ਸ਼ਰਾਬ ਕਾਰਨ ਹੋ ਰਹੀਆਂ ਮੌਤਾਂ - ਸਿਆਸੀ ਲੜਾਈ ਚ ਮਨਫੀ ਅਹਿਮ ਨੁਕਤੇ

ਸੰਪਾਦਕੀ

ਸ਼ਰਾਬ ਕਾਰਨ ਹੋ ਰਹੀਆਂ ਮੌਤਾਂ - ਸਿਆਸੀ ਲੜਾਈ ਚ ਮਨਫੀ ਅਹਿਮ ਨੁਕਤੇ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸ਼ਰਾਬ ਪੀਣ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਇਸ ਮਸਲੇ ਉੱਤੇ ਬਿਆਨ ਜਾਰੀ ਹਨ। ਕਾਫੀ ਸਬੂਤਾਂ ਅਤੇ ਸਪਸ਼ੱਟ ਇਸ਼ਾਰੇ ਹੋਣ ਤੋਂ ਬਾਅਦ ਵੀ ਕੋਈ ਠੋਸ ਕਦਮ ਹਾਲੇ ਤੀਕ ਨਹੀਂ ਚੁੱਕਿਆ ਗਿਆ ਅਤੇ ਭਵਿੱਖ ਵਿੱਚ ਚੁੱਕਿਆ ਜਾਵੇਗਾ ਜਾ ਨਹੀਂ, ਇਹਦਾ ਕਿਆਸ ਲਾਉਣਾ ਵੀ ਔਖਾ ਨਹੀਂ। ਜਿਹੜੀ ਧਿਰ ਸੱਤਾ ਵਿੱਚ ਆਈ ਹੀ ਗੁਰਬਾਣੀ ਦੀਆਂ ਸੌਹਾਂ ਖਾ ਕੇ ਨਸ਼ੇ ਖਤਮ ਕਰਨ ਦੇ ਵਾਅਦੇ ਉੱਤੇ ਹੋਵੇ ਓਹਦਾ ਇਸ ਵਕਤ ਸਵਾਲਾਂ ਦੇ ਘੇਰੇ ਚ ਆਉਣਾ ਲਾਜ਼ਮੀ ਹੀ ਸੀ। ਜਿਸ ਪੱਧਰ ਉੱਤੇ ਇਹ ਧੰਦਾ ਚੱਲ ਰਿਹਾ ਹੈ, ਇਸਦੀ ਭਿਣਕ ਸਰਕਾਰ ਦੇ ਕਿਸੇ ਮਹਿਕਮੇ ਨੂੰ ਵੀ ਨਾ ਹੋਵੇ, ਇਹ ਗੱਲ ਲੋਕਾਂ ਦੇ ਹਜਮ ਨਹੀਂ ਹੋ ਰਹੀ ਜੋ ਸ਼ਾਇਦ ਹੋਣੀ ਚਾਹੀਦੀ ਵੀ ਨਹੀਂ ਸੀ। ਇਸ ਸਾਰੇ ਮਸਲੇ ਵਿੱਚ ਜਿੱਥੇ ਅਜਿਹਾ ਧੰਦਾ ਕਰਨ ਵਾਲਿਆਂ ਦੀ ਜੜ੍ਹ ਪੁੱਟਣੀ ਲਾਜ਼ਮੀ ਹੈ, ਉਹਨਾਂ ਨੂੰ ਬਣਦੀਆਂ ਸਜਾਵਾਂ ਹੋਣੀਆਂ ਲਾਜ਼ਮੀ ਹਨ ਅਤੇ ਅੱਗੇ ਤੋਂ ਅਜਿਹਾ ਕੁਝ ਨਾ ਹੋਵੇ ਇਹ ਪ੍ਰਬੰਧ ਬਣਾਉਣਾ ਲਾਜ਼ਮੀ ਹੈ ਉੱਥੇ ਹੀ ਕੁਝ ਹੋਰ ਨੁਕਤੇ ਵੀ ਸਾਡੇ  ਧਿਆਨ ਦੀ ਮੰਗ ਕਰਦੇ ਹਨ, ਜੋ ਅਸੀਂ ਸ਼ਾਇਦ ਇਸ ਵਿਪਤਾ ਕਰਕੇ, ਸ਼ਾਇਦ ਕਿਸੇ ਭਾਵੁਕਤਾ ਚੋਂ ਜਾ ਸ਼ਾਇਦ ਕਿਸੇ ਦੂਸ਼ਣਬਾਜੀ ਦੀ ਦੌੜ ਵਿੱਚ ਨਹੀਂ ਦੇਖ ਪਾ ਰਹੇ। 

ਇਸ ਧੰਦੇ ਦੇ ਹੋ ਰਹੇ ਵਿਰੋਧ ਵਿੱਚ ਵਾਰ ਵਾਰ “ਸ਼ਹੀਦ” ਸ਼ਬਦ ਵਰਤਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਜਿਆਦਾ ਮੂਰਖਤਾ ਵਾਲੀ ਗੱਲ ਹੈ। ਇੰਨੇ ਉੱਚ ਦਰਜੇ ਦੇ ਪਵਿੱਤਰ ਸ਼ਬਦ ਨੂੰ ਆਪਣੀ ਕਿਸੇ ਰਾਜਸੀ ਲਾਲਸਾ ਵਿੱਚ ਕਿਸੇ ਆਮ ਮਨੁੱਖ ਨਾਲ ਮੇਲ ਦੇਣਾ ਬਹੁਤ ਹੀ ਸ਼ਰਮਨਾਕ ਹੈ। ਸ਼ਹੀਦ ਅਤੇ ਸ਼ਹਾਦਤ ਪ੍ਰਤੀ ਡਾ.ਗੁਰਭਗਤ ਸਿੰਘ ਜੀ ਲਿਖਦੇ ਹਨ ਕਿ “ਆਖਰੀ ਵਕਤ ਤੱਕ ਸ਼ਹੀਦ ਦੇ ਸਮੁੱਚੇ ਅਸਤਿੱਤਵ ਵਿਚੋਂ ਵਿਸਮਾਦੀ ਸੰਗੀਤ ਝਰਦਾ ਹੈ, ਰੋਸ਼ਨੀ ਫੁੱਟਦੀ ਹੈ। ਸ਼ਹਾਦਤ ਇਤਿਹਾਸ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਲਈ ਦਿੱਤਾ ਚੇਤੰਨ ਦਖ਼ਲ ਹੈ।” ਫਿਰ ਕਿਵੇਂ ਤੇ ਕਿਉਂ ਅਸੀਂ “ਸ਼ਹੀਦ” ਸ਼ਬਦ ਦੀ ਵਰਤੋਂ ਸ਼ਰਾਬ ਪੀ ਕੇ ਮਰੇ ਵਿਅਕਤੀਆਂ ਲਈ ਕਰ ਸਕਦੇ ਹਾਂ? ਉਹਨਾਂ ਨੂੰ “ਸ਼ਹੀਦ” ਐਲਾਨ ਕੇ ਉਹਨਾਂ ਦੇ ਪਰਿਵਾਰਾਂ ਲਈ ਪੈਸੇ ਜਾ ਨੌਕਰੀਆਂ ਮੰਗਣੀਆਂ ਬਹੁਤ ਹੀ ਗਲਤ ਰੁਝਾਨ ਹੈ। ਬਿਨਾ ਸ਼ੱਕ ਉਹ ਵਿਅਕਤੀ ਕਿਸੇ ਮਾੜੇ ਪ੍ਰਬੰਧ ਅਤੇ ਬੇਈਮਾਨੀ ਦੀ ਭੇਟ ਚੜੇ ਹਨ ਪਰ ਉਹ ਸ਼ਹੀਦ ਦੇ ਰੁਤਬੇ ਦੇ ਨੇੜੇ ਤੇੜੇ ਵੀ ਨਹੀਂ ਹੋ ਸਕਦੇ। ਇਕ ਵਾਰ ਕਿਸੇ ਵਿਆਹ ਵਿੱਚ ਗੋਲੀ ਚੱਲਣ ਨਾਲ ਇਕ ਬੀਬੀ ਦੀ ਮੌਤ ਹੋ ਗਈ ਸੀ। ਉਸ ਬੀਬੀ ਨੂੰ ਵੀ ਇਕ ਹਿੱਸੇ ਨੇ ਸ਼ਹੀਦ ਐਲਾਨ ਦਿੱਤਾ ਸੀ ਅਤੇ ਬਕਾਇਦਾ ਓਹਦੇ ਇਸ਼ਤਿਹਾਰ ਵੀ ਲਗਾਏ ਸਨ। ਇਸੇ ਤਰ੍ਹਾਂ ਕਈ ਵਾਰ ਪੰਥਕ ਸਫਾ ਵਿੱਚ ਵਿਚਰਨ ਵਾਲੀਆਂ ਸਖਸ਼ੀਅਤਾਂ ਵੀ ਆਪਣੇ ਨਿੱਜੀ ਝਗੜਿਆਂ ਵਿੱਚ ਜਾਨ ਗੁਆ ਜਾਣ ਵਾਲੇ ਵਿਅਕਤੀਆਂ ਲਈ “ਸ਼ਹੀਦ” ਸ਼ਬਦ ਵਰਤਦੀਆਂ ਹਨ, ਜੋ ਕਿ ਸਹੀ ਨਹੀਂ ਹੈ। ਸਾਨੂੰ ਆਪਣੀ ਸਿਆਸੀ ਲੜਾਈ ਵਿੱਚ ਆਪਣੇ ਪਵਿੱਤਰ ਰੁਤਬਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੁਣ ਸ਼ਰਾਬ ਨੂੰ ਵੀ ਕਈ ਕਿਸਮਾਂ ਵਿੱਚ ਰੱਖ ਕੇ ਵੇਖਿਆ ਜਾ ਰਿਹਾ ਹੈ, ਕੋਈ ਇਸ ਨੂੰ ਜ਼ਹਿਰੀਲੀ ਸ਼ਰਾਬ ਨਾਲ ਸੰਬੋਧਿਤ ਹੋ ਰਿਹਾ ਹੈ ਤੇ ਕੋਈ ਨਕਲੀ ਸ਼ਰਾਬ ਨਾਲ ਜਿਸ ਦਾ ਪ੍ਰਭਾਵ ਇਹ ਪਾਇਆ ਜਾ ਰਿਹੈ ਕਿ ਸਿਰਫ ਇਹੀ ਸ਼ਰਾਬ ਮਾੜੀ ਹੈ ਜਿਸ ਨਾਲ ਬੰਦੇ ਮਰ ਰਹੇ ਹਨ ਜਦਕਿ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਸਿਹਤ ਲਈ ਅਤੇ ਸਮਾਜ ਲਈ ਚੰਗੀ ਨਹੀਂ ਹੈ। ਪਰ ਕਿਉਂਕਿ ਇਥੋਂ ਦਾ ਢਾਂਚਾ ਅਜਿਹੇ ਕੰਮਾਂ ਨਾਲ ਚੱਲ ਰਿਹਾ ਹੈ ਤੇ ਇਥੋਂ ਦੇ ਵਸਨੀਕਾਂ ਨੂੰ ਸ਼ਰਾਬ ਅਤੇ ਹੋਰ ਨਸ਼ਿਆਂ ਤੇ ਲਾ ਕੇ ਇਥੋਂ ਦੇ ਸੂਬੇਦਾਰ ਆਪਣਾ ਉੱਲੂ ਸਿੱਧਾ ਕਰ ਰਹੇ ਹਨ ਅਤੇ ਅਜਿਹੇ ਨਸ਼ਿਆਂ ਨੂੰ ਮਾਨਤਾ ਦੇ ਕੇ ਇਥੋਂ ਦੇ ਵਸਨੀਕਾਂ ਦਾ ਇਕ ਹਿੱਸਾ ਵੀ ਇਸ ਦੇ ਸੇਵਨ ਚੋਂ ਮਾਣ ਮਹਿਸੂਸ ਕਰ ਰਿਹਾ ਹੈ ਤਾਂ ਯਕੀਨਨ ਹੀ ਸਿਰਫ ਓਹੀ ਸ਼ਰਾਬ ਮਾੜੀ ਲੱਗਣੀ ਹੈ ਜੋ ਝੱਟਪੱਟ ਬੰਦੇ ਨੂੰ ਖਤਮ ਕਰ ਦਵੇ। ਜਿਸਦਾ ਅਸਰ ਥੋੜਾ ਹੌਲੀ ਹੁੰਦਾ ਓਹਨੂੰ ਇਸ ਖਾਕੇ ਤੋਂ ਬਾਹਰ ਰੱਖ ਕੇ ਵੇਖਿਆ ਜਾ ਰਿਹਾ ਹੈ। ਸਗੋਂ ਓਹਨੂੰ ਤਾਂ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਵੀ ਖੋਲਣ ਦੀ ਕਾਹਲ ਲੱਗੀ ਹੋਈ ਸੀ, ਆਖਰਕਾਰ ਆਮਦਨੀ ਦਾ ਇਕ ਵੱਡਾ ਸਹਾਰਾ ਜੋ ਹੋਇਆ। ਪਰ ਕੀ ਸਿਰਫ ਆਮਦਨ ਹੀ ਸਭ ਕੁਝ ਹੈ? ਜਿਹੜੇ ਲੋਕਾਂ ਨੇ ਤੁਹਾਨੂੰ ਇਥੋਂ ਦੇ ਸੂਬੇਦਾਰ ਬਣਾਇਆ ਹੈ ਉਹਨਾਂ ਲੋਕਾਂ ਦੀਆਂ ਜਾਨਾਂ ਦੀ ਕੋਈ ਅਹਿਮੀਅਤ ਨਹੀਂ? ਜਾ ਫਿਰ ਆਮਦਨ ਦੇ ਨਾਲ ਨਾਲ ਇਥੋਂ ਦੇ ਲੋਕਾਂ ਨੂੰ ਸ਼ਰਾਬ ਜਾ ਹੋਰ ਨਸ਼ਿਆਂ ਉੱਤੇ ਲਾਈ ਰੱਖਣਾ ਵੀ ਕੋਈ ਸਿਆਸੀ ਲੋੜ ਹੀ ਹੈ? ਇਹ ਸਵਾਲ ਹਰ ਵਿਅਕਤੀ ਲਈ ਵਿਚਾਰ ਦੀ ਮੰਗ ਕਰਦੇ ਹਨ। 

ਦੁਨੀਆਂ ਵਿੱਚ ਹਮੇਸ਼ਾ ਤੋਂ ਹੀ ਬੇਈਮਾਨ ਬਿਰਤੀ ਦੇ ਮਨੁੱਖ ਰਹਿੰਦੇ ਆਏ ਨੇ ਅਤੇ ਹਮੇਸ਼ਾ ਹੀ ਰਹਿਣਗੇ ਪਰ ਕਿਸੇ ਲਾਲਚ ਵੱਸ ਮਨੁੱਖ ਦਾ ਇੰਨਾ ਬੇਈਮਾਨ ਹੋਣਾ ਕਿੰਨਾ ਕੁ ਜਾਇਜ਼ ਹੈ ਕਿ ਉਹ ਕਿਸੇ ਦੀ ਜਾਨ ਦੀ ਪ੍ਰਵਾਹ ਵੀ ਨਾ ਕਰੇ। ਇਸ ਤਰ੍ਹਾਂ ਦੀ ਬੇਈਮਾਨੀ ਦੀਆਂ ਖਬਰਾਂ ਹਰ ਰੋਜ਼ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਹਨ ਜਿਸ ਵਿੱਚ ਕਿਸੇ ਇਕ ਦੀ ਬੇਈਮਾਨ ਅਤੇ ਲਾਲਚੀ ਬਿਰਤੀ ਕਰਕੇ ਕੁਝ ਮਨੁੱਖਾਂ ਨੂੰ ਆਪਣੀ ਜਾਨ ਗੁਆਉਣੀ ਪੈ ਜਾਂਦੀ ਹੈ। ਪੰਜਾਬ ਦੇ ਵਸਨੀਕਾਂ ਲਈ ਇਹ ਗੱਲ ਵਿਚਾਰਨਯੋਗ ਹੈ ਕਿ ਅਸੀਂ ਗੁਰੂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਸਰਬੱਤ ਦੇ ਭਲੇ ਦੀ ਗੱਲ ਤੋਰਨ ਦੀ ਜਿੰਮੇਵਾਰੀ ਛੱਡ ਕੇ ਆਪਦੇ ਭਲੇ ਚ ਇੰਨਾ ਮਸ਼ਰੂਫ ਹੋ ਗਏ ਅਤੇ ਇਨਾ ਗਿਰ ਗਏ ਹਾਂ ਕਿ ਸਾਨੂੰ ਕਿਸੇ ਦੀ ਜਿੰਦਗੀ ਨਾਲ ਖੇਡਣਾ ਵੀ ਹੁਣ ਓਪਰਾ ਲੱਗਣੋ ਹੱਟ ਗਿਆ ਹੈ? 

ਇਸ ਵਰਤਾਰੇ ਦੇ ਵਿਰੋਧ ਦੇ ਨਾਲ ਨਾਲ ਸਾਨੂੰ ਸਵੈ ਪੜਚੋਲ ਵੀ ਜਰੂਰੀ ਹੈ ਕਿ ਅਸੀਂ ਇਹ ਸਭ ਵਿੱਚ ਕਿੱਥੇ ਖੜੇ ਹਾਂ, ਮਸਲਾ ਸਿਰਫ ਹੋਈਆਂ ਮੌਤਾਂ ਦੇ ਵਿਰੋਧ ਦਾ ਨਹੀਂ ਮਸਲਾ ਸਾਡੇ ਢੰਗ ਤਰੀਕਿਆਂ ਦਾ ਵੀ ਹੈ। ਬੇਸ਼ੱਕ ਜਿਹੜਾ ਵਰਤਾਰਾ ਕਿਸੇ ਦੀ ਜਾਨ ਲੈ ਰਿਹਾ ਹੈ ਉਹ ਰੋਕਣਾ ਜਰੂਰੀ ਹੈ ਪਰ ਜੇਕਰ ਇਹ ਸਭ ਰੋਕਣ ਦੀ ਸਿਆਸਤ ਸਾਡਾ ਹੋਰ ਬਹੁਤ ਕੁਝ ਤਬਾਹ ਕਰ ਰਹੀ ਹੈ ਤਾਂ ਸਾਨੂੰ ਓਹਨਾ ਪੱਖਾਂ ਉੱਤੇ ਵੀ ਧਿਆਨ ਦੇਣਾ ਲਾਜ਼ਮੀ ਹੈ। ਅਹਿਮ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਕਰ ਕੀ ਰਹੇ ਹਾਂ ਸਗੋਂ ਅਹਿਮ ਇਹ ਵੀ ਹੁੰਦਾ ਹੈ ਕਿ ਅਸੀਂ ਉਹ ਕਿਸ ਤਰੀਕੇ ਕਰ ਰਹੇ ਹਾਂ।