। ਗੁਰੂ ਖਾਲਸਾ ਪੰਥ ਅਤੇ ਸੰਪਰਦਾ ਜਾਂ ਸਮਾਜੀ-ਰਾਜਸੀ ਸਭਾਵਾਂ/ਧੜਿਆਂ ਵਿੱਚ ਫਰਕ ਇਹ ਹੈ ਕਿ ਪੰਥ ਇਲਾਹੀ ਨੇਮ ਅਤੇ ਰੂਹਾਨੀ ਜੀਵਨ ਦੇ ਰਾਹ 'ਤੇ ਹੁੰਦਾ ਹੈ ਅਤੇ ਸਮਾਜੀ-ਰਾਜਸੀ ਸਭਾਵਾਂ ਕਿਸੇ ਖਾਸ ਵਿਚਾਰਧਾਰਾ ਦੇ ਰਾਹ ਤੁਰਦੀਆਂ ਹਨ। ਸੰਪਰਦਾ ਕਿਸੇ ਵੇਲੇ ਤਵਾਰੀਖ ਵਿੱਚ ਕਿਰਿਆਸ਼ੀਲ ਰਹੀ ਹੁੰਦੀ ਹੈ ਪਰ ਉਹ ਸਦਾ ਕਿਰਿਆਸ਼ੀਲ ਨਹੀਂ ਰਹਿੰਦੀ। ਗੁਰੂ ਖਾਲਸਾ ਪੰਥ ਸਦਾ ਕਿਰਿਆਸ਼ੀਲ ਅਤੇ ਵਿਗਾਸ ਵਿੱਚ ਹੈ। ਇਸ ਲਈ ਕੋਈ ਵੀ ਦਲ, ਧਰਮ ਪ੍ਰਚਾਰਕ ਜਥਾ, ਧਾਰਮਕ ਬਣਤਰਾਂ (ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਕਾਦਮਿਕ ਕੇਂਦਰ ਵਗੈਰਾ) ਜਾਂ ਰਾਜਸੀ ਧੜਾ ਇੱਕਲਾ ਆਪਣੇ ਆਪ ਵਿੱਚ ਖਾਲਸਾ ਪੰਥ ਦਾ ਨੁਮਇੰਦਾ ਨਹੀਂ ਹੋ ਸਕਦਾ। 

ਸਿੱਖ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਖਾਤਬ ਰਿਹਾ ਹੈ ਅਤੇ ਗੁਰ-ਸੰਗਤਿ ਦੀ ਨੁਮਾਇੰਦਾ ਜਥੇਬੰਦੀ ਖਾਲਸਾ ਪੰਥ ਰਹੀ ਹੈ। ਖਾਲਸਾ ਪੰਥ ਦੇ ਜਥਿਆਂ ਵਿੱਚ ਸੂਤਰਧਾਰ ਦੀ ਭੂਮਿਕਾ ਗੁਰਮਤਿ ਅਤੇ ਪੰਥਕ ਪਰੰਪਰਾ ਨਿਭਾਉਂਦੀ ਹੈ। ਅਗਵਾਈ ਪੰਚ ਪ੍ਰਧਾਨੀ ਅਤੇ ਫੈਸਲੇ ਸੰਗਤ ਰੂਪ ਵਿੱਚ ਕਰਨੇ, ਜਥੇਬੰਦ ਹੋਣ ਦਾ ਬੁਨਿਆਦੀ ਨੁਕਤਾ ਹੈ। ਗੁਰੂ ਖਾਲਸਾ ਪੰਥ ਵਿੱਚ ਸ੍ਰੀ ਗੁਰੂ ਨਾਨਕ ਸੱਚੇ ਪਾਤਿਸਾਹ ਹਜੂਰ ਦੇ ਸਮੇਂ ਤੋਂ ਹੀ ਆਗੂ ਚੁਣਨ ਦੀ ਰਵਾਇਤ ਗੁਣ ਅਧਾਰਤ ਰਹੀ ਹੈ। ਸੇਵਾ ਅਤੇ ਸਿਰੜ ਰਾਹੀਂ ਆਪਣੇ ਆਪ ਉੱਚੀਆਂ ਸ਼ਖਸੀਅਤਾਂ ਪ੍ਰਤੱਖ ਨਿੱਤਰ ਆਉਦੀਆਂ ਹਨ। ਵੋਟਾਂ ਦੇ ਜਰੀਏ ਬਹੁਗਿਣਤੀ ਨਾਲ ਆਗੂ ਥਾਪਣ ਦੀ ਪ੍ਰਥਾ ਨਹੀਂ ਸੀ। ਗੁਰੂ ਖਾਲਸਾ ਪੰਥ ਅੰਦਰ ਅਗਵਾਈ ਦੀ ਪੰਚ-ਪ੍ਰਧਾਨੀ ਪ੍ਰਣਾਲੀ ਦੀ ਪਰੰਪਰਾ ਹੈ। ਜਥੇ ਦੇ ਪੱਧਰ ਉੱਤੇ ਅਗਵਾਈ ਵਿੱਚ ਸ਼ਬਦ ਦੇ ਅਭਿਆਸੀ-ਬਾਣੀ ਦੇ ਰਸੀਏ, ਪੰਥ ਦਰਦੀ ਤੇ ਦੁਨਿਆਵੀ ਗੁਣਾਂ ਵਿੱਚ ਮਾਹਰ ਸ਼ਖਸੀਅਤ ਦਾ ਤਵਾਜਨ ਹੁੰਦਾ ਹੈ/ਹੋਣਾ ਚਾਹੀਦਾ ਹੈ। 

ਪ੍ਰੋ. ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ ਕਿ "ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰ ਦੇ ਨੇੜੇ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਫਿਤਰਤ ਵਿੱਚ ਆਪਣੇ ਮਜ਼੍ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਪਈਆਂ ਹੁੰਦੀਆਂ ਹਨ। ਉਨ੍ਹਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿੱਚ ਉਨ੍ਹਾਂ ਦੇ ਜਨਾਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿੱਚ ਪਏ ਹੁੰਦੇ ਹਨ। ਉਸਦੀ ਕਹਿਣੀ ਅਤੇ ਕਰਨੀ ਵਿੱਚ ਗੁਰੂ-ਪੈਗੰਬਰ ਦੀ ਅਤਿ ਨੇੜੇ ਦੀ ਛੋਹ ਹੁੰਦੀ ਹੈ। ਉਦੋਂ ਇਸਦੀ ਸਮੂਹਿਕ ਚੇਤਨਾ ਕਿਸੇ ਪ੍ਰਕਾਰ ਦੇ ਵਿਰੋਧ-ਵਿਕਾਸ ਦੇ ਅਸੂਲ ਦੀ ਸਰਦਾਰੀ ਨਹੀਂ ਕਬੂਲਦੀ, ਉਦੋਂ ਇਸਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ, ਕਿਉਂਕਿ ਉਦੋਂ ਇਤਿਹਾਸ ਇਸ ਵਿਚੋਂ ਜਨਮ ਲੈਂਦੇ ਹਨ। ਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ਼੍ਹਬਾਂ ਦੀ ਇਹ ਪਹਿਲ-ਤਾਜ਼ਗੀ ਵਾਲੀ ਅਵਸਥਾ ਕਮਜ਼ੋਰ ਪੈਣ ਲਗਦੀ ਹੈ। ਜਦੋਂ ਇਸ ਦੀ ਤੀਬਰਤਾ ਘਟਦੀ ਹੈ ਤਾਂ ਕੌਮਾਂ ਦੇ ਮਨ ਕਮਜ਼ੋਰ ਪੈਣ ਲਗਦੇ ਹਨ ਅਤੇ ਸਿੱਟੇ ਵਜੋਂ ਇਨ੍ਹਾਂ ਦੀ ਕਹਿਣੀ ਅਤੇ ਕਰਣੀ ਬਾਹਰਲੇ ਹਾਲਾਤਾਂ ਦੇ ਅਧੀਨ ਹੋ ਜਾਂਦੀ ਹੈ।" ਮੌਜੂਦਾ ਦੌਰ ਦੇ ਸਾਡੇ ਅਮਲ ਪ੍ਰੋ. ਹਰਿੰਦਰ ਸਿੰਘ ਦੀਆਂ ਇਹਨਾਂ ਸਤਰਾਂ ਦੀ ਹੂ-ਬ-ਹੂ ਗਵਾਹੀ ਭਰਦੇ ਹਨ। ਮੌਜੂਦਾ ਦੌਰ ਵਿੱਚ ਬਹੁਗਿਣਤੀ ਸਿੱਖਾਂ ਦੀ ਰਹਿਤ ਦਾ ਕੇਂਦਰ ਗੁਰੂ-ਲਿਵ (ਨਾਮ-ਬਾਣੀ) ਨਹੀਂ ਰਿਹਾ ਜਿਸ ਕਾਰਨ ਸਿੱਖ-ਸੁਰਤਿ ਵਿੱਚੋਂ ਇਲਾਹੀ ਹੁਕਮ ਅਤੇ ਰਜਾ ਦਾ ਅਹਿਸਾਸ ਪੇਤਲਾ ਹੋ ਗਿਆ ਹੈ। ਸਿੱਖ ਇਲਾਹੀ ਬਖਸ਼ਿਸ਼ ਦੀ ਬਜਾਏ ਸਿਰਫ ਇਨਸਾਨੀ ਉਪਾਅ/ਵਿਧੀਆਂ ਉਪਰ ਟੇਕ ਰੱਖਣ ਲੱਗਾ ਹੈ। ਜਦੋਂ ਤੋਂ ਸਿੱਖ ਬਰਤਾਨਵੀ ਵਿਦਿਆ-ਤੰਤਰ ਨਾਲ ਸਿਧਾਏ ਗਏ ਉਦੋਂ ਤੋਂ ਜਿਊਂਦੇ ਧੜਕਦੇ ਅਹਿਸਾਸ ਵਾਲੀ ਪ੍ਰਤੀਤੀ ਸੱਤਿਆ ਨੂੰ ਡਾਢੀ ਸੱਟ ਵੱਜੀ ਹੈ। ਸਿੱਖਾਂ ਨੇ ਭਾਵੇਂ ਅਖੌਤੀ ਆਧੁਨਿਕਤਾ ਦੇ ਹਾਣੀ ਬਣਦਿਆਂ ਸਿੱਖ ਪਰੰਪਰਾ ਛੱਡੀ ਪਰ ਇਸ ਵਿੱਚੋਂ ਆਪਣੇ ਵਿਰਾਸਤੀ ਆਪੇ ਤੋਂ ਉੱਚਾ ਆਦਰਸ਼ ਅਤੇ ਅਮਲ ਨਹੀਂ ਪੈਦਾ ਕਰ ਸਕੇ ਸਗੋਂ ਸਰਬੱਤ ਦੇ ਭਲੇ ਦੇ ਉੱਚੇ ਆਦਰਸ਼ ਦੀ ਬਜਾਏ ਨਿੱਜ-ਪ੍ਰਸਤ, ਬੇਵਿਸ਼ਵਾਸੇ, ਕੂੜਿਆਰੇ ਅਮਲ ਵਾਲੇ ਆਗੂ ਉਭਰ ਰਹੇ ਹਨ। ਇਸ ਤਰ੍ਹਾਂ ਦੇ ਆਗੂ ਸਿਰਫ ਉਭਰ ਹੀ ਨਹੀਂ ਰਹੇ ਸਗੋਂ ਸਿੱਖਾਂ ਦਾ ਵੱਡਾ ਹਿੱਸਾ ਉਹਨਾਂ ਨੂੰ ਪ੍ਰਵਾਨ ਵੀ ਕਰ ਰਿਹਾ ਹੈ। ਇਸ ਅਮਲ ਨੇ ਹੁਣ ਬਹੁਤ ਰਫਤਾਰ ਫੜੀ ਹੋਈ ਹੈ। ਸਾਡੇ ਵੱਡੇ ਆਖ ਗਏ ਕਿ ਸਿੱਖੀ ਗੱਲਾਂ ਨਾਲ ਨਹੀਂ ਸਗੋਂ ਅਮਲਾਂ ਨਾਲ ਫੈਲਦੀ ਹੈ ਪਰ ਬਿਜਲ ਸੱਥ ਦੇ ਪਸਾਰਾਂ ਕਰਕੇ ਹੁਣ ਅਮਲਾਂ ਨਾਲੋਂ ਗੱਲਾਂ ਵਾਲਿਆਂ ਨੂੰ ਵੱਧ ਥਾਂ ਮਿਲਣ ਲੱਗੀ ਹੈ ਜੋ ਕਿ ਇੱਕ ਖਤਰਨਾਕ ਰੁਝਾਨ ਹੈ। ਇਸ ਵਿੱਚ ਵੀ ਕੋਈ ਦੋ-ਰਾਇ ਨਹੀਂ ਹੈ ਕਿ ਅਮਲਾਂ ਦਾ ਕੱਚਾ ਮਨੁੱਖ ਵੀ ਕਿਸੇ ਕਾਰਜ ਵਿੱਚ ਕੋਈ ਤਿਲ-ਫੁੱਲ ਯੋਗਦਾਨ ਇਮਾਨਦਾਰੀ ਨਾਲ ਪਾ ਸਕਦਾ ਹੈ ਪਰ ਉਸ ਨੂੰ ਆਗੂ ਬਣਾ ਪੇਸ਼ ਕਰਨਾ ਜਾਂ ਸਮਝ ਲੈਣਾ ਜਾਂ ਪ੍ਰਵਾਨ ਕਰ ਲੈਣਾ ਬਹੁਤ ਵੱਡੀ ਭੁੱਲ ਹੈ, ਇਹ ਪੰਥ ਦੀ ਰਵਾਇਤ ਨਹੀਂ ਹੈ। 

ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਪਣੀ ਕਿਤਾਬ 'ਸਹਿਜੇ ਰਚਿਓ ਖਾਲਸਾ' ਵਿੱਚ ਲਿਖਦੇ ਹਨ ਕਿ "ਖਾਲਸੇ ਦੀ ਧਾਰਮਿਕ ਗਤੀ ਰਾਜਸੀ ਨਿਜ਼ਾਮਾਂ ਨੂੰ ਜਨਮ ਦੇਵੇਗੀ ਅਤੇ ਉਹਨਾਂ ਨੂੰ ਆਪਣੇ ਸੁਰਤਾਲ ਵਿੱਚ ਰੱਖੇਗੀ, ਪਰ ਕਿਸੇ ਵੀ ਰਾਜਸੀ ਨਿਜ਼ਾਮ ਨੂੰ ਖ਼ਾਲਸਾ ਆਪਣੀ ਧਾਰਮਿਕ ਗਤੀ ਉੱਤੇ ਹਾਵੀ ਨਹੀਂ ਹੋਣ ਦਵੇਗਾ।" ਆਪਾਂ ਉੱਪਰ ਵੀ ਪੜ੍ਹ ਆਏ ਹਾਂ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਇੱਕ ਖਾਸ ਜਬਤ ਦਿੱਤਾ ਹੈ। ਗੁਰਮੁਖਿ ਰਹਿਤ 'ਚ ਚੱਲਦਿਆਂ ਹੀ ਖਾਲਸਾ ਗੁਰੂ ਦੇ ਗੁਣ ਧਾਰਨ ਕਰ ਸਕਦਾ ਹੈ। ਪਰ ਨਿੱਜ-ਪ੍ਰਸਤ, ਬੇਵਿਸ਼ਵਾਸੇ ਅਤੇ ਕੂੜਿਆਰੇ ਅਮਲ ਵਾਲੇ ਆਗੂਆਂ ਦੇ ਉਭਾਰ ਵਾਲੇ ਇਸ ਦੀਰਘ ਰੋਗ ਦਾ ਇਲਾਜ ਉਨ੍ਹਾਂ ਪੰਥਕ ਰਵਾਇਤਾਂ ਦੀ ਪੁਨਰ-ਸੁਰਜੀਤੀ ਵਿੱਚ ਪਿਆ ਹੈ, ਜਿਨ੍ਹਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ। ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਆਪਣੀਆਂ ਰਵਾਇਤਾਂ ਨੂੰ ਮੁੜ-ਸੁਰਜੀਤ ਕਰਨ ਲਈ ਯਤਨਸ਼ੀਲ ਹੋ ਸਕੀਏ ਅਤੇ ਘੜੀ-ਮੁੜੀ ਕਿਸੇ ਵੀ ਮਨੁੱਖ ਵੱਲ ਉਲਾਰੂ ਹੋ ਕੇ, ਉਸ ਉਤੇ ਟੇਕ ਰੱਖ ਕੇ ਆਪਣਾ ਆਗੂ ਸਮਝਣ/ਪ੍ਰਵਾਨ ਕਰਨ ਤੋਂ ਮੋੜਾ ਕੱਟ ਸਕੀਏ ਅਤੇ ਆਪਣੀ ਰਵਾਇਤ ਅਨੁਸਾਰ ਆਗੂ ਚੁਣਨ ਦੇ ਰਾਹ ਪੈ ਸਕੀਏ। 

 

ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼