ਨਵੀਂ ਤਕਨਾਲੋਜੀ ਦੇ ਲੋਕਾਂ 'ਤੇ ਪੈਣ ਵਾਲੇ ਅਸਰ

ਨਵੀਂ ਤਕਨਾਲੋਜੀ ਦੇ ਲੋਕਾਂ 'ਤੇ ਪੈਣ ਵਾਲੇ ਅਸਰ

ਅੰਕੜਿਆਂ ਅਨੁਸਾਰ ਇੰਟਰਨੈੱਟ 'ਤੇ ਖਬਰਾਂ ਵੇਖਣ ਵਾਲੇ ਲੋਕਾਂ ਦੀ ਪਹੁੰਚ ਲਗਾਤਾਰ ਘਟ ਰਹੀ ਹੈ

ਕੰਪਿਊਟਰ ਤਕਨਾਲੋਜੀ ਵਿਚ ਹਰ ਰੋਜ਼ ਨਵੀਂ ਖੋਜ ਹੋ ਰਹੀ ਹੈ। ਹਰੇਕ ਖੋਜ ਕੁੱਝ ਖਾਸ ਧਿਰ ਦੇ ਚੋਣਵੇਂ ਮਨੁੱਖਾਂ ਦੀ ਸੌਖ ਨੂੰ ਵਧਾਉਣ ਲਈ ਜਾਂ ਫਿਰ ਨਵੀਂ ਤਕਨਾਲੋਜੀ ਨੂੰ ਦੁਨੀਆਂ ਨੂੰ ਵੇਚ ਕੇ ਪੈਸੇ ਕਮਾਉਣ ਲਈ ਹੋ ਰਹੀ ਹੈ। ਕਾਫੀ ਸਾਲਾਂ ਤੋਂ ਇਸ ਖੇਤਰ ਵਿਚ ਬਨਾਵਟੀ ਅਕਲ ਦੀ ਗੱਲ ਚੱਲ ਰਹੀ ਹੈ ਜਿਸ ਦੇ ਸਹਾਰੇ ਮਨੁੱਖਾਂ ਦੇ ਕਰਨ ਵਾਲੇ ਸਧਾਰਨ ਅਤੇ ਦੁਹਰਾਓ ਵਾਲੇ ਕੰਮਾਂ ਨੂੰ ਕੰਪਿਊਟਰ ਨੂੰ ਸਿਖਾ ਕੇ ਆਸਾਨ ਬਣਾ ਲਿਆ ਜਾਂਦਾ ਹੈ। ਪਰ ਤਕਨੀਕ ਸਿਰਫ ਇਥੇ ਹੀ ਨਹੀਂ ਰੁਕੀ, ਹੁਣ ਵਧੇਰੇ ਮੁਸ਼ਕਿਲ ਕਾਰਜ ਵੀ ਇਸ ਤਕਨੀਕ ਤੋਂ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਾਂ ਅਜਿਹੇ ਕੰਮ ਜੋ ਵੈਸੇ ਮਨੁੱਖ ਦੁਆਰਾ ਕਰਨੇ ਸੰਭਵ ਨਾ ਹੋਣ। 

ਅਜਿਹੇ ਹੀ ਅਸੰਭਵ ਕੰਮ ਦਾ ਪ੍ਰਦਰਸ਼ਨ ਲਗਭਗ ਸੰਨ 2000 ਤੋਂ ਖੋਜ ਦੇ ਪੱਧਰ 'ਤੇ ਖੋਜ ਸੰਸਥਾਵਾਂ ਅਤੇ ਕੰਪਨੀਆਂ ਵਲੋਂ ਕੀਤਾ ਗਿਆ ਕਿ ਇਸ ਬਨਾਵਟੀ ਅਕਲ ਦੇ ਸਹਾਰੇ ਕਿਸੇ ਵੀ ਸ਼ਕਲ ਦੇ ਮਨੁੱਖ ਨੂੰ ਕਲਪਿਆ ਅਤੇ ਸੀਸ਼ੇ ਉਤੇ ਦਿਖਾਇਆ ਜਾ ਸਕੇਗਾ। ਹੁਣ ਇਹ ਤਕਨੀਕ ਕਾਫੀ ਵਿਕਸਤ ਹੋ ਗਈ ਹੈ। ਇਸ ਬਨਾਵਟੀ ਅਕਲ ਨੂੰ ਉਸ ਮਨੁੱਖ ਦੀਆਂ ਤਸਵੀਰਾਂ ਦਿੱਤੀਆਂ ਜਾ ਸਕਦੀਆਂ ਹਨ, ਜਿਸਦੀ ਕਿ ਇਸ ਬਨਾਵਟੀ ਅਕਲ ਨੇ ਤਸਵੀਰ ਬਣਾਉਣੀ ਹੁੰਦੀ ਹੈ। ਇਸ ਤਕਨੀਕ ਨਾਲ ਮਨੁੱਖ ਨੂੰ ਹੱਸਦਿਆਂ, ਚੇਹਰੇ ਦੇ ਹਾਵ ਭਾਵ ਦਿੰਦਿਆਂ ਅਤੇ ਬੋਲਦਿਆਂ ਵੀ ਦਿਖਾਇਆ ਜਾ ਸਕਦਾ ਹੈ। ਅਜਿਹੀ ਤਕਨੀਕ ਦੀ ਵਰਤੋਂ ਨਾਲ ਮਰ ਚੁੱਕੇ ਅਦਾਕਾਰਾਂ ਨੂੰ ਫਿਲਮਾਂ ਵਿਚ ਜਿਉਂਦਿਆ ਕਰਕੇ ਉਹਨਾਂ ਨੂੰ ਸੀਸ਼ੇ ਉਪਰ ਚੇਹਰੇ ਦੇ ਹਾਵ ਭਾਵ ਦਿੰਦੇ ਜਾਂ ਬੋਲਦੇ ਦਿਖਾਇਆ ਜਾ ਸਕਦਾ ਹੈ। 

ਅਜਿਹਾ ਸੰਭਵ ਉਸ ਇਨਸਾਨ ਦੀਆਂ ਤਸਵੀਰਾਂ ਦੇ ਜ਼ਰੀਏ ਹੁੰਦਾ ਹੈ। ਕਿਸੇ ਵੀ ਵੀਡੀਓ ਨੂੰ ਚੱਲਦੇ ਰੂਪ ਵਿਚ ਦਿਖਾਉਣ ਲਈ ਲਗਾਤਾਰ ਇੱਕ ਸਕਿੰਟ ਵਿਚ ਅੰਦਾਜ਼ਨ 30 ਤਸਵੀਰਾਂ ਦਿਖਾਈਆਂ ਜਾਂਦੀਆਂ ਹਨ। ਇਹੋ ਹੀ ਤਕਨੀਕ ਨਾਲ ਬਨਾਵਟੀ ਅਕਲ ਕਿਸੇ ਮਨੁੱਖ ਨੂੰ ਕੋਈ ਖਾਸ ਅੱਖਰ ਬੋਲਦੇ ਨੂੰ ਉਸਦੇ ਚੇਹਰੇ ਦੀਆਂ ਹਰਕਤਾਂ ਮੁਤਾਬਿਕ ਯਾਦ ਕਰਕੇ ਕੋਈ ਵੀ ਭਾਸ਼ਣ ਬੋਲਣ ਵਖਤ ਉਸਦੀਆਂ ਅੱਖਰ ਬੋਲਦੇ ਦੀਆਂ ਤਸਵੀਰਾਂ ਨੂੰ ਸੀਸ਼ੇ ਉਪਰ ਦਿਖਾਉਂਦੀ ਰਹਿੰਦੀ ਹੈ ਅਤੇ ਆਮ ਮਨੁੱਖ ਨੂੰ ਇਹ ਫ਼ਰਕ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਸਲ ਕੀ ਹੈ ਅਤੇ ਨਕਲ ਕੀ ਹੈ। ਇਸੇ ਤਰੀਕੇ ਨਾਲ ਆਵਾਜ਼ ਦੀ ਨਕਲ ਵੀ ਬਨਾਵਟੀ ਅਕਲ ਦੁਆਰਾ ਉਸਦੀ ਆਵਾਜ਼ ਦੀ ਤੀਬਰਤਾ, ਭਾਰਾਪਣ ਅਤੇ ਅੰਦਾਜ਼ ਦੇ ਮੁਤਾਬਕ ਜਾਣਕਾਰੀ ਹਾਸਲ ਕਰਕੇ ਕੀਤੀ ਜਾ ਸਕਦੀ ਹੈ। ਇਹੀ ਨਹੀਂ ਮਨੁੱਖ ਦੇ ਚੱਲਣ ਅਤੇ ਸਰੀਰ ਦੀਆਂ ਹਰਕਤਾਂ ਦੇ ਮੁਤਾਬਕ ਜਾਣਕਾਰੀ ਪ੍ਰਾਪਤ ਕਰਕੇ ਪੂਰਾ ਇੱਕ ਮਨੁੱਖ ਬਨਾਵਟੀ ਅਕਲ ਦੁਆਰਾ ਹੁਣ ਸੀਸ਼ੇ ਉਤੇ ਸਿਰਜਣ ਦੀ ਸਮਰੱਥਾ ਆ ਗਈ ਹੈ। 

ਨਵੰਬਰ 2022 ਵਿੱਚ ਓਪਨ ਏ.ਆਈ. ਨਾਮ ਦੀ ਇੱਕ ਕੰਪਨੀ ਵਲੋਂ ‘ਚੈਟਜੀਪੀਟੀ’ ਨਾਮ ਹੇਠ ਆਪਣੀ ਨਵੀਂ ਖੋਜ ਜਾਰੀ ਕੀਤੀ ਗਈ ਹੈ। ਜੋ ਕਿ ਅੰਗਰੇਜ਼ੀ ਬੋਲੀ ਵਿਚ ਕੋਈ ਵੀ ਸਵਾਲ/ਜਵਾਬ, ਲਿਖਤ ਅਤੇ ਕੰਪਿਊਟਰ ਕੋਡ ਲਿਖ ਸਕਦੀ ਹੈ। ਤੁਸੀਂ ਇਸ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਲੇਖ ਲਿਖਣ ਤੋਂ ਲੈ ਕੇ ਕੋਡ ਕੰਪਿਊਟਰ ਪ੍ਰੋਗਰਾਮਾਂ ਤੱਕ ਸਭ ਕੁਝ ਕਰਨ ਲਈ ਕਹਿ ਸਕਦੇ ਹੋ। ਪਿਛਲੇ ਦਿਨੀਂ ਇੱਕ ਅੰਗ੍ਰੇਜ਼ੀ ਅਖਬਾਰ ਵਿੱਚ ਇਸੇ ਤਕਨੀਕ 'ਤੇ ਲੇਖ ਛਪਿਆ, ਲੇਖ ਦੇ ਅਖੀਰ ਵਿੱਚ ਲੇਖਕ ਦੀ ਜਾਣਕਾਰੀ ਦਿੱਤੀ ਹੋਈ ਸੀ। ਉਸ ਲੇਖ ਦਾ ਲੇਖਕ ਚੈਟਬੋਟ (Chatbot) ਸੀ, 'ਚੈਟਜੀਪੀਟੀ' ਰਾਹੀਂ ਇਹ ਲੇਖ ਲਿਖਣ ਲਈ ਇਸ ਤਕਨੀਕ ਨੂੰ ਕਿਹਾ ਗਿਆ ਸੀ ਅਤੇ ਨਾਲ ਹੀ ਅਮਰੀਕਾ ਦੇ ਇੱਕ ਲੇਖਕ ਦਾ ਨਾਮ ਦਿੱਤਾ ਗਿਆ ਸੀ ਕਿ ਲਿਖਤ ਉਸ ਦੀ ਤਰ੍ਹਾਂ ਲਿਖਣੀ ਹੈ। ਮਾੜੇ ਇਰਾਦੇ ਵਾਲਾ ਵਿਅਕਤੀ ਇਹਨਾਂ ਚਮਤਕਾਰੀ ਵਿਗਿਆਨਕ ਪ੍ਰਾਪਤੀਆਂ ਦੀ ਦੁਰਵਰਤੋਂ ਉਹ ਕੰਮ ਕਰਨ ਵਿੱਚ ਕਰ ਸਕਦਾ ਹੈ ਜੋ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ, ਜਿਸ ਦੇ ਲਈ ਇਹ ਬਨਾਵਟੀ ਅਕਲ ਪੂਰੀ ਤਰ੍ਹਾਂ ਕਾਰਗਰ ਸਾਬਤ ਹੋ ਸਕਦੀ ਹੈ। ਹੁਣ ਤਾਂ ਇਹ ਬਹੁਤੀ ਮਹਿੰਗੀ ਵੀ ਨਹੀਂ, ਸਗੋਂ ਬਿਲਕੁਲ ਮੁਫ਼ਤ ਹੀ ਮਿਲ ਜਾਂਦੀ ਹੈ। ਇਸ ਨੂੰ ਗਲਤ ਜਾਣਕਾਰੀ ਫੈਲਾਉਣ ਲਈ ਵੀ ਵਰਤਿਆ ਜਾ ਸਕੇਗਾ। ਗਲਤ ਜਾਣਕਾਰੀ ਨਾਲ ਆਮ ਰਾਏ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਕਿਸੇ ਵੀ ਸੰਸਥਾ, ਕਿਸੇ ਵਿਅਕਤੀ ਜਾਂ ਕਿਸੇ ਵੀ ਨੀਤੀ ਪ੍ਰਤੀ ਸਮਰਥਨ ਜਾਂ ਵਿਰੋਧ ਖੜ੍ਹਾ ਕੀਤਾ ਜਾ ਸਕਦਾ ਹੈ। ਜਾਅਲੀ ਸੋਸ਼ਲ ਮੀਡੀਆ ਖਾਤੇ ਬਣਾ ਕੇ ਇਸ ਨਾਲ ਸੋਸ਼ਲ ਮੀਡੀਆ ਨੂੰ ਗਲਤ ਖ਼ਬਰਾਂ ਨਾਲ ਭਰਿਆ ਜਾ ਸਕਦਾ ਹੈ। ਜਿਸ ਨਾਲ ਸੱਚੀ ਖ਼ਬਰ ਲੱਭਣੀ ਵੀ ਮੁਸ਼ਕਿਲ ਹੋ ਜਾਵੇਗੀ, ਦੂਸਰਾ ਸੱਚ ਅਤੇ ਝੂਠ ਵਿਚ ਫ਼ਰਕ ਲੱਭਣਾ ਵੀ ਔਖਾ ਹੋ ਜਾਵੇਗਾ। 

ਬੇਸ਼ਕ ਅਜਿਹੀਆਂ ਖੋਜਾਂ ਖਾਸ ਧਿਰ ਦੇ ਮੁਨਾਫੇ ਲਈ ਹੀ ਕੀਤੀਆਂ ਜਾਂਦੀਆਂ ਹਨ ਅਤੇ ਖੋਜ ਕਰਨ ਵਾਲੀਆਂ ਸੰਸਥਾਵਾਂ ਆਪਣਾ ਮੁਨਾਫ਼ਾ ਖੋਜ ਵੇਚ ਕੇ ਕਮਾਉਂਦੀਆਂ ਹਨ ਪਰ ਤਕਨੀਕ ਦੀ ਵਰਤੋਂ ਕਰਨ ਜਾਂ ਖਰੀਦਣ ਵਾਲੀ ਹਰੇਕ ਧਿਰ ਅਜਿਹੀਆਂ ਖੋਜਾਂ ਦੀ ਸਿਰਫ ਆਪਣੇ ਫਾਇਦੇ ਲਈ ਵਰਤੋਂ ਕਰਦੀਆਂ ਹਨ ਚਾਹੇ ਉਸਦਾ ਦੂਜੀ ਧਿਰ ਨੂੰ ਨੁਕਸਾਨ ਹੋ ਕਿਉਂ ਨਾ ਹੁੰਦਾ ਹੋਵੇ। ਖੋਜ ਦੀ ਵਰਤੋਂ ਕਿਸ ਤਰ੍ਹਾਂ, ਕਿਹਨਾਂ ਦੁਆਰਾ ਅਤੇ ਕਿਹਨਾਂ ਖਿਲਾਫ ਕੀਤੀ ਜਾਂਦੀ ਹੈ, ਇਸਨੂੰ ਰੋਕਿਆ ਨਹੀਂ ਜਾ ਸਕਦਾ। ਬਨਾਵਟੀ ਅਕਲ ਦੀਆਂ ਖੋਜਾਂ ਮੂਲ ਰੂਪ ਵਿਚ ਅਸਲ ਵਸਤ ਦੀ ਨਕਲ ਹੈ। ਇੰਜੀਨੀਅਰਾਂ ਦੁਆਰਾ ਨਕਲ ਨੂੰ ਹੋਰ ਵਧੇਰੇ ਕਾਰਗਰ ਬਣਾਉਣ ਲਈ ਲਗਾਤਾਰ ਸੋਧ ਕਰਨ ਦੇ ਨਤੀਜੇ ਵਜੋਂ ਅਸਲ ਅਤੇ ਨਕਲ ਦਾ ਫ਼ਰਕ ਮਿਟ ਜਾਣਾ ਹੈ। ਜਿਥੋਂ ਆਮ ਲੋਕਾਂ ਲਈ ਸਮੱਸਿਆ ਦਾ ਰਾਹ ਖੁੱਲ੍ਹ ਰਿਹਾ ਹੈ। 

ਅੰਕੜਿਆਂ ਅਨੁਸਾਰ ਇੰਟਰਨੈੱਟ 'ਤੇ ਖਬਰਾਂ ਵੇਖਣ ਵਾਲੇ ਲੋਕਾਂ ਦੀ ਪਹੁੰਚ ਲਗਾਤਾਰ ਘਟ ਰਹੀ ਹੈ ਅਤੇ ਸੋਸ਼ਲ ਮੀਡੀਆ ਅਤੇ ਹੋਰ ਮਨੋਰੰਜਨ ਵਾਲੇ ਪਾਸੇ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਤਕਨੀਕਾਂ ਦੀ ਕਿਸ ਪਾਸੇ ਅਤੇ ਕਿਸ ਤਰ੍ਹਾਂ ਵਰਤੋਂ ਹੋਵੇਗੀ, ਇਹ ਕਿਆਸ ਲਗਾਉਣਾ ਔਖਾ ਨਹੀਂ ਹੈ। ਸਮਾਜ ਲਈ ਅਜਿਹੀਆਂ ਤਕਨੀਕਾਂ ਕਾਫੀ ਨੁਕਸਾਨਦਾਇਕ ਸਿਧ ਹੋ ਸਕਦੀਆਂ ਹਨ। ਅਜਿਹੇ ਵਿਚ ਨਵੀਆਂ ਤਕਨਾਲੋਜੀਆਂ ਨੂੰ ਵਰਤਣ ਅਤੇ ਤਕਨਾਲੋਜੀਆਂ ਦੁਆਰਾ ਵਰਤੇ ਜਾਣ ਦੀ ਸੂਰਤ ਵਿੱਚ ਆਮ ਲੋਕਾਂ ਦੁਆਰਾ ਆਪਣੇ ਬਚਾਅ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਬਹੁਤੀ ਨਹੀਂ ਹੈ। ਜਿੰਨੀ ਤੇਜ਼ ਰਫ਼ਤਾਰ ਨਾਲ ਤਕਨਾਲੋਜੀ ਆ ਰਹੀ ਹੈ, ਉਸਨੂੰ ਸਮਝ ਕੇ ਸਹੀ ਤਰ੍ਹਾਂ ਵਰਤ ਸਕਣ ਦੀ ਦੁਨੀਆ ਦੀ ਅਜੇ ਸਮਰੱਥਾ ਨਹੀਂ ਹੈ। 

 

 

ਸੰਪਾਦਕ