ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਯਾਦ ਕਰਦਿਆਂ

ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਯਾਦ ਕਰਦਿਆਂ

ਜੂਨ 1984 ਅਤੇ ਨਵੰਬਰ 1984 ਦੇ ਸਿੱਖਾਂ 'ਤੇ ਹੋਏ ਵਿਆਪਕ ਅਤੇ ਭਿਆਨਕ ਹਮਲਿਆਂ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ੨੦ਵੀਂ ਸਦੀ ਵਿਚ ਗੁਰਮੁਖਾਂ ਵਲੋਂ ਮਨਮੁਖਾਂ ਖਿਲਾਫ ਲੜੇ ਗਏ ਹੱਕੀ ਸੰਘਰਸ਼ ਦੇ ਅਹਿਮ ਪਾਤਰ ਹਨ, ਸਿੱਖ ਸੰਘਰਸ਼ ਦੌਰਾਨ ਉਹਨਾਂ ਦੀ ਕੀਤੀ ਸੇਵਾ ਅਤੇ ਉਹਨਾਂ ਦੁਆਰਾ ਪਾਈ ਗਈ ਸ਼ਹੀਦੀ ਪਵਿੱਤਰਤਾ ਅਤੇ ਸੱਚ ਦੀ ਬੜੀ ਉੱਚੀ ਮਿਸਾਲ ਹੈ। ਗੁਰੂ ਸਾਹਿਬ ਦੀ ਉਹਨਾਂ ਉਤੇ ਖਾਸ ਬਖਸ਼ਿਸ ਸਦਕਾ ਹੀ ਉਹ ਗੁਰੂ ਖਾਲਸਾ ਪੰਥ ਦੀ ਏਨੀ ਮਹਾਨ ਸੇਵਾ ਕਰ ਸਕੇ ਅਤੇ ਬੜੀ ਸ਼ਾਨ ਨਾਲ ਸ਼ਹੀਦੀ ਪ੍ਰਾਪਤ ਕਰਕੇ ਗੁਰੂ ਚਰਨਾਂ ਵਿਚ ਬਿਰਾਜਮਾਨ ਹੋਏ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਇੱਕ ਵਾਰ ਸੰਗਤ ਵਿੱਚ ਬੋਲਦਿਆਂ ਕਿਹਾ ਸੀ ਕਿ "ਅਣਗਿਣਤ ਦਾਤਾਂ ਵਿਚੋਂ ਦੋ ਵੱਡੀਆਂ ਦਾਤਾਂ ਜੋ ਗੁਰੂ ਮਹਾਰਾਜ ਕਿਸੇ ਸਿੱਖ ਨੂੰ ਬਖਸ਼ਦੇ ਹਨ, ਇੱਕ ਉਹਨਾਂ ਵਿਚੋਂ ‛ਗੁਰਿਆਈ’ ਦੀ ਦਾਤ ਹੈ, ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਦੂਸਰੀ ਦਾਤ ‛ਸ਼ਹੀਦੀ’ ਦੀ ਹੈ, ਜੋ ਕੋਈ ਵੀ ਗੁਰਸਿੱਖ ਪ੍ਰਾਪਤ ਕਰ ਸਕਦਾ ਹੈ।"  

ਜੂਨ 1984 ਅਤੇ ਨਵੰਬਰ 1984 ਦੇ ਸਿੱਖਾਂ 'ਤੇ ਹੋਏ ਵਿਆਪਕ ਅਤੇ ਭਿਆਨਕ ਹਮਲਿਆਂ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਇਹਨਾਂ ਦਾ ਜਥਾ ਜਿਸ ਵਿਚ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਮਥਰਾ ਸਿੰਘ, ਭਾਈ ਲਾਭ ਸਿੰਘ, ਭਾਈ ਦਲਜੀਤ ਸਿੰਘ ਅਤੇ ਹੋਰ ਅਨੇਕਾਂ ਸਿੰਘ ਸ਼ਾਮਲ ਸਨ, ਪੰਥਕ ਸੇਵਾ ਲਈ ਹਥਿਆਰਬੰਦ ਹੋ ਕੇ ਆਪਣੀਆਂ ਕਾਰਵਾਈਆਂ ਆਰੰਭ ਕਰਦੇ ਹਨ। ਪੰਜਾਬ ਤੋਂ ਬਾਹਰ ਜਨਰਲ ਵੈਦਿਆ ਜੋ ਉਸ ਵਕਤ ਫੌਜਾਂ ਨੂੰ ਲੈ ਕੇ ਦਰਬਾਰ ਸਾਹਿਬ 'ਤੇ ਹਮਲਾਵਰ ਹੋਇਆ ਸੀ, ਨੂੰ ਉਸ ਦੇ ਕੀਤੇ ਪਾਪ ਦੀ ਸਜ਼ਾ ਦਿੰਦੇ ਹਨ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਕਰਨ ਵਾਲੇ ਰਾਜੀਵ ਗਾਂਧੀ ਦੇ ਨੇੜਲੇ ਲਲਿਤ ਮਾਕਨ, ਅਰਜਨ ਦਾਸ, ਆਦਿ ਪਾਪੀਆਂ ਨੂੰ ਵੀ ਸੋਧਾ ਲਾਉਂਦੇ ਹਨ। ਇਹ ਸਭ ਕਾਰਵਾਈਆ ਸਿੱਖਾਂ ਨੂੰ ਫਿਰ ਤੋਂ ਚੜ੍ਹਦੀਕਲਾ ਵਿਚ ਲਿਜਾਣ ਲਈ ਜਰੂਰੀ ਸਨ। ਇਸ ਤੋਂ ਇਲਾਵਾ ਇਹਨਾਂ ਦੇ ਜਥੇ ਨੇ ਸਿੱਖ ਸੰਘਰਸ਼ ਲਈ ਅਣਦਿਸਦੇ ਰੂਪ ਵਿਚ ਕੰਮ ਕਰਕੇ ਹੋਰਨਾਂ ਜਥਿਆਂ ਨੂੰ ਵੀ ਮਜ਼ਬੂਤ ਕੀਤਾ। ਆਪਣੀ ਜਥੇਬੰਦੀ ਤੋਂ ਉਪਰ ਉਠ ਕੇ ਗੁਰੂ ਖਾਲਸਾ ਪੰਥ ਦੀ ਸੇਵਾ ਹਿੱਤ ਲੜ ਰਹੀਆਂ ਹੋਰਨਾਂ ਜਥੇਬੰਦੀਆਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਿਆ। ਜਿਥੇ ਕਿਤੇ ਵੀ ਦੂਸਰੀਆਂ ਜਥੇਬੰਦੀਆਂ ਲਈ ਲੋੜ ਬਣਦੀ ਤਾਂ ਵਸੀਲਿਆਂ ਦਾ ਪ੍ਰਬੰਧ ਕਰਦੇ ਰਹੇ। 

ਜਦੋਂ ਹਰਜਿੰਦਰ ਸਿੰਘ ਜਿੰਦਾ ਦੀ ਪਹਿਲੀ ਵਾਰ ਗ੍ਰਿਫਤਾਰੀ ਹੁੰਦੀ ਹੈ ਤਾਂ ਦਿੱਲੀ ਦੇ ਪੁਲਸ ਕਮਿਸ਼ਨਰ ਵੇਦ ਮਰਵਾਹ ਦੀ ਟਿੱਪਣੀ ਮੁਤਾਬਕ ਭਾਈ ਜਿੰਦਾ ਉਹਨਾਂ ਨਾਲ ਬਰਾਬਰ ਦੀ ਧਿਰ ਵਜੋਂ ਗੱਲ ਕਰਦਾ ਸੀ। ਪੁੱਛਗਿੱਛ ਦੌਰਾਨ ਉਹਨਾਂ ਵਲੋਂ ਅਸੀਂ ਅਤੇ ਤੁਸੀ ਸ਼ਬਦਾਂ ਦੀ ਵਰਤੋਂ ਦਾ ਮਤਲਬ ਸੀ ਕਿ ਭਾਈ ਜਿੰਦਾ ਦਿੱਲੀ ਤਖ਼ਤ ਦੇ ਪੁਲਿਸ ਕਮਿਸ਼ਨਰ ਨਾਲ ਗੁਰੂ ਖਾਲਸਾ ਪੰਥ ਦੇ ਇੱਕ ਜਰਨੈਲ ਦੀ ਹੈਸੀਅਤ ਵਜੋਂ ਗੱਲ ਕਰਦਾ ਸੀ। ਇਸੇ ਹੈਸੀਅਤ ਵਿਚ ਉਹਨਾਂ ਆਪਣਾ ਤਨ, ਮਨ ਹਮੇਸ਼ਾ ਅਕਾਲ ਤਖਤ ਦੇ ਸਮਰਪਿਤ ਰੱਖਿਆ ਅਤੇ ਸੰਤਾਂ ਤੋਂ ਪ੍ਰੇਰਨਾ ਲੈ ਕੇ ਦਿੱਲੀ ਤਖਤ ਅਤੇ ਸਮੇ ਦੇ ਬਦਲਾਵਾਂ ਦੇ ਪ੍ਰਭਾਵ ਤੋਂ ਪਹਿਲਾਂ ਪੂਰੀ ਤਰ੍ਹਾਂ ਆਪ ਅਜ਼ਾਦ ਹੋਏ ਫੇਰ ਲੁਕਾਈ ਨੂੰ ਅਜ਼ਾਦ ਕਰਵਾਉਣ ਦੇ ਰਸਤੇ ਉਪਰ ਪੂਰੀ ਸ਼ਿੱਦਤ 'ਤੇ ਸਿਦਕ ਨਾਲ ਤੁਰੇ। 

ਆਪਣੇ ਜਥੇ ਨਾਲ ਭਾਈ ਜਿੰਦਾ ਅਤੇ ਭਾਈ ਸੁੱਖਾ ਨੇ ਨਿਰਸਵਾਰਥ ਹੋ ਕੇ ਜੋ ਸੰਘਰਸ਼ ਲੜਿਆ, ਉਹ ਪੂਰੀ ਸ਼ਿੱਦਤ ਨਾਲ ਲੜਿਆ। ਅਦਾਲਤ ਤੋਂ ਫਾਂਸੀ ਦੀ ਸਜ਼ਾ ਹੋਣ 'ਤੇ ਦੋਵਾਂ ਸਿੰਘਾਂ ਨੇ ਜੈਕਾਰੇ ਛੱਡ ਕੇ ਦੁਸ਼ਮਣ ਨੂੰ ਹੈਰਾਨ ਕੀਤਾ ਅਤੇ ਖੁਸ਼ੀ ਵਜੋਂ ਲੱਡੂ ਵੰਡੇ। ਇੰਨੇ ਵੱਡੇ ਕਾਰਨਾਮਿਆਂ ਦੇ ਬਾਵਜੂਦ ਹਮੇਸ਼ਾ ਪਿੱਛੇ ਰਹਿ ਕੇ ਸੇਵਾ ਵਿੱਚ ਯੋਗਦਾਨ ਪਾਉਂਦੇ ਰਹੇ ਅਤੇ ਕਿਸੇ ਵੀ ਕਾਰਜ ਦਾ ਸਿਹਰਾ ਲੈਣ ਤੋਂ ਦੂਰ ਰਹੇ। ਇਹਨਾਂ ਨੇ ਸੰਘਰਸ਼ ਗੁਰੂ ਦੀ ਬਖਸ਼ਿਸ਼ ਸ਼ਹਾਦਤ ਦੀ ਪ੍ਰਾਪਤੀ ਲਈ ਕੀਤਾ।  

ਭਾਈ ਸੁਖਦੇਵ ਸਿੰਘ ਸੁੱਖਾ, ਜਿਹਨਾਂ ਦਾ ਸੁਭਾਅ ਗੰਭੀਰ ਰਹਿਣ ਦਾ ਸੀ ਅਤੇ ਬੜੇ ਵੱਡੇ ਸਿਦਕੀ ਸਨ, ਨੇ ਸਰਕਾਰੀ ਅੱਤਿਆਚਾਰ ਵੇਲੇ ਕਦੇ ਵੀ ਸੀ ਨਹੀਂ ਕੀਤੀ। ਭਾਈ ਜਿੰਦਾ ਦਾ ਸੁਭਾਅ ਮਖੌਲੀਆ ਸੀ, ਸਰਕਾਰੀ ਕਰਿੰਦਿਆਂ ਨੂੰ ਦੱਸਦੇ ਰਹੇ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ, ਪਰ ਤੁਸੀ ਮੂੰਹੋ ਕਢਵਾ ਨਹੀਂ ਸਕਦੇ, ਅਜਿਹਾ ਉਹ ਗੁਰੂ 'ਤੇ ਭਰੋਸਾ ਕਰਕੇ ਕਹਿੰਦੇ ਸੀ, ਆਪਣੀ ਕਿਸੇ ਹਉਮੈ ਵਿੱਚੋਂ ਨਹੀ। ਉਹ ਜਿਉਂ-ਜਿਉਂ ਸ਼ਹੀਦੀ ਦੇ ਨੇੜੇ ਜਾਂਦੇ ਰਹੇ, ਤਿਉਂ-ਤਿਉਂ ਉਹਨਾਂ ਉਪਰ ਹੋਰ ਰੰਗ ਗੂੜਾ ਹੁੰਦਾ ਗਿਆ, ਗੁਰਬਾਣੀ ਵਿੱਚ ਹੋਰ ਪਰਪੱਕ ਹੁੰਦੇ ਗਏ ਅਤੇ ਨਿਰਭਉ ਹੋ ਗਏ। ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਉਹਨਾਂ ਜਿਕਰ ਕੀਤਾ ਕਿ ਜਦੋਂ ਸਰਕਾਰ ਨੇ ਆਪਣੇ ਸਰਕਾਰੀ ਰੀਤੀ ਰਿਵਾਜ ਅਨੁਸਾਰ ਉਹਨਾਂ ਦੀ ਆਖਰੀ ਇੱਛਾ ਪੁੱਛੀ ਤਾਂ ਉਹਨਾਂ ਦਾ ਜਵਾਬ ਸੀ ਕਿ ਤੁਸੀ ਸਾਡੀ ਇੱਛਾ ਪੂਰੀ ਨਹੀਂ ਕਰ ਸਕੋਂਗੇ, ਜੇ ਕਰ ਸਕੋ ਤਾਂ ਤੁਸੀ ਸਾਨੂੰ ਲੋਕਾਂ ਦੇ ਸਾਹਮਣੇ ਫਾਂਸੀ ਦਿਓ। 

ਉਹਨਾਂ ਦੇ ਅਮਲਾਂ ਨੇ ਇਹ ਸਾਬਤ ਕੀਤਾ ਕਿ ਬੇਸ਼ਕ ਉਹ ਸੰਘਰਸ਼ ਵਿੱਚ ਦਰਬਾਰ ਸਾਹਿਬ ਉਤੇ ਹੋਏ ਹਮਲੇ ਨੂੰ ਮੁੱਖ ਰੱਖ ਕੇ ਆਏ, ਪਰ ਉਹ ਬਦਲੇ ਦੀ ਭਾਵਨਾ ਤੋਂ ਮੁਕਤ ਹੋ ਗਏ ਸਨ। ਉਹ ਜੰਗ ਵਿਚ ਬੜੇ ਵੱਡੇ ਯੋਧੇ ਸਨ ਪਰ ਨਾਲੋਂ ਨਾਲ ਬੌਧਿਕ, ਇਤਿਹਾਸਕ ਅਤੇ ਰਾਜਸੀ ਤੌਰ 'ਤੇ ਸੁਚੇਤ ਅਤੇ ਚੌਕੰਨੇ ਵੀ ਸਨ। ਅਜਿਹੀ ਝਲਕ ਉਹਨਾਂ ਵਲੋਂ ਜੇਲ੍ਹ ਵਿਚੋਂ ਲਿਖੀਆਂ ਚਿੱਠੀਆਂ ਪੜ੍ਹਕੇ ਅਤੇ ਸ਼ਹਾਦਤ ਤੋਂ ਪਹਿਲਾਂ ਦਿੱਲੀ ਦਰਬਾਰ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਤੋਂ ਮਿਲਦੀ ਹੈ। ਉਹ ਜਾਣੂ ਸਨ ਕਿ ਚੱਲ ਰਿਹਾ ਸੰਘਰਸ਼ ਧਰਮ ਦੀਆ ਕਦਰਾਂ ਕੀਮਤਾਂ 'ਤੇ ਖੜ ਕੇ ਹੀ ਲੜਿਆ ਜਾਣਾ ਚਾਹੀਦਾ ਹੈ, ਧਰਮ ਤੋਂ ਡੋਲ ਕੇ ਦੂਸਰੇ ਕਪਟੀ ਤਰੀਕਿਆਂ ਨਾਲ ਬੇਸ਼ਕ ਰਾਜ ਮਿਲ ਵੀ ਜਾਏ, ਪਰ ਤਾਂ ਵੀ ਉਹ ਖਾਲਸਾ ਰਾਜ ਨਹੀਂ ਹੋਵੇਗਾ, ਚਾਹੇ ਉਥੇ ਸਿੱਖ ਹੀ ਰਾਜ ਕਰਨ। 

ਸ਼ਹੀਦਾਂ ਨੂੰ ਯਾਦ ਕਰਦਿਆਂ ਸਾਡਾ ਅੱਜ ਦੇ ਸਮੇਂ ਇਹ ਫਰਜ਼ ਬਣ ਜਾਂਦਾ ਹੈ ਕਿ ਜਦੋ ਸਿੱਖਾਂ ਵਲੋਂ ਹਥਿਆਰਬੰਦ ਸੰਘਰਸ਼ ਨਹੀਂ ਚੱਲ ਰਿਹਾ ਤਾਂ ਵੀ ਸਿੱਖਾਂ ਉਪਰ ਹਮਲੇ ਹੋਰ ਪੇਚੀਦਾ ਤਰੀਕੇ ਨਾਲ ਹੋ ਰਹੇ ਹਨ ਤਾਂ ਸਾਨੂੰ ਸੰਘਰਸ਼ ਦੇ ਨਵੇਂ ਰਾਹ ਤਲਾਸ਼ਣ ਲਈ ਗੁਰੂ ਸੰਗਤ ਦੀ ਓਟ ਲੈਣੀ ਚਾਹੀਦੀ ਹੈ, ਆਪਣੀ ਰਵਾਇਤ ਤੋਂ ਸੇਧ ਲੈ ਕੇ ਆਪਣੇ ਅਮਲਾਂ ਦੀ ਪੜਚੋਲ ਕਰਨੀ ਚਾਹੀਦੀ ਹੈ। ਸ਼ਹੀਦਾਂ ਦੀ ਬਾਤ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਨਿਸ਼ਕਾਮ ਹੋ ਕੇ ਸੰਘਰਸ਼ ਕਰਨ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਕਰਨੀ ਚਾਹੀਦੀ ਹੈ। 

 

ਸੰਪਾਦਕ,

ਅੰਮ੍ਰਿਤਸਰ ਟਾਈਮਜ਼