ਪੈਗਾਸਸ ਪ੍ਰੌਜੈਕਟ ਅਤੇ ਮਨੁੱਖੀ ਅਜਾਦੀ ਦਾ ਧੁੰਦਲਾ ਭਵਿੱਖ

ਪੈਗਾਸਸ ਪ੍ਰੌਜੈਕਟ ਅਤੇ ਮਨੁੱਖੀ ਅਜਾਦੀ ਦਾ ਧੁੰਦਲਾ ਭਵਿੱਖ

'ਦ ਵਾਇਰ' ਦੀ 18 ਜੁਲਾਈ ਨੂੰ ਛਪੀ ਖਬਰ ਮੁਤਾਬਕ ਨਿਗਰਾਨੀ

ਫਰਾਂਸ ਦੀ ਮੀਡੀਆ ਸੰਸਥਾ ਫੋਰਬਿਡਨ ਸਟੋਰੀਜ਼ ਅਤੇ ਐਮਨੈਸਟੀ ਇੰਟਰਨੈਸ਼ਨਲ ਨੂੰ 50,000 ਦੇ ਕਰੀਬ ਉਨ੍ਹਾਂ ਨੰਬਰਾਂ ਦੀ ਸੂਚੀ ਹਾਸਲ ਹੋਈ ਜਿਨ੍ਹਾਂ ਨੰਬਰਾਂ ਵਾਲਿਆਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲਾਂ ਜਾਂ ਹੋਰ ਬਿਜਲ ਸਾਧਨਾਂ ਰਾਹੀਂ ਨਿਗਰਾਨੀ ਹੇਠ ਰੱਖੇ ਜਾ ਸਕਣ ਲਈ ਚੁਣਿਆ ਗਿਆ ਸੀ। ਇਸ ਸੂਚਨਾ ਉੱਤੇ ਕੀਤੀ ਗਈ ਵਿਸ਼ਵ ਪੱਧਰੀ ਖੋਜ ਨੂੰ ‘ਦੀ ਪੈਗਾਸਸ ਪ੍ਰੌਜੈਕਟ’ ਦਾ ਨਾਂਅ ਦਿੱਤਾ ਗਿਆ। ਇਸ ਕਾਰਜ ਵਿੱਚ ਇਹਨਾਂ ਦੋਵਾਂ ਸੰਸਥਾਵਾਂ ਦੇ ਨਾਲ ਦੁਨੀਆ ਦੇ ਚੋਟੀ ਦੇ 16 ਖਬਰੀ ਅਦਾਰੇ ਸ਼ਾਮਲ ਹੋਏ ਜਿਨ੍ਹਾਂ ਨੇ ਡੂੰਘਾਈ ਨਾਲ ਇਸ ਦੀ ਪੜਤਾਲ ਕੀਤੀ। ਇਹਨਾਂ ਖਬਰੀ ਅਦਾਰਿਆਂ ਨੇ 50000 ਜਣਿਆਂ ਦੀ ਸੂਚੀ ਵਿੱਚੋਂ 10 ਮੁਲਕਾਂ ਦੇ 1571 ਬੰਦਿਆਂ ਦੀ ਪਛਾਣ ਕੀਤੀ ਹੈ। ਇਹਨਾਂ ਵਿੱਚੋਂ ਗਿਣਤੀ ਦੇ ਫੋਨਾਂ ਦੀ ਫਾਰੈਂਸਿਕ ਜਾਂਚ ਕਰਕੇ ‘ਪੈਗਾਸਸ’ ਦੇ ਤੱਤ ਵੀ ਲੱਭੇ ਗਏ ਹਨ। ਪੈਗਾਸਸ ਇਜ਼ਰਾਇਲੀ ਕੰਪਨੀ ਐਨ.ਐਸ.ਓ ਦਾ ਬਣਾਇਆ ਇੱਕ ਕਿਸਮ ਦਾ ਸਾਈਬਰ ਹਥਿਆਰ ਹੈ ਜਿਸ ਰਾਹੀਂ ਕਿਸੇ ਵੀ ਬੰਦੇ ਦੇ ਮੁਬਾਇਲ ਜਾਂ ਕੰਪਿਊਟਰ ਵਿੱਚ ਘੁਸਪੈਠ ਕਰਕੇ ਨਿੱਜੀ ਜਿੰਦਗੀ ਬਾਰੇ ਅਮੁੱਲ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਫਟਵੇਅਰ ਸਿਰਫ ਪਹਿਲੋਂ ਹੀ ਪਰਖੀਆਂ ਚੁਣਵੀਆਂ ਸਰਕਾਰਾਂ ਨੂੰ ਵੇਚਿਆ ਜਾਂਦਾ ਹੈ।‘ਦ ਵਾਇਰ’ ਨੇ ਭਾਰਤ ਵਿੱਚੋਂ ਦੱਸ ਬੰਦਿਆਂ ਦੀ ਪਛਾਣ ਕੀਤੀ ਹੈ ਜਿਹਨਾਂ ਦੇ ਫੋਨ ’ਚ ਪੈਗਾਸਸ ਵਾਇਰਸ  ਦੇ ਕਣ ਜਾਂ ਲੱਛਣ ਹਨ। ਜਿਕਰਯੋਗ ਹੈ ਕਿ ਤਕਨੀਕੀ ਫਰਕ ਕਰਕੇ ਐਂਡਰਾਇਡ ਸਿਸਟਮ ਵਿੱਚੋਂ ਇਸ ਸਾਫਟਵੇਅਰ ਦੀ ਪਛਾਣ ਕਰਨੀ ਔਖੀ ਅਤੇ ਕਈ ਵਾਰ ਵੱਸੋਂ ਬਾਹਰੀ ਵੀ ਹੈ। ਪੰਜਾਬ ਵਿੱਚੋਂ ਨਿਗਰਾਨੀ ਲਈ ਚੁਣੇ ਗਏ ਨੰਬਰਾਂ ਵਿੱਚੋਂ ਰੋਜਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਅਤੇ ਸਿੱਖ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਦਾ ਨੰਬਰ ਸ਼ਾਮਲ ਹੈ। ਸ.ਜਸਪਾਲ ਸਿੰਘ ਹੇਰਾਂ ਦੇ ਐਂਡਰਾਇਡ ਫੋਨ ਦੀ ਵੀ ਜਾਂਚ ਕੀਤੀ ਗਈ ਪਰ ਇਸ ਵਿੱਚੋਂ ਇਸ ਸਾਫਟਵੇਅਰ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ‘ਗਾਰਡੀਅਨ’ ਅਖਬਾਰ ਮੁਤਾਬਕ ਪੂਰੀ ਦੁਨੀਆ ਦੇ 180 ਪੱਤਰਕਾਰਾਂ ਦੇ ਨੰਬਰ ਇਸ ਸੂਚਨਾ ਭੰਡਾਰ ਵਿੱਚੋਂ ਪ੍ਰਾਪਤ ਹੋਏ ਹਨ। 

'ਦ ਵਾਇਰ' ਦੀ 18 ਜੁਲਾਈ ਨੂੰ ਛਪੀ ਖਬਰ ਮੁਤਾਬਕ ਨਿਗਰਾਨੀ ਲਈ ਚੁਣੇ ਗਏ ਲੋਕਾਂ ਦੇ ਨੰਬਰਾਂ ਦੇ ਥੱਬੇ ਵਿੱਚੋਂ ਭਾਰਤ ਦੇ ਵਸਨੀਕ 40 ਤੋਂ ਵੱਧ ਪੱਤਰਕਾਰਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ 300 ਬੰਦਿਆਂ ਦੇ ਨਾਮ ਸਾਹਮਣੇ ਆਏ ਹਨ, ਜੋ ਲੜੀਵਾਰ ਰੂਪ ਵਿੱਚ ਜਾਰੀ ਕੀਤੇ ਜਾ ਰਹੇ ਹਨ। ਇਸ ਵਿੱਚ ਰਾਹੁਲ ਗਾਂਧੀ, ਪ੍ਰਸ਼ਾਂਤ ਕਿਸ਼ੋਰ, ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੇ ਨਾਲ-ਨਾਲ ਮੌਜੂਦਾ ਸਰਕਾਰ ਦੇ ਦੋ ਮੰਤਰੀਆਂ ਦੇ ਨਾਮ ਵੀ ਹਨ। ਸੂਚੀ ’ਚ ਨੰਬਰ ਦਾ ਹੋਣਾ, ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਦਿੰਦਾ ਕਿ ਉਸ ਨੰਬਰ ’ਤੇ ਨਿਗਰਾਨੀ ਵਾਲਾ ਯੰਤਰ ਚਲਾਇਆ ਗਿਆ ਸੀ ਜਾਂ ਨਹੀਂ, ਇਸ ਦਾ ਪਤਾ ਤਾਂ ਇਕੱਲੇ-ਇਕੱਲੇ ਮੋਬਾਇਲ ਦੀ ਸੂਖਮ ਜਾਂਚ ਤੋਂ ਬਾਅਦ ਹੀ ਲਾਇਆ ਜਾ ਸਕਦਾ ਹੈ।ਸਰਕਾਰ ਦੀ ਵਿਰੋਧਤਾ ਕਰਨ ਵਾਲੇ ਬੰਦਿਆਂ ਦੀ ਵੱਡੇ ਪੱਧਰ ’ਤੇ ਨਿਗਰਾਨੀ ਬਾਰੇ ਖਦਸ਼ਾ ਤਾਂ 2019 ਵਿੱਚ ਹੀ ਹੋ ਗਿਆ ਸੀ ਜਦੋਂ ਵਟਸਐਪ ਨੇ ਭਾਰਤੀ ਸੂਚਨਾ ਅਤੇ ਬਿਜਲਈ ਮੰਤਰਾਲੇ ਨੂੰ 121 ਜਣਿਆਂ ਦੇ ਫੋਨਾਂ ’ਚ ਹੋਈ ਘੁਸਪੈਠ ਬਾਰੇ ਦੱਸਿਆ ਸੀ। ਇਹ ਖੁਲਾਸਾ ਸਰਕਾਰ ਦੀ ਸੁਹਿਰਦਤਾ ਨੂੰ ਵੀ ਵੱਡੇ ਸ਼ੱਕ ਦੇ ਘੇਰੇ ’ਚ ਲਿਆਉਂਦਾ ਹੈ। ਭਾਰਤ ਵਿੱਚ ਨਿਗਰਾਨ ਢਾਂਚੇ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ਹਨ ਇਸ ਗੱਲ ਦਾ ਅੰਦਾਜਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਨਿਗਰਾਨੀ ਲਈ ਚੁਣੇ ਗਏ ਨੰਬਰਾਂ ਵਿੱਚ ਭਾਰਤ ਦੇ ਚੀਫ ਜਸਟਿਸ ਖਿਲਾਫ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀ ਸੁਪਰੀਮ ਕੋਰਟ ’ਚ ਨੌਕਰੀ ਕਰਦੀ ਬੀਬੀ ਅਤੇ ਰਿਸ਼ਤੇਦਾਰਾਂ ਦਾ ਨਾਮ ਵੀ ਸ਼ਾਮਲ ਹੈ। ਨਿਗਰਾਨੀ ਲਈ ਚੁਣੇ ਗਏ ਨੰਬਰਾਂ ਦੀ ਚੋਣ ਮਾਰਚ 2017 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਭਗ ਇਜ਼ਰਾਇਲ ਦੌਰੇ ਦੇ ਮੌਕੇ ਹੀ ਸ਼ੁਰੂ ਹੋਈ ਸੀ। ਭਾਰਤ ਸਰਕਾਰ ਵੱਲੋਂ ਹਾਲੇ ਤੱਕ ਇਸ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਪੈਗਾਸਸ ਦਾ ਗਾਹਕ ਹੈ ਜਾਂ ਨਹੀਂ।

ਸਰਕਾਰਾਂ ਵੱਲੋਂ ਵਿਰੋਧੀ ਆਗੂਆਂ ਜਾਂ ਨੁਕਸਾਨਦੇਹ ਜਾਪਦੇ ਲੋਕਾਂ ਦੀ ਵੱਖੋ-ਵੱਖਰੇ ਤਰੀਕਿਆਂ ਨਾਲ ਸੂਹ ਰੱਖਣੀ ਜਾਂ ਨਿਗਰਾਨੀ ਕਰਨੀ ਕੋਈ ਨਵਾਂ ਵਰਤਾਰਾ ਨਹੀਂ ਹੈ ਖਾਸ ਕਰਕੇ ਭਾਰਤ ਵਿੱਚ ਤਾਂ ਇਸ ਨੂੰ ਆਮ ਰੁਝਾਨ ਮੰਨ ਲਿਆ ਗਿਆ ਹੈ। ਜਿੱਥੇ ਅਜੋਕੇ ਸੰਸਾਰ ਵਿੱਚ ਖਾਸ ਕਰਕੇ ਪੱਛਮੀ ਮੁਲਕਾਂ ਵਿੱਚ (ਪ੍ਰਾਈਵੇਸੀ) ਨਿੱਜਤਾ ਦੇ ਹੱਕ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ, ਉੱਥੇ ਗੈਰ-ਪੱਛਮੀ ਮੁਲਕਾਂ ਵਿੱਚ ਇਸ ਦੀ ਚਰਚਾ ਲਈ ਦਿਨੋਂ-ਦਿਨ ਥਾਂ ਘਟਦੀ ਹੀ ਜਾ ਰਹੀ ਹੈ।ਪੈਗਾਸਸ ਦੇ ਮਹਾਂ-ਅਭਿਆਨ ਦੇ ਜੱਗ ਜਾਹਰ ਹੋਣ ਤੋਂ ਬਾਅਦ ਦੁਨੀਆਂ ਵਿੱਚ ਆਪਣੀ ਹੋਂਦ ਲਈ ਜੂਝ ਰਹੀਆਂ ਧਿਰਾਂ ਲਈ ਵੀ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਸਰਕਾਰੀ ਜਬਰ ਤੋਂ ਬਗੈਰ ਤਕਨੀਕ ਜਾਂ ਬਿਜਲ ਮਾਧਿਅਮਾਂ ਰਾਹੀਂ ਆਪਣੀ ਵਿਚਾਰਧਾਰਾ ਪ੍ਰਚਾਰਨਾ ਵੀ ਹੁਣ ਪਹਿਲਾਂ ਜਿਹਾ ਨਹੀਂ ਰਿਹਾ। ਭੀਮਾ-ਕੋਰੇਗਾਉ ਨਾਲ ਸਬੰਧਤ ਦਲਿਤ ਅਤੇ ਖੱਬੇਪੱਖੀ ਬੁੱਧੀਜੀਵੀਆਂ ਦੇ ਕੰਪਿਊਟਰਾਂ ਵਿੱਚ ਦੂਰੋਂ ਹੀ ਬਣਾਉਟੀ ਸਬੂਤ ਪਾਉਣ ਦੀ ਖਬਰ ਹਾਲੇ ਨਵੀਂ ਹੀ ਹੈ। ਇਸ ਮੌਕੇ ਵਿਚਾਰਾਂ ਦੇ ਜ਼ੋਰ ’ਤੇ ਸਥਾਪਤੀ ਦਾ ਵਿਰੋਧ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ।ਇਸ ਖੁਲਾਸੇ ਨਾਲ ਸੰਸਾਰੀਕਰਣ ਅਤੇ ਆਰਥਿਕ ਨੇੜਤਾ ਦੇ ਵਰਤਾਰੇ ਮੂਹਰੇ ਨੇਸ਼ਨ ਸਟੇਟ ਦੀ ਤਾਕਤ ਦੇ ਖੁਰਣ ਦੇ ਪ੍ਰਵਚਨ ਨੂੰ ਵੀ ਭਾਰੀ ਸੱਟ ਵੱਜੀ ਹੈ। ਐਨ.ਐਸ.ਓ ਪ੍ਰਮਾਣੂ ਹਥਿਆਰਾਂ ਵਾਙ ਹੀ ਸਾਈਬਰ ਹਥਿਆਰ ਹੈ ਜੋ ਇਜ਼ਰਾਇਲ ਸਟੇਟ ਦੀ ਨਿਗਰਾਨੀ ਹੇਠ ਸਿਰਫ ਰਾਜਾਂ ਨੂੰ ਹੀ ਵੇਚਿਆ ਜਾਂਦਾ ਹੈ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਸੰਸਾਰੀਕਰਣ ਨੇ ਨੇਸ਼ਨ ਸਟੇਟ ਦੀ ਅਜਾਰੇਦਾਰੀ ਨੂੰ ਘਟਾਉਣ ਦੀ ਥਾਵੇਂ ਮਨੁੱਖੀ ਭਵਿੱਖ ਦੀ ਸਮੁੱਚੀ ਮੁਖਤਿਆਰੀ ਇਸ ਅਤਿ-ਹਿੰਸਕ ਸ਼ਹਿ ਨੂੰ ਦੇ ਦਿੱਤੀ ਹੈ। ਇਸ ਵੇਲੇ ਦੁਨੀਆਂ ਵਿਚਲੀਆਂ ਸਰਬੱਤ ਦਾ ਭਲਾ ਲੋਚਦੀਆਂ ਜੁਝਾਰੂ ਧਿਰਾਂ ਨੂੰ ਇਕੱਠੇ ਹੋ ਕੇ ਮਨੁੱਖਤਾ ਦੀ ਅਜਾਦੀ ਦੀ ਮੁਹਿੰਮ ਵਿੱਢਣੀ ਚਾਹੀਦੀ ਹੈ। ਸਿੱਖ ਵਿਚਾਰਵਾਨਾਂ ਨੂੰ ਇਸ ਵਰਤਾਰੇ ਸਬੰਧੀ ਨਵੇਂ ਸਿਰਿਉਂ ਸੰਵਾਦ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਸਮਾਜ ਵਿੱਚ ਵੀ ਇਸ ਉੱਤੇ ਗੰਭੀਰ ਵਿਚਾਰ ਚੱਲਣੀ ਚਾਹੀਦੀ ਹੈ ਜਿਸ ਵਿੱਚੋਂ ਮਨੁੱਖੀ ਅਜਾਦੀ ਦੇ ਦਿਖ ਰਹੇ ਧੁੰਦਲੇ ਭਵਿੱਖ ਨੂੰ ਦੂਰ ਕਰਨ ਲਈ ਕੁਝ ਸਾਰਥਿਕ ਕਦਮ ਨਿਕਲ ਸਕਣ।  

 

ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼