ਇੰਡੀਆ ਕੈਨੇਡਾ ਦੇ ਵਿਗੜੇ ਰਿਸ਼ਤਿਆਂ ਕਾਰਣ ਪੰਜਾਬੀਆਂ ਦੇ ਕਾਰੋਬਾਰ ਘਾਟੇ ਵਿਚ
ਭਾਰਤ ਸਰਕਾਰ ਨੇ ਕੈਨੇਡਾ ਦਾ ਨੁਕਸਾਨ ਕਰਨ ਦੀ ਬਜਾਇ ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਕੀਤਾ
ਭਾਰਤ ਅਤੇ ਕੈਨੇਡਾ ਨਾਲ ਕੂਟਨੀਤਕ ਤਣਾਅ ਕਾਰਨ ਪੰਜਾਬ ਅੰਦਰ ਲੋਕ ਤੇ ਵਿਦਿਆਰਥੀ ਕਾਫ਼ੀ ਚਿੰਤਤ ਹਨ। ਖਾਸ ਕਰਕੇ ਵਪਾਰੀ ਵਰਗ ਫਿਕਰਾਂ ਵਿੱਚ ਹੈ। ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।
ਸਵਾਲ ਇਹ ਹੈ ਕਿ ਜਿਹੜੇ ਉੱਜਵਲ ਭਵਿੱਖ ਦੀ ਭਾਲ ਵਿੱਚ ਕੈਨੇਡਾ ਆਏ ਹਨ ਪੰਜਾਬੀ ਜਿਹਨਾਂ ਨੇ ਹਾਲੇ ਤੱਕ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਹਾਸਲ ਨਹੀਂ ਕੀਤੀ ਉਹਨਾਂ ਦੀ ਕੀ ਬਣੇਗਾ?ਕੈਨੇਡਾ ਗਏ ਭਾਰਤੀਆਂ ਵਿਚੋਂ ਅੱਠ ਲੱਖ ਪੰਜਾਬੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਦੀ ਉਡੀਕ ਹੈ। ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ਵਿੱਚ 21,98,679 ਲੋਕ ਨਾਨ ਪਰਮਾਨੈਂਟ ਰੈਜ਼ੀਡੈਂਸੀ ਅਧੀਨ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 37 ਫੀਸਦੀ ਪੰਜਾਬੀ ਹਨ ਇਹਨਾ ਦੀ ਗਿਣਤੀ ਅੱਠ ਲੱਖ ਬਣਦੀ ਹੈ। ਹਾਲਾਤ ਇਹ ਹਨ ਕਿ ਵਧਦੇ ਤਣਾਅ ਕਾਰਨ ਅੱਠ ਲੱਖ ਪੰਜਾਬ ਬਹੁਤ ਚਿੰਤਤ ਹਨ। ਇਨ੍ਹਾਂ ਵਿੱਚ ਤਿੰਨ ਲੱਖ 20 ਹਜ਼ਾਰ ਵਿਦਿਆਰਥੀ ਸ਼ਾਮਲ ਹਨ। ਭਾਵੇਂ ਕੈਨੇਡੀਅਨ ਸਰਕਾਰ ਨੇ ਅਜਿਹਾ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਜਿਸ ਨਾਲ ਅੱਠ ਲੱਖ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇ ਪਰ ਮੌਜੂਦਾ ਤਣਾਅ ਨੇ ਉਨ੍ਹਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਕੈਨੇਡਾ ਵਿੱਚ, 2021 ਦੇ ਮੁਕਾਬਲੇ ਐਨਪੀਆਰ ਵਿੱਚ ਸਾਲ-ਦਰ-ਸਾਲ 46 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀ ਖੁਦ ਇਸ ਤੋਂ ਕਾਫੀ ਹੈਰਾਨ ਹਨ, ਕਿਉਂਕਿ ਕੈਨੇਡਾ ਵਿੱਚ ਐਨ.ਪੀ.ਆਰਜ਼ ਦੀ ਗਿਣਤੀ 10 ਲੱਖ ਤੋਂ ਵੱਧ ਨਹੀਂ ਹੋਈ ਸੀ।
2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵਿੱਚ 9,25,000 ਤੋਂ ਘੱਟ ਐਨ.ਪੀ.ਆਰਜ਼ ਸਨ ਜਦੋਂ ਕਿ ਇਹ ਗਿਣਤੀ ਹੁਣ 2.1 ਮਿਲੀਅਨ ਨੂੰ ਪਾਰ ਕਰ ਗਈ ਹੈ, ਜਿਸ ਵਿੱਚ ਬਹੁਤ ਜ਼ਿਆਦਾ ਪੰਜਾਬੀ ਮੂਲ ਦੇ ਨੌਜਵਾਨ ਸ਼ਾਮਲ ਹਨ। ਪੰਜਾਬੀ ਮੂਲ ਦੇ ਲੋਕ ਅਲਬਰਟਾ ਵੱਲ ਵੱਧ ਗਏ ਹਨ।
18 ਸਤੰਬਰ ਨੂੰ ਕੈਨੇਡੀਅਨ ਪੀਐਮ ਟਰੂਡੋ ਨੇ ਭਾਰਤ ਸਰਕਾਰ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਕੈਨੇਡਾ ਨੇ ਇੱਕ ਭਾਰਤੀ ਡਿਪਲੋਮੈਟ ਨੂੰ ਵੀ ਕੱਢ ਦਿੱਤਾ ਸੀ। ਕੈਨੇਡਾ ਦੀ ਇਸ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਵੀ ਆਪਣੇ ਕੈਨੇਡਾ ਦੇ ਇੱਕ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਿਹਾ ਸੀ। ਇਸ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ।ਇਸ ਤੋਂ ਬਾਅਦ ਬੀਤੇ ਦਿਨ ਭਾਰਤ ਨੇ ਕਾਰਵਾਈ ਕਰਦੇ ਹੋਏ 41 ਕੈਨੇਡੀਅਨ ਡਿਪਲੋਮੈਟਸ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਸਨ । ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 41 ਦੇ ਕਰੀਬ ਡਿਪਲੋਮੈਟਾਂ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ। ਇਸ ਤਣਾਅ ਕਾਰਣ ਪੰਜਾਬ ਦੇ ਵਪਾਰੀ ਚਿੰਤਤ ਹਨ, ਕਿਉਂਕਿ ਐਨਆਰਆਈ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਵਿਦੇਸ਼ਾਂ ਤੋਂ ਲੋਕ ਨਵੰਬਰ ਵਿੱਚ ਪੰਜਾਬ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਨਵਰੀ ਤੱਕ ਰੁਕ ਕੇ ਵਾਪਸ ਚਲੇ ਜਾਂਦੇ ਹਨ। ਇਸ ਲਈ ਪੰਜਾਬ ਵਿੱਚ ਹੋਟਲ ਇੰਡਸਟਰੀ, ਰੈਸਟੋਰੈਂਟ ਅਤੇ ਟੈਕਸਟਾਈਲ, ਟੈਕਸੀ ਡਰਾਈਵਰ ਸਮੇਤ ਕਈ ਕਾਰੋਬਾਰਾਂ ਵਿੱਚ ਜ਼ਬਰਦਸਤ ਉਛਾਲ ਹੈ। ਪਰ ਇਸ ਵਾਰ ਕਾਰੋਬਾਰੀ ਸੀਜ਼ਨ ਦੇ ਠੰਡੇ ਪੈਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹਨ।ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਕਾਰਨ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ।
ਮੋਦੀ ਸਰਕਾਰ ਨੇ ਕੈਨੇਡਾ ਦਾ ਨੁਕਸਾਨ ਕਰਨ ਦੀ ਬਜਾਇ ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਕੀਤਾ ਹੈ। ਭਾਰਤ ਵਲੋਂ ਪਾਬੰਦੀਆਂ ਕਾਰਣ ਕੈਨੇਡੀਅਨ ਪਾਸਪੋਰਟ ਧਾਰਕ ਪੰਜਾਬੀ ਪੰਜਾਬ ਨਹੀਂ ਆ ਸਕਦੇ। ਹਾਂ, ਜੇਕਰ ਉਨ੍ਹਾਂ ਕੋਲ ਵੈਧ ਪੁਰਾਣਾ ਭਾਰਤੀ ਵੀਜ਼ਾ ਹੈ ਤਾਂ ਭਾਰਤ ਆਉਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਪਰ ਜਿਨ੍ਹਾਂ ਕੋਲ ਭਾਰਤੀ ਵੀਜ਼ਾ ਨਹੀਂ ਹੈ, ਉਹ ਨਹੀਂ ਆ ਸਕਦੇ ਹਨ।
ਜੇਕਰ ਇਸ ਵਿਵਾਦ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਹੋਟਲ ਇੰਡਸਟਰੀ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਹ ਵਿਵਾਦ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਪੰਜਾਬ ਦੇ ਕਾਰੋਬਾਰ ਅਤੇ ਉਦਯੋਗ ਮੰਦੀ ਆਰਥਿਕ ਹਾਲਤ ਵਲ ਜਾ ਰਹੇ ਹਨ।ਕੱਪੜਾ ਕਾਰੋਬਾਰ ਨਾਲ ਜੁੜੇ ਲੋਕਾਂ ਅਨੁਸਾਰ ਉਨ੍ਹਾਂ ਦਾ ਕਾਰੋਬਾਰ ਪਰਵਾਸੀ ਭਾਰਤੀਆਂ ਦੇ ਰਹਿਮੋ-ਕਰਮ 'ਤੇ ਹੈ। ਦੋਆਬੇ ਵਿੱਚ ਡਿਜ਼ਾਈਨਰ ਸੂਟ ਸਪਲਾਈ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਖਰੀਦਦਾਰ ਪ੍ਰਵਾਸੀ ਪੰਜਾਬੀ ਹਨ। ਇਸ ਵਾਰ ਦੁਕਾਨਦਾਰਾਂ ਨੇ ਬਹੁਤ ਘੱਟ ਆਰਡਰ ਦਿੱਤੇ ਹਨ। ਘੱਟੋ-ਘੱਟ 60 ਫੀਸਦੀ ਕਾਰੋਬਾਰ ਡਿੱਗ ਗਿਆ ਹੈ। ਪਰ ਇਸ ਬਾਰੇ ਸਿਆਸਤਦਾਨ ਮੋਦੀ ਦੀ ਰਾਸ਼ਟਟਰਵਾਦੀ ਸਿਆਸਤ ਅਗੇ ਚੁਪ ਪੰਜਾਬ ਦਾ ਨੁਕਸਾਨ ਕਰ ਰਹੇ ਹਨ।
Comments (0)