ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ 

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ 

ਅੰਮ੍ਰਿਤਸਰ ਟਾਈਮਜ਼  

ਨਵੀਂ ਦਿੱਲੀ, 15 ਜੂਨ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਿੱਖ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।

ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਜਿਹਨਾਂ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਮੁੱਖ ਸਮਾਗਮ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਇਆ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਸੰਗਤਾਂ ਨੇ  ਕੜਕਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਗੁਰੂ ਘਰ ਵਿਚ ਹਾਜ਼ਰੀ ਭਰੀ ਹੈ।

ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਸਿੱਖ ਪੰਥ ਨੁੰ ਦਿੱਤਾ ਕਿਉਕਿ ਉਹਨਾਂ ਨੁੰ ਪਤਾ ਸੀ ਕਿ ਅੱਗੇ ਚਲ ਕੇ ਖਾਲਸਾ ਪੰਥ ਦੀ ਸਥਾਪਨਾ ਹੋਣੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਸੀ ਕਿ ਰਾਜਨੀਤੀ ਤੇ ਧਰਮ ਦੋਵੇਂ ਇਕੱਠੇ ਚੱਲਣਗੇ ਪਰ ਰਾਜਨੀਤੀ ਹਮੇਸ਼ਾ ਧਰਮ ਦੇ ਹੇਠਾਂ ਰਹਿ ਕੇ ਚੱਲੇਗੀ। ਉਹਨਾਂ ਕਿਹਾ ਕਿ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਰਾਜਨੀਤੀ ਧਰਮ ’ਤੇ ਭਾਰੂ ਪੈ ਗਈ ਹੈ। ਉਹਨਾਂ ਕਿਹਾ ਕਿ ਅੱਜ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਪਰ ਬੰਦੀ ਸਿੰਘਾਂ ਦੇ ਨਾਂ ’ਤੇ ਜਿਹੜੀ ਕਮੇਟੀ ਬਣਾਈ ਗਈ, ਉਸ ਵਿਚ ਵੀ ਉਹ ਲੋਕ ਭਾਰੂ ਰਹੇ ਜੋ ਅੱਜ ਸੰਗਰੂਰ ਜ਼ਿਮਨੀ ਚੋਣ ਵਿਚ 25, 25, 30, 30 ਸਾਲਾਂ ਤੋਂ ਜੇਲਾਂ ਵਿਚ ਬੰਦ ਬੰਦੀ ਸਿੰਘਾਂ ਦੇ ਨਾਵਾਂ ਦੀ ਦੁਰਵਰਤੋਂ ਕਰ ਰਹੇ ਹਨ।

ਕਮੇਟੀ ਦੇ ਕੰਮਾਂ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਨੁੰ ਜਿਸ ਤਰੀਕੇ ਸੰਗਤ ਨੇ ਥਾਪੜਾ ਦੇ ਕੇ ਸੇਵਾਵਾਂ ਦਿੱਤੀਆਂ, ਉਸਨੇ ਜਿਹੜੇ ਕਾਰਜ ਰੁਕੇ ਹੋਏ ਸਨ, ਉਹ ਮੁੜ ਸ਼ੁਰੂ ਕਰਵਾ ਦਿੱਤੇ ਹਨ।  ਹਸਪਤਾਲ ਦੇ ਕੰਮ ਦੁਬਾਰਾ ਸ਼ੁਰੂ ਹੋ ਗਏ  ਹਨ ਅਤੇ ਜਲਦੀ ਹੀ ਬਾਲਾ ਸਾਹਿਬ ਹਸਪਤਾਲ ਸੰਗਤਾਂ ਨੁੰ ਸਮਰਪਿਤ ਹੋਵੇਗਾ। ਇਸੇ ਤਰੀਕੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਮੈਮੋਗਰਾਫੀ ਦੀ ਸਹੂਲਤ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ।

ਉਹਨਾਂ ਕਿਹਾ ਕਿ ਧਰਮ ਪ੍ਰਚਾਰ ਦੇ ਖੇਤਰ ਵਿਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਐਤਵਾਰ ਤੇ ਹਰ ਬੁੱਧਵਾਰ ਨੁੰ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਅੰਮਿ੍ਰਤ ਸੰਚਾਰ ਹੁੰਦਾ ਹੈ। ਇਸ ਤੋਂ ਇਲਾਵਾ ਗੁਰਮਤਿ ਪ੍ਰਚਾਰਕ ਵੀ ਅੰਮਿ੍ਰਤ ਸੰਚਾਰ ਕਰਦੇ ਹਨ।  ਇਸ ਤੋਂ ਇਲਾਵਾ ਅਸੀਂ ਗੁਰਮਤਿ ਦੇ ਕੈਂਪ ਲਗਾਏ ਹਨ ਤੇ ਸੰਗਤਾਂ ਇਹਨਾਂ ਦਾ ਲਾਹਾ  ਲੈਣਾ ਚਾਹੀਦਾ ਹੈ।

ਇਸ ਮੌਕੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਵੀ ਕਲਾਸਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਕੌਮ ਦੀ ਲੜਾਈ ਹਮੇਸ਼ਾ ਸੰਗਤਾਂ ਨਾਲ ਰਲ ਕੇ ਲੜਾਂਗੇ ਤੇ ਡੱਟ ਕੇ ਪਹਿਰਾ ਦਿਆਂਗੇ।