ਸਿੱਖਾਂ ਲਈ ਹਥਿਆਰ ਰੱਖਣਾ ਸਿੱਖ ਮਰਿਯਾਦਾ, ਪ੍ਰੰਪਰਾ ਅਤੇ ਸਮੇਂ ਦੀ ਲੋੜ੍ਹ: ਗਜਿੰਦਰ ਸਿੰਘ

ਸਿੱਖਾਂ ਲਈ ਹਥਿਆਰ ਰੱਖਣਾ ਸਿੱਖ ਮਰਿਯਾਦਾ, ਪ੍ਰੰਪਰਾ ਅਤੇ ਸਮੇਂ ਦੀ ਲੋੜ੍ਹ: ਗਜਿੰਦਰ ਸਿੰਘ

ਜਥੇਦਾਰ ਸਾਹਿਬ ਦਾ ਬਿਆਨ ਸਿੱਖ ਪ੍ਰੰਪਰਾਵਾਂ ਦੇ ਮੁਤਾਬਕ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 24 ਮਈ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦੇ ਦਿੱਤੇ ਬਿਆਨ ਤੇ ਬਹੁਤ ਚਰਚਾ ਹੋ ਰਹੀ ਹੈ ਇਸ ਤੇ ਆਪਣਾ ਪ੍ਰਤੀਕਰਮ ਦੇਂਦਿਆਂ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਹਥਿਆਰਾਂ ਨੂੰ ਮਰਿਯਾਦਾ, ਜ਼ਰੂਰਤ ਤੇ ਸ਼ਾਨ ਸਮਝ ਕੇ ਰੱਖੋ । 

ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਨੇ ਆਤਮ ਰਖਿਆ ਲਈ ਸਿੱਖਾਂ ਨੂੰ ਲਾਈਸੈਂਸੀ ਹਥਿਆਰ ਰੱਖਣ ਦਾ ਸੁਨੇਹਾ ਕੀ ਦਿੱਤਾ, ਸਿੱਖ ਦੁਸ਼ਮਣਾਂ ਵਿੱਚ ਹਲਚੱਲ ਜਿਹੀ ਮੱਚ ਗਈ ਹੈ । ਜਦਕਿ ਜੱਥੇਦਾਰ ਸਾਹਿਬ ਦਾ ਇਹ ਬਿਆਨ ਐਨ ਸਿੱਖ ਪ੍ਰੰਪਰਾਵਾਂ ਦੇ ਮੁਤਾਬਕ ਹੈ ।  ਕਿਉਂਕਿ ਹਥਿਆਰ ਰੱਖਣਾ ਸਿੱਖ ਮਰਿਯਾਦਾ ਹੈ, ਪ੍ਰੰਪਰਾ ਵੀ ਹੈ, ਤੇ ਸਮੇਂ ਦੀ ਲੋੜ੍ਹ ਮੁਤਾਬਕ ਵੀ ਹੈ । 

ਉਨ੍ਹਾਂ ਕਿਹਾ ਸਿੰਘਾਂ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਵੀ ਹਥਿਆਰ ਰੱਖ ਸਕਦੇ ਹਨ, ਰੱਖਣ ।  ਕਿਰਪਾਨ, ਤਲਵਾਰ, ਬਰਛੇ ਤੋਂ ਲੈ ਕੇ ਪਸਤੌਲ, ਬੰਦੂਕ ਤੇ ਜੋ ਵੀ ਹੋਰ । ਜੱਥੇਦਾਰ ਸਾਹਿਬ ਨੇ ਕਹਿ ਦਿੱਤਾ ਇਸੀ ਨੂੰ ਲਾਈਸੈਂਸ ਸਮਝੋ, ਵੈਸੇ ਜੇ ਸਰਕਾਰੀ ਪੇਪਰ ਮਿੱਲ ਸਕੇ, ਤਾਂ ਕੋਈ ਹਰਜ ਨਹੀਂ । ਹਥਿਆਰ ਸਿੰਘਾਂ ਲਈ ਸ਼ਾਨ-ਓ-ਸ਼ੋਕਤ ਦੀ ਨਿਸ਼ਾਨੀ ਵਾਂਗ ਹੁੰਦੇ ਹਨ । 

ਉਨ੍ਹਾਂ ਆਪਣੀ ਇਕ ਯਾਦਗਾਰ ਸਾਂਝ ਕਰਦਿਆਂ ਦਸਿਆ ਕਿ ਮੈਨੂੰ ਚੰਡੀਗੜ੍ਹ ਦੇ ਦਿਨ੍ਹਾਂ ਤੋਂ ਹਥਿਆਰਾਂ ਨਾਲ ਪਿਆਰ ਹੈ, ਤੇ ਜਿਸ ਵੇਲੇ ਜੋ ਵੀ ਰੱਖ ਸਕਿਆ, ਰਖਿਆ । ਵੱਖ ਵੱਖ ਕਿਸਮ ਦੀਆਂ ਕਿਰਪਾਨਾਂ ਤੋਂ ਇਲਾਵਾ, ਦੇਸੀ ਕੱਟੇ, ਤੇ ਬੱਤੀ ਬੋਰ ਦੇ ਰਿਵਾਲਵਰ ਤੱਕ, ਸੱਭ ਰੱਖਦਾ ਹੁੰਦਾ ਸਾਂ । ਬੱਤੀ ਬੋਰ ਦਾ ਰਿਵਾਲਵਰ ਮੇਰਾ ਹੁਣ ਵੀ ਪਸੰਦੀਦਾ ਹਥਿਆਰ ਹੈ । ਮੇਰੇ ਇੱਕ ਮਿੱਤਰ ਨੇ, ਜਿਸ ਨੂੰ ਮੇਰੇ ਹਥਿਆਰਾਂ ਦੇ ਪਿਆਰ ਬਾਰੇ ਪਤਾ ਸੀ, ਦੋ ਸਾਲ ਪਹਿਲਾਂ ਮੇਰੇ ਜਨਮ ਦਿਨ ਤੇ ਤੋਹਫੇ ਵਿੱਚ ਇੱਕ ਪੁਆਇੰਟ 22 ਦਾ ਛੋਟਾ ਜਿਹਾ ਖੁਬਸੂਰਤ ਪਿਸਟਲ ਗਿਫਟ ਕੀਤਾ ਸੀ ।

ਅੰਤ ਵਿਚ ਉਨ੍ਹਾਂ ਕਿਹਾ ਕਿ ਹਥਿਆਰਾਂ ਨੂੰ ਮਰਿਯਾਦਾ, ਜ਼ਰੂਰਤ ਤੇ ਸ਼ਾਨ ਸਮਝ ਕੇ ਰੱਖੋ, ਪਰ ਕਦੇ ਕਿਸੇ ਗਰੀਬ ਅਤੇ ਮਾੜੇ ਉਤੇ ਇਸ ਦੀ ਨਾਜਾਇਜ਼ ਵਰਤੋਂ ਨਾ ਕਰਿਓ ।