ਸ਼ਬਦਾਂ ਦੇ ਪਰਦੇ  

ਸ਼ਬਦਾਂ ਦੇ ਪਰਦੇ  

ਪੰਜਾਬ ਦੀ ਸਿਆਸਤ ਅਤੇ ਪੰਜਾਬ ਦੇ ਅਸਲ ਮੁੱਦਿਆਂ ਲਈ ਫ਼ਿਕਰਮੰਦ ਸਖਸ਼ੀਅਤਾਂ ਨੂੰ ਚਾਹੀਦਾ ਹੈ

ਮਨੁੱਖ ਆਪਣੀ ਗੱਲ ਨੂੰ ਦੂਜੇ ਤੱਕ ਅੱਪੜਦੀ ਕਰਨ ਲਈ ਵੱਖ-ਵੱਖ ਤਰੀਕੇ ਅਪਣਾਉਂਦਾ ਹੈ, ਜਿਸ ਵਿੱਚੋਂ ਸਭ ਤੋ ਵੱਧ ਬੋਲ ਕੇ ਹੀ ਉਹ ਆਪਣੀ ਗੱਲ ਦੂਜੇ ਕੋਲ ਕਰਦਾ ਹੈ। ਮੋਟੇ ਰੂਪ ਵਿੱਚ ਦੋ ਕਿਸਮ ਦੇ ਬੰਦੇ ਮੁੱਖ ਤੌਰ 'ਤੇ ਆਪਣੇ ਆਲੇ-ਦੁਆਲੇ ਵੱਖ-ਵੱਖ ਖੇਤਰਾਂ ਵਿੱਚ ਵਿਚਰਦੇ ਹਨ। ਪਹਿਲੇ ਜੋ ਰੂਹ, ਇਮਾਨਦਾਰੀ ਅਤੇ ਢਿੱਡੋਂ ਆਪਣੀ ਗੱਲ ਕਹਿ ਦਿੰਦੇ ਹਨ ਅਤੇ ਦੂਜੇ ਦਿਮਾਗ ਦੇ ਜੋਰ ਨਾਲ ਸ਼ਬਦਾਂ ਦੇ ਪਰਦੇ 'ਚ ਆਪਣੀ ਗੱਲ ਰੱਖਦੇ ਹਨ। ਇਮਾਨਦਾਰੀ ਅਤੇ ਰੂਹ ਤੋਂ ਬੋਲੀ ਗਈ ਗੱਲ ਆਪ ਮੁਹਾਰੇ ਆਪਣਾ ਅਸਰ ਛੱਡਦੀ ਹੈ ਅਤੇ ਸ਼ਬਦਾਂ ਦੇ ਪਰਦੇ ਕਰਕੇ ਦੱਸੀ ਜਾ ਰਹੀ ਗੱਲ ਨੂੰ ਕਿਸੇ ਖਾਸ ਮਕਸਦ ਅਤੇ ਅਸਰ ਲਈ ਤਿਆਰ ਕੀਤਾ ਜਾਂਦਾ ਹੈ। ਪਿਛਲੇ ਕੁਝ ਵਰ੍ਹਿਆਂ 'ਚ ਮਾਧਿਅਮਾਂ ਦੀ ਗਿਣਤੀ, ਕਹਿਣੀ ਅਤੇ ਕਰਨੀ 'ਚ ਵਿੱਥ ਅਤੇ ਗੱਲ ਕਰਨ ਦੀ ਸੌਖ ਵਧਣ ਕਰਕੇ ਮਨੁੱਖ ਆਪਣੀ ਗੱਲ ਨੂੰ ਕਾਹਲ ਅਤੇ ਬਿਨਾ ਸੋਚੇ ਵਿਚਾਰੇ ਕਹਿਣ 'ਚ ਲੱਗਾ ਹੋਇਆ ਹੈ। ਸਿਆਸਤ ਵਿੱਚ ਸ਼ਬਦਾਂ ਦੇ ਪਰਦੇ ਦੀ ਇੱਕ ਖਾਸ ਥਾਂ ਹੈ ਅਤੇ ਹੁਣ ਦੇ ਸਮੇਂ ਤਾਂ ਇਸ ਦਾ ਪੂਰਾ ਲਾਹਾ ਵੀ ਲਿਆ ਜਾ ਰਿਹਾ ਹੈ। ਕਹਿਣੀ ਅਤੇ ਕਰਨੀ ਦੀ ਵਿੱਥ ਦੇ ਨਾਲ ਨਾਲ ਅਸਲ ਮੁੱਦਿਆਂ ਨੂੰ ਵਿਸਾਰ ਕੇ ਹੋਰ ਫੋਕੇ ਮੁੱਦਿਆਂ ਨੂੰ ਉਭਾਰੀ ਰੱਖਣਾ ਵੀ ਸ਼ਬਦਾਂ ਦੇ ਪਰਦੇ ਤੋਂ ਹੀ ਸ਼ੁਰੂ ਹੁੰਦਾ ਹੈ, ਇਸ ਦਾ ਅਗਲਾ ਪੜਾਅ ਇੰਨ੍ਹਾਂ ਵਿਚੋਂ ਕੁਝ ਮੁੱਦਿਆਂ ਨੂੰ ਹੱਲ ਕਰ ਦੇਣਾ ਜਾਂ ਹੱਲ ਕਰਨ ਦੇ ਯਤਨ ਕਰਨ ਦਾ ਵਿਖਾਵਾ ਹੁੰਦਾ ਹੈ। ਇਸ ਦਾ ਅਸਰ ਅਸਲ ਬੁਨਿਆਦੀ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਵਿੱਚ ਸਹਾਈ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਸਿਆਸਤ ਦੇ ਮੁੱਦਿਆਂ ਨੂੰ ਵੇਖ ਕੇ ਇਹ ਗੱਲ ਸਹਿਜੇ ਸਮਝ ਵਿੱਚ ਆ ਸਕਦੀ ਹੈ। ਹੁਣ ਤਾਂ ਇਹ ਵਰਤਾਰਾ ਬਹੁਤ ਜ਼ੋਰ ਫੜ੍ਹ ਗਿਆ ਹੈ, ਵਿਰਲਿਆਂ ਨੂੰ ਛੱਡ ਬਾਕੀ ਸਭ ਸ਼ਬਦਾਂ ਦੇ ਪਰਦਿਆਂ ਨਾਲ ਆਪਣਾ ਪ੍ਰਭਾਵ ਛੱਡਣ ਦੇ ਯਤਨਾਂ ਵਿੱਚ ਲੱਗੇ ਹਨ ਅਤੇ ਅਸਲ ਮੁੱਦਿਆਂ ਦੀ ਥਾਂ ਫੋਕੇ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ ਜਿਸ ਕਰਕੇ ਆਵਾਜਾਈ ਬਹੁਤ ਜ਼ਿਆਦਾ ਹੈ ਅਤੇ ਪਰਖ ਦੇ ਗੇੜ 'ਚੋਂ ਲੰਘਾਉਣ ਲਈ ਸਰੋਤੇ ਬਹੁਤ ਥੋੜੇ ਹਨ। ਕੌਣ ਕੀ ਕਹਿ ਰਿਹਾ ਹੈ, ਕਿਉਂ ਕਹਿ ਰਿਹਾ ਹੈ ਅਤੇ ਕਿਵੇਂ ਕਹਿ ਰਿਹਾ ਹੈ ਇਹਦੇ 'ਚ ਉਤਰਣ ਲਈ ਵਕਤ, ਨਿਸ਼ਚਾ, ਵਿਸ਼ਵਾਸ਼, ਤਜ਼ਰਬਾ, ਅਵਸਥਾ ਅਤੇ ਜੋ ਬੁਨਿਆਦੀ ਨਾਪ ਤੋਲ ਸਾਡੇ ਸਨ, ਉਹ ਕਿਤੇ ਨਾ ਕਿਤੇ ਸਾਡੇ ਤੋਂ ਖੁੱਸੇ ਜ਼ਰੂਰ ਹਨ ਤਾਂਹੀ ਇਸ ਵਰਤਾਰੇ ਦੀ ਤਸਵੀਰ ਸਾਨੂੰ ਸਾਫ ਨਹੀਂ ਦਿਖ ਰਹੀ ਧੁੰਦਲੀ ਦਿਖ ਰਹੀ ਹੈ। ਇਸ ਧੁੰਦ ਵਿੱਚ ਕੌਣ ਨਜ਼ਦੀਕ ਹੈ ਅਤੇ ਕੌਣ ਨਜ਼ਦੀਕ ਹੋ ਕੇ ਵੀ ਦੂਰ ਹੈ ਇਹ ਉਲਝਣਤਾਣੀ 'ਚ ਬੰਦੇ ਦਿਨ ਪਰ ਦਿਨ ਘਿਰਦੇ ਜਾ ਰਹੇ ਹਨ।

ਆਪਣੇ ਆਪ ਨੂੰ ਹਰ ਪਾਸੇ ਤੋਂ ਘਿਰਿਆ ਮਹਿਸੂਸ ਕਰਨ ਕਰਕੇ ਅਸੀਂ ਇਸ ਦੇ ਹੱਲ ਵੱਲ ਨੂੰ ਭੱਜ ਰਹੇ ਹਾਂ। ਘਿਰੇ ਹੋਣਾ ਕੋਈ ਹਾਰ ਨਹੀਂ ਹੁੰਦੀ, ਘੇਰੇ ਦਾ ਹੱਲ ਲੱਭਣਾ ਵੀ ਕੋਈ ਗੁਨਾਹ ਨਹੀਂ, ਪਰ ਉਹਦੇ 'ਚ ਕਾਹਲ ਦੀਆਂ ਛੱਲਾਂ ਉੱਠਣੀਆਂ ਰਾਹ ਭਟਕਾਉਣ 'ਚ ਸਫਲ ਰਹਿੰਦੀਆਂ ਹਨ। ਅੱਜ ਸਾਨੂੰ ਹਰ ਪਾਸੇ ਤੋਂ ਦਿਸ਼ਾ ਦੇਣ ਦੀਆਂ ਅਵਾਜ਼ਾਂ ਪੈ ਰਹੀਆਂ ਹਨ, ਸਾਡੀ ਕਾਹਲ ਦੀ ਵੀ ਇਹੀ ਮੰਗ ਹੈ। ਤੇ ਜਦੋਂ ਇਮਾਨਦਾਰਾਂ ਦੀ ਮੰਗ ਅਤੇ ਬੇਈਮਾਨਾਂ ਦਾ ਦਾਅਵਾ ਇੱਕ ਹੋ ਜਾਵੇ ਤਾਂ ਸ਼ਬਦਾਂ ਦੀ ਪੁੱਠ ਚਾੜ੍ਹ ਕੇ ਭੇਜੇ ਬੋਲ ਆਮ ਬੰਦਿਆਂ ਦੀ ਤੋਰ ਨੂੰ ਕਿੰਨੀ ਛੇਤੀ ਮੋੜਾ ਦੇ ਦਿੰਦੇ ਹਨ ਇਹ ਅੰਦਾਜ਼ਾ ਲਾਉਣਾ ਕੋਈ ਬਹੁਤਾ ਔਖਾ ਨਹੀਂ। ਇਸ ਤਰ੍ਹਾਂ ਦੇ ਰੁਝਾਨ ਜਦੋਂ ਭਾਰੂ ਪੈਣ ਲੱਗ ਜਾਣ ਤਾਂ ਅਕਸਰ ਢਿੱਡੋਂ ਆਈਆਂ ਗੱਲਾਂ ਤੋਂ ਵੱਧ ਹੁੰਗਾਰਾ ਘੜ ਕੇ ਭੇਜੇ ਬੋਲਾਂ ਨੂੰ ਮਿਲਣ ਲੱਗ ਜਾਂਦਾ ਹੈ। ਕਿਉਂ ਜੋ ਬੰਦਾ ਆਪਣੇ ਆਪ ਦੀ ਸਹੀ ਪਹਿਚਾਣ ਤੋਂ ਦੂਰ ਹੁੰਦਾ ਹੈ ਇਸ ਕਰਕੇ ਉਹਦੀ ਕਸਵੱਟੀ ਸਹੀ ਨਿਤਾਰਾ ਨਹੀਂ ਕਰ ਪਾਉਂਦੀ। ਕੌਣ ਬੇਈਮਾਨ? ਕੌਣ ਇਮਾਨਦਾਰ? ਕੌਣ ਭੁਲੇਖੇ ਚ? ਕੌਣ ਸਾਜਿਸ਼ੀ? ਕੌਣ ਸਾਜਿਸ਼ ਦਾ ਸ਼ਿਕਾਰ? ਇਹ ਤੰਦਾਂ ਦਿਨ ਪਰ ਦਿਨ ਉਲਝ ਰਹੀਆਂ ਹਨ ਕਿਉਂ ਕਿ ਢਿੱਡੋਂ ਆਈਆਂ ਗੱਲਾਂ 'ਤੇ ਸ਼ਬਦਾਂ ਦੇ ਪਰਦੇ 'ਚ ਨਿਕਲਦੇ ਬੋਲ ਭਾਰੂ ਪੈਂਦੇ ਜਾ ਰਹੇ ਹਨ। ਰਾਹ ਭੁੱਲੇ ਬੰਦੇ ਨੂੰ ਜਿਵੇਂ ਕੋਈ ਕਹਿ ਦਿੰਦਾ ਉਵੇਂ ਤੁਰੀ ਜਾਂਦਾ, ਹੋਰ ਕੋਈ ਚਾਰਾ ਨਹੀਂ ਹੁੰਦਾ। ਦਿੱਕਤ ਭੁੱਲ ਚੁੱਕੇ ਰਾਹ ਦੀ ਹੈ, ਦਿੱਕਤ ਘਿਰੇ ਹੋਣ ਦੀ ਨਹੀਂ। ਭੁੱਲੇ ਰਾਹ ਨੂੰ ਖੋਜਣਾ ਐਨਾ ਸੌਖਾ ਨਹੀਂ ਹੁੰਦਾ, ਉਹ ਅਜਿਹੀਆਂ ਕੁਰਬਾਨੀਆਂ ਦੀ ਮੰਗ ਕਰਦਾ ਹੈ ਜਿੰਨ੍ਹਾ ਦੀ ਕਈ ਵਾਰ ਹੋਰਾਂ ਨੂੰ ਭਿਣਕ ਤੱਕ ਨਹੀਂ ਪੈਂਦੀ ਅਤੇ ਸ਼ਾਇਦ ਇਸ ਤੋਂ ਵੀ ਕਿਤੇ ਵੱਧ ਔਖਾ ਹੈ ਭੁੱਲ ਚੁੱਕੇ ਰਾਹਾਂ ਨੂੰ ਲੱਭਣਾ 'ਤੇ ਉਹਨਾਂ ਤੇ ਚੱਲਣਾ। ਮਸ਼ਹੂਰੀ, ਰੌਲਾ, ਨਾਮ ਅਤੇ ਹੋਰ ਪਤਾ ਨਹੀਂ ਕੀ ਕੁਝ ਸ਼ਾਂਤ ਹੋ ਜਾਂਦਾ ਹੈ। ਪਰ ਹੁਣ ਪਾੜਾ ਇੰਨਾ ਵੱਧ ਗਿਆ ਹੈ ਕਿ ਚਹੁੰ ਪਾਸੇ ਬਸ ਨਾਮ ਅਤੇ ਮਸ਼ਹੂਰੀ ਦਾ ਹੀ ਸ਼ੋਰ ਹੈ, ਇਸ ਪਾੜੇ ਨੂੰ ਸਮਝੇ ਬਿਨਾਂ ਜੋ ਧੁੰਦਲੀ ਤਸਵੀਰ ਹੈ ਉਹ ਸਾਫ ਨਹੀਂ ਹੋਣੀ। ਪੰਜਾਬ ਦੀ ਸਿਆਸਤ ਅਤੇ ਪੰਜਾਬ ਦੇ ਅਸਲ ਮੁੱਦਿਆਂ ਲਈ ਫ਼ਿਕਰਮੰਦ ਸਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਉਹ ਇਹ ਧੁੰਦਲੀ ਤਸਵੀਰ ਨੂੰ ਸਾਫ਼ ਕਰਨ ਲਈ ਯਤਨਸ਼ੀਲ ਹੋਣ। ਬੁਨਿਆਦੀ ਮੁੱਦਿਆਂ ਦੀ ਗੰਭੀਰਤਾ ਨੂੰ ਸਮਝਣ ਸਮਝਾਉਣ ਲਈ ਜੋ ਅਮਲ ਚਾਹੀਦੇ ਹਨ ਉਹਨਾਂ ਵੱਲ ਨੂੰ ਪਰਤਣ ਦੇ ਯਤਨ ਹੋਣੇ ਚਾਹੀਦੇ ਹਨ। ਜਿਸ ਨੇ ਵਾਕਿਆ ਹੀ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਕੁਝ ਕਰਨਾ ਹੈ ਉਸ ਦਾ ਅਮਲ ਬਾਕੀ ਚੱਲ ਰਹੇ ਤੋਂ ਵੱਖਰਾ ਹੋਵੇਗਾ। ਸਾਨੂੰ ਆਪਣੀ ਕਾਹਲ ਨੂੰ ਵਿਸ਼ਰਾਮ ਦੇਣਾ ਪਵੇਗਾ, ਅਸਲ ਮੁੱਦਿਆਂ ਦੀ ਗੰਭੀਰਤਾ ਨੂੰ ਸਮਝਣਾ ਪਵੇਗਾ, ਫੋਕੇ ਮੁੱਦਿਆਂ ਤੋਂ ਪ੍ਰਭਾਵਿਤ ਹੋ ਕੇ ਉੱਥੇ ਊਰਜਾ ਲਾਉਣ ਦੇ ਅਮਲ ਨੂੰ ਵੀ ਰੋਕਣਾ ਪਵੇਗਾ ਅਤੇ ਸ਼ਬਦਾਂ ਦੇ ਪਰਦੇ ਕਰ ਕੇ ਭੇਜੇ ਜਾ ਰਹੇ ਬੋਲਾਂ ਨੂੰ ਪਰਖ ਦੇ ਗੇੜ 'ਚੋਂ ਲੰਘਾਉਣਾ ਪਵੇਗਾ। ਕੌਣ ਕੀ ਕਹਿ ਰਿਹਾ ਹੈ, ਕਿਉਂ ਕਹਿ ਰਿਹਾ ਹੈ ਅਤੇ ਕਿਵੇਂ ਕਹਿ ਰਿਹਾ ਹੈ, ਇਸ ਦੀ ਗਹਿਰਾਈ ਨੂੰ ਸਮਝਣ ਦੀ ਕਸਰਤ ਵਿੱਚ ਪੈਣਾ ਚਾਹੀਦਾ ਹੈ। ਨਹੀਂ ਤਾਂ ਇਹ ਖੇਡਾ ਇਸੇ ਤਰ੍ਹਾਂ ਨਿਰੰਤਰ ਚੱਲਦਾ ਅਤੇ ਫੈਲਦਾ ਰਹਿਣਾ ਹੈ, ਸ਼ਬਦਾਂ ਦੇ ਪਰਦੇ ਕਰਕੇ ਭੇਜੇ ਬੋਲਾਂ ਨੇ ਆਪਣਾ ਅਸਰ ਛੱਡਦੇ ਰਹਿਣਾ ਹੈ ਅਤੇ ਅਸੀਂ ਆਪਣੇ ਅਸਲ ਮੁੱਦਿਆਂ ਤੋਂ ਪਾਸੇ ਹੋ ਕੇ ਫੋਕੇ ਮੁੱਦਿਆਂ ਵਿੱਚ ਹੀ ਉਲਝਦੇ ਰਹਿ ਜਾਣਾ ਹੈ। ਗੁਰੂ ਭਲੀ ਕਰੇ। 

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼