ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ - ਪ੍ਰਗਟਾਵੇ ਅਤੇ ਸਰਗਰਮੀ ਨੂੰ ਦਬਾਉਣ ਦੀ ਕਵਾਇਦ

ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ - ਪ੍ਰਗਟਾਵੇ ਅਤੇ ਸਰਗਰਮੀ ਨੂੰ ਦਬਾਉਣ ਦੀ ਕਵਾਇਦ

ਜਜ਼ਬਾਤੀ ਨੌਜਵਾਨ ਇਸੇ ਮੁਹਿੰਮ ਦੇ ਬਹਾਨੇ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਹੋਏ ਹਨ।

ਬਿਨਾ ਸ਼ੱਕ ਕਿਸੇ ਢਾਂਚੇ ਨੂੰ ਚਲਾਉਣ ਲਈ ਕੁਝ ਨਿਯਮ ਬਣਾਉਣੇ ਅਤੇ ਲਾਗੂ ਕਰਨੇ ਲਾਜ਼ਮੀ ਹੁੰਦੇ ਹਨ ਨਹੀਂ ਕੋਈ ਢਾਂਚਾ ਸਹੀ ਤਰੀਕੇ ਚੱਲ ਨਹੀਂ ਸਕਦਾ ਹੁੰਦਾ। ਪਰ ਨਿਯਮ ਬਣਾਉਣ ਜਾਂ ਲਾਗੂ ਕਰਨ ਵੇਲੇ ਜਿੱਥੇ ਓਹਦੇ ਸਾਰੇ ਪੱਖ ਵੇਖਣੇ ਜਰੂਰੀ ਹੁੰਦੇ ਹਨ ਉੱਥੇ ਉਸ ਨਿਯਮ ਜਾਂ ਕਨੂੰਨ ਦੀ ਦੁਰਵਰਤੋਂ ਦਾ ਵੀ ਧਿਆਨ ਰੱਖਣਾ ਲਾਜ਼ਮੀ ਹੋ ਜਾਂਦਾ ਹੈ। ਕਨੂੰਨ ਲਾਗੂ ਕਰਨ ਵਾਲਿਆਂ ਦੀ ਇਹ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ। ਪਰ ਜੇਕਰ ਕਨੂੰਨ ਬਣਾਏ ਹੀ ਇਸ ਮਨਸ਼ਾ ਨਾਲ ਜਾਣ ਕਿ ਉਹਨਾਂ ਦੀ ਦੁਰਵਰਤੋਂ ਲੋੜ ਅਨੁਸਾਰ ਕਿਸੇ ਖਾਸ ਧਿਰ, ਕੌਮ ਜਾਂ ਵਿਚਾਰਧਾਰਾ ਲਈ ਕੀਤੀ ਜਾ ਸਕੇ ਤਾਂ ਉਹ ਕਨੂੰਨ ਪਤਾ ਨਹੀਂ ਕਿੰਨੇ ਕੁ ਬੇਕਸੂਰਾਂ ਦੀ ਬਲੀ ਲੈ ਜਾਂਦੇ ਹਨ। ਸਮੇਂ ਸਮੇਂ 'ਤੇ ਸਰਕਾਰਾਂ ਦੁਆਰਾ ਅਜਿਹੇ ਕਨੂੰਨ ਬਣਾਏ ਅਤੇ ਰੱਦ ਕੀਤੇ ਜਾਂਦੇ ਹਨ। ਕਦੀ ਟਾਡਾ’, ਕਦੀ ਪੋਟਾ’, ਹੁਣ ਯੂਏਪੀਏਅਤੇ ਅਗਾਂਹ ਕੋਈ ਹੋਰ ਬਣਾ ਲਿਆ ਜਾਵੇਗਾ। ਜਦੋਂ ਸਰਕਾਰ ਵੱਲੋਂ ਅਜਿਹਾ ਕੋਈ ਕਨੂੰਨ ਰੱਦ ਵੀ ਕੀਤਾ ਜਾਂਦਾ ਹੈ ਤਾਂ ਅਗਲੇ ਕਨੂੰਨ ਚ ਓਹਦੇ ਤੋਂ ਚਾਰ ਸ਼ਰਤਾਂ ਵੱਧ ਹੀ ਹੁੰਦੀਆਂ ਹਨ ਘੱਟ ਨਹੀਂ। ਕਨੂੰਨ ਦਾ ਸਿਰਫ ਨਾਮ ਹੀ ਬਦਲਿਆ ਜਾਂਦਾ ਹੈ। ਕੋਈ ਕਨੂੰਨ ਜਦੋਂ ਇਸ ਤਰ੍ਹਾਂ ਦੀ ਖੁੱਲ ਦੇ ਦਿੰਦਾ ਹੈ ਕਿ ਕਿਸੇ ਨੂੰ ਵੀ ਬਿਨਾ ਦੋਸ਼ ਸਾਬਤ ਕੀਤੇ ਅੱਤਵਾਦੀਐਲਾਨਿਆ ਜਾ ਸਕਦਾ ਹੈ, ਕਿਸੇ ਨੂੰ ਵੀ ਅਪਰਾਧੀ ਸਾਬਤ ਕਰਨ ਦੀ ਬਹੁਤੀ ਲੋੜ ਨਹੀਂ ਸਗੋਂ ਉਲਟਾ ਅਗਲੇ ਨੂੰ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨਾ ਹੈ, ਕਿਸੇ 'ਤੇ ਵੀ ਇਹ ਦੋਸ਼ ਲਾਓ ਕਿ ਇਹ ਕੋਈ ਅਪਰਾਧ ਕਰ ਸਕਦਾ ਹੈ ਜਾਂ ਕਰਨ ਦੇ ਇਰਾਦੇ ਰੱਖਦਾ ਹੈ ਤੇ ਓਹਨੂੰ ਜੇਲ ਵਿੱਚ ਸੁੱਟ ਦਿਓ ਤਾਂ ਕਿੰਨਾ ਸੌਖਾ ਹੈ ਕਿਸੇ ਵੀ ਬੇਈਮਾਨ ਤੇ ਸੌੜੀ ਬਿਰਤੀ ਦੇ ਮਨੁੱਖ ਲਈ ਅਜਿਹੇ ਕਨੂੰਨ ਦੀ ਦੁਰਵਰਤੋਂ ਕਰਨਾ। ਕਨੂੰਨ ਕੋਈ ਇਲਾਹੀ ਫੁਰਮਾਨ ਨਹੀਂ, ਇਹ ਕੁਝ ਬੰਦਿਆਂ ਦੁਆਰਾ ਤੈਅ ਕੀਤੇ ਨਿਯਮ ਹੀ ਹੁੰਦੇ ਹਨ। ਨਿਯਮ ਘਾੜੇ ਜੇ ਕਿਸੇ ਵਿਚਾਰ ਨਾਲ ਸਹਿਮਤ ਨਹੀਂ ਤਾਂ ਬਾਕੀਆਂ ਉੱਤੇ ਵੀ ਉਹ ਨਿਯਮ ਥੋਪਣਾ ਕਿੰਨਾ ਕੁ ਸਹੀ ਹੈ? ਕੋਈ ਨਿੱਜੀ ਤੌਰ 'ਤੇ ਕੋਈ ਵੀ ਵਿਚਾਰ ਰੱਖ ਸਕਦਾ ਹੈ ਜਾ ਕਿਸੇ ਦੇ ਵਿਚਾਰ ਨਾਲ ਸਹਿਮਤੀ ਪ੍ਰਗਟ ਕਰ ਸਕਦਾ ਹੈ ਪਰ ਇਸ ਤਰ੍ਹਾਂ ਕਰਨ ਨੂੰ ਇਕ ਪਾਪ ਬਣਾ ਕੇ ਪੇਸ਼ ਕੀਤਾ ਜਾਣਾ ਬਹੁਤ ਮਾੜੀ ਗੱਲ ਹੈ। ਇਸ ਤਰ੍ਹਾਂ ਦੇ ਕਨੂੰਨ ਰਾਹੀਂ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਬਾਬਤ ਹੁਣ ਤਾਂ ਰਿਪੋਰਟਾਂ ਵੀ ਸਾਹਮਣੇ ਆ ਗਈਆਂ ਹਨ ਜਿਹਨਾਂ ਵਿੱਚ ਸਿੱਧ ਹੋ ਜਾਂਦਾ ਹੈ ਕਿ ਇਹ ਨਿਰਪੱਖ ਕਨੂੰਨ ਨਹੀਂ ਅਤੇ ਵੱਡਾ ਹਿੱਸਾ ਇਸ ਵਿੱਚ ਬੇਕਸੂਰ ਵੀ ਪਾਇਆ ਗਿਆ ਹੈ। ਅਸਲ ਵਿੱਚ ਦਿੱਲੀ ਦਰਬਾਰ ਇਸ ਬਹਾਨੇ ਪੰਜਾਬ ਵਿਚ ਸਿੱਖਾਂ ਦੀ ਆਵਾਜ਼ ਬੰਦ ਕਰਕੇ ਸਿੱਖ ਨੌਜਵਾਨਾਂ ਦੀ ਆਮ ਜਿਹੀ ਸਰਗਰਮੀ ਵੀ ਦਬਾਅ ਰਿਹਾ ਹੈ।

ਲੰਘੇ ਦਿਨੀਂ ਬਨੂੜ ਪੁਲਿਸ ਵੱਲੋਂ ਦੋ ਸਿੱਖ ਨੌਜਵਾਨਾਂ ਅਤੇ ਉਹਨਾ ਵਿਚੋਂ ਇਕ ਦੇ ਮਾਤਾ ਜੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਹ ਗ੍ਰਿਫਤਾਰੀ ਕੋਈ ਟੁੱਟਵਾਂ ਮਾਮਲਾ ਨਹੀਂ ਹੈ, ਬਲਕਿ ਇਹ ਬਕਾਇਦਾ ਇਕ ਲੜੀ ਦਾ ਹਿੱਸਾ ਹੈ। ਪੰਜਾਬ ਦੇ ਕਈ ਸਿੱਖ ਨੌਜਵਾਨ ਅਜਿਹੇ ਹੀ ਦੋਸ਼ਾਂ ਹੇਠ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਹਨ, ਜਿਹਨਾਂ ਵਿਚੋਂ ਕਈਆਂ ਉੱਤੇ ਹੋਰ ਵੀ ਵਧੇਰੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਦਿੱਲੀ ਦਰਬਾਰ ਦਾ ਕਹਿਣਾ ਹੈ ਕਿ ਇੱਕ ਗੈਰ-ਮਾਨਤਾਪ੍ਰਾਪਤ, ਨਾ-ਲਾਗੂ ਕੀਤੇ ਜਾਣ ਯੋਗ ਨਤੀਜੇ ਵਾਲੀ (ਨੌਟ ਰੈਕੋਗਨਾਈਜ਼ਡ ਅਤੇ ਨੌਨ-ਬਾਇੰਡਿੰਗ) ਬਿਜਾਲੀ ਮਤਦਾਨ (ਔਨਲਾਈਨ ਵੋਟਿੰਗ) ਮੁਹਿੰਮ ਬਹੁਤ ਹੀ ਖਤਰਨਾਕ ਮਸਲਾ ਹੈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਦੀ ਸ਼ੁਰੂਆਤ ਅਤੇ ਸੰਚਾਲਨ ਅਮਰੀਕਾ ਵਿਚ ਰਹਿਣ ਵਾਲਿਆਂ ਵੱਲੋਂ ਅਮਰੀਕਾ ਵਿਚ ਹੀ ਬਣਾਈ ਗਈ ਇਕ ਸੰਸਥਾ ਰਾਹੀਂ ਕੀਤਾ ਜਾ ਰਿਹਾ ਹੈ। ਇੰਡੀਆ ਇਸ ਵੇਲੇ ਅਮਰੀਕਾ ਲਈ ਬਹੁਤ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ। ਜੇਕਰ ਦਿੱਲੀ ਦਰਬਾਰ ਲਈ ਅਮਰੀਕਾ ਤੋਂ ਸੰਚਾਲਤ ਇਹ ਮੁਹਿੰਮ ਇੰਨੀ ਹੀ ਖਤਰਨਾਕ ਹੈ ਤਾਂ ਇੰਡੀਆ ਨੇ ਹਾਲੀ ਤੱਕ ਵੀ ਅਮਰੀਕਾ ਨਾਲ ਆਪਣੇ ਕੂਟਨੀਤਕ ਸੰਬੰਧ ਆਮ ਵਾਂਗ ਹੀ ਕਿਉਂ ਬਰਕਰਾਰ ਰੱਖੇ ਹੋਏ ਹਨ? ਜੇਕਰ ਦਿੱਲੀ ਦਰਬਾਰ ਇਸ ਮੁਹਿੰਮ ਨੂੰ ਸੱਚੀਂ ਖਤਰਨਾਕ ਮੰਨਦਿਆਂ ਗੰਭੀਰਤਾ ਨਾਲ ਲੈਂਦਾ ਹੁੰਦਾ ਤਾਂ ਦਿੱਤੇ ਹਾਲਾਤ ਵਿਚ ਇੰਡੀਆ ਨੇ ਅਮਰੀਕਾ ਨਾਲ ਆਪਣੇ ਕੂਟਨੀਤਕ ਸੰਬੰਧ ਜਰੂਰ ਮੁਲਤਵੀ ਕਰ ਦਿੱਤੇ ਹੁੰਦੇ ਜਾਂ ਘੱਟੋ-ਘੱਟ ਉਹਨਾ ਨੂੰ ਸੰਕੋਚ ਲਿਆ ਹੁੰਦਾ। ਇੰਡੀਆ ਵੱਲੋਂ ਅਜਿਹਾ ਨਾ ਕਰਨਾ ਦਰਸਾਉਂਦਾ ਹੈ ਕਿ ਦਿੱਲੀ ਦਰਬਾਰ ਇਸ ਮੁਹਿੰਮ ਨੂੰ ਇੰਨਾ ਵੀ ਖਤਰਨਾਕ ਜਾਂ ਗੰਭੀਰ ਨਹੀਂ ਮੰਨਦਾ ਬਲਕਿ ਦਿੱਲੀ ਦਰਬਾਰ ਇਸ ਮੁਹਿੰਮ ਨੂੰ ਪੰਜਾਬ ਵਿਚ ਸਿੱਖਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਸਿੱਖ ਨੌਜਵਾਨਾਂ ਦੀ ਸਰਗਰਮੀ ਨੂੰ ਦਬਾਉਣ ਦੇ ਸਿਆਸੀ ਸੰਦ ਵਾਂਗ ਵਰਤ ਰਿਹਾ ਹੈ। ਦਿੱਲੀ ਦਰਬਾਰ ਵੱਲੋਂ ਉਕਤ ਮੁਹਿੰਮ ਦਾ ਬਹਾਨਾ ਬਣਾ ਕੇ ਸਿੱਖ ਖਬਰਖਾਨੇ ਦੇ ਬਿਜਾਲ-ਮੰਚ ਅਤੇ ਸਿੱਖਾਂ ਦੇ ਬਿਜਲ-ਸੱਥ ਸਫੇ (ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਖਾਤੇ) ਬਿਨਾ ਕਿਸੇ ਨਿਯਮ-ਵਿਚਾਰ ਦੇ ਧੜਾ-ਧੜ ਬੰਦ ਕੀਤੇ ਜਾ ਰਹੇ ਹਨ। ਪੰਜਾਬ ਦੇ ਕਈ ਕਮ-ਉਮਰ ਜਜ਼ਬਾਤੀ ਨੌਜਵਾਨ ਇਸੇ ਮੁਹਿੰਮ ਦੇ ਬਹਾਨੇ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਹੋਏ ਹਨ। ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਕਿਵੇਂ ਦਿੱਲੀ ਦਰਬਾਰ ਇਸ ਬਹਾਨੇ ਪੰਜਾਬ ਵਿਚ ਸਿੱਖਾਂ ਦੀ ਆਵਾਜ਼ ਬੰਦ ਕਰਕੇ ਸਿੱਖ ਨੌਜਵਾਨਾਂ ਦੀ ਆਮ ਜਿਹੀ ਸਰਗਰਮੀ ਵੀ ਦਬਾਅ ਰਿਹਾ ਹੈ। ਜਿਸ ਤਰੀਕੇ ਨਾਲ ਪੰਜਾਬ ਦੀ ਅਫਸਰਸ਼ਾਹੀ ਵੱਲੋਂ ਇਹਨਾ ਕਮ-ਉਮਰ ਜਜ਼ਬਾਤੀ ਸਿੱਖ ਨੌਜਵਾਨਾਂ ਵਿਰੁਧ ਇਹ ਮਾਮਲੇ ਦਰਜ਼ ਕੀਤੇ ਜਾ ਰਹੇ ਹਨ ਉਸ ਤੋਂ ਇਹ ਲੱਗਦਾ ਹੈ ਕਿ ਜਾਂ ਤਾਂ ਜਿਲ੍ਹਾ ਪੱਧਰੀ ਤੇ ਹੇਠਲੇ ਅਫਸਰ ਦਿੱਲੀ ਦਰਬਾਰ ਅਤੇ ਪੰਜਾਬ ਡੀਜੀਪੀ ਦਫਤਰ ਦਾ ਦਬਾਅ ਝੱਲਣ ਦੇ ਅਸਮਰਥ ਹਨ ਤੇ ਉਹਨਾ ਦੇ ਦਾਬਅ ਅੱਗੇ ਗੋਡੇ ਟੇਕ ਰਹੇ ਹਨ, ਜਾਂ ਫਿਰ ਉਹ ਤਰੱਕੀਆਂ ਦੇ ਲਾਲਚ ਵਿਚ ਦਿੱਲੀ ਦਰਬਾਰ ਦੀ ਖਾਹਸ਼ਾ ਲੀਹ ਉੱਤੇ ਤੁਰ ਰਹੇ ਹਨ। ਇਹ ਮਹਿਜ ਇਕ ਅੱਧ ਮਾਮਲੇ ਜਾਂ ਘਟਨਾ ਦੀ ਗੱਲ ਨਹੀਂ ਹੈ। ਇਹ ਮਹਿਜ ਗ੍ਰਿਫਤਾਰੀਆਂ ਦੀ ਲੜੀ ਜਾਂ ਘਟਨਾਕ੍ਰਮ ਨਹੀਂ ਹੈ। ਬਲਕਿ ਇਹ ਇਕ ਤਰ੍ਹਾਂ ਨਾਲ ਸਿੱਖਾਂ ਦੇ ਸਵੈ ਦੇ ਪ੍ਰਗਟਾਵੇ ਤੇ ਸਰਗਰਮੀ ਨੂੰ ਦਬਾਉਣ ਦੀ ਬਕਾਇਦਾ ਕਵਾਇਦ ਤੇ ਵਰਤਾਰਾ ਹੈ। ਇਸ ਦਾ ਟਾਕਰਾ ਕਰਨ ਲਈ ਇਹ ਜਰੂਰੀ ਹੈ ਕਿ ਇਸ ਨੂੰ ਵਿਆਪਕ ਚੌਖਟੇ ਵਿੱਚ ਰੱਖ ਕੇ ਵੇਖੀਏ, ਘੋਖੀਏ ਅਤੇ ਸਮਝੀਏ, ਤੇ ਇਸ ਦੀ ਹਕੀਕਤ ਨੂੰ ਉਜਾਗਰ ਕਰੀਏ। ਇਹ ਗੱਲ ਅਸੀਂ ਸਭ ਜਾਣਦੇ ਜਾਂ ਕਿ ਉਕਤ ਹਵਾਲੇ ਨਾਲ ਹਾਲੀਆ ਗ੍ਰਿਫਤਾਰੀਆਂ ਨਾ ਤਾਂ ਪਹਿਲੀਆਂ ਹਨ ਤੇ ਨਾ ਹੀ ਇਹ ਆਖਰੀ ਹੋਣਗੀਆਂ। ਮਸਲਾ ਦਿਸਦੇ ਤੋਂ ਵੱਧ ਡੂੰਘਾ ਅਤੇ ਗੰਭੀਰ ਹੈ।

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼