ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਮਾਮਲਾ 

ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਮਾਮਲਾ 

ਗੁਰਬਾਣੀ ਪ੍ਰਸਾਰਣ ਦੇ ਸਿਧਾਂਤਕ ਨਿਯਮਾਂ ਦੀ ਸ਼ਨਾਖਤ ਕਰਨਾ

ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਚੱਲਦੇ ਗੁਰਬਾਣੀ ਪ੍ਰਵਾਹ ਨਾਲ ਦੁਨੀਆ ਭਰ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਜੁੜਨਾ ਲੋਚਦੀ ਹੈ। ਗੁਰਬਾਣੀ ਪ੍ਰਸਾਰਣ ਦੇ ਸਰਬਸਾਂਝੇ ਪ੍ਰਬੰਧ ਨੂੰ ਸਿਰਜਣ ਲਈ ਸਿੱਖਾਂ ਵਲੋਂ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕਰਨ ਦੀ ਮੱਦ ਧਰਮ-ਧੁੱਯ ਮੋਰਚੇਦਾ ਹਿੱਸਾ ਸੀ। ਉਸ ਤੋਂ ਬਾਅਦ ਤਕਨੀਕ ਵਿੱਚ ਕਾਫੀ ਜਿਆਦਾ ਬਦਲਾਅ ਆਏ ਅਤੇ ਰੇਡੀਓ ਦੇ ਨਾਲ ਟੈਲੀਵਿਜ਼ਨ, ਫਿਰ ਮੋਬਾਇਲ ਅਤੇ ਹੁਣ ਤਾਂ ਯੂ-ਟਿਊਬ, ਫੇਸਬੁੱਕ ਆਦਿ ਬਹੁਤ ਸਾਰੇ ਮਾਧਿਅਮ ਹਨ ਜਿੰਨਾ ਉੱਤੇ ਇੰਟਰਨੈੱਟ ਰਾਹੀਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੇਖਿਆ ਜਾ ਸਕਦਾ ਹੈ। ਸੰਘਰਸ਼ ਤੋਂ ਬਾਅਦ ਜਦੋਂ ਸਮਾਂ ਪਾ ਕੇ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਸਿਰਜਿਆ ਗਿਆ ਤਾਂ ਇਸ ਉੱਤੇ ਇਕ ਨਿੱਜੀ ਚੈਨਲ ਦੀ ਅਜਾਰੇਦਾਰੀ ਸਥਾਪਿਤ ਹੋ ਗਈ ਜੋ ਕਿ ਗੁਰਬਾਣੀ ਪ੍ਰਸਾਰਣ ਉੱਤੇ ਸੋਲ, ਅਕਸਕਲੂਜ਼ਿਵ ਅਤੇ ਐਬਸੋਲੂਟ ਰਾਈਟਸ’, ਭਾਵ ਕਿ ਪੂਰਨ ਅਜਾਰੇਦਾਰੀ ਹੋਣ ਦਾ ਦਾਅਵਾ ਕਰਦਾ ਹੈ। ਇਸ ਚੈਨਲ ਵਲੋਂ ਦੂਜੇ ਮੰਚਾਂ ਨੂੰ ਗੁਰਬਾਣੀ ਪ੍ਰਵਾਹ ਦੇ ਪ੍ਰਚਾਰ-ਪ੍ਰਸਾਰ ਤੋਂ ਰੋਕਿਆ ਜਾਂਦਾ ਹੈ ਅਤੇ ਬੀਤੇ ਵਿਚ ਇਸ ਚੈਨਲ ਨੇ ਗੁਰਬਾਣੀ ਪ੍ਰਵਾਹ ਨੂੰ ਆਪਣੀ ਬੌਧਿਕ ਜਗੀਰਦੱਸਣ ਦੀ ਹਿਮਾਕਤ ਵੀ ਕੀਤੀ ਹੈ। ਇਸ ਸਭ ਦੇ ਚਲਦਿਆਂ ਸਿੱਖਾਂ ਦਾ ਇੱਕ ਹਿੱਸਾ ਸਰ ਜੋੜ ਕੇ ਬੈਠਿਆ ਜਿਸ ਨੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਾਮਲੇ ਵਿਚ ਗੁਰਮਤਿ, ਕਾਨੂੰਨੀ ਅਤੇ ਵਿਤੀ ਪੱਖ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਕਰਨ ਲਈ ਇੱਕ ਜਾਂਚ ਜਥਾ ਬਣਾਇਆ। ਇਸ ਜਾਂਚ ਜਥੇ ਵੱਲੋਂ ਕੁਝ ਦਿਨ ਪਹਿਲਾਂ ਆਪਣਾ 'ਜਾਂਚ ਲੇਖਾ' ਜਨਤਕ ਕਰ ਦਿੱਤਾ ਗਿਆ ਹੈ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਬਾਣੀ ਪ੍ਰਸਾਰਣ ਲਈ ਕੀਤੇ ਗਏ ਸਮਝੌਤਿਆਂ ਸਮੇਤ ਜਾਂਚ ਦੌਰਾਨ ਇਕੱਤਰ ਕੀਤੇ ਗਏ ਦਸਤਾਵੇਜ਼ ਅਤੇ ਸਬੂਤ ਵੀ ਲੇਖੇ ਦੇ ਨਾਲ ਹੀ ਜਨਤਕ ਕਰ ਦਿੱਤੇ ਗਏ ਹਨ। ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਸਬੰਧ ਵਿਚ ਕੀਤੀ ਗਈ ਇਹ ਪੜਚੋਲ ਉਜਾਗਰ ਕਰਦੀ ਹੈ ਕਿ ਗੁਰਬਾਣੀ ਪ੍ਰਸਾਰਣ ਲਈ ਸਥਾਪਤ ਕੀਤੇ ਗਏ ਮੌਜੂਦਾ ਅਜਾਰੇਦਾਰਾਨਾ ਪ੍ਰਬੰਧ ਨੂੰ ਤੋੜ ਕੇ ਇਸ ਮਨੋਰਥ ਵਾਸਤੇ ਨਿਸ਼ਕਾਮ, ਸਰਬ ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਕਾਇਮ ਕੀਤਾ ਜਾਣਾ ਚਾਹੀਦਾ ਹੈ। ਲੇਖੇ ਵਿਚ ਗੁਰਬਾਣੀ ਪ੍ਰਸਾਰਣ ਦੇ ਸ਼ੁਰੂ ਤੋਂ ਲੈ ਹੁਣ ਤੱਕ ਗੁਰਮਤਿ ਸਿਧਾਂਤ, ਕਾਨੂੰਨੀ ਅਤੇ ਵਿੱਤੀਉਲੰਘਣਾਵਾਂ ਅਤੇ ਬੇਨਿਯਮੀਆਂ ਦਾ ਕੱਚਾ ਚਿੱਠਾ ਪੇਸ਼ ਕੀਤਾ ਗਿਆ ਹੈ ਅਤੇ ਗੁਰਮਤਿ ਅਨੁਸਾਰੀ, ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਸਿਰਜਣ ਲਈ ਸੁਝਾਅ ਪੇਸ਼ ਕੀਤੇ ਗਏ ਹਨ।

ਇਹਨੀਂ ਦਿਨੀਂ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਨਿਸ਼ਕਾਮ ਪ੍ਰਬੰਧ ਸਿਰਜਣ ਦੇ ਮਸਲੇ ਉੱਤੇ ਕਾਫੀ ਸਰਗਰਮੀ ਹੋ ਰਹੀ ਹੈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਟੀ.ਵੀ. ਚੈਨਲ ਸ਼ੁਰੂ ਕਰਨ ਸਮੇਤ ਕਈ ਤਰ੍ਹਾਂ ਦੇ ਸੁਝਾਅ ਆ ਰਹੇ ਹਨ ਅਤੇ ਕਈ ਚੈਨਲਾਂ ਵਾਲੇ ਇਹ ਮੰਗ ਵੀ ਕਰ ਰਹੇ ਹਨ ਕਿ ਗੁਰਬਾਣੀ ਦੇ ਪ੍ਰਸਾਰਣ ਨੂੰ ਹੋਰਨਾਂ ਚੈਨਲਾਂ 'ਤੇ ਚਲਾਉਣ ਲਈ ਉਸਦੀ ਤੰਦ ਸਭ ਨੂੰ ਮੁੱਹਈਆ ਕਰਵਾਈ ਜਾਵੇ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗੁਰਬਾਣੀ ਪ੍ਰਸਾਰਣ ਲਈ ਬੀਤੇ ਸਮੇਂ ਦੌਰਾਨ ਸਿਰਜੇ ਗਏ ਪ੍ਰਬੰਧ ਵਿਚ ਰਹੀਆਂ ਊਣਤਾਈਆਂ ਅਤੇ ਉਲੰਘਣਾਵਾਂ, ਸਮੇਤ ਵਿੱਤੀ ਘਪਲੇਬਾਜ਼ੀ ਦੇ, ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਅਤੇ ਹੋਰਨਾਂ ਧਰਮਾਂ ਦੇ ਅਦਾਰਿਆਂ ਵਲੋਂ ਪ੍ਰਸਾਰਣ ਹਿਤ ਅਪਣਾਏ ਗਏ ਪ੍ਰਬੰਧਾਂ ਉੱਤੇ ਵੀ ਗੌਰ ਕਰਨੀ ਚਾਹੀਦੀ ਹੈ, ਫਿਰ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ। 

 

ਅੱਜ ਦੇ ਸਮੇਂ ਦੀ ਮੁੱਖ ਜਰੂਰਤ ਗੁਰਬਾਣੀ ਪ੍ਰਸਾਰਣ ਦੇ ਸਿਧਾਂਤਕ ਨਿਯਮਾਂ ਦੀ ਸ਼ਨਾਖਤ ਕਰਨਾ ਹੈ ਤਾਂ ਕਿ ਇਸ ਵਾਸਤੇ ਇਕ ਚੰਗਾ ਪ੍ਰਬੰਧ ਸਿਰਜਿਆ ਜਾ ਸਕੇ। ਸੰਸਾਰ ਭਰ ਵਿੱਚ ਫੈਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਨਾਲ ਜੁੜਨਾ ਲੋਚਦੀ ਹੈ। ਪ੍ਰਸਾਰਣ ਦਾ ਉਦੇਸ਼ ਸਤਿਕਾਰਤ ਤਰੀਕੇ ਨਾਲ ਗੁਰਬਾਣੀ ਪ੍ਰਵਾਹ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਤੱਕ ਪਹੁੰਚਾਉਣਾ ਅਤੇ ਗੁਰਮਤਿ ਦਾ ਪ੍ਰਚਾਰ-ਪਸਾਰ ਕਰਨਾ ਹੈ। ਗੁਰਬਾਣੀ ਪ੍ਰਸਾਰਣ ਦਾ ਵਪਾਰੀਕਰਨ ਨਹੀਂ ਹੋ ਸਕਦਾ ਅਤੇ ਨਾ ਹੀ ਇਸ ਉੱਤੇ ਕਿਸੇ ਦੀ ਅਜ਼ਾਰੇਦਾਰੀ ਸਥਾਪਿਤ ਹੋ ਸਕਦੀ ਹੈ, ਕਿਉਂਕਿ ਗੁਰਬਾਣੀ ਅਮੁੱਲ ਅਤੇ ਸਰਬ-ਸਾਂਝੀ ਹੈ। ਗੁਰਬਾਣੀ ਪ੍ਰਸਾਰਣ ਦਾ ਗੁਰਮਤਿ ਸੇਧਿਤ, ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀਪ੍ਰਬੰਧ ਸਿਰਜਣ ਲਈ ਸੰਸਾਰ ਭਰ ਦੇ ਸਿੱਖਾਂ ਨੂੰ ਮਿਲ ਬੈਠ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। 

ਇਹ ਪੰਥ ਦਾ ਮਸਲਾ ਹੈ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਪੰਥ ਦੀ ਸੇਵਾ ਵਿੱਚ ਲੱਗੇ ਸਾਰੇ ਹੀ ਜੱਥਿਆਂ ਨੂੰ ਇਕੱਤਰ ਕਰ ਕੇ ਪੰਥਕ ਰਵਾਇਤ ਅਨੁਸਾਰ ਇਸ ਮਸਲੇ ਉੱਤੇ ਫੈਸਲਾ ਲੈਣਾ ਚਾਹੀਦਾ ਹੈ। ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ਗੁਰਮਤਾਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਗੁਰਮਤਾ, ਖਾਲਸਾ ਜਥੇਬੰਦੀ ਦੇ ਜਜ਼ਬੇ ਦਾ ਸੰਸਥਾਗਤ ਪ੍ਰਗਟਾਵਾ ਹੈ ਅਤੇ ਇਹ ਸਰਬਤ ਗੁਰ-ਸੰਗਤਿ ਦਾ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ। ਗੁਰੂ ਖਾਲਸਾ ਪੰਥ ਦੀ ਪਰੰਪਰਾ ਵਿੱਚ ਪੰਜ ਸਿੰਘ ਸਾਹਿਬ ਗੁਰ-ਸੰਗਤਿ ਦੇ ਵਿਚਾਰ ਸੁਣਦੇ ਹਨ। ਗੁਰਬਾਣੀ ਅਤੇ ਤਵਾਰੀਖ ਦੀ ਅੰਤਰ-ਦ੍ਰਿਸ਼ਟੀ ਨਾਲ ਨਤੀਜੇ ਉਪਰ ਪਹੁੰਚਦੇ ਹਨ। ਪੰਜ ਸਿੰਘ ਸਾਹਿਬਾਨ ਦਾ ਹੁਕਮ ਅੰਤਿਮ ਹੁੰਦਾ ਹੈ। ਫੈਸਲਾ ਲੈਣ ਵਾਲੇ ਪੰਜ ਸਿੰਘ ਸਾਹਿਬ ਮੌਕੇ ਤੇ ਹੀ ਸੰਗਤ ਵਿੱਚੋਂ ਚੁਣੇ ਜਾਂਦੇ ਹਨ। ਅੰਤਮ ਫੈਸਲਾ ਲੈਣ ਤੋਂ ਬਾਅਦ ਮੁੜ ਸੰਗਤ ਦਾ ਹੀ ਹਿੱਸਾ ਬਣ ਜਾਂਦੇ ਹਨ।  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਅਮਲਾਂ ਤੋਂ ਲਗਦਾ ਹੈ ਕਿ ਸ਼ਾਇਦ ਉਹ ਫੈਸਲਾ ਕਰਨ ਵਕਤ ਇਸ ਤਰ੍ਹਾਂ ਦਾ ਕੋਈ ਅਮਲ ਨਾ ਕਰੇ। ਇਸ ਸੂਰਤ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤ ਦਾ ਫਰਜ਼ ਬਣਦਾ ਹੈ ਕਿ ਉਹ ਗੁਰਬਾਣੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦਿਆਂ ਆਪੋ ਆਪਣੇ ਸਾਧਨਾਂ ਅਤੇ ਸਮਰੱਥਾ ਅਨੁਸਾਰ ਇਸ ਫੈਸਲੇ ਨੂੰ ਪ੍ਰਭਾਵਿਤ ਕਰਨ ਦਾ ਹਰ ਸੰਭਵ ਯਤਨ ਕਰਨ ਤਾਂ ਕਿ ਜੋ ਵੀ ਫੈਸਲਾ ਹੋਵੇ ਉਹ ਗੁਰਮਤਿ ਅਨੁਸਾਰ ਹੋਵੇ, ਕਿਸੇ ਇੱਕ ਸੰਸਥਾ ਜਾਂ ਪਰਿਵਾਰ ਦੇ ਨਿੱਜੀ ਮੁਫਾਦਾਂ ਲਈ ਨਾ ਹੋਵੇ। ਇਸ ਸਮੇਂ ਨੇ ਕੱਲ੍ਹ ਨੂੰ ਇਤਿਹਾਸ ਬਣਨਾ ਹੈ ਅਤੇ ਇਸ ਵਕਤ ਪੰਥ ਦੀ ਸੇਵਾ 'ਚ ਲੱਗੇ ਹਰ ਇੱਕ ਸਖਸ਼ ਨੂੰ ਇਤਿਹਾਸ ਨੇ ਸਵਾਲ ਕਰਨਾ ਹੈ, ਇਸ ਲਈ ਸਾਨੂੰ ਬਿਨਾਂ ਦੇਰੀ ਕੀਤਿਆਂ ਗੁਰਬਾਣੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖ ਕੇ ਇਸ ਮਾਮਲੇ ਵਿੱਚ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ। 

ਗੁਰੂ ਭਲੀ ਕਰੇ।    
 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼