ਭਾਰਤ-ਮੱਧ ਪੂਰਬ-ਯੂਰਪ ਕੋਰੀਡੋਰ ਕਾਰਣ ਚੀਨ ਭਾਰਤ ਦੇ ਸੰਬੰਧ ਹੋਰ ਵਿਗੜਨਗੇ

ਭਾਰਤ-ਮੱਧ ਪੂਰਬ-ਯੂਰਪ ਕੋਰੀਡੋਰ ਕਾਰਣ ਚੀਨ ਭਾਰਤ ਦੇ ਸੰਬੰਧ ਹੋਰ ਵਿਗੜਨਗੇ

ਨਵੇਂ ਕੋਰੀਡੋਰ ਦਾ ਸੰਕਲਪ ਯੂਰਪੀ ਸੰਘ ,ਭਾਰਤ ,ਅਰਬ ਸੰਸਾਰ ਨੂੰ ਵਪਾਰ ਲਈ ਜੋੜੇਗਾ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਨੂੰ ਗੇਮ ਚੇਜਿੰਗ ਵਾਲਾ ਨਿਵੇਸ਼ ਕਿਹਾ

ਅਗਲੇ ਮਹੀਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੁਪਨਮਈ ਪ੍ਰੋਜੈਕਟ ਬੇਲਟ ਐਂਡ ਰੋਡ ਇਨੀਸ਼ੀਏਟਿਵ ਜਾਂ ਬੀਆਰਆਈ ਨੂੰ 10 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ 'ਤੇ ਜਿਨਪਿੰਗ ਨੇ ਜਸ਼ਨ ਦੀ ਤਿਆਰੀ ਕੀਤੀ ਹੋਈ ਹੈ, ਪਰ ਭਾਰਤ ਵਿਚ ਹੋਈ ਜੀ-20 ਕਾਨਫਰੰਸ ਰਾਹੀਂ ਚੀਨ ਨੂੰ ਵੀ ਇੱਕ ਬੁਰੀ ਖ਼ਬਰ ਦਿੱਤੀ ਗਈ ਹੈ।ਇਸ ਨਾਲ ਭਾਰਤ ਤੇ ਚੀਨ ਦਰਮਿਆਨ ਸੰਬੰਧਾਂ ਵਿਚ ਖਟਾਸ ਪੈਦਾ ਹੋਵੇਗੀ। ਇਹ ਖਬਰ ਮੱਧ ਪੂਰਬ ਕੋਰੀਡੋਰ ਰਾਹੀਂ ਸਾਹਮਣੇ ਆਈ ਹੈ।ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਅਗਵਾਈ ਵਿੱਚ ਇਟਲੀ ਬੀਆਰਆਈ ਤੋਂ ਹਟਣ ਲਈ ਤਿਆਰ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀ ਇਸ ਦੇ ਲਈ ਆਪਣੇ ਦੋਸਤ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਹੱਥ ਮਿਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਜੈਕਟ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ, ਜੋ ਪੀਐਮ ਮੋਦੀ ਦੇ ਬਹੁਤ ਕਰੀਬੀ ਦੋਸਤ ਅਤੇ ਭਾਰਤ ਦੇ ਸਹਿਯੋਗੀ ਹਨ, ਨੇ ਵੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਰਾਂਸ, ਜਰਮਨੀ ਅਤੇ ਇਟਲੀ ਨੇ ਇਸ ਪ੍ਰੋਜੈਕਟ ਲਈ ਯੂਰਪੀਅਨ ਕਮਿਸ਼ਨ ਨਾਲ ਹੱਥ ਮਿਲਾਇਆ ਹੈ।

ਕੀ ਜੀ20 ਦੇ ਦੌਰਾਨ ਐਲਾਨੇ ਭਾਰਤ-ਮੱਧ ਪੂਰਬ-ਯੂਰਪ ਕੋਰੀਡੋਰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਦੇ ਜਵਾਬ ਹੈ? ਜਾਂ ਸਿਰਫ਼ ਭਾਰਤ ਨੂੰ ਅਰਬ ਦੇਸ਼ਾਂ ਅਤੇ ਯੂਰਪ ਨਾਲ ਜੋੜਨ ਦੀ ਯੋਜਨਾ ਹੈ? ਖੈਰ, ਇਸ ਕੋਰੀਡੋਰ ਦੇ ਐਲਾਨ ਦੇ ਕਈ ਕਾਰਨ ਦੱਸੇ ਜਾ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਨੂੰ ਗੇਮ ਚੇਜਿੰਗ ਵਾਲਾ ਨਿਵੇਸ਼ ਕਿਹਾ ਹੈ।

ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਜਾਂ ਆਈਐਮਈਸੀ ਦੀ ਵਿਸ਼ਵਵਿਆਪੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਜੋ ਬਿਡੇਨ ਨੇ ਇਸ ਨੂੰ ਅਮਰੀਕਾ ਲਈ ਇੱਕ ਵੱਡਾ ਸੌਦਾ ਅਤੇ ਖੇਡ ਬਦਲਣ ਵਾਲਾ ਨਿਵੇਸ਼ ਕਰਾਰ ਦਿੱਤਾ। ਉਸਨੇ ਕਿਹਾ ਅੰਗੋਲਾ ਤੋਂ ਹਿੰਦ ਮਹਾਂਸਾਗਰ ਤੱਕ ਫੈਲੀ ਨਵੀਂ ਰੇਲ ਲਾਈਨ ਵਿੱਚ ਨਿਵੇਸ਼ ਕਰਨ ਲਈ ਅਮਰੀਕਾ ਸਹਿਯੋਗ ਕਰੇਗਾ।ਉਨ੍ਹਾਂ ਨੇ ਇਸ ਨੂੰ ਵਿਸ਼ਵ ਪੱਧਰ 'ਤੇ ਰੋਜ਼ਗਾਰ ਸਿਰਜਣ ਅਤੇ ਖੁਰਾਕ ਸੁਰੱਖਿਆ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ।

ਕਈ ਦੇਸ਼ਾਂ ਦੇ ਸਹਿਯੋਗ ਨਾਲ ਚਲਾਇਆ ਜਾਣ ਵਾਲਾ ਇਹ ਪ੍ਰਸਤਾਵਿਤ ਪ੍ਰੋਜੈਕਟ ਭਾਰਤ ਨੂੰ ਅਰਬ ਦੀ ਖਾੜੀ ਨਾਲ ਜੋੜਦਾ ਹੈ ਅਤੇ ਅਰਬ ਦੀ ਖਾੜੀ ਨੂੰ ਯੂਰਪ ਨਾਲ ਜੋੜਦਾ ਹੈ। ਇਸ ਪ੍ਰੋਜੈਕਟ ਵਿੱਚ ਯੂਏਈ ਅਤੇ ਸਾਊਦੀ ਅਰਬ ਰਾਹੀਂ ਅਰਬ ਪ੍ਰਾਇਦੀਪ ਵਿੱਚ ਇੱਕ ਰੇਲਵੇ ਲਾਈਨ ਦਾ ਨਿਰਮਾਣ ਅਤੇ ਇਸ ਕਾਰੀਡੋਰ ਦੇ ਦੋਵਾਂ ਸਿਰਿਆਂ 'ਤੇ ਭਾਰਤ ਅਤੇ ਯੂਰਪ ਲਈ ਸ਼ਿਪਿੰਗ ਅਰਥਾਤ ਸਮੁੰਦਰੀ ਸੰਪਰਕ ਵਿਕਸਿਤ ਕਰਨਾ ਸ਼ਾਮਲ ਹੋਵੇਗਾ।

ਇਹ ਕੋਰੀਡੋਰ ਰੇਲਵੇ ਅਤੇ ਸ਼ਿਪਿੰਗ ਰੂਟਾਂ ਦਾ ਇੱਕ ਨੈਟਵਰਕ ਹੋਵੇਗਾ, ਜਿਸ ਵਿੱਚ ਡਿਜੀਟਲ ਅਤੇ ਪਾਵਰ ਕੇਬਲ ਨੈਟਵਰਕ ਅਤੇ ਸਾਫ਼ ਹਾਈਡ੍ਰੋਜਨ ਐਕਸਪੋਰਟ ਪਾਈਪਲਾਈਨਾਂ ਸ਼ਾਮਲ ਹਨ। ਪਾਈਪਲਾਈਨਾਂ ਰਾਹੀਂ ਊਰਜਾ ਅਤੇ ਆਪਟੀਕਲ ਫਾਈਬਰ ਲਿੰਕਾਂ ਰਾਹੀਂ ਅਤੇ ਡੇਟਾ ਰਾਹੀਂ ਦੀ ਆਵਾਜਾਈ ਲਈ ਕਾਰੀਡੋਰ ਨੂੰ ਹੋਰ ਵਿਕਸਤ ਕੀਤਾ ਜਾ ਸਕਦਾ ਹੈ। ਜਦੋਂ ਰਿਆਦ ਅਤੇ ਤੇਲ ਅਵੀਵ ਗੂੜੇ ਸਬੰਧ ਸਥਾਪਤ ਕਰਨਗੇ ਤਾਂ ਇਸ ਪ੍ਰੋਜੈਕਟ ਵਿੱਚ ਇਜ਼ਰਾਈਲ ਵਰਗੇ ਹੋਰ ਦੇਸ਼ ਵੀ ਸ਼ਾਮਲ ਹੋ ਸਕਦੇ ਹਨ।

ਇਹ ਪ੍ਰੋਜੈਕਟ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਇਕ ਦਹਾਕੇ ਪੁਰਾਣੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਾਂ ਬੀਆਰਆਈ ਦੇ ਤਹਿਤ ਇਸ ਖੇਤਰ ਵਿੱਚ ਚੀਨ ਦੇ ਸੰਪਰਕ ਪ੍ਰੋਜੈਕਟਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਭਾਰਤ ਚਿੰਤਤ ਹੈ। ਪਾਕਿਸਤਾਨ ਵੱਲੋਂ ਅਰਬ ਦੇਸ਼ਾਂ ਨਾਲ ਜ਼ਮੀਨੀ ਸੰਪਰਕ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਕਾਰਨ ਭਾਰਤ ਲਗਾਤਾਰ ਬਦਲ ਲੱਭ ਰਿਹਾ ਸੀ। ਭਾਰਤ ਨੇ ਆਖਰਕਾਰ ਅਰਬ ਅਤੇ ਯੂਰਪੀ ਦੇਸ਼ਾਂ ਨਾਲ ਜੁੜਨ ਦਾ ਫਾਰਮੂਲਾ ਲੱਭ ਲਿਆ ਹੈ।

ਭਾਰਤ ਲਈ ਇਸ ਦਾ ਫਾਇਦਾ ਇਹ ਹੈ ਕਿ ਉਹ ਹੁਣ ਪਾਕਿਸਤਾਨ 'ਤੇ ਨਿਰਭਰ ਨਹੀਂ ਹੈ ।

ਦਿੱਲੀ ਨੇ 1990 ਦੇ ਦਹਾਕੇ ਤੋਂ ਪਾਕਿਸਤਾਨ ਨਾਲ ਵੱਖ-ਵੱਖ ਅੰਤਰ-ਖੇਤਰੀ ਸੰਪਰਕ ਪ੍ਰੋਜੈਕਟਾਂ ਲਈ ਜ਼ੋਰ ਦਿੱਤਾ ਹੈ, ਪਰ ਇਸਲਾਮਾਬਾਦ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਭਾਰਤ ਨੂੰ ਜ਼ਮੀਨੀ ਪਹੁੰਚ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਆਰਥਿਕ ਗਲਿਆਰਾ ਅਰਬ ਪ੍ਰਾਇਦੀਪ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰੇਗਾ। ਮੋਦੀ ਸਰਕਾਰ, ਜਿਸ ਨੇ ਪਿਛਲੇ ਕੁਝ ਸਾਲਾਂ ਵਿੱਚ ਯੂਏਈ ਅਤੇ ਸਾਊਦੀ ਅਰਬ ਨਾਲ ਤੇਜ਼ੀ ਨਾਲ ਸਿਆਸੀ ਅਤੇ ਰਣਨੀਤਕ ਸਬੰਧਾਂ ਨੂੰ ਵਧਾਇਆ ਹੈ, ਹੁਣ ਭਾਰਤ ਅਤੇ ਅਰਬ ਵਿਚਕਾਰ ਸਥਾਈ ਸੰਪਰਕ ਬਣਾਉਣ ਦਾ ਮੌਕਾ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮੈਗਾ ਕਨੈਕਟੀਵਿਟੀ ਪ੍ਰੋਜੈਕਟ ਅੰਤਰ-ਖੇਤਰੀ ਸੰਪਰਕ ਨੂੰ ਉਤਸ਼ਾਹਿਤ ਕਰ ਕੇ ਅਰਬ ਪ੍ਰਾਇਦੀਪ ਵਿੱਚ ਸਿਆਸੀ ਤਣਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਕਿਹਾ ਗਿਆ ਹੈ ਕਿ ਸ਼ਾਂਤੀ ਲੰਬੇ ਸਮੇਂ ਤੋਂ ਮੱਧ ਪੂਰਬ ਲਈ ਮਿ੍ਗ ਤਿ੍ਸ਼ਨਾ ਦੀ ਤਰ੍ਹਾਂ ਰਹੀ ਹੈ।ਕੋਰੀਡੋਰ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਯੂਰਪ ਦੀ ਸਰਗਰਮ ਭੂਮਿਕਾ ਵੀ ਮਹੱਤਵਪੂਰਨ ਹੋ ਸਕਦੀ ਹੈ। ਯੂਰਪੀਅਨ ਸੰਘ ਨੇ 2021-27 ਦੌਰਾਨ ਦੁਨੀਆ ਭਰ ਵਿੱਚ ਬੁਨਿਆਦੀ ਢਾਂਚੇ ਦੇ ਖਰਚਿਆਂ ਲਈ 300 ਮਿਲੀਅਨ ਯੂਰੋ ਰੱਖੇ ਸਨ। ਨਵੇਂ ਕੋਰੀਡੋਰ ਦਾ ਸਮਰਥਨ ਯੂਰਪੀ ਸੰਘ ,ਭਾਰਤ ,ਅਰਬ ਸੰਸਾਰ ਨੂੰ ਵਪਾਰ ਲਈ ਜੋੜੇਗਾ।

ਯੂਐਸ ਅਤੇ ਯੂਰਪੀਅਨ ਸੰਘ ਅਰਥਾਤ ਈਯੂ ਨੇ ਅੰਗੋਲਾ, ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਅਤੇ ਜਾਂਬੀਆ ਨੂੰ ਜੋੜਨ ਵਾਲਾ ਇੱਕ ਟ੍ਰਾਂਸ-ਅਫਰੀਕਨ ਕੋਰੀਡੋਰ ਬਣਾਉਣ ਦੀ ਯੋਜਨਾ ਦੀ ਕਲਪਨਾ ਕੀਤੀ ਹੈ। ਭਾਰਤ ਅਫ਼ਰੀਕਾ ਵਿੱਚ ਅਮਰੀਕਾ ਅਤੇ ਯੂਰਪੀ ਸੰਘ ਨਾਲ ਮਿਲ ਕੇ ਕੰਮ ਕਰਨਾ ਚਾਹੇਗਾ।ਇਸ ਕੋਰੀਡੋਰ ਨੂੰ ਪੁਰਾਣੇ ਸਪਾਈਸ ਰੂਟ ਦਾ ਨਵਾਂ ਸੰਸਕਰਣ ਕਰਾਰ ਦਿੱਤਾ ਜਾ ਰਿਹਾ ਹੈ। ਉਸ ਸਮੇਂ ਮਸਾਲੇ ਦੇ ਵਪਾਰ ਵਿੱਚ ਏਸ਼ੀਆ, ਉੱਤਰ-ਪੂਰਬੀ ਅਫਰੀਕਾ ਅਤੇ ਯੂਰਪ ਦੀਆਂ ਇਤਿਹਾਸਕ ਸਭਿਅਤਾਵਾਂ ਸ਼ਾਮਲ ਸਨ। ਦਾਲਚੀਨੀ, ਤੇਜ਼ ਪੱਤੇ, ਇਲਾਇਚੀ, ਅਦਰਕ, ਕਾਲੀ ਮਿਰਚ, ਜਾਇਫਲ, ਲੌਂਗ ਅਤੇ ਹਲਦੀ ਵਰਗੇ ਮਸਾਲਿਆਂ ਦਾ ਵਪਾਰ ਹੁੰਦਾ ਸੀ। ਇਹ ਮਸਾਲੇ ਕਈ ਰੂਟਾਂ ਦੀ ਵਰਤੋਂ ਕਰਕੇ ਨਿਰਯਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਮੱਧ ਪੂਰਬ ਸੀ।

ਨਵੇਂ ਕੋਰੀਡੋਰ ਨੂੰ ਚੀਨ ਦੀ ਬੈਲਟ ਐਂਡ ਰੋਡ ਪਹਿਲ ਦੇ ਬਦਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਤਾਂ ਸਵਾਲ ਇਹ ਹੈ ਕਿ ਕੀ ਇਹ ਇੱਕ ਬਦਲ ਵਜੋਂ ਉਭਰੇਗਾ? ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਨਵਾਂ ਕੋਰੀਡੋਰ ਕਿਸ ਗਤੀ ਨਾਲ ਲਾਗੂ ਹੁੰਦਾ ਹੈ।