ਸ਼ਰੇਆਮ ਪਿੰਡ ਵਿਚਾਲੇ ਵਿਕ ਰਹੇ ਨਸ਼ੇ ਦੀ ਵੀਡੀਓ ਵੇਖੋ

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੈਲਾਸ਼ ਵਿੱਚ ਇੱਕ ਵਿਅਤਕੀ ਦੇ ਸ਼ਰੇਆਮ ਨਸ਼ਾ ਵੇਚਣ ਦੀ ਵੀਡੀਓ ਸਾਹਮਣੇ ਆਈ ਹੈ। ਸੁੱਖਾ ਸਿੰਘ ਨਾਮੀਂ ਇਹ ਵਿਅਕਤੀ ਨਾਲ ਦੇ ਪਿੰਡ ਦਾ ਵਸਨੀਕ ਹੈ ਤੇ ਆਪਣੇ ਸਕੂਟਰ 'ਤੇ ਆ ਕੇ ਪਿੰਡ ਵਿਚ ਸ਼ਰੇਆਮ ਨਸ਼ੇ ਦੀਆਂ ਗੋਲੀਆਂ ਵੇਚ ਰਿਹਾ ਹੈ। ਇਸ ਸਾਰੀ ਘਟਨਾ ਨੂੰ ਤੁਸੀਂ ਨਾਲ ਨੱਥੀ ਵੀਡੀਓ ਵਿੱਚ ਦੇਖ ਸਕਦੇ ਹੋ।

ਪਿੰਡ ਦੇ ਨੌਜਵਾਨ ਕਲੱਬ ਦੇ ਮੁੰਡਿਆਂ ਨੇ ਇਸ ਵਿਅਕਤੀ ਦੀ ਨਸ਼ਾ ਵੇਚਦਿਆਂ ਵੀਡੀਓ ਬਣਾ ਲਈ ਤੇ ਇਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। 

ਪੁਲਿਸ ਥਾਣੇ ਘੱਲ ਖੁਰਦ ਵਿੱਚ ਇਸ ਸਬੰਧੀ ਐਫਆਈਆਰ ਨੰ. 62 ਦਰਜ ਕਰਕੇ ਸੁਖਦੇਵ ਸਿੰਘ ਉਰਫ ਸੁੱਖਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵਾੜ੍ਹਾ ਭਾਈ ਕਾ ਖਿਲਾਫ ਐਨਡੀਪੀਐੱਸ ਕਾਨੂੰਨ ਦੀਆਂ ਧਾਰਾਵਾਂ 21/22/61/85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਟਰੈਮਾਡੋਲ ਦੀਆਂ 1000 ਗੋਲੀਆਂ ਅਤੇ 10 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ।

ਪਿੰਡ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਇਹ ਵਿਅਕਤੀ ਪਿੰਡ ਦੇ ਗਰੀਬ ਕਿਰਤੀ ਲੋਕਾਂ ਨੂੰ ਆਪਣੇ ਨਸ਼ੇ ਦੇ ਜਾਲ ਵਿੱਚ ਫਸਾਉਂਦਾ ਸੀ ਤੇ ਉਹਨਾਂ ਨੂੰ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ। ਉਹਨਾਂ ਕਿਹਾ ਕਿ ਇਹ ਗਰੀਬ ਲੋਕ ਨਸ਼ਾ ਛੱਡਣ ਲਈ ਆਪਣੀਆਂ ਦਿਹਾੜੀਆਂ ਛੱਡ ਕੇ ਦੂਰ ਨਸ਼ਾ ਛਡਾਊ ਕੇਂਦਰ ਵਿੱਚ ਨਹੀਂ ਜਾ ਸਕਦੇ ਇਸ ਲਈ ਸਰਕਾਰ ਨੂੰ ਪਿੰਡਾਂ ਵਿੱਚ ਨਸ਼ਾ ਛਡਾਉਣ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ