ਸਾਲ 2022 'ਚ ਸਿਆਸੀ ਮੰਚ ਦਾ ਦਬਦਬਾ

ਸਾਲ 2022 'ਚ  ਸਿਆਸੀ  ਮੰਚ  ਦਾ ਦਬਦਬਾ

ਸੰਨ 2022 ਆਪਣੀ ਹਸਤੀ ਲਈ ਜੂਝਦਾ ਰਿਹਾ ਪੰਜਾਬ ਤੇ ਖਾਲਸਾ ਪੰਥ

*ਪੰਜਾਬ ਸਰਕਾਰ ਨੇ ਅਕਤੂਬਰ ਤੋਂ ਦਸੰਬਰ ਤਕ ਦੇ ਤਿੰਨ ਮਹੀਨਿਆਂ ਵਿਚ 14 ਹਜ਼ਾਰ ਸੱਤ ਸੌ ਕਰੋੜ ਦਾ ਹੋਰ ਨਵਾਂ ਕਰਜ਼ਾ ਚੁੱਕਿਆ 

*ਪਰਵਿੰਦਰ ਕੌਰ ਨਾਂ ਦੀ ਵਿਗਿਆਨਕ ਨੂੰ ਆਸਟਰੇਲੀਆਈ ਸਰਕਾਰ ਦੇ ਮਾਹਿਰ ਪੈਨਲ ਵਿੱਚ ਸ਼ਾਮਲ

                                                 ਵਿਸ਼ਲੇਸ਼ਣ-ਅੰਮ੍ਰਿਤਸਰ ਟਾਈਮਜ ਬਿਉਰੋ                                       

ਸਿਆਸੀ ਤੌਰ ਉੱਤੇ ਦੇਖਿਆ ਜਾਵੇ ਤਾਂ ਸਾਲ ਦੀ ਸ਼ੁਰੂਆਤ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਨੇ ਸਰਦੀ ਦੇ ਮਹੀਨੇ ਵਿੱਚ ਸਿਆਸਤ ਨੂੰ ਗਰਮ ਕਰ ਕੇ ਰੱਖਿਆ ਸੀ।ਸਾਲ ਦੀ ਸ਼ੁਰੂਆਤ ਵਿੱਚ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਵਿਖੇ ਰੈਲੀ ਤੋਂ ਪਹਿਲਾਂ ਸੁਰੱਖਿਆ ਵਿੱਚ ਹੋਈ ਅਣਗਹਿਲੀ ਦੀ ਘਟਨਾ ਨੇ ਨਾ ਸਿਰਫ਼ ਕਈ ਸਵਾਲ ਖੜ੍ਹੇ ਕੀਤੇ ਬਲਕਿ ਸਿਆਸਤ ਵੀ ਖ਼ੂਬ ਗਰਮਾ ਦਿੱਤੀ।5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਫ਼ਿਰੋਜ਼ਪੁਰ ਵਿਖੇ ਰੈਲੀ ਕਰਨੀ ਸੀ ਅਤੇ ਹੁਸੈਨੀਵਾਲਾ ਵਿਖੇ ਨਤਮਸਤਕ ਹੋਣਾ ਸੀ।ਭਾਜਪਾ ਦਾ ਦਾਅਵਾ ਸੀ ਕਿ ਪੰਜਾਬ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਵੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਰਨੀ ਸੀ।ਪਰ ਪ੍ਰਧਾਨ ਮੰਤਰੀ ਪੰਜਾਬ ਵਿੱਚ ਲੈਂਡ ਹੋਣ ਦੇ ਬਾਵਜੂਦ ਸੁਰੱਖਿਆ ਕਾਰਨਾਂ ਕਰਕੇ ਫ਼ਿਰੋਜ਼ਪੁਰ ਪਹੁੰਚ ਨਹੀਂ ਸਕੇ,ਕਿਉਂਕਿ ਜਿਸ ਰਸਤੇ ਤੋਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਲੰਘ ਕੇ ਫ਼ਿਰੋਜ਼ਪੁਰ ਜਾਣਾ ਸੀ, ਉਸ ਉੱਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।ਇਸ ਕਰਕੇ ਉਹ ਰੈਲੀ ਨੂੰ ਬਿਨਾਂ ਸੰਬੋਧਨ ਕੀਤੇ ਵਾਪਸ ਦਿੱਲੀ ਪਰਤ ਗਏ।ਪਰ ਪੰਜਾਬ ਵਿਚ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਹੁਣ ਤਕ ਲਾਗੂ ਨਹੀਂ ਹੋ ਸਕੀਆਂ ਪਰ ਪੰਜਾਬ ਨਾਲ ਕੇਂਦਰ ਦੇ ਵਿਤਕਰੇ ਜਾਰੀ ਹਨ।ਅਜੇ ਤੱਕ ਉਨ੍ਹਾਂ ਨੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਕੋਈ ਵਿਸ਼ੇਸ਼ ਪ੍ਰਾਜੈਕਟ ਨਹੀਂ ਦਿੱਤਾ।  ਜਦੋਂ ਹਵਾਈ ਅੱਡਾ ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਵਧਾਉਣ ਦੀ ਗੱਲ ਹੁੰਦੀ ਹੈ ਤਾਂ ਸਰਕਾਰਾਂ ਦੀ ਪਹਿਲੀ ਤਰਜੀਹ ਚੰਡੀਗੜ-ਮੁਹਾਲੀ ਦਾ ਹਵਾਈ ਅੱਡਾ ਹੋ ਜਾਂਦਾ ਹੈ। ਜਦੋਂ ਕਿ ਅੰਮ੍ਰਿਤਸਰ ਦਾ ਧਾਰਮਿਕ ਤੌਰ 'ਤੇ ਅਤੇ ਅੰਤਰ-ਰਾਸ਼ਟਰੀ ਧਾਰਮਿਕ ਯਾਤਰਾ ਦੇ ਪੱਖ ਤੋਂ ਵਿਸ਼ੇਸ਼ ਮਹੱਤਵ ਹੈ। ਹਰ ਰੋਜ਼ ਲੱਖਾਂ ਦੇਸ਼ੀ-ਵਿਦੇਸ਼ੀ ਸੈਲਾਨੀ ਇਥੇ ਆਉਂਦੇ ਹਨ।                                               ਸੰਨ 2022 ਪੰਜਾਬੀ ਤੇ ਖਾਲਸਾ ਪੰਥ ਦੇ ਲਈ ਚਣੌਤੀਆਂ ਤੇ ਪ੍ਰਾਪਤੀਆਂ ਨਾਲ ਭਰਪੂਰ ਰਿਹਾ ਹੈ।ਬਹੁਪੱਖੀ ਸੰਕਟ ਵਿਚ ਘਿਰਿਆ ਪੰਜਾਬ ਲਈ ਸੰਨ 2022 ਕੋਈ ਤਬਦੀਲੀ ਨਹੀਂ ਲਿਆ ਸਕਿਆ ।ਭਾਵੇਂ ਇਸ ਸਾਲ 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 92 ਵਿਧਾਨ ਸਭਾ ਦੀਆਂ ਸੀਟਾਂ ਜਿਤਾ ਕੇ ਰਾਜ ਵਿਚ ਪੰਜਾਬੀਆਂ ਨੇ ਸੱਤਾ ਦੀ ਤਬਦੀਲੀ ਲਈ ਇਕ ਵੱਡਾ ਫ਼ਤਵਾ ਦਿੱਤਾ ਸੀ ਅਤੇ ਹੁਣ ਲਗਭਗ 10 ਮਹੀਨੇ ਇਸ ਸਰਕਾਰ ਦੀ ਕਾਰਗੁਜ਼ਾਰੀ ਪੰਜਾਬੀਆਂ ਦੀਆਂ ਭਾਵਨਾਵਾਂ ਉਪਰ ਖਰੀ ਨਹੀਂ ਉਤਰ ਸਕੀ।ਕੇਂਦਰ ਦੀ ਮੋਦੀ ਸਰਕਾਰ ਵੀ ਪੰਜਾਬ ਦੀ ਕੋਈ ਸਹਾਇਤਾ ਕਰਨ ਦੀ ਥਾਂ ਵੱਖ-ਵੱਖ ਨੀਤੀਆਂ ਰਾਹੀਂ ਇਸ ਦੀਆਂ ਮੁਸ਼ਕਿਲਾਂ ਵਾਧਾ ਹੀ ਕਰਦੀ ਰਹੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਈ ਮੁੱਦਿਆਂ ਨੂੰ ਲੈ ਕੇ ਸਿੰਗ ਫਸੇ ਰਹੇ।ਪੰਜਾਬ ਵਿਧਾਨ ਸਭਾ ਦੇ ਸੈਸ਼ਨ, ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਅਤੇ ਚੰਡੀਗੜ੍ਹ ਦੇ ਐਸਐਸਪੀ ਨੂੰ ਹਟਾਏ ਜਾਣ ਦੇ ਮੁੱਦਿਆਂ ਨੂੰ ਲੈ ਕੇ ਟਕਰਾਅ ਦੇਖਣ ਨੂੰ ਮਿਲਿਆ।

 ਸਿਆਸੀ ਮਾਹਿਰ ਆਉਣ ਵਾਲੇ ਸਮੇਂ ਵਿਚ ਰਾਜ ਸਰਕਾਰ ਦੀ ਕਾਰਗੁਜ਼ਾਰੀ ਵਿਚ ਬਹੁਤੀ ਤਬਦੀਲੀ ਦੀ ਆਸ ਨਹੀਂ ਕਰ ਰਹੇ।ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਸੀ ਕਿ ਜੇਕਰ ਪੰਜਾਬ ਦੇ ਲੋਕ, ਰਾਜ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਾਉਂਦੇ ਹਨ ਤਾਂ ਉਹ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣਗੇ। ਪਰ  ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਰਾਜ ਸਰਕਾਰਾਂ ਦੀ ਤਰ੍ਹਾਂ ਕਰਜ਼ਾ ਚੁੱਕ ਕੇ ਆਪਣਾ ਕੰਮ-ਕਾਜ ਚਲਾ ਰਹੀ ਹੈ। ਇਕ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਅਕਤੂਬਰ ਤੋਂ ਦਸੰਬਰ ਤਕ ਦੇ ਤਿੰਨ ਮਹੀਨਿਆਂ ਵਿਚ 14 ਹਜ਼ਾਰ ਸੱਤ ਸੌ ਕਰੋੜ ਦਾ ਹੋਰ ਨਵਾਂ ਕਰਜ਼ਾ ਚੁੱਕਿਆ ਹੈ। ਸਮੁੱਚੇ ਤੌਰ 'ਤੇ ਹੁਣ ਤੱਕ ਰਾਜ ਸਰਕਾਰ ਸਿਰ 30 ਹਜ਼ਾਰ ਕਰੋੜ ਦੇ ਲਗਭਗ ਨਵਾਂ ਕਰਜ਼ਾ ਚੜ੍ਹਨ ਦੀਆਂ ਸੰਭਾਵਨਾਵਾਂ ਹਨ ਜਦੋਂ ਕਿ ਤਿੰਨ ਲੱਖ ਕਰੋੜ ਤੋਂ ਵੱਧ ਪਿਛਲੀਆਂ ਸਰਕਾਰਾਂ ਦੇ ਸਮੇਂ ਹੀ ਕਰਜ਼ਾ ਹੋ ਚੁੱਕਿਆ ਹੈ। ਰਾਜ ਸਰਕਾਰ ਨੂੰ ਆਪਣੇ ਜ਼ਰੂਰੀ ਕੰਮ-ਕਾਜ ਨਿਪਟਾਉਣ ਲਈ ਵੀ ਲੋੜੀਂਦੇ ਵਿੱਤੀ ਸਾਧਨਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਅਗਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਖ਼ਪਤਕਾਰਾਂ ਦੇ ਇਕ ਵੱਡੇ ਹਿੱਸੇ ਨੂੰ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦੀ ਲਾਗੂ ਕੀਤੀ ਗਈ ਯੋਜਨਾ ਨਾਲ ਪਾਵਰਕਾਮ ਦੇ ਵਿੱਤੀ ਬਿੱਲ ਵਿਚ ਵੱਡਾ ਵਾਧਾ ਹੋ ਗਿਆ ਹੈ। ਉਹ ਕਰਜ਼ੇ ਦੇ ਜਾਲ ਵਿਚ ਫ਼ਸਦੀ ਨਜ਼ਰ ਆ ਰਹੀ ਹੈ। 

ਡਰੱਗ ,ਅਪਰਾਧਾਂ ਤੇ ਗੈਂਗਸਟਰਾਂ ਕਾਰਣ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ  ਬੇਹੱਦ ਚਿੰਤਾਜਨਕ  ਬਣੀ ਹੋਈ ਹੈ। 29 ਮਈ ਨੂੰ ਰਾਜ ਦੇ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਜਿਸ ਤਰ੍ਹਾਂ ਕਤਲ ਕਰ ਦਿਤਾ  ਸੀ, ਉਸ ਨੇ ਇਕ ਤਰ੍ਹਾਂ ਨਾਲ ਵਿਸ਼ਵ ਪੱਧਰ ਉਪਰ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।ਪਰ ਹੁਣ ਤਕ ਉਹ ਇਸ ਕਤਲ ਦੀ ਗੁਥੀ ਨਹੀਂ ਸੁਲਝਾ ਸਕੀ।  ਸਾਲ ਦੇ ਅਖ਼ੀਰ ਤੱਕ ਵੀ ਗੈਂਗਸਟਰਾਂ ਵਲੋਂ ਫਿਰੌਤੀਆਂ ਕਰਨ ਲਈ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। 7 ਸਤੰਬਰ ਨੂੰ ਨਕੋਦਰ ਦੇ ਕਾਰੋਬਾਰੀ ਟਿੰਮੀ ਚਾਵਲਾ ਦਾ ਵੀ ਗੈਂਗਸਟਰਾਂ ਵਲੋਂ ਫਿਰੌਤੀ ਨਾ ਦੇਣ ਕਾਰਨ ਕਤਲ ਕਰ ਦਿੱਤਾ ਗਿਆ ਸੀ।

ਦਸੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਤੋਂ ਤਰਨਤਾਰਨ ਦੇ ਸਰਹਾਲੀ ਸਥਿਤ ਇੱਕ ਸੁਵਿਧਾ ਸੈਂਟਰ ਉੱਤੇ ਆਰਪੀਜੀ ਹਮਲਾ ਹੋਇਆ ਸੀ।ਸਿਆਸੀ ਪਾਰਟੀਆਂ ਨੇ ਇਹਨਾਂ ਘਟਨਾਵਾਂ ਦੇ ਹਵਾਲੇ ਨਾਲ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ ਹਨ।ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵਧੀਆਂ ਸਰਗਰਮੀਆਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਹਨ।ਇਸ ਤਰ੍ਹਾਂ ਪੰਜਾਬ ਵਿੱਚ ਦਿਨ-ਬ-ਦਿਨ ਵਿਗੜਦੀ ਕਾਨੂੰਨ ਵਿਵਸਥਾ, ਸਰਕਾਰ ਦੀਆਂ ਲੋਕ ਲੁਭਾਊ ਨੀਤੀਆਂ ਤੇ ਹੋਰ ਲਾਰੇ ਲੱਪੇ, ਕਿਸਾਨੀ ਸੰਕਟ, ਲੋਕਾਂ ਦੀਆਂ ਵਧੀਆਂ ਹੋਈਆਂ ਆਸਾਂ, ਵਿੱਤੀ ਸੰਕਟ ਆਦਿ ਆਪ ਸਰਕਾਰ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦੇ ਹਨ। 

                                                ਆਪ ਸਰਕਾਰ ਲਈ ਸਿਰਦਰਦੀ ਬਣੇ ਮੋਰਚੇ                                                                                                 

ਜੀਰਾ ਤੇ ਲਤੀਫਪੁਰਾ ਮੋਰਚਾ ਪੰਜਾਬ ਸਰਕਾਰ ਲਈ ਸਿਰ ਦਰਦੀ ਬਣਿਆ ਹੋਇਆ ਹੈ।ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ’ਚ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ਬਾਹਰ ਲੱਗਾ ਧਰਨਾ ਏਕਤਾ ਅਤੇ ਸਾਂਝੀਵਾਲਤਾ ਦੀ ਮਿਸਾਲ ਬਣਦਾ ਜਾ ਰਿਹਾ ਹੈ ਜੋ ਕਿ ਆਪ ਸਰਕਾਰ ਲਈ ਧਰਮ ਸੰਕਟ ਬਣਿਆ ਹੋਇਆ ਹੈ। ਕੜਾਕੇ ਦੀ ਠੰਢ ਵਿਚ ਪ੍ਰਦਰਸ਼ਨਕਾਰੀਆਂ ਲਈ ਦਿਨ ਰਾਤ ਲੰਗਰ ਚੱਲ ਰਹੇ ਹਨ। 

ਲੰਗਰ ਵਿਚ ਖਾਲਸਾ ਏਡ ਸੰਸਥਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਪੰਜਾਬ ਸਰਕਾਰ ਨੇ ਪਾਣੀ ਦੇ ਪ੍ਰਦੂਸ਼ਣ ਦੀ ਦੁਬਾਰਾ ਜਾਂਚ ਲਈ ਬਣਾਈ ਗਈ ਕਮੇਟੀ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਤੇ ਜੰਗਲਾਤ ਵਿਭਾਗ ਦੇ ਮੁਖੀ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੂੰ ਵੀ ਸ਼ਾਮਲ ਕੀਤਾ ਹੈ। ਹਾਈਕੋਰਟ ਨੇ ਸਰਕਾਰ ਦੁਆਰਾ ਗਠਿਤ ਕਮੇਟੀ ਨੂੰ ਦੋ ਹਫ਼ਤੇ ਵਿਚ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ । 27 ਦਸੰਬਰ ਨੂੰ ਸੰਯੁਕਤ ਮੋਰਚੇ ਵੱਲੋਂ ਪੰਜਾਬ ਪੱਧਰ ਤੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਇਸ ਪ੍ਰਦਰਸ਼ਨ ਵਿਚ ਪੰਜਾਬ ਭਰ ਦੀਆਂ ਕਈ ਜਥੇਬੰਦੀਆਂ ਨੇ ਸ਼ਾਮਲ ਹੋਣਾ ਸੀ ਪਰ ਸ਼ਰਾਬ ਫੈਕਟਰੀ ਦੇ ਮੁੱਦੇ ਨੂੰ ਲੈ ਕੇ ਅੱਜ ਸਾਂਝੇ ਮੋਰਚੇ ਦੀ ਆਈਜੀ ਜਸਕਰਨ ਸਿੰਘ, ਡੀਆਈਜੀ ਰਣਜੀਤ ਸਿੰਘ, ਐਸਐਸਪੀ ਕੰਵਰਦੀਪ ਕੌਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ਼ ਦੇਰ ਸ਼ਾਮ ਤੱਕ ਹੋਈ ਬੈਠਕ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ 27 ਦਸੰਬਰ ਨੂੰ ਪੰਜਾਬ ਪੱਧਰ ਤੇ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਗਿਆ।     

                                            ਕਾਂਗਰਸ ਤੇ ਬਾਦਲ ਦਲ ਦਾ ਸੰਕਟ                                                                                           

ਜੇਕਰ ਰਾਜ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਅਤੇ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿਚ ਲੱਗੇ ਝਟਕੇ ਤੋਂ ਬਾਅਦ ਅਜੇ ਤੱਕ ਵੀ ਉੱਭਰ ਨਹੀਂ ਸਕੀਆਂ।ਕੌਮੀ ਲੀਡਰਸ਼ਿਪ ਪੰਜਾਬ ਕਾਂਗਰਸ ਵਿਚ ਵੱਡੀ ਤਬਦੀਲੀ ਲਿਆਉਣ ਦੇ ਬਾਵਜੂਦ ਨੌਜਵਾਨ ਆਗੂ ਰਾਜਾ ਵੜਿੰਗ  ਰਾਜ ਵਿਚ ਕਾਂਗਰਸ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਅਜੇ ਤੱਕ ਵੀ  ਸਫਲ ਨਹੀਂ ਹੋ ਸਕੇ।ਖ਼ਾਸ ਤੌਰ ਉੱਤੇ ਕਈ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਵਿਜੀਲੈਂਸ ਦੇ ਕੇਸਾਂ ਦੇ ਸਾਹਮਣਾ ਕਰਨਾ ਪਿਆ।ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਸੰਗਤ ਸਿੰਘ ਗਿਲਜੀਆਂ ਨੂੰ ਵਿਜੀਲੈਂਸ ਦੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਾਂਗਰਸ ਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਵੀ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾ ਸਿਰਫ਼ ਆਪਣੀ ਕੁਰਸੀ ਤੋਂ ਹੱਥ ਧੋਣਾ ਪਿਆ ਸਗੋਂ ਜੇਲ੍ਹ ਯਾਤਰਾ ਵੀ ਕਰਨੀ ਪਈ।

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ’ਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਡਰੱਗਜ਼ ਮਾਮਲੇ ਵਿੱਚ ਕਾਫ਼ੀ ਸਮਾਂ ਪਟਿਆਲਾ ਜੇਲ੍ਹ ਵਿੱਚ ਰਹੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੋਈ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਦੇ ਅੰਦਰੋਂ ਲੀਡਰਸ਼ਿਪ ਨੂੰ ਤਬਦੀਲੀ ਕਰਨ ਦੀ ਮੰਗ ਉੱਠੀ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੀਡਰਸ਼ਿਪ ਵਿਚ ਕੋਈ ਤਬਦੀਲੀ ਲਿਆਉਣ ਦੀ ਥਾਂ ਅਕਾਲੀ ਦਲ ਦਾ ਪੂਰਾ ਢਾਂਚਾ ਭੰਗ ਕਰ ਦਿੱਤਾ ।ਅਜੇ ਤੱਕ ਝੂੰਦਾ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਹੋਈ ਪਰ ਬਗ਼ਾਵਤ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫ਼ਿਲਹਾਲ ਆਪਣੀ ਕੁਰਸੀ ਉੱਤੇ ਬਣੇ ਹੋਏ ਹਨ। ਹੁਣ ਕਈ ਮਹੀਨਿਆਂ ਬਾਅਦ ਅਕਾਲੀ ਦਲ ਦੇ ਐਲਾਨੇ ਗਏ ਨਵੇਂ ਢਾਂਚੇ ਵਿਚ ਬਗ਼ਾਵਤ ਦੀਆਂ ਸੁਰਾਂ ਅਲਾਪਣ ਵਾਲੇ ਅਕਾਲੀ ਲੀਡਰਾਂ ਨੂੰ ਕਿਨਾਰੇ ਕਰ ਦਿੱਤਾ ਗਿਆ ਹੈ। ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਗ਼ਾਵਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ ਵਿਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ ਨੂੰ ਵੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਦੀ ਅਕਾਲੀ ਦਲ ਉਪਰ ਪੂਰੀ ਜਕੜ ਹੈ ਪਰ ਸਿਆਸੀ ਪਖੋਂ ਪੰਥਕ ਆਧਾਰ ਬੁਰੀ ਤਰ੍ਹਾਂ ਖੁਰ ਚੁਕਿਆ ਹੈ।ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਰਾਜ ਇਕਾਈ ਨੂੰ ਹੋਈ ਵੱਡੀ ਹਾਰ ਤੋਂ ਬਾਅਦ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ  ਕਾਂਗਰਸ ਅਤੇ ਹੋਰ ਪਾਰਟੀਆਂ ਦੇ ਹੋਰ ਬਹੁਤ ਸਾਰੇ ਪਾਰਟੀ ਲੀਡਰਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਜ ਕੁਮਾਰ ਵੇਰਕਾ ਤੇ ਰਾਣਾ ਗੁਰਮੀਤ ਸਿੰਘ ਸੋਢੀ ਆਦਿ ਨੂੰ ਭਾਜਪਾ ਵਿਚ ਸ਼ਾਮਿਲ ਕੀਤਾ ਗਿਆ । ਪਰ ਹਾਲੇ ਤਕ ਭਾਜਪਾ ਪੰਜਾਬੀਆਂ ਦਾ ਦਿਲ ਨਹੀਂ ਜਿਤ ਸਕੀ। 

ਜਿਥੋਂ ਤੱਕ ਸ਼੍ਰੋਮਣੀ ਕਮੇਟੀ ਦਾ ਸੰਬੰਧ ਹੈ, ਇਸ ਸਾਲ ਇਸ ਨੂੰ ਸੁਪਰੀਮ ਕੋਰਟ ਵਲੋਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਹੱਕ ਵਿਚ ਸੁਣਾਏ ਗਏ ਫ਼ੈਸਲੇ ਨਾਲ ਵੱਡਾ ਝਟਕਾ ਲੱਗਾ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਦਾਖਲ ਕਰਨ ਤੋਂ ਇਲਾਵਾ ਵਿਖਾਵਿਆਂ ਰਾਹੀਂ ਵੀ ਸ਼੍ਰੋਮਣੀ ਕਮੇਟੀ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾਏ ਜਾਣ ਵਿਰੁੱਧ ਆਪਣੀ ਨਰਾਜ਼ਗੀ ਪ੍ਰਗਟ ਕਰਦੀ ਰਹੀ ਹੈ। ਕੁਝ ਸਮਾਂ ਪਹਿਲਾਂ ਤਾਂ ਇਹ ਸਮਝਿਆ ਜਾਂਦਾ ਸੀ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਹਰਿਆਣਾ ਸਰਕਾਰ ਵਲੋਂ ਸਿੱਖ ਗੁਰਦੁਆਰਾ ਮੈਨੇਜਮੈਂਟ ਦੀ ਬਣਾਈ ਗਈ ਹੈਡਹਾਕ ਕਮੇਟੀ ਦਾ ਦੁਬਾਰਾ ਪ੍ਰਧਾਨ ਬਣਨਾ ਲਗਭਗ ਯਕੀਨੀ ਸੀ ਪਰ ਅਚਾਨਕ  ਭਾਜਪਾ ਦੇ ਭਰੋਸੇਯੋਗ ਸਾਥੀ ਮੰਨੇ ਜਾਂਦੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਲਾਂਭੇ ਕਰਕੇ ਸੰਘ ਪਰਿਵਾਰ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨੇੜੇ ਮੰਨੇ ਜਾਂਦੇ ਮਹੰਤ ਕਰਮਜੀਤ ਸਿੰਘ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਾ ਦਿੱਤਾ ਗਿਆ। ਹਰਿਆਣਾ ਗੁਰਦੁਆਰਾ ਕਮੇਟੀ ਅਜੇ ਐਡਹਾਕ ਕਮੇਟੀ ਹੈ ਤੇ ਇਸ ਦੇ ਮੈਂਬਰਾਂ ਦੀ ਨਿਯੁਕਤੀ ਹਰਿਆਣਾ ਸਰਕਾਰ ਨੇ ਹੀ ਕੀਤੀ ਹੈ। ਭਾਜਪਾ ਸਰਕਾਰ ਦੀ ਹਰਿਆਣਾ ਕਮੇਟੀ ਵਿਚ ਪੂਰੀ ਦਖਲ ਅੰਦਾਜੀ ਦਿਖਾਈ ਦੇ ਰਹੀ ਹੈ।ਪੰਥਕ ਹਲਕਿਆਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਗੁਰਦੁਆਰਾ ਕਮੇਟੀ ਦਾ ਭਗਵਾਂਕਰਨ ਹੋ ਗਿਆ ਹੈ।   ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਮਹੰਤ ਕਰਮਜੀਤ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿਤਾ ਹੈ। 

                                                       ਤਿੰਨ ਮਹਾਨ ਸਿਖ ਸਖਸ਼ੀਅਤਾਂ ਦਾ ਦਿਹਾਂਤ

ਇਸੇ ਸਾਲ ਤਿੰਨ ਮਹਾਨ ਹਸਤੀਆਂ ਇਤਿਹਾਸਕਾਰ ਨਰਿੰਜਨ ਸਿੰਘ ਸਾਥੀ ,ਪਾਲ ਸਿੰਘ ਪੁਰੇਵਾਲ ਨਿਰਮਾਤਾ ਨਾਨਕਸ਼ਾਹੀ ਕੈਲੰਡਰ ਤੇ ਅਮਰੀਕਨ ਸਿੱਖ ਸਖਸ਼ੀਅਤ ਦਾ ਦਿਹਾਂਤ ਹੋਇਆ। ਨਰਿੰਜਨ ਸਿੰਘ ਸਾਥੀ (90)  ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਡੂੰਘੀ ਸਮਝ ਰੱਖਦੇ ਸਨ।  ਉਨ੍ਹਾਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਅਤੇ ਕਾਰਜਾਂ ਬਾਰੇ 900 ਪੰਨਿਆਂ ਦਾ ਗ੍ਰੰਥ ‘ਚਰਨ ਚਲਉ ਮਾਰਗਿ ਗੋਬਿੰਦ’ ਲਿਖਿਆ ਅਤੇ ਕਈ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ। ਯੂਬਾ ਸਿਟੀ ਅਤੇ ਵਿਸ਼ਵ ਪੱਧਰ ’ਤੇ ਸਿੱਖ ਸੰਸਥਾਵਾਂ  ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਲੀਫੋਰਨੀਆ ਵਿੱਚ ਸਭ ਤੋਂ ਵੱਡੇ ਆੜੂ ਦੇ ਕਿਸਾਨ  "ਪੀਚ ਕਿੰਗ" ਵਜੋਂ ਜਾਣੇ ਜਾਂਦੇ ਦੀਦਾਰ ਸਿੰਘ ਬੈਂਸ  ਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਮੌਕੇ ਯੂਬਾ ਸਿਟੀ ਕੈਲੀਫੋਰਨੀਆ ਵਿੱਚ ਸਾਲਾਨਾ ਸਿੱਖ ਪਰੇਡ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। । ਉਸ ਨੇ 1980 ਦੇ ਦਹਾਕੇ ਦੌਰਾਨ ਕੈਪੀਟਲ ਹਿੱਲ ਦੇ ਕੋਲ ਵਾਸ਼ਿੰਗਟਨ, ਡੀ.ਸੀ. ਵਿੱਚ ਸਿੱਖਾਂ ਲਈ ਇੱਕ ਦਫ਼ਤਰ ਖੋਲ੍ਹਣ ਲਈ ਵੀ ਪਹਿਲ ਕੀਤੀ ਸੀ ਤਾਂ ਜੋ ਭਾਰਤ ਵਿੱਚ ਸਿੱਖ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਅਤੇ ਘਟਨਾਵਾਂ ਬਾਰੇ ਗੱਲ ਕੀਤੀ ਜਾ ਸਕੇ। ਉਸ ਨੇ ਇਸ ਮਕਸਦ ਲਈ ਵਾਸ਼ਿੰਗਟਨ ਦੇ ਸਿਆਸੀ ਕੇਂਦਰ ਵਿੱਚ ਇੱਕ ਬਹੁਤ ਹੀ ਮਹਿੰਗਾ ਟਾਊਨ ਹੋਮ ਖਰੀਦਿਆ। ਇਸ ਘਰ ਵਿੱਚ ਖੋਜ ਲਈ ਸਿੱਖ ਪੁਸਤਕਾਂ ਦੀ ਇੱਕ ਲਾਇਬ੍ਰੇਰੀ ਵੀ ਹੈ। 1984 ਵਿਚ ਸਿਖ ਘਲੂਘਾਰਾ  ਜੂਨ84 ਤੋਂ ਬਾਅਦ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਨਿਯੁਕਤ ਹੋਏ। ਪੰਜਾਬੀ ਮਾਂ ਖੇਡ ਕਬੱਡੀ ਨੂੰ ਦੁਨੀਆ ਵਿਚ ਜਾਣੂ ਕਰਾਉਣ ਲਈ 1985 ਵਿਚ ਵਰਲਡ ਕਬੱਡੀ ਫੈਡਰੇਸ਼ਨ ਦੇ ਫਾਉਂਡਰ ਪ੍ਰੈਜ਼ੀਡੈਂਟ ਬਣੇ। ਦੀਦਾਰ ਸਿੰਘ ਬੈਂਸ ਵਰਲਡ ਸਿੱਖ ਕੌਂਸਲ ਦੇ ਮੈਂਬਰ ਵੀ ਰਹੇ। ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖ ਨਫ਼ਰਤ ਦੇ ਪਾਤਰ ਬਣ ਗਏ। ਇਸ ਨਫਰਤ ਨੂੰ ਦੂਰ ਕਰਨ ਲਈ ਵੀ ਦੀਦਾਰ ਸਿੰਘ ਬੈਂਸ ਨੇ ਅਹਿਮ ਭੂਮਿਕਾ ਨਿਭਾਈ।ਉਹ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਹਿੰਸਾ ਨੂੰ ਰੋਕਣ ਲਈ 9/11 ਦੇ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਬੁਸ਼ ਨੂੰ ਮਿਲੇ ਸੀ।ਉਸਨੇ ਕੈਲੀਫੋਰਨੀਆ ਅਤੇ ਵਾਸ਼ਿੰਗਟਨ, ਡੀ.ਸੀ. ਵਿੱਚ ਰਾਜਨੀਤਿਕ ਪ੍ਰਭਾਵ ਕਾਇਮ ਕੀਤਾ ਅਤੇ ਉਹ ਦੱਖਣੀ ਏਸ਼ੀਆਈ ਡਾਇਸਪੋਰਾ ਵਿੱਚ ਇੱਕ ਪ੍ਰਭਾਵਸ਼ਾਲੀ ਪਰਉਪਕਾਰੀ ਇਨਸਾਨ ਸਨ।  ਸ਼ਾਇਦ ਹੀ ਕੋਈ ਸਿੱਖ ਆਗੂ ਜਾਂ ਪ੍ਰਚਾਰਕ ਜਾਂ ਜਥੇਦਾਰ ਉਨ੍ਹਾਂ ਦੀ ਥਾਂ 'ਤੇ ਨਾ ਆਇਆ ਹੋਵੇ।  ਹੁਣ ਉਹਨਾਂ ਦਾ ਪੁੱਤਰ ਕਰਮ ਸਿੰਘ ਬੈਂਸ ਵੀ ਹੁਣ ਯੂਬਾ ਸ਼ਹਿਰ ਕੈਲੀਫੋਰਨੀਆ ਵਿੱਚ ਸਿੱਖ ਮਾਮਲਿਆਂ ਵਿੱਚ ਸਰਗਰਮ ਹੈ। ਉਹ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਨੰਗਲਖੁਰਦ ਤੋਂ ਸਬੰਧ ਰੱਖਦੇ ਸਨ।

ਉੱਘੇ ਸਿੱਖ ਵਿਦਵਾਨ ਤੇ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ ਨੇ ਆਖਰੀ ਸਾਹ ਐਡਮਿੰਟਨ ’ਚ ਲਿਆ ਸੀ। ਪੁਰੇੇਵਾਲ ਦੀ ਸਿੱਖ ਇਤਿਹਾਸ ਲਈ ਵੱਡੀ ਦੇਣ ਸੀ ਨਾਨਕਸ਼ਾਹੀ ਕੈਲੰਡਰ ਹੈ।  ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਲਈ ਲਗਪਗ 15 ਵਰ੍ਹੇ ਨਿਰੰਤਰ ਕੰਮ ਕੀਤਾ। ਇਸ ਨੂੰ ਤਿਆਰ ਕਰਨ ਲਈ ਪੁਰੇਵਾਲ ਨੇ ਕ੍ਰਿਸ਼ਚੀਅਨ ਕੈਲੰਡਰ ਸਮੇਤ ਦੁਨੀਆ ਦੇ ਬਹੁਤ ਸਾਰੇ ਕੈਲੰਡਰਾਂ ਸਮੇਤ ਅਸਟਰੋਨਾਮੀ ਦੀਆਂ 120 ਕਿਤਾਬਾਂ ਦਾ ਅਧਿਐਨ ਕੀਤਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪ੍ਰਵਾਨਗੀ ਦਿੱਤੀ ਤੇ ਇਸ ਨੂੰ ਲਾਗੂ ਕਰ ਦਿੱਤਾ ਗਿਆ। ਕਰੀਬ 7 ਵਰ੍ਹੇ ਇਹ ਲਾਗੂ ਰਿਹਾ ਤੇ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਦੇ ਆਧਾਰ ’ਤੇ ਹੀ ਵਿਸ਼ਵ ਭਰ ’ਚ ਪੁਰਬ ਸਜਾਏ ਜਾਣ ਲੱਗੇ। ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤੇ ਜਾਣ ਕਾਰਨ ਪੁਰੇਵਾਲ ਨੇ ਵਿਸ਼ਵ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ।ਉਨ੍ਹਾਂ ਨੇ ਪਾਕਿਸਤਾਨ ਲਈ ਇਸਲਾਮਿਕ ਕੈਲੰਡਰ ਵੀ ਤਿਆਰ ਕੀਤਾ ਜਿਸ ਲਈ ਸ਼ੀਆ ਤੇ ਸੁੰਨੀ ਦੋਵਾਂ ਨੇ ਸਹਿਮਤੀ ਪ੍ਰਗਟ ਕੀਤੀ। ਪਾਕਿਸਤਾਨ ’ਚ ਇਸ ਕੈਲੰਡਰ ਦੇ ਲਾਗੂ ਕਰਨ ਸਮੇਂ ਪਾਕਿਸਤਾਨ ਦੇ ਉਸ ਸਮੇਂ ਦੇ ਗਵਰਨਰ ਨੇ ਬਕਾਇਦਾ ਉਦਘਾਟਨ ਕੀਤਾ। ਸਨਮਾਨ ਵਜੋਂ ਪਾਕਿਸਤਾਨ ਦੇ ਦਿਆਲ ਸਿੰਘ ਕਾਲਜ ਦੀ ਲਾਇਬ੍ਰੇਰੀ ਪੁਰੇਵਾਲ ਦੇ ਨਾਂ ਨੂੰ ਸਮਰਪਿਤ ਕੀਤੀ ਗਈ।

ਲਗਪਗ 7 ਵਰ੍ਹੇ ਲਾਗੂ ਰਹਿਣ ਮਗਰੋਂ ਪੁਰੇਵਾਲ ਦਾ ਰਚਿਆ ਨਾਨਕਸ਼ਾਹੀ ਕੈਲੰਡਰ ਉਸ ਸਮੇਂ ਸਿਆਸਤ ਦੀ ਭੇਟ ਚੜ੍ਹ ਗਿਆ ਜਦੋਂ ਕੁਛ ਸਿਖ ਜਥੇਬੰਦੀਆਂ ਨੇ ਇਸ ’ਤੇ ਇਤਰਾਜ਼ ਕੀਤਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ’ਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਗਿਆ ਤੇ ਪੁਰਾਣਾ ਬਿਕਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ।ਉਨ੍ਹਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ਤੋਂ ਸੀ। ਉਹ ਕਿੱਤੇ ਵਜੋਂ ਅਧਿਆਪਕ ਸਨ। ਕਈ ਵਰ੍ਹੇ ਪੰਜਾਬ ’ਚ ਅਧਿਆਪਕ ਵਜੋਂ ਪੜ੍ਹਾਇਆ। ਉਸ ਤੋਂ ਬਾਅਦ ਕਰੀਬ 7 ਵਰ੍ਹੇ ਇੰਗਲੈਂਡ ਰਹੇ। 1972 ’ਚ ਐਡਮਿੰਟਨ ’ਚ ਆ ਕੇ ਬਸੇਰਾ ਕੀਤਾ ਸੀ।ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਸ਼ਾਮਲ ਹਨ : Jantri 500 YEARS – An Almanac (ਜੰਤਰੀ 500 ਸਾਲ-ਇੱਕ ਅਲਮੈਨਕ), ਜੋ ਨਵੰਬਰ 1994 ਵਿੱਚਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ, Hizri Calendars For Macca, Bagdad, Cairo & Delhi from 1 AH to 1500 AH (ਹਿਜਰੀ ਕੈਲੰਡਰ-ਇੱਕ ਕਿਤਾਬ), ਜਿਸ ਲਈ ਉਨ੍ਹਾਂ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ। ਹੁਣੇ ਹੁਣੇ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਵੱਲੋਂ ਛਾਪੀ ਪੁਸਤਕ Nanakshahi Calendar with Calendar Convertion Tables for 632 Years (ਨਾਨਕਸ਼ਾਹੀ ਕੈਲੰਡਰ 632 ਸਾਲਾਂ ਲਈ ਕੈਲੰਡਰ ਪਰਿਵਰਤਨ ਸਾਰਣੀ ਨਾਲ) ਅਗਸਤ 2022 ’ਚ ਛਪੀ  ਸੀ।

 18 ਸਤੰਬਰ, 2022 ਦੌਰਾਨ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੇ 25 ਗੁਰੂ ਘਰਾਂ, ਸਮਾਜਿਕ ਭਲਾਈ ਦੇ ਖੇਤਰ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਰਲਕੇ 'ਸਾਂਝੀ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ' ਦਾ ਗਠਨ ਕੀਤਾ ਸੀ । ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ (ਇਨਕਾਰਪੋਰੇਟਿਡ) ਦਾ ਪਹਿਲਾ ਪ੍ਰਧਾਨ ਸ. ਦਲਜੀਤ ਸਿੰਘ, ਚੇਅਰਮੈਨ ਸ. ਪਿ੍ਥੀਪਾਲ ਸਿੰਘ ਬਸਰਾ ਨੂੰ ਚੁਣਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਅਗਲੀ ਜਣਗਣਨਾ ਤੱਕ ਸਿੱਖ ਭਾਈਚਾਰਾ ਜਿੱਥੇ ਇੱਕ ਲੱਖ ਦੀ ਗਿਣਤੀ ਤੋਂ ਪਾਰ ਹੋ ਕੇ ਮੁਲਕ ਦੀ 2% ਅਬਾਦੀ ਹੋ ਜਾਵੇਗਾ। ਅਜਿਹੇ ਸਮੇ ਵਿਚ ਅਜਿਹੀ ਸੈਂਟਰਲ ਤੇ ਲੋਕਤੰਤਰਿਕ ਕੌਮੀ ਸੰਸਥਾ ਦੀ ਸਥਾਨਿਕ ਭਾਈਚਾਰੇ ਨੂੰ ਲੰਬੇ ਸਮੇਂ ਤੋਂ ਜ਼ਰੂਰਤ ਸੀ। ਜੋ ਹੁਣ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਮਾਧਿਅਮ ਰਾਹੀਂ ਪੂਰੇ ਸਿੱਖ ਭਾਈਚਾਰੇ ਲਈ ਸਰਬ ਸਾਂਝਾ ਮੰਚ ਸਾਬਿਤ ਹੋਵੇਗੀ।  ਇਹ ਸੰਸਥਾ ਪੂਰੇ ਜ਼ੋਰ-ਸ਼ੋਰ ਨਾਲ ਕਮਿਊਨਟੀ ਦੇ ਮਸਲਿਆਂ 'ਤੇ ਵਕਾਲਤ ਕਰੇਗੀ। ਸਮੁੱਚੇ ਤੌਰ 'ਤੇ ਇਹ ਆਖਿਆ ਜਾ ਸਕਦਾ ਹੈ ਕਿ ਇਹ ਪੂਰਾ ਸਾਲ ਪੰਜਾਬ ਅਤੇ ਪੰਜਾਬ ਦੇ ਲੋਕ ਆਪਣੀ ਹੋਂਦ ਦੀ ਲੜਾਈ ਲੜਦੇ ਰਹੇ ਅਤੇ ਇਸ ਮਕਸਦ ਲਈ ਉਨ੍ਹਾਂ ਨੇ ਰਾਜ ਵਿਚ ਵੱਡੀ ਰਾਜਨੀਤਕ ਤਬਦੀਲੀ ਵੀ ਲਿਆਂਦੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਇਕ ਬਿਹਤਰ ਭਵਿੱਖ ਦੀ ਆਸ ਪੂਰੀ ਹੁੰਦੀ ਨਜ਼ਰ ਨਹੀਂ ਆਈ।।                                                       

ਪਾਕਿਸਤਾਨ ਦੇ ਸਿੱਖ ਭਾਈਚਾਰੇ ਲਈ ਸਾਲ 2022  ਦੇ ਲਈ ਲਗਭੱਗ ਚੜ੍ਹਦੀ ਕਲਾ ਵਾਲਾ ਵਰ੍ਹਾ ਰਿਹਾ                                                                                                                     

ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ 2022 ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਵਾਲਾ ਵਰ੍ਹਾ ਰਿਹਾ । ਪ੍ਰਧਾਨ ਮੰਤਰੀ (ਸਾਬਕਾ) ਇਮਰਾਨ ਖ਼ਾਨ ਦੇ ਨਿਰਦੇਸ਼ਾਂ ਹੇਠ ਸ੍ਰੀ ਨਨਕਾਣਾ ਸਾਹਿਬ 'ਚ ਵੱਖ-ਵੱਖ ਕਬਜ਼ਾਧਾਰੀਆਂ ਤੋਂ ਵਕਫ਼ ਦੀ 107 ਏਕੜ ਭੂਮੀ ਕਬਜ਼ਾ ਮੁਕਤ ਕਰਵਾ ਕੇ 600 ਕਰੋੜ ਦੀ ਲਾਗਤ ਨਾਲ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਸ਼ੁਰੂ ਕਰਵਾਈ ਉਸਾਰੀ ਦਾ ਕੰਮ ਇਸ ਵਰ੍ਹੇ ਦੌਰਾਨ ਮੁਕੰਮਲ ਕਰਵਾਇਆ ਜਾਣਾ, ਜ਼ਿਲ੍ਹਾ ਅਟਕ ਦੇ ਸ਼ਹਿਰ ਹਸਨ ਅਬਦਾਲ ਵਿਖੇ ਸ੍ਰੀ ਪੰਜਾ ਸਾਹਿਬ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਈ ਜਾਣੀ ਅਤੇ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਪਾਕਿਸਤਾਨੀ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲਣਾ ਆਦਿ ਰਾਹਤ ਵਾਲੀਆਂ ਖ਼ਬਰਾਂ ਰਹੀਆਂ । ਜਿਸ ਦੇ ਬਾਅਦ ਹੁਣ ਪਾਕਿ 'ਚ ਮਰਦਮਸ਼ੁਮਾਰੀ ਦੇ ਫਾਰਮਾਂ 'ਚ ਸਿੱਖ ਭਾਈਚਾਰੇ ਨੂੰ ਵੱਖਰੇ ਤੌਰ 'ਤੇ ਪਹਿਚਾਣ ਦਿੰਦਿਆਂ ਸਿੱਖ ਕੌਮ ਲਈ ਵੱਖਰਾ ਕਾਲਮ ਬਣਾਇਆ ਜਾਵੇਗਾ ।ਉਕਤ ਦੇ ਇਲਾਵਾ ਸਾਲ 2022 ਦੌਰਾਨ 12 ਜੁਲਾਈ ਨੂੰ ਬਿਨਾਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਦਾ ਕਾਰਜਕਾਲ ਖ਼ਤਮ ਕਰਨ ਤੋਂ ਬਾਅਦ 4 ਅਕਤੂਬਰ ਨੂੰ ਸੰਘੀ ਧਾਰਮਿਕ ਅਤੇ ਆਪਸੀ ਸਦਭਾਵਨਾ ਮੰਤਰਾਲਾ ਵਲੋਂ ਪੁਰਾਣੀ ਕਮੇਟੀ ਨੂੰ ਮੁੜ ਤੋਂ ਬਹਾਲ ਕਰਦਿਆਂ ਅਮੀਰ ਸਿੰਘ ਨੂੰ ਪ੍ਰਧਾਨ ਅਤੇ ਵਿਕਾਸ ਸਿੰਘ ਖ਼ਾਲਸਾ ਨੂੰ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਅਗਸਤ ਮਹੀਨੇ ਦੇ ਦੂਜੇ ਹਫ਼ਤੇ ਸੂਬਾ ਖ਼ੈਬਰ ਪਖਤੂਨਖਵਾ ਦੀ ਬੁਨੇਰ ਡਿਵੀਜ਼ਨ ਦੇ ਪਿੰਡ ਪੀਰ ਬਾਬਾ 'ਚ ਦੀਨਾ ਕੌਰ (25 ਸਾਲ) ਨਾਮੀ ਸਿੱਖ ਲੜਕੀ ਦਾ ਕਥਿਤ ਤੌਰ 'ਤੇ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ । ਦੀਨਾ ਕੌਰ ਸਰਕਾਰੀ ਮੁਲਾਜ਼ਮ ਹੈ। ਕੌਮਾਂਤਰੀ ਪੱਧਰ 'ਤੇ ਦਬਾਅ ਪੈਣ ਦੇ ਬਾਵਜੂਦ ਦੀਨਾ ਕੌਰ ਦੀ ਰਿਹਾਈ ਸੰਭਵ ਨਹੀਂ ਹੋ ਸਕੀ । 5 ਅਕਤੂਬਰ ਨੂੰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਤਹਿਸੀਲ ਸ਼ਾਹਕੋਟ 'ਚ ਇਕ ਗੁਰਸਿੱਖ ਦੁਕਾਨਦਾਰ ਰਾਜਵੀਰ ਸਿੰਘ ਦੇ ਕੇਸਾਂ ਅਤੇ ਪਗੜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ । ਜ਼ਿਲ੍ਹਾ ਗੁੱਜਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੇ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਉਸ ਦੀਆਂ ਛੱਤਾਂ ਦਾ ਢਹਿ ਜਾਣਾ, ਪਾਕਿ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਵਿਵਾਦ ਨੂੰ ਆਧਾਰ ਬਣਾ ਕੇ ਲਾਹੌਰ ਸਥਿਤ ਭਾਈ ਤਾਰੂ ਸਿੰਘ ਦੀ ਸਮਾਧ ਨੂੰ ਪੱਕੇ ਤੌਰ 'ਤੇ ਸੀਲ ਕੀਤਾ ਜਾਣਾ, ਲਾਹੌਰ 'ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਚੁਬੱਚਾ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਣਾ, ਭਾਈ ਮਨੀ ਸਿੰਘ ਦੀ ਸਮਾਧ ਸਮੇਤ ਇਕ ਦਰਜਨ ਤੋਂ ਵਧੇਰੇ ਗੁਰਦੁਆਰਿਆਂ ਅਤੇ ਸਿੱਖ ਯਾਦਗਾਰਾਂ ਦੇ ਇਸ ਵਰ੍ਹੇ ਦੌਰਾਨ ਕਦੇ ਨਾਲ ਪੂਰੇ ਜਾਣ ਵਾਲੇ ਨੁਕਸਾਨ ਨੇ ਜਿੱਥੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ, ਉੱਥੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਲਈ ਗੁਰਦੁਆਰਾ ਸਾਹਿਬ ਨਜ਼ਦੀਕ 64 ਏਕੜ ਭੂਮੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਚਾਵਲ ਦੀ ਬਿਜਾਈ ਕੀਤੀ ਜਾਣੀ ਅਤੇ ਹਿੰਦੂ-ਸਿੱਖ ਵਿਦਿਆਰਥੀਆਂ ਲਈ ਸਰਕਾਰ ਵਲੋਂ ਸਕਾਲਰਸ਼ਿਪ ਸ਼ੁਰੂ ਕੀਤਾ ਜਾਣਾ ਰਾਹਤ ਵਾਲੀਆਂ ਖ਼ਬਰਾਂ ਰਹੀਆਂ। ਇਸ ਦੇ ਇਲਾਵਾ ਪੀ. ਐਸ. ਡੀ. ਪੀ. (ਪਬਲਿਕ ਸੈਕਟਰ ਡਿਵੈਲਪਮੈਂਟ ਪ੍ਰੋਗਰਾਮ) ਤਹਿਤ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਿ ਜ਼ੀਰੋ ਲਾਈਨ ਨੇੜੇ ਪੁਲ ਦੀ ਉਸਾਰੀ ਦਾ ਕਾਫ਼ੀ ਕੰਮ ਨੇਪਰੇ ਚਾੜਿ੍ਹਆ ਜਾਣਾ, ਗੁਰਦੁਆਰਾ ਜਨਮ ਅਸਥਾਨ ਅਤੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ 'ਵਿਚ ਯਾਤਰੂਆਂ ਲਈ ਨਵੀਆਂ ਸਰਾਂਵਾਂ ਦੀ ਉਸਾਰੀ, ਸੂਬਾ ਬਲੋਚਿਸਤਾਨ ਦੇ ਡੇਰਾ ਬੁਗਤੀ 'ਵਿਚ ਜਨਮੇ ਆਕਾਸ਼ ਸਿੰਘ ਖ਼ਾਲਸਾ ਦੀ ਕਸਟਮ ਇੰਟੈਲੀਜੈਂਸ ਇੰਸਪੈਕਟਰ ਅਤੇ ਗ੍ਰੰਥੀ ਭਾਈ ਮਦਨ ਸਿੰਘ ਦੀ ਸਰਕਾਰੀ ਲੈਕਚਰਾਰ ਵਜੋਂ ਨਿਯੁਕਤੀ ਆਦਿ ਸਾਲ 2022 ਦੀਆਂ ਸ਼ਲਾਘਾਯੋਗ ਕਾਰਵਾਈਆਂ ਰਹੀਆਂ ਹਨ ।                                                                                                                                           ਸਿਖਾਂ ਦੀਆਂ ਮਾਣਯੋਗ ਪ੍ਰਾਪਤੀਆਂ                                                                              

ਹੁਣੇ ਜਿਹੇ ਆਸਟਰੇਲੀਆਈ ਸਰਕਾਰ ਦੇ ਮਾਹਰ ਪੈਨਲ ਵਿੱਚ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਐਸਟੀਈਐਮ ਸੈਕਟਰ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਪੰਜਾਬੀ ਮੂਲ ਦੀ ਬਾਇਓਟੈਕਨਾਲੋਜਿਸਟ ਪਰਵਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਸਿਖ ਪੰਥ ਲਈ ਮਾਣ ਵਾਲੀ ਗੱਲ ਹੈ। ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਪਬਲਿਕ ਪਾਲਿਸੀ ਇੰਸਟੀਚਿਊਟ ਦੀ ਐਸੋਸੀਏਟ ਪ੍ਰੋਫੈਸਰ ਪਰਵਿੰਦਰ ਕੌਰ ਮੂਲ ਰੂਪ ਤੋਂ ਨਵਾਂਸ਼ਹਿਰ, ਪੰਜਾਬ ਦੀ ਹੈ।ਇਸ ਪੈਨਲ ਵਿੱਚ ਪਰਵਿੰਦਰ ਕੌਰ, ਸੈਲੀ-ਐਨ ਵਿਲੀਅਮਜ਼ ਅਤੇ ਮਿਕੇਲਾ ਜੇਡ ਦੇ ਨਾਲ ਮਿਲ ਕੇ ਕੰਮ ਕਰੇਗੀ। ਪਰਵਿੰਦਰ ਕੌਰ ਇਸ ਵੇਲੇ ਡੀਐਨਏ ਜੂ ਅਸਟਰੇਲੀਆ  ਨਾਂ ਦੀ ਸੰਸਥਾ ਦੀ ਡਾਇਰੈਕਟਰ ਹੈ, ਜੋ ਕਿ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਲਈ ਧਰਤੀ ਦੀ ਜੈਵ ਵਿਭਿੰਨਤਾ ਅਤੇ ਕੁਦਰਤੀ ਵਾਤਾਵਰਣਾਂ ਦੀ ਜਾਂਚ ਕਰਨ ਵਾਲੀ ਅੰਤਰ-ਅਨੁਸ਼ਾਸਨੀ ਬਾਇਓਟੈਕਨਾਲੌਜੀ ਖੋਜ ਦੀ ਅਗਵਾਈ ਕਰਦੀ ਹੈ। ਅਮਰੀਕਾ ਵਿੱਚ ਇੱਕ ਵਾਰ ਮੁੜ ਸਿੱਖਾਂ ਦਾ ਡੰਕਾ ਵਜਿਆ ਹੈ। ਇਸ ਵਾਰ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿੱਚ ਸਰਬਸੰਮਤੀ ਨਾਲ ਲੋਦੀ ਸ਼ਹਿਰ ਦਾ  ਮੇਅਰ   ਮਿੱਕੀ ਹੋਥੀ  ਚੁਣਿਆ ਗਿਆ ਹੈ। ਲੋਦੀ ਸ਼ਹਿਰ ਦੇ ਇਤਿਹਾਸ ਵਿੱਚ ਮਿੱਕੀ ਇਸ ਅਹੁਦੇ 'ਤੇ ਪੁੱਜਣ ਵਾਲਾ ਪਹਿਲਾ ਸਿੱਖ ਹੈ। ਮਿੱਕੀ ਹੌਥੀ ਦੇ ਮਾਤਾ-ਪਿਤਾ ਭਾਰਤ ਤੋਂ ਹਨ। ਹੋਥੀ ਨੂੰ ਮੇਅਰ ਮਾਰਕ ਚਾਂਡਲਰ ਦੀ ਥਾਂ ਚੁਣਿਆ ਗਿਆ ਹੈ, ਜੋ ਚਾਂਡਲਰ ਦੀ ਸੀਟ ਤੋਂ ਚੋਣ ਜਿੱਤੇ ਹਨ। ਹੋਥੀ, ਕੌਂਸਲਰ ਦੇ 5ਵੇਂ ਜਿ਼ਲ੍ਹੇ ਦੀ ਅਗਵਾਈ ਕਰਦੇ ਹਨ।

ਇਸੇ ਸਾਲ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਨੇ ਸੋਲੋ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਸੀ। ਜਿੱਥੇ 16 ਸਾਲ ਦੀ ਉਮਰ 'ਚ ਕੈਨੇਡਾ 'ਚ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ ,ਓਥੇ ਹੀ  ਜਪਗੋਬਿੰਦ ਨੇ  ਸਭ ਨੂੰ ਹੈਰਾਨ ਕਰ ਦਿੱਤਾ।