ਸ਼ਰਧਾ ਅਤੇ ਸੇਵਾ ਉੱਪਰ ਭਾਰੂ ਪਿਆ ਹੋਇਆ ਪਰਪੰਚ       

 ਸ਼ਰਧਾ ਅਤੇ ਸੇਵਾ ਉੱਪਰ ਭਾਰੂ ਪਿਆ ਹੋਇਆ ਪਰਪੰਚ       

ਸੱਚੇ ਪਾਤਸ਼ਾਹ ਤੁਹਾਥੋਂ ਇੰਝ ਹੀ ਸੇਵਾ ਲੈਂਦੇ ਰਹਿਣ

ਪਿਛਲੇ ਦਿਨੀਂ ਮੇਰਾ ਇੱਕ ਗੁਆਂਢੀ ਮੈਂਨੂੰ ਆਪਣੇ ਘਰ ਪ੍ਰਭਾਤ ਫੇਰੀ ਦਾ ਸੱਦਾ ਦਿੰਦਿਆਂ ਕਹਿਣ ਲੱਗਾ, “ਵੀਰ ਜੀ! ਕੱਲ੍ਹ ਸਵੇਰੇ ਪੰਜ ਵਜੇ ਸਾਡੇ ਗ੍ਰਹਿ ਵਿਖੇ ਸਹਿ ਪਰਿਵਾਰ ਆਇਆ ਜੇ। ਕੇਸਰ-ਬਦਾਮਾਂ ਆਲੇ ਦੁੱਧ ਨਾਲ ਦੇਸੀ ਘਿਓ ਦੀਆਂ ਪਿੰਨੀਆਂ ਦਾ ਖਾਸ ਪ੍ਰਬੰਧ ਕੀਤਾ ਹੈ ਸੰਗਤ ਲਈ। ਜੇਕਰ ਤੁਹਾਡੇ ਚਰਨ ਪੈ ਜਾਣ ਸਾਡੇ ਗ਼ਰੀਬ ਖਾਨੇ ਵਿੱਚ ਤਾਂ ਮੈਂ ਆਪਣੇ ਆਪ ਨੂੰ ਵੱਡਭਾਗਾ ਸਮਝਾਂਗਾ।ਡੌਰ-ਭੌਰ ਹੋਇਆ ਮੈਂ ਕੁਝ ਦੇਰ ਇਹੀ ਸੋਚੀ ਗਿਆ ਕਿ ਇਹ ਭਲਾ ਪੁਰਸ਼ ਸਾਨੂੰ ਅੰਮ੍ਰਿਤ ਵੇਲੇ ਮਹਾਰਾਜ ਦੇ ਚਰਨ ਪਰਸਣ ਦਾ ਨਿਓਤਾ ਦੇ ਕੇ ਗਿਆ ਹੈ ਜਾਂ ਕੇਸਰ ਤੇ ਬਦਾਮਾਂ ਦਾ ਦੁੱਧ ਪਿਆਉਣ ਦਾ?

ਖ਼ੈਰ! ਗੁਆਂਢ ਮੱਥੇ ਤੇ ਮੂੰਹ ਮੁਲਾਹਜ਼ੇ ਸਦਕਾ ਮੈਂ ਤੇ ਮੇਰੀ ਪਤਨੀ ਹੱਡ ਚੀਰਦੀ ਸਰਦੀ ਵਿੱਚ ਪੌਣੇ ਪੰਜ ਵਜੇ ਜੱਗੀ ਸਾਬ ਦੇ ਘਰ ਵਲ ਹੋ ਤੁਰੇ। ਪ੍ਰਭਾਤ ਫੇਰੀ ਅਜੇ ਪਿਛਲੇ ਘਰੋਂ ਤੁਰੀ ਨਹੀਂ ਸੀ ਤੇ ਜੱਗੀ ਭਾਅ ਜੀ ਬਾਰ-ਬਾਰ ਆਪਣੀ ਪਤਨੀ ਨੂੰ ਇਹੀ ਆਖੀ ਜਾ ਰਹੇ ਸਨ, “ਭਲੀਏ ਲੋਕੇ! ਜਿਹੜੇ ਗੈਂਦੇ ਤੇ ਗੁਲਾਬ ਦੇ ਫੁੱਲ ਅਤੇ ਸਿਹਰੇ ਮੈਂ ਖ਼ਾਸ ਪਟਿਆਲਿਓਂ ਬਣਵਾ ਕੇ ਲਿਆਇਆਂ, ਉਹ ਛੇਤੀ ਲੈ ਆ।ਲਓ ਜੀ! ਆਖਰ ਸੰਗਤ ਜੱਗੀ ਭਾਜੀ ਦੇ ਘਰ ਮੂਹਰੇ ਆ ਪੁੱਜੀ ਤੇ ਗ੍ਰੰਥੀ ਸਿੰਘ ਨੇ ਉੱਚੀ ਤੇ ਸੁਰੀਲੀ ਲੈਅ ਵਿੱਚ ਧਾਰਨਾ ਲਾਉਣੀ ਸ਼ੁਰੂ ਕੀਤੀ ਸੁੱਤਿਆ ਵੇ ਜਾਗ ਬੰਦਿਆਂ ਤੇਰਾ ਨਾਮ ਜਪਣ ਦਾ ਵੇਲਾ।ਫਿਜ਼ਾ ਨੂੰ ਰੂਹਾਨੀਅਤ ਦਾ ਰੰਗ ਚਾੜ੍ਹਦਿਆਂ ਜੱਗੀ ਭਾਅ ਜੀ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਤੋਂ ਇਲਾਵਾ ਹੋਰਨਾਂ ਰਿਸ਼ਤੇਦਾਰਾਂ ਨੇ ਸੰਗਤ ਨੂੰ ਜੀ ਆਇਆਂਆਖਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਫੁੱਲਾਂ ਦੀ ਵਰਖਾ ਕੀਤੀ। ਇਹ ਸਾਰਾ ਨਜ਼ਾਰਾ ਇੱਕ ਫਿਲਮ ਨਿਰਦੇਸ਼ਕ ਵਾਂਗ ਜੱਗੀ ਸਾਬ ਦੇ ਦਿਸ਼ਾ-ਨਿਰਦੇਸ਼ ਤੇ ਉੱਥੇ ਮੌਜੂਦ ਫੋਟੋਗ੍ਰਾਫਰ ਤੇ ਕੈਮਰਾਮੈਨ ਵੱਲੋਂ ਬਕਾਇਦਾ ਕੈਮਰਿਆਂ ਵਿੱਚ ਕੈਦ ਕੀਤਾ ਜਾ ਰਿਹਾ ਸੀ।

ਇੰਨੇ ਵਿੱਚ ਸੰਗਤ ਕੋਠੀ ਦੀ ਡਿਓੜੀ ਵਿੱਚ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਸਨ, ਮੱਥਾ ਟੇਕਣ ਮਗਰੋਂ ਜਿੱਥੇ ਜਗਾ ਮਿਲੀ, ਸਜ ਕੇ ਬੈਠ ਗਈ। ਇਸ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਅਰਦਾਸ ਹੋਈ, ਹੁਕਮਨਾਮਾ ਲਿਆ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ਼ ਵਰਤਾਈ ਗਈ। ਇਸ ਮੌਕੇ ਵੀ ਗੁਰੂ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਾਧ-ਸੰਗਤ ਦੀ ਹਾਜ਼ਰੀ ਵਿੱਚ ਜੱਗੀ ਭਾਅ ਜੀ ਨੇ ਮਹਾਰਾਜ ਲਈ ਖਾਸ ਤੌਰ ਤੇ ਸੁੱਚੀ ਜਰੀ ਦੇ ਕੰਮ ਨਾਲ ਅੰਬਰਸਰੋਂ ਤਿਆਰ ਕਰਵਾਏ ਗਏ ਰੇਸ਼ਮੀ ਰੁਮਾਲਾ ਸਾਹਿਬ ਦੀ ਸ਼ਲਾਘਾ ਕਰਨ ਵਿੱਚ ਭੋਰਾ ਵੀ ਸੰਕੋਚ ਨਾ ਕੀਤਾ। ਬਿਲਕੁਲ ਨੇੜੇ ਬੈਠੇ ਮੇਰੇ ਕੰਨ ਵਿੱਚ ਘੁਸਰ-ਮੁਸਰ ਕਰਦਿਆਂ ਜੱਗੀ ਭਾਅ ਜੀ ਕਹਿਣ ਲੱਗੇ, “ਵੀਰ ਜੀ! ਅੰਦਾਜ਼ਾ ਤਾਂ ਲਾਓ ਕਿੰਨੀ ਕੁ ਭੇਟਾ ਹੋਵੇਗੀ ਇਸ ਰੁਮਾਲਾ ਸਾਹਿਬ ਦੀ?”

ਮੈਂ ਨਿੰਮੋਝੂਣਾ ਹੋਇਆ ਆਖਣ ਲੱਗਾ, “ਭਾਅ ਜੀ! ਮੈਂਨੂੰ ਇਸ ਬਾਰੇ ਕੋਈ ਸਮਝ ਨਹੀਂ।ਮੇਰੀ ਗੱਲ ਨੂੰ ਕੱਟਦਿਆਂ ਉਹ ਮੂਹਰਿਓਂ ਬੋਲੇ, “ਵੀਹ ਹਜ਼ਾਰ ਮੰਗਦੇ ਸੀ, ਅੜ ਕੇ ਅਠਾਰਾਂ ਵਿੱਚ ਬਣਵਾਇਐ, ਉਹ ਵੀ ਆਪਣੇ ਅਸਰ-ਰਸੂਖ ਕਰਕੇ।ਮੈਂ ਮਨੋ-ਮਨ ਇਹੀ ਸੋਚੀ ਗਿਆ ਕਿ ਇਹ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਹੈ ਜਾਂ ਆਪਣੀ ਵਡਿਆਈ।

ਇੰਨੇ ਵਿੱਚ ਅਰਦਾਸੀਏ ਸਿੰਘ ਨੇ ਪਰਿਵਾਰ ਵੱਲੋਂ ਅਕਾਲ ਪੁਰਖ ਦੀ ਮਿਹਰ ਸਦਕਾ ਸੁੱਖ ਸ਼ਾਂਤੀ ਤੇ ਸ਼ੁਕਰਾਨੇ ਲਈ ਜੱਗੀ ਸਾਬ ਦੇ ਗ੍ਰਹਿ ਵਿਖੇ ਚੱਲ ਕੇ ਆਈ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੇਰੀ ਉਦੋਂ ਹੈਰਾਨੀ ਦੀ ਹੱਦ ਹੀ ਟੱਪ ਗਈ ਜਦੋਂ ਜੱਗੀ ਭਾਅ ਜੀ ਨੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਵੱਲੋਂ ਪ੍ਰਭਾਤ ਫੇਰੀ ਸੱਦਣ ਤੇ ਬਖ਼ਸ਼ੇ ਸਿਰੋਪਾਓ ਦੀਆਂ ਫੋਟੋਆਂ ਸਾਡੇ ਮਹੱਲੇ ਦੇ ਵਟਸਐਪ ਗਰੁੱਪ ਤੇ ਉਸੇ ਵੇਲੇ ਹੀ ਚਾੜ੍ਹ ਦਿੱਤੀਆਂ।

ਆਖ਼ਰ ਪਰਿਵਾਰ ਵੱਲੋਂ ਕੀਤੀ ਬੇਨਤੀ ਤੇ ਭਾਈ ਸਾਹਿਬ ਨੇ ਸਮੂਹ ਆਈ ਸੰਗਤ ਨੂੰ ਲੰਗਰ ਛਕ ਕੇ ਜਾਣ ਲਈ ਆਖਦਿਆਂ ਕਿਹਾ, “ਕੋਈ ਵੀ ਮਾਈ ਭਾਈ ਦੁੱਧ ਦਾ ਲੰਗਰ ਛਕੇ ਬਗੈਰ ਨਾ ਜਾਵੇ ਕਿਉਂਜੋ ਪਰਿਵਾਰ ਵੱਲੋਂ ਕੇਸਰ ਤੇ ਬਦਾਮਾਂ ਵਾਲੇ ਦੁੱਧ ਨਾਲ ਦੇਸੀ ਘਿਓ ਦੀਆਂ ਪਿੰਨੀਆਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।ਜੱਗੀ ਭਾਅ ਜੀ ਫੋਟੋਗ੍ਰਾਫਰ ਸਣੇ ਹਰੇਕ ਆਏ ਸੱਜਣ ਕੋਲ ਜਾ ਕੇ ਇਹ ਦੱਸਣ ਵਿੱਚ ਮਸਰੂਫ਼ ਸਨ, “ਬਾਈ ਜੀ! ਇਹ ਕਸ਼ਮੀਰ ਦਾ ਮਸ਼ਹੂਰ ਕੇਸਰ ਮੈਂ ਖ਼ਾਸ ਆਪਣੇ ਸਾਲ਼ੇ ਤੋਂ ਜਿਹੜਾ ਸ਼੍ਰੀਨਗਰ ਵਿਖੇ ਚਿਰਾਂ ਤੋਂ ਡਰਾਈ ਫਰੂਟ ਦਾ ਕਾਰੋਬਾਰ ਕਰਦਾ ਹੈ, ਸਪੈਸ਼ਲ ਸੰਗਤ ਦੀ ਸੇਵਾ ਲਈ ਮੰਗਵਾਇਐ।ਜੱਗੀ ਭਾਅ ਜੀ ਸਭ ਕੋਲੋਂ ਆਪ ਜਾ ਕੇ ਬਾਰ-ਬਾਰ ਇਹੀ ਪੁੱਛੀ ਜਾ ਰਹੇ ਸਨ, “ਸੱਚ ਦੱਸਿਓ ਵੀਰ ਜੀ! ਹੈ ਨਾ ਇਹਦਾ ਸਵਾਦ ਨਿਰਾਲਾ, ਪੀਤਾ ਜੇ ਪਹਿਲਾਂ ਕਦੇ ਅਜਿਹਾ ਬਦਾਮਾਂ ਤੇ ਕੇਸਰ ਆਲਾ ਦੁੱਧ? ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਤੇ ਤਾਂ ਦੁੱਧ ਵਿੱਚ ਕੇਸਰ ਦੇ ਨਾਂ ਤੇ ਪੀਲਾ ਰੰਗ ਤੇ ਅਤਰ ਹੀ ਘੋਲ-ਘੋਲ ਕੇ ਲੁੱਟੀ ਜਾਂਦੇ ਨੇ। ਤਾਹੀਂਓ ਤੇ ਕਹਿੰਦੇ ਨੇ ਊਂਚੀ ਦੁਕਾਨ ਫੀਕਾ ਪਕਵਾਨ।

ਆਪਣੀ ਪਤਨੀ ਵੱਲ ਇਸ਼ਾਰਾ ਕਰਦਿਆਂ ਜੱਗੀ ਸਾਬ ਬਿਨਾਂ ਕਿਸੇ ਝਿਜਕ ਤੋਂ ਮਹੱਲੇ ਦੀਆਂ ਪੰਜ-ਸੱਤ ਔਰਤਾਂ ਨੂੰ ਮੁਖ਼ਾਤਬ ਹੁੰਦਿਆਂ ਕਹਿਣ ਲੱਗੇ, “ਇਹ ਸਾਰਾ ਪੁੰਨ ਪ੍ਰਤਾਪ ਥੋਡੀ ਭੈਣ ਦਾ ਈ ਏ, ਜਿਹਨੇ ਆਪਣੇ ਵੀਰ ਨੂੰ ਕਹਿ ਕੇ ਇਹ ਕੇਸਰ ਤੇ ਬਦਾਮ ਖਾਸ ਤੌਰ ਤੇ ਕਸ਼ਮੀਰੋਂ ਤੁਹਾਡੇ ਲਈ ਮੰਗਵਾਏ ਨੇ। ਮੈਂ ਤਾਂ ਪਹਿਲਾਂ ਹੀ ਧਾਰਿਆ ਹੋਇਆ ਸੀ ਕਿ ਐਤਕੀਂ ਪ੍ਰਭਾਤ ਫੇਰੀ ਤੇ ਸੰਗਤ ਨੂੰ ਉੱਤਮ ਕੁਆਲਿਟੀ ਦੇ ਕੇਸਰ ਤੇ ਬਦਾਮਾਂ ਵਾਲਾ ਦੁੱਧ ਤੇ ਨਾਲ ਗੋਲੂ ਹਲਵਾਲੀ ਦੀਆਂ ਖਾਲਸ ਘਿਓ ਤੇ ਖੋਏ ਦੀਆਂ ਪਿੰਨੀਆਂ ਹੀ ਛਕਾਉਣੀਆਂ ਨੇ ਕਿਉਂਜੋ ਮਹਾਰਾਜ ਨੇ ਸਾਡੇ ਤੇ ਅਪਾਰ ਕਿਰਪਾ ਕੀਤੀ ਏ।

ਮੈਂ ਤੇ ਮੇਰੀ ਪਤਨੀ ਇੱਕ ਪਾਸੇ ਖੜ੍ਹੇ ਇਹੀ ਸੋਚੀ ਜਾ ਰਹੇ ਸਾਂ ਕਿ ਜੱਗੀ ਹੁਰਾਂ ਪ੍ਰਭਾਤ ਫੇਰੀ ਸੱਦੀ ਐ ਜਾਂ ਕੇਸਰ-ਬਦਾਮਾਂ ਦੇ ਦੁੱਧ ਤੇ ਪਿੰਨੀਆਂ ਦੀ ਮਸ਼ਹੂਰੀ ਕਰ ਰਹੇ ਨੇ। ਆਲੇ ਦੁਆਲੇ ਤੋਂ ਆਏ ਸੱਜਣ ਮਿੱਤਰ, ਸਨੇਹੀ ਤੇ ਰਿਸ਼ਤੇਦਾਰ ਜੱਗੀ ਸਾਬ ਦੀ ਸਿਫ਼ਤ ਸਲਾਹ ਕਰਨ ਵਿੱਚ ਭੌਰਾ ਕਸਰ ਨਹੀਂ ਸੀ ਛੱਡ ਰਹੇ। ਉਹ ਬਾਰ-ਬਾਰ ਇਹੀ ਆਖੀ ਜਾ ਰਹੇ ਸਨ, “ਭਾਜੀ ਨਜ਼ਾਰਾ ਆ ਗਿਆ ਹੈ ਕੜਾਕੇ ਦੀ ਠੰਢ ਵਿੱਚ ਗਰਮਾ-ਗਰਮ ਕੇਸਰ ਵਾਲੇ ਦੁੱਧ ਨਾਲ ਪਿੰਨੀਆਂ ਖਾ ਕੇ। ਸੱਚੇ ਪਾਤਸ਼ਾਹ ਤੁਹਾਥੋਂ ਇੰਝ ਹੀ ਸੇਵਾ ਲੈਂਦੇ ਰਹਿਣ ਤੇ ਤੁਸੀਂ ਗੁਰੂ ਘਰ ਦੀਆਂ ਅਸੀਮ ਖੁਸ਼ੀਆਂ ਤੇ ਅਸੀਸਾਂ ਪ੍ਰਾਪਤ ਕਰਦੇ ਰਹੋ।ਜੱਗੀ ਸਾਬ ਤੇ ਉਨ੍ਹਾਂ ਦੀ ਪਤਨੀ ਹਰੇਕ ਨਾਲ ਜਾ ਕੇ ਯਾਦਗਾਰੀ ਫੋਟੋ ਖਿਚਵਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਸਨ ਦੇ ਰਹੇ। ਜੱਗੀ ਭਾਅ ਜੀ ਆਪਣੀ ਹੋ ਰਹੀ ਉਸਤਤ ਸੁਣ ਕੇ ਫੁੱਲੇ ਨਾ ਸਮਾਏ ਅਤੇ ਅੱਗੋਂ ਹੋਰ ਫੂਕ ਛਕਦਿਆਂ ਬੋਲੇ, “ਪ੍ਰਵਾਹ ਨਾ ਕਰੋ ਕਰੋਨੇ ਸ਼ਰੋਨੇ ਦੀ, ਮਹਾਰਾਜ ਸੁੱਖ ਰੱਖੇ, ਅਗਲੀ ਪ੍ਰਭਾਤ ਫੇਰੀ ਤੇ ਤੁਹਾਨੂੰ ਦੀਪੇ ਦੇ ਲਜ਼ੀਜ਼ ਅੰਬਰਸਰੀ ਕੁਲਚੇ ਤੇ ਛੋਲਿਆਂ ਦਾ ਲੰਗਰ ਛਕਾਵਾਂਗੇ ਤੇ ਫੇਰ ਉਸ ਤੋਂ ਅਗਲੀ ਪ੍ਰਭਾਤ ਫੇਰੀ ਤੇ ਤੁਹਾਡੀ ਸੇਵਾ ਵਿੱਚ ਕੂਕੀ ਦੇ ਸਪੈਸ਼ਲ ਪਨੀਰ ਵਾਲੇ ਛੋਲੇ ਭਠੂਰਿਆਂ ਦਾ ਅਤੁੱਟ ਲੰਗਰ ਲਾਵਾਂਗੇ। ਮੈਂ ਤਾਂ ਇਸ ਵਾਰ ਵੀ ਪਹਿਲੀ ਪਾਤਸ਼ਾਹੀ ਦੇ ਗੁਰਪੁਰਬ ਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਗੁਰਦੁਆਰੇ ਲੰਗਰ ਲਾਉਣ ਦੀ ਸੇਵਾ ਪ੍ਰਧਾਨ ਜੀ ਪਾਸੋਂ ਉਚੇਚੇ ਤੌਰ ਤੇ ਬੇਨਤੀ ਕਰ ਕੇ ਲਈ ਸੀ ਤੇ ਸੰਗਤ ਨੂੰ ਹੁਣ ਤਕ ਨਹੀਂ ਭੁੱਲਿਆ ਸੁਆਦ ਉਨ੍ਹਾਂ ਜਲੇਬੀਆਂ ਦਾ।ਜੱਗੀ ਭਾਜੀ ਦੀਆਂ ਸ਼ੇਖੀ ਭਰੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਮੈਂਨੂੰ ਭਰਮ-ਭੁਲੇਖਾ ਜਿਹਾ ਪਿਆ ਕਿ ਉਹ ਇੱਕ ਨਾਮਵਰ ਸਰਕਾਰੀ ਠੇਕੇਦਾਰ ਹੋਣ ਦੇ ਨਾਲ-ਨਾਲ ਵਿਆਹ-ਸ਼ਾਦੀਆਂ ਤੇ ਕੈਟਰਿੰਗ ਦਾ ਕੰਮ ਵੀ ਜ਼ਰੂਰ ਕਰਦਾ ਹੋਵੇਗਾ।ਮੈਂ ਪਾਸੇ ਖੜ੍ਹਾ ਇਹ ਸੋਚ ਰਿਹਾ ਸੀ ਕਿ ਸ਼ਰਧਾ ਅਤੇ ਸੇਵਾ ਉੱਪਰ ਭਾਰੂ ਪਿਆ ਹੋਇਆ ਪਰਪੰਚ ਕਦੋਂ ਖ਼ਤਮ ਹੋਵੇਗਾ?   

                               

 ਡਾ. ਓਪਿੰਦਰ ਸਿੰਘ ਲਾਂਬਾ