ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਖੁੱਲ੍ਹੇਗੀ ਡਿਜਿਟਲ ਸਿੱਖ ਲਾਇਬ੍ਰੇਰੀ : ਹਰਮਨਜੀਤ ਸਿੰਘ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ, 8 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੋਣਾਂ ਦੌਰਾਨ ਮੈਨੀਫ਼ੈਸਟੋ ਵਿਚ ਸੰਗਤ ਨਾਲ ਕੀਤੇ ਵਾਇਦੇ ਨੂੰ ਪੂਰਾ ਕਰਦੇ ਹੋਏ ਡਿਜਿਟਲ ਸਿੱਖ ਲਾਇਬ੍ਰੇਰੀ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਵਿਚ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਜੀਵਨ ’ਤੇ ਆਧਾਰਤ ਪੁਸਤਕਾਂ, ਧਾਰਮਕ ਕਿਤਾਬਾਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ।
ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਸੰਗਤ ਨਾਲ ਉਨ੍ਹਾਂ ਜੋ ਵਾਇਦਾ ਕੀਤਾ ਸੀ ਕਿ ਸੰਗਤ ਉਨ੍ਹਾਂ ਨੂੰ ਮੁੜ ਸੇਵਾ ਸੌਂਪਦੀ ਹੈ ਤਾਂ ਗੁਰਦੁਆਰਾ ਸਾਹਿਬ ਵਿਖੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਜੀਵਨ ’ਤੇ ਆਧਾਰਤ ਇੱਕ ਡਿਜੀਟਲ ਸਿੱਖ ਲਾਇਬ੍ਰੇਰੀ ਖੋਲ੍ਹੀ ਜਾਵੇਗੀ। ਅੱਜ ਉਨ੍ਹਾਂ ਦੀ ਅਗੁਵਾਈ ਵਿਚ ਸਮੁੱਚੀ ਟੀਮ ਜਿਸ ਵਿਚ ਮਨਜੀਤ ਸਿੰਘ ਖੰਨਾ, ਹਰਬੰਸ ਸਿੰਘ ਭਾਟੀਆ ਆਦਿ ਸ਼ਾਮਲ ਹਨ ਨੇ ਇਸ ਵਾਇਦੇ ਨੂੰ ਪੂਰਾ ਕਰਦੇ ਹੋਏ ਜਲਦ ਇਸ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਇਸ ਦੀ ਉਸਾਰੀ ਦਾ ਕੰਮ ਸਿੱਖ ਇਤਿਹਾਸਕਾਰ ਸਿਮਰ ਸਿੰਘ ਨੂੰ ਸੌਂਪਿਆ ਹੈ। ਇਸ ਤੋਂ ਇਲਾਵਾ ਤੇਜਿੰਦਰ ਸਿੰਘ ਗੋਇਆ ਅਤੇ ਡਾ. ਮਨਪ੍ਰੀਤ ਸਿੰਘ ਆਦਿ ਵੀ ਸਹਿਯੋਗ ਕਰਦੇ ਹੋਏ ਲਾਇਬ੍ਰੇਰੀ ਨੂੰ ਜਲਦ ਤਿਆਰ ਕਰਕੇ ਸੰਗਤ ਲਈ ਸ਼ੁਰੂ ਕਰਨਗੇ।
ਸ. ਹਰਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਸੰਗਤ ਨੂੰ ਗੁਰੂ ਘਰ, ਗੁਰਮਤਿ ਨਾਲ ਜੋੜਦੇ ਹੋਏ ਕੰਮ ਕੀਤੇ ਜਾਣ ਅਤੇ ਇਸ ਲਾਇਬ੍ਰੇਰੀ ਦੇ ਖੁੱਲ੍ਹਣ ਨਾਲ ਸੰਗਤ ਨੂੰ ਬਹੁਤ ਲਾਭ ਹੋਵੇਗਾ ਅਤੇ ਰਾਜੌਰੀ ਗਾਰਡਨ ਦੀ ਸੰਗਤ ਹੀ ਨਹੀਂ ਬਲਕਿ ਸਮੁੱਚੀ ਦਿੱਲੀ ਤੋਂ ਸੰਗਤਾਂ ਇੱਥੇ ਆ ਕੇ ਲਾਇਬ੍ਰੇਰੀ ਦਾ ਲਾਭ ਲੈ ਸਕਣਗੀਆਂ। ਖਾਸਤੌਰ ’ਤੇ ਨੌਜਵਾਨ ਪੀੜ੍ਹੀ ਲਈ ਇਹ ਲਾਇਬ੍ਰੇਰੀ ਲਾਹੇਵੰਦ ਸਾਬਤ ਹੋਵੇਗੀ।
Comments (0)