ਸਿੰਗੂ ਸੋਧਾ: ਵੱਖ-ਵੱਖ ਧਿਰਾਂ ਦੇ ਅਮਲ

ਸਿੰਗੂ ਸੋਧਾ: ਵੱਖ-ਵੱਖ ਧਿਰਾਂ ਦੇ ਅਮਲ

ਗੁਰੂ ਖਾਲਸਾ ਪੰਥ ਦੇ ਮਸਲਿਆਂ ਵਿੱਚ ਹਰ ਕੋਈ ਆਪਣੀ ਲੱਤ ਫਸਾ ਰਿਹਾ ਹੈ

ਸਿੰਗੂ ਹੱਦ 'ਤੇ ਲੰਘੀ 15 ਅਕਤੂਬਰ ਨੂੰ ਇੱਕ ਵਿਅਕਤੀ ਦੀ ਲਾਸ਼ ਦੀਆਂ ਤਸਵੀਰਾਂ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਦੇਸ਼-ਵਿਦੇਸ਼ ਵਿੱਚ ਪਹੁੰਚੀਆਂ, ਜਿਸ ਬਾਰੇ ਸ਼ੁਰੂਆਤੀ ਜਾਣਕਾਰੀ ਇੰਨੀ ਕੁ ਹੀ ਆਈ ਕਿ ਸਿੰਗੂ ਹੱਦ 'ਤੇ ਇੱਕ ਵਿਅਕਤੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ ਤਾਂ ਨਿਹੰਗ ਸਿੰਘਾਂ ਵੱਲੋਂ ਉਸ ਨੂੰ ਮੌਕੇ 'ਤੇ ਹੀ ਸੋਧਾ ਲਾ ਦਿੱਤਾ ਗਿਆ ਅਤੇ ਨਾਲ ਦੀ ਨਾਲ ਵੱਖੋ-ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। ਸਿੱਖ ਸੰਗਤ ਦੇ ਵੱਡੇ ਹਿੱਸੇ ਨੇ ਇਸਨੂੰ ਪ੍ਰਵਾਨਗੀ ਦਿੱਤੀ। ਪੱਛਮੀ ਵਿੱਦਿਆ ਦੇ ਅਸਰ ਹੇਠ ਉਲਝੇ ਵਿਅਕਤੀਆਂ (ਜਿੰਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਹਨ) ਵੱਲੋਂ ਇਸ ਦਾ ਵਿਰੋਧ ਵੀ ਹੋਣ ਲੱਗਾ। ਵਿਰੋਧ ਵੀ ਇੱਕੋ ਜਿਹਾ ਨਹੀਂ ਸੀ, ਕੁਝ ਨੇ ਕਿਹਾ ਕਿ ਸੋਧਾ ਲਾਉਣਾ ਠੀਕ ਸੀ ਪਰ ਲਾਸ਼ ਨੂੰ ਇਸ ਤਰ੍ਹਾਂ ਲਮਕਾਉਣਾ ਨਹੀਂ ਸੀ ਚਾਹੀਦਾ। ਕੁਝ ਨੇ ਕਿਹਾ ਕਿ ਕਨੂੰਨ ਹੱਥ 'ਚ ਨਹੀਂ ਸੀ ਲੈਣਾ ਚਾਹੀਦਾ। ਕੁਝ ਨੇ ਕਿਹਾ ਕਿਸਾਨ ਅੰਦੋਲਨ ਨੂੰ ਢਾਹ ਲੱਗੇਗੀ, ਕੁਝ ਨੇ ਕਿਹਾ ਲਖੀਮਪੁਰ ਖੀਰੀ ਵਾਲੇ ਮਸਲੇ ਤੋਂ ਧਿਆਨ ਪਾਸੇ ਕਰਨ ਦੀ ਸਾਜਿਸ਼ ਹੈ, ਕੁਝ ਨੇ ਕਿਹਾ ਬੇਅਦਬੀ ਦਾ ਕੋਈ ਸਬੂਤ ਤਾਂ ਹੈ ਨਹੀਂ, ਕੁਝ ਨੇ ਕਿਹਾ ਜਿਸ ਨੇ ਬੇਅਦਬੀ ਕਰਵਾਈ ਉਸ ਨੂੰ ਲੱਭਣਾ ਚਾਹੀਦਾ ਸੀ, ਕਿਸੇ ਨੇ ਇਸ ਨੂੰ ਦਲਿਤ ਦਾ ਕਤਲ ਬਣਾ ਕੇ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਆਦਿ। ਨਿਹੰਗ ਸਿੰਘਾਂ ਨੇ ਇਸ ਸੋਧੇ ਦੀ ਜਿੰਮੇਵਾਰੀ ਲਈ ਅਤੇ ਗ੍ਰਿਫਤਾਰੀਆਂ ਵੀ ਦਿੱਤੀਆਂ। ਹੌਲੀ-ਹੌਲੀ ਹੋਰ ਇਸ ਮਸਲੇ ਸਬੰਧੀ ਹੋਰ ਜਾਣਕਾਰੀ ਤਸਵੀਰਾਂ ਜਾਂ ਵੀਡੀਓ ਦੇ ਰੂਪ ਵਿੱਚ ਆ ਰਹੀ ਹੈ ਅਤੇ ਲਗਾਤਾਰ ਇਸ ਉੱਤੇ ਚਰਚਾ ਅਤੇ ਬਹਿਸ ਚੱਲ ਰਹੀ ਹੈ ਪਰ ਜਿੰਨੀ ਗੰਭੀਰਤਾ ਅਤੇ ਇਮਾਨਦਾਰੀ ਇਸ ਮਸਲੇ ਵਿੱਚ ਲੋੜੀਂਦੀ ਹੈ ਉਸ ਦੀ ਬਹੁਤ ਵੱਡੀ ਘਾਟ ਹੈ। 

ਸ਼ੁਰੂਆਤੀ ਜਾਣਕਾਰੀ ਮਿਲਣ ਤੋਂ ਹੁਣ ਤੱਕ ਦੇ ਸਫ਼ਰ ਵਿੱਚ ਹੱਕ ਅਤੇ ਵਿਰੋਧ ਵਾਲੀਆਂ ਕਈ ਧਿਰਾਂ ਬਣ ਗਈਆਂ ਹਨ। ਇਹਨਾਂ ਤੋਂ ਇਲਾਵਾ ਪੱਤਰਕਾਰਾਂ ਅਤੇ ਯੂ-ਟਿਊਬ ਚੈਨਲਾਂ ਵਾਲਿਆਂ ਦੀ ਭੂਮਿਕਾ ਵੀ ਧਿਆਨ ਮੰਗਦੀ ਹੈ। ਕਿਸਾਨ ਆਗੂਆਂ ਵੱਲੋਂ ਵੀ ਬਣਦੀ ਜਿੰਮੇਵਾਰੀ ਸਹੀ ਨਹੀਂ ਨਿਭਾਈ ਗਈ। ਇੱਥੇ ਇਹ ਗੱਲ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਜਦੋਂ ਗੱਲ ਗੁਰੂ ਦੇ ਅਦਬ ਦੀ ਹੈ ਤਾਂ ਬਾਕੀ ਸਭ ਕੁਝ ਪਿੱਛੇ ਰਹਿ ਜਾਣਾ ਸੁਭਾਵਿਕ ਹੈ, ਫਿਰ ਚਾਹੇ ਉਹ ਲਖੀਮਪੁਰ ਖੀਰੀ ਵਾਲਾ ਮਸਲਾ ਹੋਵੇ, ਚਾਹੇ ਜਾਤ-ਪਾਤ ਹੋਵੇ ਅਤੇ ਚਾਹੇ ਕਿਸਾਨੀ ਸੰਘਰਸ਼ ਵੀ ਕਿਉਂ ਨਾ ਹੋਵੇ ਗੁਰੂ ਖਾਲਸਾ ਪੰਥ ਲਈ ਪਹਿਲਾਂ ਗੁਰੂ ਹੈ, ਸਿਰਫ ਗੁਰੂ। ਅਗਲੀ ਗੱਲ ਕਿ ਬੇਅਦਬੀ ਹੋਈ ਜਾਂ ਨਹੀਂ, ਜਾਂ ਇਸ ਤਰ੍ਹਾਂ ਦੇ ਹੋਰ ਪੱਖ ਜਿਹੜੇ ਜਾਂਚ ਦੀ ਮੰਗ ਕਰਦੇ ਹਨ, ਤਾਂ ਜਿੰਨ੍ਹਾਂ ਨੂੰ ਕੋਈ ਸ਼ੰਕਾ ਸੀ ਜਾਂ ਹੈ ਉਹ ਆਪਣੀ ਗੱਲ ਗੁਰੂ ਖਾਲਸਾ ਪੰਥ/ਅਕਾਲ ਤਖ਼ਤ ਸਾਹਿਬ/ਨਿਹੰਗ ਸਿੰਘ ਜਥੇਬੰਦੀਆਂ ਕੋਲ ਰੱਖਣ ਅਤੇ ਜਾਂਚ ਦੀ ਮੰਗ ਕਰਨ। ਇੱਥੇ ਵੀ ਗੰਭੀਰਤਾ ਨਾਲ ਇਹ ਸਮਝਣਾ ਜਰੂਰੀ ਹੈ ਕਿ ਇਹ ਮਸਲਾ ਗੁਰੂ ਖਾਲਸਾ ਪੰਥ ਦਾ ਹੈ ਅਤੇ ਪੰਥਕ ਰਵਾਇਤ ਅਨੁਸਾਰ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਗੁਰੂ ਦੀ ਨਿੰਦਾ ਕਰਨ ਵਾਲੇ ਲਈ ਵੀ ਸਿੱਖ ਨੂੰ ਤਾਕੀਦ ਹੈ ਕਿ ਉਸ ਨੂੰ ਕਿਰਪਾਨ ਸੰਗ ਭੇਟ ਕਰ ਦੇਣਾ ਚਾਹੀਦਾ ਹੈ, ਇੱਥੇ ਤਾਂ 2015 ਤੋਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ ਅਤੇ ਇਸ ਮੁਲਕ ਦਾ ਕਨੂੰਨ ਇਨਸਾਫ ਕਰਨ ਵਿੱਚ ਅਸਫਲ ਰਿਹਾ ਹੈ। 

ਜਿਸ ਵਿਅਕਤੀ ਨੂੰ ਸੋਧਾ ਲਾਇਆ ਗਿਆ ਉਸ ਦੇ ਪਰਿਵਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਨੂੰ ਕੋਈ ਫੋਨ ਆਉਂਦਾ ਸੀ ਜਿਸ ਨਾਲ ਇਹ 'ਸੰਧੂ ਸਾਹਬ-ਸੰਧੂ ਸਾਹਬ' ਕਹਿ ਕੇ ਗੱਲ ਕਰਦਾ ਸੀ। ਪਰ ਵਿਰੋਧ ਅਤੇ ਬਹਿਸ ਲਗਾਤਾਰ ਵਧਣ ਕਰਕੇ ਇਸ ਪੱਖ ਦੀ ਜਾਂਚ ਕਰਵਾਉਣ ਉੱਤੇ ਊਰਜਾ ਨਹੀਂ ਲਾਈ ਗਈ ਬਲਕਿ ਸਾਰੀ ਊਰਜਾ ਨਿਹੰਗ ਸਿੰਘਾਂ ਦੀ ਕਿਰਦਾਰਕੁਸ਼ੀ ਜਾਂ ਕੁਝ ਨਿਹੰਗ ਸਿੰਘਾਂ ਦੇ ਪਿਛੋਕੜ ਅਤੇ ਨਿੱਜੀ ਜਿੰਦਗੀ ਦੀਆਂ ਗੱਲਾਂ ਉਭਾਰਨ ਵਿੱਚ ਲੱਗਦੀ ਰਹੀ ਜੋ ਹੁਣ ਵੀ ਜਾਰੀ ਹੈ। ਘਟਨਾ ਤੋਂ ਕੁਝ ਦਿਨ ਬਾਅਦ ਅਮਨ ਸਿੰਘ ਨਿਹੰਗ ਸਿੰਘ ਦੀਆਂ ਬੀ.ਜੇ.ਪੀ ਦੇ ਆਗੂਆਂ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਪਿੰਕੀ ਕੈਟ ਵੀ ਹੈ। ਇਹਨਾਂ ਤਸਵੀਰਾਂ ਨੇ ਮੁੜ ਚਰਚਾ ਨੂੰ ਉਭਾਰਿਆ। ਬੇਅਦਬੀ ਕਰਨ ਆਏ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਸੀ ਜਾਂ ਨਹੀਂ, ਇਸ ਗੱਲ ਤੋਂ ਚਰਚਾ ਘੁੰਮ ਕੇ ਤਸਵੀਰਾਂ ਵੱਲ ਚਲੀ ਗਈ। ਫਿਰ ਕੁਝ ਅਗਲੀਆਂ ਆਈਆਂ ਵੀਡੀਓ ਵਿੱਚ ਦੋਸ਼ੀ ਆਪਣੀ ਕਰਤੂਤ ਮੰਨ ਰਿਹਾ ਹੈ। ਹਾਲ ਹੀ ਵਿੱਚ ਇੱਕ ਹੋਰ ਘਟਨਾ ਸਾਹਮਣੇ ਆਈ ਜਿਸ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਕਿਸੇ ਮੀਟ ਵਾਲੇ ਦੀ ਕੁੱਟਮਾਰ ਸਾਹਮਣੇ ਆਈ ਹੈ। ਇਸ ਵਿੱਚ ਵੀ ਦੋਵੇਂ ਧਿਰਾਂ ਦੇ ਆਪੋ ਆਪਣੇ ਪੱਖ ਹਨ ਪਰ ਕੁਝ ਯੂ-ਟਿਊਬ ਚੈਨਲਾਂ ਵਾਲੇ ਅਤੇ ਸਿਆਸਤ ਵਿੱਚ ਆਉਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਵੱਲੋਂ ਘਟਨਾ ਨਾਲ ਸਬੰਧਿਤ ਘੋਖ-ਪੜਤਾਲ ਕਰਨ ਦੀ ਥਾਂ ਨਿਹੰਗ ਸਿੰਘ ਦੇ ਹੁਣੇ-ਹੁਣੇ ਸਿੰਘ ਸਜਣ ਉੱਤੇ ਕਿੰਤੂ-ਪ੍ਰੰਤੂ ਕਰਕੇ, ਓਹਦੇ ਕੇਸ ਛੋਟੇ ਹੋਣ ਕਾਰਨ ਉਸ ਨੂੰ ਨਕਲੀ ਨਿਹੰਗ ਕਹਿਣਾ ਬਹੁਤ ਹੀ ਨੀਚ ਅਤੇ ਗਲਤ ਪਹੁੰਚ ਹੈ। ਇਸ ਦੇ ਨਾਲ ਹੀ ਕੁਝ ਨਿਹੰਗ ਸਿੰਘਾਂ ਵੱਲੋਂ ਇਸ ਬਿਰਤਾਂਤ ਦਾ ਸ਼ਿਕਾਰ ਹੋ ਜਾਣਾ ਅਤੇ ਇਸ ਮਸਲੇ ਵਿੱਚ ਪੁਲਸ ਦਾ ਦਖਲ ਕਰਵਾਉਣਾ ਹੋਰ ਵੀ ਵੱਧ ਚਿੰਤਾਜਨਕ ਹੈ। ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਦੇ ਆਗੂ 26 ਜਨਵਰੀ ਤੋਂ ਬਾਅਦ ਸਰਕਾਰੀ ਬਿਰਤਾਂਤ ਹੇਠ ਆ ਗਏ ਸਨ ਬਿਲਕੁਲ ਉਸੇ ਤਰ੍ਹਾਂ ਹੁਣ ਕੁਝ ਨਿਹੰਗ ਸਿੰਘ ਵੀ ਉਸੇ ਚੱਕਰ ਵਿੱਚ ਉਲਝ ਗਏ ਹਨ। ਇਸ ਪਹੁੰਚ ਉੱਤੇ ਇਮਾਨਦਾਰੀ ਨਾਲ ਗੌਰ ਕਰਨ ਦੀ ਜਰੂਰਤ ਹੈ। ਗੁਰੂ ਖਾਲਸਾ ਪੰਥ ਦੇ ਮਸਲਿਆਂ ਵਿੱਚ ਹਰ ਕੋਈ ਆਪਣੀ ਲੱਤ ਫਸਾ ਰਿਹਾ ਹੈ ਅਤੇ ਸਿੱਖੀ ਦੇ ਪੈਮਾਨੇ ਤੈਅ ਕਰ ਰਿਹਾ ਹੈ। ਇਹ ਵਰਤਾਰਾ ਸਭ ਕਾਸੇ ਨੂੰ ਬਹੁਤ ਪੁੱਠੇ ਪਾਸੇ ਲੈ ਕੇ ਜਾ ਰਿਹਾ ਹੈ।ਇੱਥੋਂ ਤੱਕ ਕੇ ਨਿਹੰਗ ਸਿੰਘਾਂ ਨੂੰ ਸੰਬੋਧਨ ਹੋਣ ਵਕਤ ਸ਼ਬਦਾਵਲੀ ਦਾ ਖਿਆਲ ਵੀ ਨਹੀਂ ਰੱਖਿਆ ਜਾ ਰਿਹਾ। ਨਿਹੰਗ ਸਿੰਘਾਂ ਨੂੰ ਮਿਲ ਬੈਠ ਕੇ ਇਸ ਸਾਰੇ ਵਰਤਾਰੇ ਉੱਤੇ ਕੋਈ ਸਾਂਝੀ ਰਾਇ ਬਣਾਉਣੀ ਚਾਹੀਦੀ ਹੈ ਜਿਸ ਵਿੱਚ ਵਿਰੋਧ ਕਰਨ ਵਾਲਿਆਂ ਦੇ ਪੱਖਾਂ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਫਿਰ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ। ਸਾਰੀਆਂ ਧਿਰਾਂ ਨੂੰ ਬਿਜਲ ਸੱਥ ਉੱਤੇ ਕੁਝ ਵੀ ਕਹਿਣ ਤੋਂ ਪਹਿਲਾਂ ਬਹੁਤ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।


ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼