ਸਿਆਸਤ ਦੀ ਸ਼ਤਰੰਜ ਦੇ ਅਣਦਿਸਦੇ ਮੋਹਰੇ

ਸਿਆਸਤ ਦੀ ਸ਼ਤਰੰਜ ਦੇ ਅਣਦਿਸਦੇ ਮੋਹਰੇ

ਮਨਜੀਤ ਸਿੰਘ ਟਿਵਾਣਾ 

ਭਾਰਤੀ ਰਾਜਨੀਤੀ ਦੀ ਖੇਡ ਨੂੰ ਅਕਸਰ ਹੀ ਸ਼ਤਰੰਜ ਦੀ ਖੇਡ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਸੰਸਾਰ ਪੱਧਰ ਉਤੇ ਵੀ ਹੁਣ ਤਕ ਦਾ ਰਾਜਨੀਤਕ ਇਤਿਹਾਸ ਕਾਫੀ ਕੁਝ ਸ਼ਤਰੰਜ ਦੀ ਖੇਡ ਵਾਂਗ ਹੀ ਸ਼ਹਿ ਅਤੇ ਮਾਤ ਦੀਆਂ ਚਾਲਾਂ ਨਾਲ ਭਰਿਆ ਪਿਆ ਹੈ। ਮਨੁੱਖ ਦੇ ਅਸਲੋਂ ਸਭਿਅਕ ਹੋ ਜਾਣ ਦੇ ਭਰਮ ਨੂੰ ਸਿਰਜਣ ਜਾਂ ਆਪਣੇ ਸਭਿਅਕ ਹੋਣ ਦਾ ਦਮ ਭਰਨ ਲਈ ਪੌਣੀ ਤੋਂ ਵੱਧ ਦੁਨੀਆ ਨੇ ਰਾਜਨੀਤੀ ਅਤੇ ਰਾਜ-ਪ੍ਰਬੰਧ ਚਲਾਉਣ ਲਈ ਇਕ ਅਜਿਹੀ ਪ੍ਰਣਾਲੀ ਨੂੰ ਪ੍ਰਵਾਨ ਕਰ ਲਿਆ ਹੋਇਆ ਹੈ, ਜਿਸ ਨੂੰ ਲੋਕਤੰਤਰ ਜਾਂ ਪਰਜਾਤੰਤਰ ਕਿਹਾ ਜਾਂਦਾ ਹੈ। ਪੱਛਮੀ ਮੁਲਕਾਂ ਨੇ ਅੱਜ ਦੀ ਘੜੀ ਵਾਕਈ ਇਸ ਪ੍ਰਣਾਲੀ ਨੂੰ ਲਾਗੂ ਕਰ ਕੇ ਰਾਜਨੀਤੀ ਵਿਚ ਨੈਤਿਕ ਮੁੱਲਾਂ ਦੀ ਬਹਾਲੀ, ਆਮ ਲੋਕਾਂ ਦੀ ਸੱਤਾ ਵਿਚ ਭਾਗੀਦਾਰੀ ਅਤੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਦੇ ਮਾਮਲੇ ਵਿਚ ਜੇ ਸ਼ਤ-ਪ੍ਰਤੀਸ਼ਤ ਨਹੀਂ ਤਾਂ ਬਹੁਤ ਹੱਦ ਤਕ ਚੰਗੇ ਕੀਰਤੀਮਾਨ ਵੀ ਸਥਾਪਿਤ ਕੀਤੇ ਹਨ। 
ਜੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੀਆਂ ਡੀਂਗਾਂ ਮਾਰਨ ਵਾਲੇ ਭਾਰਤ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਹ ਅਸਲੀਅਤ ਵਿਚ ਆਪਣੇ ਉਪਰ ਕਥਿਤ ਜਮਹੂਰੀਅਤ ਦਾ ਲਬਾਦਾ ਓੜ੍ਹ ਕੇ ਅਜੇ ਵੀ ਰੂੜੀਵਾਦੀ ਯੁੱਗ ਦੀਆਂ ਧੋਖੇਬਾਜ਼ੀਆਂ, ਤਾਨਾਸ਼ਾਹੀ ਤੇ ਬਾਹੂਬਲ ਨਾਲ ਜਾਗੀਰੂ ਹਕੂਮਤਾਂ ਸਥਾਪਿਤ ਕਰਨ ਦੀਆਂ ਅਲਾਮਤਾਂ ਵਿਚ ਗਹਿਰੀ ਧਸੀ ਹੋਈ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਦੇਸ਼ ਵਿਚ ਸਦੀਆਂ ਪੁਰਾਣਾ ਵਰਣ-ਆਸ਼ਰਮ ਵਾਲਾ ਬਿਪਰਵਾਦੀ ਰਾਜ ਪ੍ਰਬੰਧ ਕਾਇਮ ਰੱਖਣ ਦੀ ਹਿਰਸ ਹੈ। ਬਿਪਰਵਾਦ ਨੇ ਆਪਣੀ ਸਦੀਆਂ ਪੁਰਾਣੀ ਝੂਠ ਅਤੇ ਦੰਭ ਉਤੇ ਉਸਰੀ ਜਾਤਪਾਤੀ, ਛੂਤਛਾਤ ਅਤੇ ਦੱਬੇ-ਕੁਚਲਿਆਂ ਦਾ ਸ਼ੋਸ਼ਣ ਕਰਨ ਵਾਲੀ ਸਵਾਰਥ ਨਾਲ ਭਰੀ ਸਮਾਜਿਕ, ਧਾਰਮਿਕ ਤੇ ਰਾਜਨੀਤਕ ਵਿਵਸਥਾ ਨੂੰ ਕਾਇਮ ਰੱਖਣ ਲਈ ਹੀ ਸਿਆਸਤ ਕਰਨੀ ਹੈ। ਇਸੇ ਕਰ ਕੇ ਇਥੇ ਹਮੇਸ਼ਾ ਹੀ ਚਾਣਕਿਆ ਦਾ ਸਾਮ-ਦਾਮ-ਦੰਡ-ਭੇਦ ਦਾ ਸਿਧਾਂਤ ਲਾਗੂ ਰਹਿੰਦਾ ਹੈ।
ਸਿੱਖ ਗੁਰੂ ਸਾਹਿਬਾਨ ਨੇ ਇਸ ਬਿਪਰਵਾਦੀ ਵਿਵਸਥਾ ਨੂੰ ਬਦਲਣ ਲਈ ਹੀ ਆਪਣੇ ਸਿੱਖਾਂ ਨੂੰ ਜ਼ਿੰਦਗੀ ਦੇ ਹਰ ਮਰਹਲੇ ਉਤੇ ਨਾ-ਸਿਰਫ ਨਵੀਂ ਸੇਧ ਹੀ ਦਿੱਤੀ ਸਗੋਂ ਸਾਨੂੰ ਸਮਾਜਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਕ ਤੌਰ ਉਤੇ ਚੇਤੰਨ ਕਰਨ ਲਈ ਬਿਪਰਵਾਦੀ ਪਰੰਪਰਾ ਤੇ ਮਾਨਤਾਵਾਂ ਨਾਲੋਂ ਮੁੱਢੋਂ ਹੀ ਨਿਖੇੜਾ ਕਰਨ ਲੈਣ ਦਾ ਪਾਠ ਵੀ ਦ੍ਰਿੜਾਇਆ ਹੈ। ਇਸ ਕਰ ਕੇ ਹਿੰਦੂਸਤਾਨੀ ਸਿਆਸਤ ਤੇ ਸਮੁੱਚੇ ਰਾਜ ਪ੍ਰਬੰਧ ਦੀ ਬਿਪਰਵਾਦੀ ਖਸਲਤ ਨੂੰ ਬੁੱਝਣਾ ਸਿੱਖਾਂ ਲਈ ਬੇਹੱਦ ਜ਼ਰੂਰੀ ਹੈ। 
ਪੰਜਾਬ ਨੂੰ ਇਨਕਲਾਬੀ ਤਾਸੀਰ ਦਾ ਕੇਂਦਰ ਸਿੱਖ ਸਿਧਾਂਤ ਅਤੇ ਫਲਸਫਾ ਹੈ, ਜਿਸ ਲਈ ਬਿਪਰਵਾਦੀ ਰਾਜ ਪ੍ਰਬੰਧ ਵਿਚ ਕੋਈ ਥਾਂ ਨਹੀਂ ਹੈ। ਸਗੋਂ ਇਹ ਇਕ ਦੂਜੇ ਦੇ ਬਿਲਕੁਲ ਹੀ ਵਿਰੋਧ ਵਿਚ ਖੜ੍ਹਦੇ ਹਨ। ਚਾਣਕਿਆਵਾਦੀਆਂ ਦੇ ਸਾਮ-ਦਾਮ-ਦੰਡ-ਭੇਦ ਦੇ ਮੁਕਾਬਲੇ ਗੁਰੂ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਸਰਬੱਤ ਦਾ ਭਲਾ, ਆਪਾਵਾਰੂ, ਮਨੁੱਖੀ ਬਰਾਬਰਤਾ, ਹਲੇਮੀ ਰਾਜ ਦੀ ਸਥਾਪਤੀ ਕਰਨ ਦੇ ਖਾਲਸਾਈ ਸਿਧਾਂਤ ਦੀ ਬਖਸ਼ਿਸ਼ ਮਿਲੀ ਹੋਈ ਹੈ। 
ਜੇ ਅੱਜ ਦੇ ਹਾਲਾਤ ਵੱਲ ਗੌਰ ਕਰੀਏ ਤਾਂ ਹਿੰਦੂਸਤਾਨ ਦੇ ਜੱਫੇ ਵਿਚ ਆਇਆ ਦੇਸ-ਪੰਜਾਬ ਚਾਣਕਿਆ ਨੀਤੀ ਦਾ ਸ਼ਿਕਾਰ ਹੋ ਕੇ ਬਰਬਾਦੀ ਦੇ ਕੰਢੇ ਉਤੇ ਆਣ ਖੜ੍ਹਿਆ ਹੈ। ਹਿੰਦੂਸਤਾਨ ਦੀ ਕਥਿਤ ਆਜ਼ਾਦੀ ਦਾ ਨਿੱਘ ਮਾਣਨ ਵਾਲੇ ਆਪਣੇ ਵੀ ਤੇ ਬੇਗਾਨੇ ਵੀ, ਗੁਰਾਂ ਦੇ ਨਾਂ ਉਤੇ ਵਸਦੇ ਪੰਜਾਬ ਦੇ ਅੰਤਰੀਵ ਮਨ ਦੀ ਪੀੜਾ ਨੂੰ ਸ਼ਾਇਦ ਕਦੇ ਵੀ ਮਹਿਸੂਸ ਨਾ ਕਰ ਸਕਣ। ਉਨ੍ਹਾਂ ਲਈ ਪੰਜਾਬ ਦੀ ਧੁਰ ਅੰਦਰਲੀ ਬੇਚੈਨੀ ਦੇ ਬਾਹਰੀ ਅਰਥ 'ਨਕਸਲਬਾੜੀ ਲਹਿਰ', 'ਅੱਤਵਾਦ' ਜਾਂ ਫ਼ਿਰ 'ਭਗਤ ਸਿੰਘ ਜ਼ਿੰਦਾਬਾਦ' ਤੇ 'ਇਨਕਲਾਬ ਜ਼ਿੰਦਾਬਾਦ' ਕਰਦੀ ਕਿਸੇ ਸਿਆਸੀ ਲਹਿਰ ਦੇ ਕੁਰਸੀ ਯੁੱਧ ਤਕ ਹੀ ਸੀਮਤ ਰਹਿੰਦੇ ਹਨ। 
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਨਵੀਂ ਕਰਵਟ ਲੈ ਰਹੀ ਹੈ। ਪੰਜਾਬ ਦਾ ਨੌਜਵਾਨ ਵਰਗ ਲਗਭਗ ਹਰੇਕ ਪਾਰਟੀ ਤੋਂ ਹੀ ਆਕੀ ਹੁੰਦਾ ਜਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਉਸ ਨੂੰ ਸਹੀ ਦਿਸ਼ਾ ਦੇਣ ਵਾਲੀ ਲੀਡਰਸ਼ਿਪ ਦੂਰ-ਦੂਰ ਤਕ ਕਿਤੇ ਦਿਖਾਈ ਨਹੀਂ ਦੇ ਰਹੀ। ਪਿਛਲੀਆਂ ਲੋਕ ਸਭਾ ਚੋਣਾਂ ਵਿਚ 'ਆਮ ਆਦਮੀ ਪਾਰਟੀ' ਨੇ ਇਸੇ ਬਾਗੀ ਹੋ ਰਹੇ ਪੰਜਾਬ ਦੇ ਕੰਧੇੜੀਂ ਚੜ੍ਹ ਕੇ ਭਗਵਿਆਂ ਦੀ ਚੜ੍ਹੀ ਆ ਰਹੀ ਹਨ੍ਹੇਰੀ ਨੂੰ ਇਥੇ ਕਾਫੀ ਹੱਦ ਤਕ ਡੱਕਿਆ ਸੀ। ਇਸੇ ਕਰ ਕੇ ਦਿੱਲੀ ਦੇ ਬਖਤਾਵਰਾਂ ਨੂੰ ਪੰਜਾਬ ਦੇ ਅਜਿਹੇ ਇਤਿਹਾਸ ਤੋਂ ਹਮੇਸ਼ਾ ਡਰ ਲਗਦਾ ਰਹਿੰਦਾ ਹੈ। ਇਹ ਮਿੱਥ ਵੀ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਂਦਾ ਰਹਿੰਦਾ ਹੈ। ਅਜੋਕੀ ਰਾਜਨੀਤਕ ਲੜਾਈ ਦੇ ਪ੍ਰਸੰਗ ਵਿਚਲੀਆਂ ਗਦਾਰੀਆਂ, ਮਕਾਰੀਆਂ ਅਤੇ ਆਪਣਿਆਂ ਦੀ ਪਿੱਠ ਵਿਚ ਛੁਰਾ ਮਾਰਨ ਦੀਆਂ ਬਦਨੀਤੀਆਂ ਉਵੇਂ ਦੀਆਂ ਉਵੇਂ ਰੋਲ ਅਦਾ ਕਰਦੀਆਂ ਆ ਰਹੀਆਂ ਹਨ।
ਪੰਜਾਬ ਦੀ ਧਰਤੀ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਘੋਰ ਬੇਅਦਬੀ ਹੋਈ। ਚਾਣਕਿਆ ਦੇ ਤੀਰਾਂ ਦਾ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ ਤੇ ਸ਼ਿਸ਼ਤ ਕਿਤੇ ਹੋਰ ਬੰਨ੍ਹੀ ਜਾਂਦੀ ਹੈ। ਪਿਛਲੇ 50 ਸਾਲਾਂ ਤੋਂ ਦੋ ਪਾਰਟੀ ਸਿਸਟਮ ਵਿਚ ਗੇਂਦ ਵਾਂਗ ਕਦੇ ਉਧਰ ਤੇ ਕਦੇ ਉਧਰ ਘੁੰਮਦੇ ਪੰਜਾਬ ਨੇ ਪਹਿਲੀ ਵਾਰ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ। ਪੰਜਾਬ ਦੇ ਇਸ ਨਵੇਂ ਇਨਕਲਾਬ ਦੇ ਮੋਹ ਨੂੰ ਸਿਆਸਤ ਦਾ ਚਾਣਕਿਆ ਦੂਰ ਬੈਠਾ ਦੇਖ ਰਿਹਾ ਸੀ। ਬਿਪਰਵਾਦ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ ਕਿ ਉਸ ਦੀ ਲੰਮੀ ਘਾਲਣਾ ਦੇ ਐਨ ਸਿਖਰ ਉਤੇ ਆ ਕੇ ਕੋਈ ਉਸ ਦੇ ਮਨਸੂਬਿਆਂ ਉਤੇ ਪਾਣੀ ਫੇਰ ਦੇਵੇ। ਇਨਕਲਾਬ ਦਾ ਸਭ ਤੋਂ ਵੱਧ ਸ਼ੋਰ ਪੰਜਾਬ ਦੀ ਧਰਤੀ ਉਤੇ ਹੀ ਸੁਣਾਈ ਦੇ ਰਿਹਾ ਸੀ। ਇਸ ਕਰ ਕੇ ਉਸ ਦਾ ਸਭ ਤੋਂ ਪਹਿਲਾ ਤੇ ਵੱਡਾ ਨਿਸ਼ਾਨਾ ਪੰਜਾਬ ਨੇ ਹੀ ਬਣਨਾ ਸੀ। ਪੰਜਾਬ ਵਿਚ ਨਸ਼ਿਆਂ ਦੇ ਬੇਰੋਕ ਪ੍ਰਵਾਹ, ਗੁਰੂ ਗ੍ਰੰਥ ਦੀਆਂ ਬੇਅਦਬੀਆਂ ਅਤੇ ਪੰਜਾਬ ਦੇ ਹਰ ਪੱਖ ਤੋਂ ਉਜਾੜੇ ਦੇ ਵਰਤਾਰੇ ਨੂੰ ਇਸੇ ਪੱਖ ਤੋਂ ਸਮਝਿਆ ਜਾ ਸਕਦਾ ਹੈ।
ਪੰਜਾਬ ਦਾ ਅਵਾਮ ਆਪਣੇ ਦੁਸ਼ਮਣਾਂ ਦੇ ਤਖਤੇ ਪਲਟਣ ਲਈ ਜੋਸ਼ ਵਿਚ ਉਬਾਲੇ ਮਾਰ ਰਿਹਾ ਹੈ ਪਰ ਕੋਈ ਅਜਿਹਾ ਆਗੂ ਨਹੀਂ ਹੈ, ਜਿਹੜਾ ਉਸ ਦੀ ਅਗਵਾਈ ਕਰ ਸਕੇ। ਤਾਜ਼ਾ ਲੋਕ ਸਭਾ ਚੋਣਾਂ ਵਿਚ ਵੀ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਜਾਣ ਵਾਲੀ ਹਾਲਤ ਹੀ ਹੈ। ਹੋਣੀ ਦੇ ਇਸ ਪਰਵਾਹ ਨੂੰ ਡੱਕਣ ਲਈ ਅੱਜ ਪੰਜਾਬ ਕੋਲ ਕੋਈ ਸ਼ੇਰ–ਏ–ਪੰਜਾਬ ਨਹੀਂ ਹੈ। ਸਿੱਖ ਸਿਧਾਂਤ ਤੇ ਫਲਸਫੇ ਦੀ ਖਾਲਸਾਈ ਵਿਚਾਰਧਾਰਾ ਨੂੰ ਪਰਨਾਈ ਸਮਰੱਥ ਲੀਡਰਸ਼ਿਪ ਹੀ ਆਪਣੀ ਆਜ਼ਾਦੀ ਲਈ ਠਾਠਾਂ ਮਾਰਦੇ ਪੰਜਾਬ ਦੇ ਜੋਸ਼ ਨੂੰ ਕੋਈ ਸਹੀ ਸੇਧ ਦੇ ਸਕਦੀ ਹੈ।