ਗਿਆਨੀ ਇਕਬਾਲ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਦਾ ਭੇਦ ਖੋਲ੍ਹਿਆ
ਅੰਮ੍ਰਿਤਸਰ: ਸੰਗੀਨ ਦੋਸ਼ਾਂ ਵਿਚ ਫਸੇ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੀ ਗਈ ਵਿਵਾਦਿਤ ਅਣ-ਮੰਗੀ ਮੁਆਫੀ ਦਾ ਭੇਦ ਖੋਲ੍ਹਦਿਆਂ ਕਿਹਾ ਕਿ ਸਤੰਬਰ 2015 ਵਿਚ ਜਿਸ ਚਿੱਠੀ ਦੇ ਅਧਾਰ 'ਤੇ ਉਹ ਮੁਆਫੀ ਦਿੱਤੀ ਗਈ ਸੀ ਉਸ ਚਿੱਠੀ ਨੂੰ ਫੈਂਸਲਾ ਕਰਨ ਵਾਲੇ ਜਥੇਦਾਰਾਂ ਨੇ ਆਪ ਬਦਲਿਆ ਸੀ ਤੇ ਉਸ ਵਿਚ ਕੁਝ ਸ਼ਬਦ ਆਪ ਜੋੜੇ ਸਨ।
ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਦਿੱਤੇ ਬਿਆਨ ਵਿਚ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਚਿੱਠੀ ਵਿਚ ਸ਼ਬਦ ਪਾਉਣ ਦੇ ਫੈਂਸਲੇ ਦੇ ਮੋਢੀ ਉਸ ਸਮੇਂ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਸਨ।
ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਵਿਵਾਦਿਤ ਮੁਆਫੀ ਸਬੰਧੀ ਫੈਂਸਲਾ ਲੈਣ ਮੌਕੇ ਦੀ ਤਸਵੀਰ; (ਖੱਬਿਓਂ ਸੱਜੇ) ਗਿਆਨੀ ਰਘਬੀਰ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ
ਗਿਆਨੀ ਇਕਬਾਲ ਸਿੰਘ ਨੇ ਕਿਹਾ, "ਗਿਆਨੀ ਗੁਰਮੁੱਖ ਸਿੰਘ ਨੇ ਦਿੱਲੀ ਤੋਂ ਆਪਣੇ ਖਾਸ ਵਿਸ਼ਵਾਸਪਾਤਰ ਨੂੰ ਬੁਲਾਇਆ ਅਤੇ ਉਸ ਕੋਲੋਂ ਡੇਰਾ ਮੁਖੀ ਵਲੋਂ ਭੇਜੀ ਚਿੱਠੀ ਵਿਚ "ਖਿਮਾ ਦਾ ਜਾਚਕ" ਸ਼ਬਦ ਲਿਖਵਾਏ। ਡੇਰਾ ਮੁਖੀ ਵਲੋਂ ਭੇਜੀ ਚਿੱਠੀ ਵਿਚ ਇਹ ਸ਼ਬਦ ਨਹੀਂ ਸਨ।"
ਸਬੰਧਿਤ ਖ਼ਬਰ: ਸੰਗੀਨ ਦੋਸ਼ਾਂ ਵਿਚ ਫਸੇ ਜਥੇਦਾਰ ਇਕਬਾਲ ਸਿੰਘ ਨੇ ਪਹਿਲਾਂ ਅਸਤੀਫਾ ਦੇ ਕੇ ਫੇਰ ਵਾਪਿਸ ਲਿਆ
ਜ਼ਿਕਰਯੋਗ ਹੈ ਕਿ ਚਿੱਠੀ ਦੀ ਮੁੱਖ ਲਿਖਤ ਵਿਚ ਕਿਤੇ ਵੀ ਮੁਆਫੀ ਦਾ ਜ਼ਿਕਰ ਨਹੀਂ ਸੀ, ਸਿਰਫ ਚਿੱਠੀ ਦੇ ਅੰਤ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਦਸਤਖਤਾਂ ਉੱਤੇ "ਖਿਮਾ ਦਾ ਜਾਚਕ" ਲਿਖਿਆ ਗਿਆ ਸੀ।
ਸਤੰਬਰ 2015 ਵਿਚ ਡੇਰਾ ਮੁਖੀ ਨੂੰ ਦਿੱਤੀ ਗਈ ਵਿਵਾਦਿਤ ਮੁਆਫੀ ਦਾ ਐਲਾਨ ਕਰਨ ਵਾਲੇ ਪੰਜ ਸਿੰਘਾਂ ਵਿਚ ਗਿਆਨੀ ਇਕਬਾਲ ਸਿੰਘ ਵੀ ਸ਼ਾਮਿਲ ਸਨ।
ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਖਾਸ ਜਾਂਚ ਟੀਮ ਦੀ ਜਾਂਚ ਲਈ ਗਿਆਨੀ ਇਕਬਾਲ ਸਿੰਘ ਦਾ ਇਹ ਬਿਆਨ ਅਹਿਮ ਹੋ ਸਕਦਾ ਹੈ ਅਤੇ ਇਸ ਜਾਂਚ ਵਿਚ ਕੋਈ ਨਵਾਂ ਮੋੜ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ 2015 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਪੁੱਛਗਿੱਛ ਦੀ ਗੱਲਬਾਤ ਚੱਲ ਚੁੱਕੀ ਹੈ।
ਇਕਬਾਲ ਸਿੰਘ ਨੇ ਕਿਹਾ, "ਮੈਨੂੰ 24 ਸਤੰਬਰ 2015 ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਮੈਨੂੰ ਮੀਟਿੰਗ ਦਾ ਮਸਲਾ ਨਹੀਂ ਦੱਸਿਆ ਗਿਆ ਸੀ। ਜਦੋਂ ਮੈਂ ਪਹੁੰਚਿਆ ਤੋਂ ਉਸ ਸਮੇਂ ਦੱਸਿਆ ਗਿਆ ਕਿ ਡੇਰਾ ਸਿਰਸਾ ਵਲੋਂ ਕੋਈ ਮੁਆਫੀ ਦੀ ਚਿੱਠੀ ਆਈ ਹੈ ਤੇ ਪੰਜਾਬ ਵਿਚ ਸ਼ਾਂਤੀ ਲਈ ਸਾਨੂੰ ਉਸਨੂੰ ਮੁਆਫੀ ਦੇਣੀ ਪਵੇਗੀ।"
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)