50 ਤੋਂ ਵੱਧ ਕਤਲ ਕਰਨ ਵਾਲਾ ਡਾਕਟਰ ਦਿੱਲੀ ਤੋਂ ਗ੍ਰਿਫਤਾਰ

50 ਤੋਂ ਵੱਧ ਕਤਲ ਕਰਨ ਵਾਲਾ ਡਾਕਟਰ ਦਿੱਲੀ ਤੋਂ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਰਾਜਧਾਨੀ ਦਿੱਲੀ ਵਿਚ ਇਕ 62 ਸਾਲਾ ਆਯੁਰਵੈਦ ਡਾਕਟਰ ਦਵਿੰਦਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ 'ਤੇ 50 ਤੋਂ ਵੱਧ ਲੋਕਾਂ ਦੇ ਕਤਲਾਂ ਦਾ ਦੋਸ਼ ਹੈ। ਦੋਸ਼ਾਂ ਮੁਤਾਬਕ ਇਸ ਡਾਕਟਰ ਨੇ ਟਰੱਕ ਅਤੇ ਟੈਕਸੀ ਡਰਾਈਵਰਾਂ ਦੇ ਕਤਲ ਕੀਤੇ ਹਨ। ਇਸਨੂੰ ਦਿੱਲੀ ਦੇ ਬਪਰੋਲਾ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। 

ਪੁਲਸ ਦਾ ਕਹਿਣਾ ਹੈ ਕਿ ਇਸ ਡਾਕਟਰ ਵੱਲੋਂ ਕੀਤੇ ਕਤਲਾਂ ਦੀ ਗਿਣਤੀ 100 ਤੋਂ ਵੀ ਵੱਧ ਹੋ ਸਕਦੀ ਹੈ ਪਰ ਅਜੇ ਸਾਰੇ ਮਾਮਲਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਸ ਦੋਸ਼ੀ ਖਿਲਾਫ ਦਿੱਲੀ, ਯੂਪੀ, ਰਾਜਸਥਾਨ, ਹਰਿਆਣਾ ਵਿਚ ਮਾਮਲੇ ਦਰਜ ਹਨ ਜਿਹਨਾਂ ਦੀ ਪੁਲਸ ਜਾਂਚ ਕਰ ਰਹੀ ਹੈ।

ਦੋਸ਼ੀ ਦਵਿੰਦਰ ਸ਼ਰਮਾ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਨਾਲ ਸਬੰਧਿਤ ਹੈ। ਇਹ ਦੋਸ਼ੀ ਪਹਿਲਾਂ ਵੀ ਇਕ ਕਤਲ ਮਾਮਲੇ 'ਚ ਪੈਰੋਲ ਉੱਤੇ ਬਾਹਰ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਰਮਾ ਨੂੰ ਜੈਪੁਰ ਵਿਚ ਇਕ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ। ਇਹ ਜਨਵਰੀ ਵਿਚ 20 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਸੀ ਅਤੇ ਬਾਅਦ ਵਿਚ ਜੇਲ੍ਹ ਨਹੀਂ ਗਿਆ। 

ਪੁਲਸ ਦਾ ਕਹਿਣਾ ਹੈ ਕਿ ਸ਼ਰਮਾ 'ਤੇ ਕਤਲ ਅਤੇ ਅਗਵਾ ਕਰਨ ਦੇ ਕਈ ਮਾਮਲੇ ਦਰਜ ਹਨ। ਇਸ ਉੱਤੇ ਕਿਡਨੀ ਰੈਕੇਟ ਚਲਾਉਣ ਦੇ ਵੀ ਮਾਮਲੇ ਦਰਜ ਹਨ ਜਿਹਨਾਂ ਵਿਚ ਇਸਨੂੰ ਜੇਲ੍ਹ ਵੀ ਹੋ ਚੁੱਕੀ ਹੈ।

ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ਵਿਚ ਉਸਨੇ 50 ਕਤਲ ਕਰਨ ਦੀ ਗੱਲ ਮੰਨੀ ਹੈ।