ਬੇਅਦਬੀ ਮਾਮਲੇ ਵਿਚ ਦਿੱਲੀ ਦਾ ‘ਆਪ’ ਵਿਧਾਇਕ ਨਰੇਸ਼ ਨੂੰ ਦੋ ਸਾਲ ਦੀ ਸਜ਼ਾ,11,000 ਹਜ਼ਾਰ ਜੁਰਮਾਨਾ

ਬੇਅਦਬੀ ਮਾਮਲੇ ਵਿਚ ਦਿੱਲੀ ਦਾ ‘ਆਪ’ ਵਿਧਾਇਕ ਨਰੇਸ਼ ਨੂੰ ਦੋ ਸਾਲ ਦੀ ਸਜ਼ਾ,11,000 ਹਜ਼ਾਰ ਜੁਰਮਾਨਾ

ਆਪ ਪਾਰਟੀ ਵੋਟਾਂ ਦੀ ਰਾਜਨੀਤੀ ਲਈ ਫਿਰਕੂ ਦੰਗੇ ਕਰਵਾਉਣਾ ਚਾਹੁੰਦੀ ਏ -ਅਕਾਲੀ ਦਲ

*ਬੇਅਦਬੀਆਂ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਅਗਵਾਈ ਵਿਚ ਜਾਂਚ ਕਮਿਸ਼ਨ ਬਣੇ-ਪੰਥਕ ਰਾਇ

ਪੰਜਾਬ ਵਿੱਚ ਮਲੇਰਕੋਟਲਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਬੀਤੇ ਹਫਤੇ ਸਾਲ 2016 ਦੇ ਕੁਰਾਨ ਦੀ ਬੇਅਦਬੀ ਦੇ ਇੱਕ ਮਾਮਲੇ ਵਿੱਚ ਦਿੱਲੀ ਦੇ ਮਹਿਰੌਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ।ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਸਜ਼ਾ ਸੁਣਾਏ ਜਾਣ ਸਮੇਂ ਅਦਾਲਤ ਵਿੱਚ ਮੌਜੂਦ ਯਾਦਵ ਨੂੰ 11,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।ਅਦਾਲਤ ਨੇ ਦੋ ਹੋਰ ਵਿਅਕਤੀਆਂ (ਵਿਜੇ ਕੁਮਾਰ ਅਤੇ ਗੌਰਵ ਕੁਮਾਰ) ਦੀ ਦੋ ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਕ ਹੋਰ ਦੋਸ਼ੀ ਨੰਦ ਕਿਸ਼ੋਰ ਨੂੰ ਅਧੀਨ ਅਦਾਲਤ ਨੇ ਬਰੀ ਕਰ ਦਿੱਤਾ ਸੀ।ਯਾਦਵ ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 295ਏ (ਕਿਸੇ ਵੀ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੀਤਾ ਗਿਆ ਖਤਰਨਾਕ ਕੰਮ), 153ਏ (ਧਰਮ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ) ਅਤੇ ਧਾਰਾ 120ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।

ਯਾਦ ਰਹੇ ਕਿ ਯਾਦਵ ਨੂੰ ਮਾਰਚ 2021 ਵਿੱਚ ਅਧੀਨ ਅਦਾਲਤ ਨੇ ਬੇਅਦਬੀ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਮੁਹੰਮਦ ਅਸ਼ਰਫ ਨੇ ਉਸ ਨੂੰ ਬਰੀ ਕਰਨ ਵਿਰੁੱਧ ਅਪੀਲ ਦਾਇਰ ਕੀਤੀ ਸੀ। ਪੁਲਿਸ ਨੇ ਪਹਿਲਾਂ ਵਿਜੇ, ਗੌਰਵ ਅਤੇ ਕਿਸ਼ੋਰ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿਚ 'ਆਪ' ਵਿਧਾਇਕ ਯਾਦਵ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ।

ਦੱਸਣਯੋਗ ਹੈ ਕਿ 24 ਜੂਨ 2016 ਨੂੰ ਮਾਲੇਰਕੋਟਲਾ ਸ਼ਹਿਰ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ਼ ਦੇ ਅੰਗ ਬਰਾਮਦ ਹੋਣ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਵਿਜੈ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਸਮੇਤ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਹਾਲਾਤੀ ਸਬੂਤਾਂ ਅਤੇ ਹੋਰ ਮੁਲਜ਼ਮਾਂ ਦੇ ਬਿਆਨਾਂ ’ਤੇ ‘ਆਪ’ ਵਿਧਾਇਕ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ ਸੀ। ਪਟਿਆਲਾ ਤੋਂ ਵਿਜੈ ਕੁਮਾਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਬਿਆਨ ’ਤੇ ਨਰੇਸ਼ ਯਾਦਵ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ ਸੀ। ਯਾਦਵ ਵੱਲੋਂ ਵਿਜੈ ਕੁਮਾਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ 90 ਲੱਖ ਰੁਪਏ ਅਤੇ ਆਰਐੱਸਐੱਸ ਨਾਲ ਉਸ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਗਈ ਸੀ।

ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਤੇ ਬੇਅਦਬੀ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮਾਨਤਾ ਚੋਣ ਕਮਿਸ਼ਨ ਨੂੰ ਰੱਦ ਕਰਨੀ ਚਾਹੀਦੀ ਹੈ ਸ੍ਰੋਮਣੀ ਅਕਾਲੀ ਦਲ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇਸ਼ ਦੀ ਅਜਿਹੀ ਪਾਰਟੀ ਸਾਬਤ ਹੋਈ ਹੈ ਜੋ ਵੋਟਾਂ ਦੀ ਰਾਜਨੀਤੀ ਲਈ ਫਿਰਕੂ ਦੰਗੇ ਕਰਵਾਉਣ ਲਈ ਵੀ ਤਿਆਰ ਬਰ ਤਿਆਰ ਹੈ। ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾ ਕੇ ਆਪ ਨੇ ਵੋਟਾਂ ਦੇ ਧਰੁਵੀਕਰਨ ਦੀ ਘਟੀਆ ਤੇ ਘਿਨੌਣੀ ਰਾਜਨੀਤੀ ਕੀਤੀ ਹੈ। ਜੇਕਰ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਇਹ ਵੀ ਸਾਹਮਣੇ ਆਵੇਗਾ ਕਿ ਆਮ ਆਦਮੀ ਪਾਰਟੀ ਨੇ ਸਿਰਫ਼ ਇਕ ਨਹੀਂ ਬਲਕਿ ਅਨੇਕਾਂ ਵਾਰੀ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰ ਪੰਜਾਬ ਵਿਚ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਹਨ। ਵੱਖ-ਵੱਖ ਲੋਕਾਂ ਦੇ ਧਰਮਾਂ ਨੂੰ ਆਪਸ ਵਿਚ ਲੜਾਉਣ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਮਾਨਤਾ ਚੋਣ ਕਮਿਸ਼ਨ ਨੂੰ ਤੁਰੰਤ ਰੱਦ ਕਰਨੀ ਚਾਹੀਦੀ ਹੈ। 

ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿਛੇ ਸਿਆਸਤਦਾਨਾਂ ਤੇ ਪੰਥ ਵਿਰੋਧੀ ਡੇਰਾਵਾਦੀਆਂ ਦਾ ਹਥ ਹੈ ,ਨਾ ਕਿਸੇ ਫਿਰਕੇ ਦਾ।ਇਹ ਸਤਾ ਪ੍ਰਾਪਤੀ ਲਈ ਬੇਅਦਬੀਆਂ ਕਰਾਕੇ ਦੰਗਈ ਰਾਜਨੀਤੀ ਖੇਡ ਰਹੇ ਹਨ। ਸੁਪਰੀਮ ਕੋਰਟ ਦੀ ਅਗਵਾਈ ਵਿਚ ਬੇਅਦਬੀਆਂ ਬਾਰੇ ਜਾਂਚ ਕਮੇਟੀ ਬਣੇ ਜੋ ਸੱਚ ਦਾ ਨਿਤਾਰਾ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ।