ਸ਼੍ਰੋਮਣੀ ਕਮੇਟੀ ਉੱਪਰ ਬਾਦਲ ਦਲ ਦੀ ਜਿੱਤ ਤੇ ਅਕਾਲੀ ਦਲ ਲਈ ਚਿੰਤਨ ਦਾ ਵੇਲਾ

ਸ਼੍ਰੋਮਣੀ ਕਮੇਟੀ ਉੱਪਰ ਬਾਦਲ ਦਲ ਦੀ ਜਿੱਤ ਤੇ ਅਕਾਲੀ ਦਲ ਲਈ ਚਿੰਤਨ ਦਾ ਵੇਲਾ

ਸੁਖਬੀਰ ਬਾਦਲ ਦੇ ਸਮਰਥਨ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਹੀਂ ਸਗੋਂ ਸੁਖਬੀਰ ਬਾਦਲ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਇਸ ਵਾਰ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਹਰਜਿੰਦਰ ਸਿੰਘ ਧਾਮੀ ਨੂੰ ਚੋਣਾਂ ਵਿੱਚ ਹਰਾਉਣ ਅਤੇ ਅਕਾਲੀ ਦਲ ਨੂੰ ਹੋਰ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਸੁਖਬੀਰ ਬਾਦਲ ਨੇ ਪਰਦੇ ਪਿੱਛੇ ਸਥਿਤੀ ਬਦਲ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਤਨਖ਼ਾਹੀਆ ਹੋਣ ਦੇ ਕਾਰਨ ਤੇ ਉਨ੍ਹਾਂ ਦੇ ਬੇਹੱਦ ਕਰੀਬੀ ਰਹੇ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਪ੍ਰਾਪਤ ਕਰਨ ਤੋਂ ਬਾਅਦ ਜਿਸ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਉਸ ਤੋਂ ਜਾਪਦਾ ਸੀ ਕਿ ਇਸ ਵਾਰ ਬਾਦਲ ਦਲ ਦੇ ਉਮੀਦਵਾਰ ਦਾ ਮੁਕਾਬਲਾ ਕਰਨਾ ਔਖਾ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਜਿੱਤ ਪ੍ਰਾਪਤ ਕਰਨੀ ਸੌਖੀ ਨਹੀਂ ਹੋਵੇਗੀ ਪਰ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਪਰਦੇ ਪਿੱਛੇ ਰਹਿ ਕੇ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਾਇਮ ਰੱਖਿਆ, ਉਸ ਨਾਲ ਹਰਜਿੰਦਰ ਸਿੰਘ ਧਾਮੀ ਦਾ ਚੌਥੀ ਵਾਰ ਪ੍ਰਧਾਨ ਬਣਨਾ ਆਸਾਨ ਹੋ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਈ ਬਣੇ ਵੱਖਰੇ ਧੜੇ ਨੂੰ ਬੀਬੀ ਜਗੀਰ ਕੌਰ ਦੀ ਹਾਰ ਕਾਰਨ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇਸ ਵਾਰ ਬੀਬੀ ਜਗੀਰ ਕੌਰ ਨੂੰ ਪਿਛਲੇ ਸਾਲ ਨਾਲੋਂ ਨੌਂ ਘੱਟ ਵੋਟਾਂ ਮਿਲੀਆਂ ਹਨ। ਹਾਲਾਂਕਿ ਕਈ ਮਹਾਂਰਥੀ ਅਕਾਲੀ ਆਗੂ ਬੀਬੀ ਜਗੀਰ ਕੌਰ ਦੇ ਸਮਰਥਨ ਵਿੱਚ ਸਨ ਪਰ ਉਹ ਬੀਬੀ ਜਗੀਰ ਕੌਰ ਨੂੰ ਜਿਤਾਉਣ ਵਿੱਚ ਕਾਮਯਾਬ ਨਾ ਹੋ ਸਕੇ। ਹਾਰ ਤੋਂ ਬਾਅਦ ਜਿਸ ਤਰ੍ਹਾਂ ਬੀਬੀ ਜਾਗੀਰ ਕੌਰ ਨੇ ਧਾਮੀ ਪੱਖੀ ਮੈਂਬਰਾਂ ਨੂੰ ਮਰੀ ਹੋਈ ਜ਼ਮੀਰ ਵਾਲਾ ਦੱਸਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਗਰੁੱਪ ਇਸ ਹਾਰ ਤੋਂ ਕਾਫ਼ੀ ਨਿਰਾਸ਼ ਹੈ।
ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਹੀਂ ਸਗੋਂ ਸੁਖਬੀਰ ਬਾਦਲ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਇਸ ਵਾਰ ਉਨ੍ਹਾਂ ਦੀਆਂ ਬਾਗੀਆਂ ਨੇ ਵੀ ਹਰਜਿੰਦਰ ਸਿੰਘ ਧਾਮੀ ਨੂੰ ਚੋਣਾਂ ਵਿੱਚ ਹਰਾਉਣ ਅਤੇ ਅਕਾਲੀ ਦਲ ਨੂੰ ਹੋਰ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੇ।

ਯਾਦ ਰਹੇ ਕਿ ਬਾਦਲ ਅਕਾਲੀ ਦਲ ਨੇ ਚਾਰ ਵਿਧਾਨ ਸਭਾ ਸੀਟਾਂ ਲਈ ਚੋਣ ਮੈਦਾਨ ਤੋਂ ਦੂਰੀ ਬਣਾ ਲਈ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਉਸ ਲਈ ਇਨ੍ਹਾਂ ਚਾਰ ਸੀਟਾਂ ਨਾਲੋਂ ਵੀ ਵੱਧ ਅਹਿਮ ਹੈ। ਸੁਖਬੀਰ ਬਾਦਲ ਇਸ ਪੱਖੋਂ ਕਾਮਯਾਬ ਰਹੇ ਹਨ, ਕਿਉਂਕਿ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਬਾਦਲ ਦਲ ਪੱਖੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣਾ ਫ਼ੈਸਲਾ ਨਹੀਂ ਬਦਲਿਆ। ਸੁਖਬੀਰ ਦੀ ਇਸ ਜਿੱਤ ਦਾ ਸਿੰਘ ਸਾਹਿਬਾਨ ਦੇ ਫ਼ੈਸਲਿਆਂ ੳੁੱਪਰ ਵੀ ਪ੍ਰਭਾਵ ਪਵੇਗਾ। ਸ਼੍ਰੋਮਣੀ ਕਮੇਟੀ ਵੱਲਂੋ ਸਲਾਹਕਾਰ ਬੋਰਡ ਬਣਾਉਣ ਦੇ ਬਾਅਦ ਤਨਖ਼ਾਹੀਆ ਸੁਖਬੀਰ ਸਿੰਘ ਬਾਦਲ ਨੂੰ ਹੁਣ ਜਥੇਦਾਰ ਆਪਣੇ ਵਿਵੇਕ ਨਾਲ ਕੋਈ ਤਨਖ਼ਾਹ ਨਹੀਂ ਲਗਾ ਸਕਣਗੇ, ਜਦਕਿ ਸੰਗਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਉਹ ਬੱਜਰ ਗੁਨਾਹ ਕੀਤੇ ਹਨ,  ਇਸ ਲਈ ਉਸ ਨੂੰ ਸਿਆਸੀ ਤਨਖ਼ਾਹ ਲਗਾਈ ਜਾਵੇ। ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਾ ਰਹੇ ਅਕਾਲ ਤਖ਼ਤ ਸਾਹਿਬ ਦੇ ਸਲਾਹਕਾਰ ਬੋਰਡ ਪਿੱਛੇ ਇਹੀ ਆਧਾਰ ਹੋਵੇ। ਇਹ ਵੀ ਸੰਭਵ ਹੈ ਕਿ  ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ ਕਿਉਂਕਿ  ਵਿਰਸਾ ਸਿੰਘ ਵਲਟੋਹਾ ਨੇ ਦੁਬਾਰਾ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ ਪਰ ਅਕਾਲ ਤਖ਼ਤ ਸਾਹਿਬ ਦੇ ਕਾਰਜਾਂ ਵਿੱਚ ਦਖ਼ਲ-ਅੰਦਾਜ਼ੀ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਤੌਰ ਉੱਪਰ ਮਹਿੰਗੀ ਪੈ ਸਕਦੀ ਹੈ।
ਖੈਰ, ਇਸ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਹੀਂ ਸਗੋਂ ਸੁਖਬੀਰ ਬਾਦਲ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਦੀ ਚੋਣ ਪੰਥਕ ਧਿਰਾਂ ਵਿੱਚ ਰਾਸ ਆਈ ਹੈ।  ਐਡਵੋਕੇਟ ਹਰਜਿੰਦਰ ਸਿੰਘ ਧਾਮੀ  ਸਿਦਕ ਵਾਲੇ ਅਤੇ ਸਮਰਪਿਤ ਸ਼ਖਸੀਅਤ ਹਨ। ਪਿਛਲੇ 3 ਸਾਲ ਤੋਂ ਉਹ ਇਸ ਅਹੁਦੇ ’ਤੇ ਰਹਿੰਦਿਆਂ ਵੀ ਵੱਡੀ ਹੱਦ ਤੱਕ ਨਿਰਵਿਵਾਦ ਸ਼ਖ਼ਸੀਅਤ ਬਣੇ ਰਹੇ ਹਨ ਜਿਸ ਕਰਕੇ ਪੰਥਕ ਸਫ਼ਾਂ ਵਿੱਚ ਉਨ੍ਹਾਂ ਦੇ ਪ੍ਰਭਾਵ ਨੂੰ ਮੰਨਿਆ ਜਾਂਦਾ ਰਿਹਾ ਹੈ। ਚਾਹੇ ਚੌਥੀ ਵਾਰ ਉਨ੍ਹਾਂ ਦੀ ਇਸ ਚੋਣ ਨੂੰ ਇਸ ਲਈ ਵੀ ਆਖ਼ਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਇਸ ਸਦਨ ਦਾ ਕਾਰਜਕਾਲ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਚੁੱਕਾ ਹੈ। ਲਗਾਤਾਰ ਇਥੇ ਪੈਦਾ ਹੁੰਦੇ ਰਹੇ ਹਾਲਾਤ ਕਾਰਨ ਅਤੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਦੀਆਂ ਆਪੋ-ਆਪਣੀਆਂ ਤਰਜੀਹਾਂ ਕਾਰਨ ਇਹ ਚੋਣਾਂ ਨਹੀਂ ਸਨ ਕਰਵਾਈਆਂ ਜਾ ਸਕੀਆਂ। ਇਸ ਲਈ ਆਪਣਾ ਸਮਾਂ ਪੂਰਾ ਕਰ ਚੁੱਕੇ ਸਦਨ ਵਿਚੋਂ ਹੀ ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਹਰ ਸਾਲ ਨਵੇਂ ਅਹੁਦੇਦਾਰ ਚੁਣ ਕੇ ਕੰਮਕਾਰ ਚਲਾਇਆ ਜਾਂਦਾ ਰਿਹਾ ਹੈ। ਪਰ ਇਸ ਦੇ ਨਾਲ ਹੀ ਅਕਾਲੀ ਦਲ ਨੇ ਸੁਧਾਰ ਲਹਿਰ ਦੇ ਆਗੂਆਂ ਨੂੰ ਹੋਰ ਮਿਹਨਤ ਕਰਨ ਦਾ ਸੁਨੇਹਾ ਦਿੱਤਾ ਹੈ।
ਸੁਆਲ ਇਹ ਵੀ ਸਮੇਂ ਦੇ ਗਰਭ ਵਿੱਚ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਪੰਥਕ  ਮਾਨਸਿਕਤਾ ਨੂੰ ਜਿੱਤ ਸਕਣਗੇ ਤੇ ਆਪਣਾ ਸਿਆਸੀ ਆਧਾਰ ਕਾਇਮ ਕਰ ਸਕਣਗੇ? ਬਾਦਲ ਅਕਾਲੀ ਦਲ ਨੂੰ ਗੰਭੀਰਤਾ ਨਾਲ ਇਸ ਸੰਬੰਧੀ ਚਿੰਤਨ ਕਰਨ ਦੀ ਵੀ ਲੋੜ ਹੈ। ਇਸ ਦੇ ਨਵੇਂ ਰੂਪ ਵਿੱਚ ਉਭਾਰ  ਤੇ ਪੰਥ ਤੇ ਪੰਜਾਬ ਹਿਤੂ ਨੀਤੀਆਂ ਸਿਰਜਣ ਤੇ ਅਪਨਾਉਣ ਨਾਲ ਹੀ ਇਸ ਨੂੰ ਮੁੜ ਸਿੱਖ ਪੰਥ ਅਤੇ ਸਮੂਹ ਪੰਜਾਬੀਆਂ ਦਾ ਵੱਡਾ ਹੁੰਗਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ।

 

ਸੰਪਾਦਕੀ