ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ: ਸਿਆਸੀ ਪਾਰਟੀਆਂ ਦੇ ਅਮਲ ਅਤੇ ਭਵਿੱਖ ਪ੍ਰਤੀ ਪਹੁੰਚ 

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ: ਸਿਆਸੀ ਪਾਰਟੀਆਂ ਦੇ ਅਮਲ ਅਤੇ ਭਵਿੱਖ ਪ੍ਰਤੀ ਪਹੁੰਚ 

ਭਾਰਤੀ ਰਾਸ਼ਟਰ ਹੁਣ ਮਰਨਾਊ ਹਾਲਤ ਵਿੱਚ ਹੈ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਹਨਾਂ ਨਤੀਜਿਆਂ ਨੇ ਇਸ ਵਾਰ ਜਬਰਦਸਤ ਚਰਚਾ ਛੇੜ ਦਿੱਤੀ ਹੈ। ਜਿੱਥੇ ਆਮ ਆਦਮੀ ਪਾਰਟੀ ਕਾਫੀ ਵੱਡੀ ਗਿਣਤੀ ਵੋਟ ਅਤੇ ਸੀਟਾਂ ਨਾਲ ਸਰਕਾਰ ਬਣਾਉਣ 'ਚ ਸਫਲ ਰਹੀ ਹੈ ਉੱਥੇ ਪੰਜਾਬ ਦੀ ਵੋਟ ਸਿਆਸਤ ਦੇ ਉਹ ਚਿਹਰੇ ਜਿੰਨ੍ਹਾਂ ਬਾਰੇ ਮੰਨਿਆਂ ਜਾਂਦਾ ਸੀ ਕਿ ਇਹ ਸ਼ਾਇਦ ਹੀ ਕਦੇ ਹਾਰਨ, ਤਕਰੀਬਨ ਉਹ ਸਾਰੇ ਹੀ ਵੱਡੀ ਗਿਣਤੀ ਵਿੱਚ ਹਾਰੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੰਘੇ ਦਿਨੀਂ ਹੋਈ ਬੈਠਕ ਦੌਰਾਨ ਹਾਰ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਖਬਰਾਂ ਅਨੁਸਾਰ ਬੈਠਕ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ, ‘ਜੇਕਰ ਪਾਰਟੀ ਸਮਝਦੀ ਹੈ ਕਿ ਮੇਰੇ ਤੋਂ ਕੋਈ ਕੁਤਾਹੀ ਹੋਈ ਹੈ ਤੇ ਮੇਰੇ ਕਰਕੇ ਹੀ ਨੁਕਸਾਨ ਹੋਇਆ ਹੈ ਤਾਂ ਮੈਂ ਪਿਛਾਂਹ ਹਟਣ ਲਈ ਤਿਆਰ ਹਾਂ।ਸੁਖਬੀਰ ਬਾਦਲ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ਨੂੰ ਕਮੇਟੀ ਮੈਂਬਰਾਂ ਨੇ ਨਾਮਨਜ਼ੂਰ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੇ ਅਸਲ ਸੱਚਾਈ ਨੂੰ ਮੰਨਣ ਦਾ ਯਤਨ ਕੀਤਾ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਕਾਫੀ ਅਹਿਮ ਹਨ। ਉਹਨਾਂ ਨੇ ਮੂਲ ਰੂਪ ਵਿੱਚ ਇਹ ਸਾਰੇ ਹਲਾਤਾਂ ਦਾ ਕਾਰਨ ਗੁਰੂ ਸਾਹਿਬ ਦੇ ਨਾਮ ਉੱਤੇ ਕੀਤੀ ਗਈ ਸਿਆਸਤ ਅਤੇ ਗੁਰੂ ਘਰ ਨਾਲ ਮੱਥਾ ਲਾਉਣ ਦਾ ਨਤੀਜਾ ਦੱਸਿਆ ਹੈ। ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੁਣ ਤੱਕ ਦੇ ਅਮਲਾਂ ਦਾ ਵੀ ਕਾਫੀ ਵਿਰੋਧ ਹੋ ਰਿਹਾ ਹੈ ਜਿਸ ਦੀ ਸ਼ੁਰੂਆਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਭਗਵੰਤ ਮਾਨ ਵੱਲੋਂ ਪੈਰੀਂ ਹੱਥ ਲਾਉਣ ਨਾਲ ਹੀ ਹੋ ਗਈ ਸੀ। ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣ ਅਤੇ ਰੋਡ ਸ਼ੋਅ ਲਈ ਵਰਤੀਆਂ ਗਈਆਂ ਸਰਕਾਰੀ ਬੱਸਾਂ ਅਤੇ ਹੁਣ ਸਹੁੰ ਚੁੱਕ ਸਮਾਗਮ ਦੇ ਸਬੰਧੀ ਬਾਕੀ ਪਾਰਟੀਆਂ ਵਾਂਙ ਹੀ ਪੰਜਾਬ ਦੇ ਖਜਾਨੇ ਉੱਤੇ ਪਾਏ ਜਾ ਰਹੇ ਬੋਝ ਕਰਕੇ ਕਾਫੀ ਵਿਰੋਧ ਹੋ ਰਿਹਾ ਹੈ। ਆਮ ਆਦਮੀ ਪਾਰਟੀ ਨੇ ਭਾਵੇਂ ਬਹੁਮੱਤ ਨਾਲ ਸਰਕਾਰ ਬਣਾ ਲਈ ਹੈ ਪਰ ਉਹਨਾਂ ਲਈ ਅੱਗੇ ਵੀ ਬਹੁਤ ਚੁਣੌਤੀਆਂ ਹਨ। ਉਹਨਾਂ ਦਾ ਹਰ ਇੱਕ ਅਮਲ ਵੇਖਿਆ ਅਤੇ ਪੜਚੋਲਿਆ ਜਾਵੇਗਾ, ਕਿਉਂਕਿ ਹੁਣ ਉਹਨਾਂ ਦੀ ਸਰਕਾਰ ਹੈ, ਉਹ ਬਾਕੀ ਪਾਰਟੀਆਂ ਨਾਲੋਂ ਕੀ ਚੰਗਾ ਕਰਦੇ ਹਨ ਉਹ ਯਾਦ ਰੱਖਿਆ ਜਾਵੇਗਾ ਅਤੇ ਉਹ ਬਾਕੀ ਪਾਰਟੀਆਂ ਵਾਙ ਹੀ ਕੀ ਕੁਝ ਕਰਦੇ ਹਨ ਇਹ ਤਾਂ ਖਾਸਕਰ ਯਾਦ ਰੱਖਿਆ ਜਾਵੇਗਾ।  

ਸਿਆਸਤ ਦੀ ਸਮਝ ਰੱਖਣ ਵਾਲੇ ਇਹ ਗੱਲ ਭਲੀਭਾਂਤ ਸਮਝਦੇ ਹਨ ਕਿ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਸਿੱਧੇ ਤਰੀਕੇ ਕੇਜਰੀਵਾਲ ਵੱਲੋਂ ਹੀ ਚਲਾਈ ਜਾਵੇਗੀ। ਇਸ ਦੇ ਮੱਦੇਨਜਰ ਇਹ ਵਿਚਾਰਨਾ ਬਹੁਤ ਜਰੂਰੀ ਬਣ ਜਾਂਦਾ ਹੈ ਕਿ ਭਵਿੱਖ ਵਿੱਚ ਇਹ ਪੰਜਾਬ ਅਤੇ ਸਿੱਖਾਂ ਲਈ ਕਿੰਨੀ ਕੁ ਸਹੀ ਪਹੁੰਚ ਆਪਣਾ ਸਕਦੇ ਹਨ। ਇਹ ਕਿਸੇ ਇੱਕ ਲਿਖਤ ਜਾਂ ਸੈਮੀਨਾਰ ਵਿੱਚ ਸੰਭਵ ਨਹੀਂ ਹੈ ਅਤੇ ਹੁਣ ਤੱਕ ਦੀਆਂ ਅਨੇਕਾਂ ਉਦਾਹਰਣਾਂ ਨਾਲ ਇਸ ਗੱਲ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਸ਼ੁਰੂਆਤ ਵਜੋਂ ਇੱਥੇ ਇਸ ਗੱਲ ਦੀ ਚਰਚਾ ਪ੍ਰੋ. ਭੁੱਲਰ ਦੀ ਰਿਹਾਈ ਦੇ ਮਸਲੇ ਦੇ ਹਵਾਲੇ ਨਾਲ ਕੁਝ ਕੁ ਸੰਖੇਪ ਨੁਕਤਿਆਂ ਰਾਹੀਂ ਛੂਹਣ ਦਾ ਯਤਨ ਕਰਦੇ ਹਾਂ।

ਭਾਰਤ 'ਤੇ ਰਾਜ ਕਰਨ ਦੇ ਨੁਕਤੇ ਤੋਂ ਸਿੱਖਾਂ ਦਾ ਭਾਰਤੀ ਤਾਕਤ ਅਨੁਸਾਰੀ ਰਹਿਣਾ ਬਹੁਤ ਜਰੂਰੀ ਹੈ ਜਿਸ ਲਈ ਭਾਜਪਾ ਤਰਲੋ ਮੱਛੀ ਹੋ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਬਿਲਕੁਲ ਉਲਟ ਬੇਪਰਵਾਹੀ ਵਿਖਾ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੀ ਸਿਆਸੀ ਬੌਧਿਕਤਾ ਨੂੰ ਪ੍ਰੋ. ਭੁੱਲਰ ਦੀ ਰਿਹਾਈ ਵਰਗੇ ਫੈਸਲੇ ਦੇ ਸਬੰਧ 'ਚ ਹਿੰਦੂ ਵੋਟ ਟੁੱਟਣ ਦਾ ਡਰ ਹੈ। ਜੇ ਇਹੀ ਕਾਰਨ ਹੈ ਤਾਂ ਭਾਜਪਾ ਨੂੰ ਐਸਾ ਕਿਉਂ ਨਹੀਂ ਜਾਪਦਾ? ਭਾਜਪਾ ਦੇ ਪੱਧਰ ਤੱਕ ਤਾਂ ਆਮ ਆਦਮੀ ਪਾਰਟੀ ਹਿੰਦੂ ਪੱਖੀ ਸਿੱਧ ਨਹੀਂ ਹੋਈ। ਵੋਟਤੰਤਰ ਦੀ ਵਿਆਕਰਨ ਵਿੱਚ ਜਿੱਥੇ ਇੱਕ ਵੋਟ ਵੀ ਅਹਿਮ ਹੁੰਦੀ ਹੈ ਉੱਥੇ ਇਸ ਖਿੱਤੇ ਦੇ ਬਹੁਗਿਣਤੀ ਲੋਕਾਂ ਦੀ ਮੰਗ ਨੂੰ ਠੁਕਰਾ ਕੇ ਉਨ੍ਹਾਂ ਨੂੰ ਨਰਾਜ ਕਰਨਾ ਕਿੱਥੋਂ ਤਕ ਸਿਆਣਪ ਵਾਲਾ ਫ਼ੈਸਲਾ ਸੀ? ਸਿੱਖ ਕੌਮਾਂਤਰੀ ਪੱਧਰ 'ਤੇ ਪਛਾਣ ਅਤੇ ਸੇਵਾ ਵਜੋਂ ਇੰਨੇ ਅਹਿਮ ਹੋ ਗਏ ਹਨ ਕਿ ਇਨ੍ਹਾਂ ਨੂੰ ਜਾਹਰਾ ਰੂਪ ਵਿੱਚ ਨਫਰਤ ਕਰਨੀ ਜਾਂ ਵਿਖਾਉਣੀ ਭਾਰਤ ਤਾਂ ਕੀ ਦੁਨੀਆ ਅੰਦਰ ਕਿਸੇ ਵੀ ਤਾਕਤ ਦੀ ਸਮਰੱਥਾ ਨਹੀਂ ਰਹੀ, ਅੰਦਰੋ-ਅੰਦਰੀ ਜੋ ਮਰਜੀ ਹੋਈ ਜਾਵੇ। ਐਸੀ ਹਾਲਤ ਵਿਚ ਕੇਜਰੀਵਾਲ ਸਿੱਖਾਂ ਦਾ ਵਿਰੋਧ ਮੁੱਲ ਲੈਣ ਦੇ ਰਾਹੇ ਕਿਉਂ ਪਿਆ? ਇਹ ਤਾਂ ਹੀ ਹੁੰਦਾ ਹੈ ਜਦੋਂ ਬੰਦੇ ਅੰਦਰ ਕੋਈ ਹੋਰ ਵੱਡੀ ਤਾਕਤ ਜੋ ਉਸ ਦੇ ਸਿਆਸੀ ਹਿਤਾਂ ਤੋਂ ਵੀ ਉੱਤੇ ਹੈ ਉਹ ਉਸ ਨੂੰ ਮਜਬੂਰ ਕਰ ਰਹੀ ਹੁੰਦੀ ਹੈ! ਜਿਵੇਂ ਪੁਰਾਣੀਆਂ ਰਾਜ ਬਣਤਰਾਂ ਵਿੱਚ ਰਾਜੇ ਦੇ ਹਿਤ ਤੋਂ ਉੱਤੇ ਧਰਮ ਹੁੰਦਾ ਸੀ ਉਸੇ ਤਰ੍ਹਾਂ ਨਵੀਆਂ ਰਾਜਸੀ ਬਣਤਰਾਂ ਵਿੱਚ ਰਾਜ ਕਰਨ ਵਾਲੀਆਂ ਧਿਰਾਂ ਤੋਂ ਉੱਤੇ ਰਾਸ਼ਟਰ ਭਗਤੀ ਹੁੰਦੀ ਹੈ। ਪੜ੍ਹੇ ਲਿਖੇ ਨੌਕਰੀ ਪੇਸ਼ਾ ਲੋਕ ਬੇਸ਼ੱਕ ਉਹ ਅਧਿਆਪਨ, ਸਿਵਲ ਸੇਵਾ, ਪ੍ਰਸ਼ਾਸਨ, ਫ਼ੌਜਦਾਰੀ ਆਦਿ ਕਿਸੇ ਵੀ ਖੇਤਰ ਵਿੱਚ ਰਹੇ ਹੋਣ ਉਹ ਭਾਰਤ ਦੇ ਸਿਆਸੀ ਲੋਕਾਂ ਨਾਲੋਂ ਵੱਧ ਰਾਸ਼ਟਰਵਾਦੀ ਹਨ। ਇਨ੍ਹਾਂ ਲੋਕਾਂ ਦੀ ਗਿਣਤੀ ਪੰਜਾਬ ਵਿਚ ਵੀ ਭਰਪੂਰ ਹੈ, ਇਹ ਬਿਰਤੀ ਦੇ ਲੋਕ ਬੁਨਿਆਦੀ ਤਬਦੀਲੀ ਤੱਕ ਇਨਕਲਾਬੀ ਨਹੀਂ ਹੁੰਦੇ ਸਗੋਂ ਇਨ੍ਹਾਂ ਦਾ ਇਨਕਲਾਬ ਸੱਤਾ 'ਤੇ ਬੈਠੀ ਰਾਜਨੀਤਕ ਧਿਰ ਬਦਲਣ ਤੱਕ ਸੀਮਤ ਹੁੰਦਾ ਹੈ। ਇਹ ਬਿਰਤੀ ਕਿਸੇ ਰਾਸ਼ਟਰ ਦੇ ਬਿਲਕੁਲ ਅਨੁਕੂਲ ਹੁੰਦੀ ਹੈ।ਭਾਰਤੀ ਰਾਸ਼ਟਰ ਹੁਣ ਮਰਨਾਊ ਹਾਲਤ ਵਿੱਚ ਹੈ। ਜੇ ਅਜਿਹੀ ਹਾਲਤ ਵਿੱਚ ਵੀ ਕੋਈ ਸਿਆਸੀ ਧਿਰ ਆਪਣੀ ਰਾਸ਼ਟਰ ਭਗਤੀ ਕਰਕੇ ਸਿੱਖਾਂ ਨੂੰ ਨਾਰਾਜ ਕਰਨ 'ਤੇ ਉਤਾਰੂ ਹੈ ਤਾਂ ਉਸ ਤੋਂ ਸਿੱਖਾਂ ਦੀ ਨਿਆਰੀ ਹਸਤੀ ਤੱਕ ਦੀ ਆਜਾਦੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਭਾਰਤੀ ਰਾਸ਼ਟਰਵਾਦ ਸਿੱਖਾਂ ਦੀ ਨਿਆਰੀ ਹਸਤੀ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਰਿਹਾ ਹੈ।  ਭਾਰਤੀ ਰਾਸ਼ਟਰ ਦੇ ਮੁਹਾਵਰੇ ਵਿਚ ਪ੍ਰੋ. ਭੁੱਲਰ ਅਤੇ ਉਸ ਵਰਗੇ ਬਾਕੀ ਸਾਰੇ ਸਿੱਖ ਸਿਆਸੀ ਕੈਦੀ ਭਾਰਤੀ ਰਾਸ਼ਟਰ ਦੇ ਦੁਸ਼ਮਣ ਹਨ। ਇਸ ਲਈ ਭਾਰਤੀ ਰਾਸ਼ਟਰ ਦੇ ਦੁਸ਼ਮਣਾਂ ਨੂੰ ਛੱਡਣ ਦੀ ਹਿਮਾਕਤ ਉਹੀ ਕਰ ਸਕਦਾ ਹੈ ਜਿਸ ਦੇ ਆਪਣੇ ਹਿਤ ਰਾਸ਼ਟਰ ਤੋਂ ਉੱਤੇ ਹਨ। ਕੇਜਰੀਵਾਲ ਸ਼ਾਇਦ ਇਸੇ ਕਰ ਕੇ ਭਾਜਪਾ ਦੇ ਹਿੰਦੂਤਵ ਨੂੰ ਫਰਜੀਕਹਿ ਰਿਹਾ ਹੈ ਕਿਉਂਕਿ ਉਹ ਕਈ ਥਾਈਂ ਭਾਰਤੀ ਰਾਸ਼ਟਰ ਭਗਤੀ ਦੀਆਂ ਪ੍ਰਚਲਤ ਮਾਨਤਾਵਾਂ ਨੂੰ ਉਲੰਘ ਰਹੇ ਹਨ।  

ਇਸ ਸਭ ਦੇ ਨਾਲ ਇਹ ਗੱਲ ਵੀ ਸਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਰਾਸ਼ਟਰਵਾਦ ਵਿਚ ਰਾਸ਼ਟਰ ਵਿਰੋਧੀਆਂ ਦੀਆਂ ਵੋਟਾਂ ਕੋਈ ਮਾਅਨੇ ਨਹੀਂ ਰੱਖਦੀਆਂ ਹੁੰਦੀਆਂ। ਸਿੱਖ ਭਾਰਤੀ ਰਾਸ਼ਟਰ ਦੀ ਬੰਦ ਹਕੂਮਤ ਤੋਂ ਪਾਰ ਸਰਬੱਤ ਦੇ ਭਲੇ ਵਾਲੀ ਮੋਕਲੀ ਅਤੇ ਸਹਿਚਾਰੀ ਹਕੂਮਤ ਦੇ ਪਾਂਧੀ ਹਨ। ਇਸ ਲਈ ਸਿੱਖਾਂ ਨੂੰ ਵੋਟ ਸਿਆਸਤ ਰਾਹੀਂ ਪੰਥ-ਪੰਜਾਬ ਦੇ ਬੁਨਿਆਦੀ ਮੁੱਦੇ ਹੱਲ ਕਰਵਾਉਣ ਦਾ ਦਾਅਵਾ ਕਰਨਾ ਛੱਡ ਦੇਣਾ ਚਾਹੀਦਾ, ਉਨ੍ਹਾਂ ਦੀਆਂ ਵੋਟਾਂ ਦੀ ਭਾਰਤੀ ਢਾਂਚੇ ਨੂੰ ਲੋੜ ਨਹੀਂ ਹੈ।

 

   ਮਲਕੀਤ ਸਿੰਘ 

    ਸੰਪਾਦਕ,