ਟਰੰਪ ਨੇ ਆਪਣੇ ਰਿਪਬਲਕੀਨ ਵਿਰੋਧੀਆਂ ਦੀ ਕੀਤੀ ਤਿੱਖੀ ਅਲੋਚਨਾ

ਟਰੰਪ ਨੇ ਆਪਣੇ ਰਿਪਬਲਕੀਨ ਵਿਰੋਧੀਆਂ ਦੀ ਕੀਤੀ  ਤਿੱਖੀ ਅਲੋਚਨਾ

 ਪਾਰਟੀ ਲੀਡਰ ਹੋਣ ਦਾ ਕੀਤਾ ਦਾਅਵਾ...

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ), ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਕਰਦਿਆਂ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਾਲ ਨਾਲ ਰਿਪਬਲੀਕਨ ਪਾਰਟੀ ਵਿਚਲੇ ਆਪਣੇ ਵਿਰੋਧੀਆਂ ਦੀ ਕਰੜੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਉਹ ਹੁਣ ਵੀ ਪਾਰਟੀ ਲੀਡਰ ਹਨ। ਓਰਲੈਂਡੋ ਵਿਚ ਕੰਜਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਪਣੇ ਨਿਰਧਾਰਤ ਸਮੇ ਤੋਂ ਇਕ ਘੰਟਾ ਦੇਰੀ ਨਾਲ ਮੰਚ 'ਤੇ ਪੁੱਜੇ ਟਰੰਪ ਨੇ ਸਵਾਲ ਕੀਤਾ ਕੀ ਤੁਸੀਂ ਮੈਨੂੰ ਯਾਦ ਕਰਦੇ ਹੋ? ਟਰੰਪ ਵੱਲੋਂ ਹੋਰ ਰਿਪਬਲੀਕਨਾਂ ਦੀ ਅਲੋਚਨਾ ਕਰਨ ਤੋਂ ਬਾਅਦ ਪਾਰਟੀ ਦੇ ਵੰਡੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ ਜੋ 2022 ਵਿਚ ਕਾਂਗਰਸ ਉਪਰ ਕੰਟਰੋਲ ਕਰਨ ਤੇ 2024 ਦੀਆਂ ਆਮ ਚੋਣਾਂ ਜਿੱਤਣ ਲਈ ਯਤਨਸ਼ੀਲ ਹੈ। ਟਰੰਪ ਦੇ ਭਾਸ਼ਣ ਤੋਂ ਪਹਿਲਾਂ ਕੁਝ ਰਿਪਬਲੀਕਨਾਂ ਨੇ ਕਿਹਾ ਕਿ ਪਾਰਟੀ 2022 ਤੇ 2024 ਵਿਚ ਚੋਣਾਂ ਤਾਂ ਹੀ ਜਿੱਤ ਸਕਦੀ ਹੈ ਜੇਕਰ ਉਹ ਵੋਟਰਾਂ ਨਾਲ ਮੁੱਦਿਆਂ ਦੀ ਗੱਲ ਕਰੇਗੀ ਨਾ ਕਿ ਟਰੰਪ ਨੂੰ ਮੁੱਦਾ ਬਣਾਵੇਗੀ। ਸੈਨੇਟ ਮੈਂਬਰ ਬਿੱਲ ਕਾਸੀਡੀ ਨੇ ਕਿਹਾ ਕਿ ਪਾਰਟੀ ਨੂੰ ਇਕ ਵਿਅਕਤੀ ਉਪਰ ਆਪਣੇ ਆਪ ਨੂੰ ਕੇਂਦਰ ਨਹੀਂ ਕਰਨਾ ਚਾਹੀਦਾ । ਉਨਾਂ ਨੇ ਕਿਹਾ ਜੇ ਅਸੀਂ ਨੀਤੀਆਂ ਤੇ ਪਰਿਵਾਰਾਂ ਦੀ ਗੱਲ ਕਰਾਂਗੇ ਤਾਂ ਅਸੀਂ ਜਿੱਤ ਜਾਵਾਂਗੇ ,ਕਿਉਂਕਿ ਸਾਡੇ 7 ਰਿਪਬਲੀਕਨ ਸੈਨੇਟ ਮੈਂਬਰਾਂ ਵਿਚ ਸ਼ਾਮਿਲ ਹੈ ਜਿਨਾਂ ਨੇ ਮਹਾਂਦੋਸ਼ ਕਾਰਵਾਈ ਦੌਰਾਨ ਟਰੰਪ ਵਿਰੁੱਧ ਵੋਟ ਪਾਈ ਸੀ। ਉਨਾਂ ਕਿਹਾ ਕਿ ਜੇਕਰ ਅਸੀਂ ਇਕ ਵਿਅਕਤੀ ਦੀ ਵਿਚਾਰਧਾਰਾ ਉਪਰ ਨਿਰਭਰ ਕਰਾਂਗੇ ਤਾਂ ਹਾਰ ਜਾਵਾਂਗੇ। ਕੰਜਰਵੇਟਿਵ ਕਾਰਕੁੰਨਾਂ ਨੂੰ ਸਬੋਧਨ ਕਰਦਿਆਂ ਹਾਲਾਂ ਕਿ ਟਰੰਪ ਨੇ 2024 ਦੀਆਂ ਚੋਣਾਂ ਲਈ ਆਪਣੇ ਆਪ ਨੂੰ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਨਹੀਂ ਐਲਾਨਿਆ ਪਰ ਉਨਾਂ ਨੇ ਨਵੰਬਰ 2020 ਦੀਆਂ ਚੋਣਾਂ ਵਿਚ ਧੋਖਾਧੜੀ ਹੋਣ ਦਾ ਦਾਅਵਾ ਕਰਕੇ ਸੰਭਾਵੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨ ਦੇ ਕਾਫੀ ਸੰਕੇਤ ਦਿੱਤੇ।