ਅਖੰਡ ਕੀਰਤਨੀ ਜੱਥੇ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਯਾਦ ਵਿਚ ਹੋਏ ਅਰਦਾਸ ਸਮਾਗਮ

ਅਖੰਡ ਕੀਰਤਨੀ ਜੱਥੇ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਯਾਦ ਵਿਚ ਹੋਏ ਅਰਦਾਸ ਸਮਾਗਮ

ਜੋ ਸ਼ਹਾਦਤਾਂ ਭੁੱਲ ਜਾਂਦੇ ਹਨ ਉਹ ਅਜਾਦੀ ਨੂੰ ਭੁੱਲ ਕੇ ਗੁਲਾਮ ਬਣੇ ਰਹਿੰਦੇ ਹਨ : ਰਾਜਾ  

ਅੰਮ੍ਰਿਤਸਰ ਟਾਈਮਜ਼  

ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਪੰਥ ਦੀ ਇਕ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਸਾਕਾ ਨੀਲਾ ਤਾਰਾ ਦੀ 38 ਵੀਂ ਵਰੇਗੰਢ ਤੇ ਇਤਿਹਾਸਿਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਕੀਰਤਨੀ ਅਖਾੜੇ ਸਜਾਏ ਗਏ । ਇਸ ਸਮਾਗਮ ਵਿਚ ਬੀਬੀ ਪ੍ਰਭਲੀਨ ਕੌਰ, ਬੀਬੀ ਅਮਨਪ੍ਰੀਤ ਕੌਰ, ਭਾਈ ਕੁਲਵਿੰਦਰ ਸਿੰਘ, ਭਾਈ ਭਜਨਪ੍ਰੀਤ ਸਿੰਘ ਅਤੇ ਭਾਈ ਹਰਮੀਤ ਸਿੰਘ ਨੇ ਕੀਰਤਨੀ ਹਾਜ਼ਿਰੀ ਭਰ ਕੇ ਰਸਭਿੰਨਾ ਕੀਰਤਨ ਕੀਤਾ । ਜੱਥੇ ਦੇ ਸਾਬਕਾ ਆਗੂ ਅਰਵਿੰਦਰ ਸਿੰਘ ਰਾਜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਨਸਾਨ ਲਈ ਗੁਲਾਮੀ ਲਾਹਨਤ ਹੈ । ਜੇਕਰ ਖਾਲਸਾ ਗੁਲਾਮ ਹੋਵੇ ਤਾਂ ਬੇਸ਼ਰਮੀ ਭਰੀ ਲਾਹਨਤ ਹੈ । ਵਿਗੜਿਆ ਹੋਇਆ ਮਨੁੱਖ ਹਮੇਸ਼ਾ ਸਚਿਆਰੇ ਮਨੁੱਖ ਨੂੰ ਉਸ ਦੀ ਹਲੇਮੀ ਦਾ ਨਾਜਾਇਜ ਫਾਇਦਾ ਉਠਾਉਦੇਂ ਹੋਏ ਉਸ ਨੂੰ ਅਪਣੀ ਲੱਤ ਹੇਠ ਰੱਖਦਾ ਹੈ । ਸਾਨੂੰ ਬਿਨਾਂ ਸਮਾਂ ਗਵਾਏ ਵਿਗੜੇ ਹੋਏ ਤੰਤਰ ਨੂੰ ਹੋਰ ਵੱਧਣ ਫੁਲਣ ਤੋਂ ਰੋਕਣ ਲਈ ਇਸ ਨੂੰ ਲੱਤ ਤੋਂ ਫੜ ਕੇ ਘਸੀਟ ਕੇ ਇਸ ਧਰਤੀ ਤੋਂ ਵਗ੍ਹਾਂ ਕੇ ਮਾਰਨਾ ਚਾਹੀਦਾ ਹੈ । ਜੇਕਰ ਅਸੀ ਜ਼ਲਾਲਤ ਦੀ ਪੰਜਾਲੀ ਹੇਠ ਹੀ ਵਗਣਾਂ ਹੈ ਫਿਰ ਅਣਖਾਂ, ਇੱਜਤਾਂ,  ਅਜਾਦੀਆਂ ਦੀਆਂ ਗੱਲਾਂ ਕਰਨੀ ਛੱਡ ਦੇਈਏ । ਗੁਲਾਮੀ (ਭਾਵੇ ਹੱਸ ਕੇ, ਭਾਵੇ ਰੋ ਕੇ) ਸਵੀਕਾਰ ਕਰ ਲਈਏ । ਜੇਕਰ ਅਸੀ ਅਪਣੇ ਸ਼ਹੀਦਾਂ ਉਪਰ ਮਾਣ ਕਰਦੇ ਹਾਂ ਤਾਂ ਫਿਰ ਸ਼ਹਾਦਤ ਦੀ ਜ਼ਰਖੇਜ ਮਿੱਟੀ ਵਿਚ ਰਹਿਣਾਂ ਵੀ ਸਿੱਖ ਲਈਏ । ਜੋ ਸ਼ਹਾਦਤਾਂ ਭੁੱਲ ਜਾਂਦੇ ਹਨ ਉਹ ਆਜਾਦੀ ਨੂੰ ਵੀ ਭੁਲ ਜਾਂਦੇ ਹਨ, ਉਹ ਕਦੇ ਵੀ ਲੰਮੀ ਉਮੱਰ ਜਿੰਦਾ ਨਹੀ ਰਹਿੰਦੇ । ਉਨ੍ਹਾਂ ਕਿਹਾ ਅਸੀ ਕਦੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਨਹੀ ਭੁਲਾ ਸਕਦੇ ਕਿ ਕਿਸ ਤਰ੍ਹਾਂ ਸਮੇਂ ਦੀ ਜ਼ਾਲਮ ਸਰਕਾਰ ਨੇ ਸਿੱਖਾਂ ਨੂੰ ਗੁਲਾਮ ਬਨਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ । ਜ਼ੁਲਮ ਦੀ ਇਤਨੀ ਅੱਤ ਕੀਤੀ ਗਈ ਕਿ ਗਿਣਤੀ ਦੇ ਸਿੰਘਾਂ ਨਾਲ ਟਾਕਰਾ ਕਰਨ ਦੇ ਬਹਾਨੇ ਦਰਬਾਰ ਸਾਹਿਬ ਸਣੇ 36 ਹੋਰ ਗੁਰਦੁਆਰੇਆ ਵਿਚ ਟੈਕਾਂ ਆਧੁਨਿਕ ਹਥਿਆਰ ਤੇ ਰਸਾਇਨਿਕ ਗੈਸਾਂ ਦੀ ਵਰਤੋ ਕਰਕੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਨ ਦੀ ਕੋਸ਼ਿਸ਼ ਕੀਤੀ ਗਈ । ਪਰ ਧੰਨ ਹਨ ਉਸ ਕਲਗੀਆਂ ਵਾਲੇ ਦੇ ਉਹ ਮੁੱਠੀ ਭਰ ਸੁਰਮੇ ਸਿੰਘ ਜਿਨ੍ਹਾਂ ਨੇ ਸ਼ਹਾਦਤ ਪਾਉਣੀ ਤੇ ਕਬੂਲ ਕਰ ਲਈ ਪਰ ਸਰਕਾਰ ਦੀ ਈਨ ਨਹੀ ਮੰਨੀ । ਸਮਾਗਮ ਦੀ ਸਮਾਪਤੀ ਤੇ ਕੜਾਹ ਪ੍ਰਸਾਦਿ ਦੀ ਦੇਗ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ ।