ਡੀਐਮਕੇ ਆਗੂ ਸਟਾਲਿਨ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਸਮਰਥਨ 'ਚ ਭੁੱਖ ਹੜਤਾਲ ਰੱਖੀ

ਡੀਐਮਕੇ ਆਗੂ ਸਟਾਲਿਨ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਸਮਰਥਨ 'ਚ ਭੁੱਖ ਹੜਤਾਲ ਰੱਖੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਾਮਿਲਨਾਡੂ ਵਿੱਚ ਡੀਐੱਮਕੇ ਦੀ ਅਗਵਾਈ ਵਾਲੀਆਂ ਵਿਰੋਧੀ ਪਾਰਟੀਆਂ ਭਾਰਤ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੀਆਂ। ਡੀਐਮਕੇ ਪ੍ਰਧਾਨ ਐਮਕੇ ਸਟਾਲਿਨ ਤਾਮਿਲਨਾਡੂ ਵਿਚ ਭੁੱਖ ਹੜਤਾਲ ਦੀ ਅਗਵਾਈ ਕਰ ਰਹੇ ਹਨ ਜਦਕਿ ਗੁਆਂਢੀ ਯੂਟੀ ਪੁਡੂਚੇਰੀ ਵਿਚ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਭੁੱਖ ਹੜਤਾਲ ਰੱਖੀ ਹੈ। ਇਹਨਾਂ ਆਗੂਆਂ ਦੀ ਮੰਗ ਹੈ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਕੇਂਦਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਵਿਚ ਡੀਐੱਮਕੇ ਦੀ ਨੇਤਾ ਕਨੀਮੋੜੀ ਵੀ ਭੁੱਖ ਹੜਤਾਲ ’ਤੇ ਬੈਠੀ।

ਸਟਾਲਿਨ ਨੇ ਇਹਨਾਂ ਕਾਨੂੰਨਾਂ ਨੂੰ ਲੋਕ ਵਿਰੋਧੀ ਦੱਸਿਆ। ਉਹਨਾਂ ਕਿਹਾ, "ਕਿਸਾਨ ਪਿਛਲੇ 23 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਪਹਿਲਾਂ ਵੀ ਕਈ ਤਰੀਕਿਆਂ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇ ਚੁੱਕੇ ਹਾਂ ਪਰ ਅੱਜ ਦੀ ਭੁੱਖ ਹੜਤਾਲ ਨਾਲ ਅਸੀਂ ਸੈਕੁਲਰ ਪ੍ਰੋਗਰੈਸਿਵ ਅਲਾਇੰਸ ਵੱਲੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਾਂ।"

ਸਟਾਲਿਨ ਨੇ ਕਿਹਾ ਕਿ ਭਾਰਤ ਸਰਕਾਰ ਲੋਕਾਂ ਲਈ ਨਹੀਂ ਬਲਕਿ ਕਾਰਪੋਰੇਟਸ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸਾਰਾ ਦੇਸ਼ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ।